VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਤਸਵੀਰ ਬਦਲਣ ਦੀ ਉਡੀਕ ( ਪੰਜਾਬੀ ਜਾਗਰਣ –– 4th JANUARY, 2026)

ਵਰਿੰਦਰ ਵਾਲੀਆ

ਚਾਰ ਦਹਾਕੇ ਪਹਿਲਾਂ, ਚਾਰ ਜਨਵਰੀ 1985 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਜਾਬ ਸੰਕਟ ਨੂੰ ਹੱਲ ਕਰਨ ਲਈ ਉੱਚ ਪੱਧਰੀ ਕੈਬਨਿਟ ਕਮੇਟੀ ਦਾ ਗਠਨ ਕੀਤਾ ਸੀ। ਇਕੱਤੀ ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਨੇ ਦੇਸ਼ ਦੇ ਛੇਵੇਂ ਅਤੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਦੋ ਅੰਗ ਰੱਖਿਅਕਾਂ ਵੱਲੋਂ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਤਾਂ ਸਿੱਖ ਵਿਰੋਧੀ ਦੰਗੇ ਭੜਕ ਉੱਠੇ ਸਨ। ਨਿਰਦੋਸ਼ ਸਿੱਖਾਂ ਦੇ ਗਲਾਂ ਵਿਚ ਬਲਦੇ ਟਾਇਰ ਪਾ ਕੇ ਤੇ ਕੋਹ-ਕੋਹ ਕੇ ਮਾਰਨ ਦੀਆਂ ਅਜਿਹੀਆਂ ਰੂਹ-ਕੰਬਾਊ ਵਾਰਦਾਤਾਂ ਤਾਂ ਦੇਸ਼ ਦੀ ਵੰਡ ਵੇਲੇ ਵੀ ਨਹੀਂ ਸਨ ਹੋਈਆਂ।

ਅਜਿਹੇ ਹੌਲਨਾਕ ਦ੍ਰਿਸ਼ ਵੇਖ ਕੇ ਰਾਜੀਵ ਗਾਂਧੀ ਦੇ ਬਚਕਾਨਾ ਬਿਆਨ, ਅਖੇ ‘ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ’ ਨੇ ਬਲ਼ਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ ਸੀ। ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਦੇ ਕੁਝ ਦਿਨਾਂ ਬਾਅਦ ਉਸ ਨੂੰ ਆਪਣੇ ਅਸੰਵੇਦਨਸ਼ੀਲ ਬਿਆਨ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੰਜਾਬ ਸਮੱਸਿਆ ਦੇ ਸਦੀਵੀ ਹੱਲ ਕੱਢਣ ਲਈ ਚਾਰਾਜੋਈ ਆਰੰਭ ਕਰ ਦਿੱਤੀ।

ਉਸ ਨੂੰ ਇਹ ਵੀ ਮਹਿਸੂਸ ਹੋਇਆ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ‘ਸਾਕਾ ਨੀਲਾ ਤਾਰਾ’ ਤੋਂ ਬਾਅਦ ਬੇਗਾਨਗੀ ਦਾ ਅਹਿਸਾਸ ਕਰ ਰਹੀ ਸੀ। ਉਹ ਚਾਹੁੰਦਾ ਸੀ ਕਿ ਸਿੱਖ ਭਾਈਚਾਰੇ ਦੀ ਜ਼ਖ਼ਮੀ ਮਾਨਸਿਕਤਾ ’ਤੇ ਮੱਲ੍ਹਮ-ਪੱਟੀ ਨਾ ਕੀਤੀ ਗਈ ਤਾਂ ਇਹ ਨਾਸੂਰ ਬਣ ਜਾਣਗੇ ਤੇ ਸਮੂਹਿਕ ਪੀੜ/ਪੀੜਾ ਦਾ ਸੰਚਾਰ ਪੀੜ੍ਹੀ-ਦਰ-ਪੀੜ੍ਹੀ ਹੁੰਦਾ ਰਹੇਗਾ। ਇਸ ਸਭ ਦੇ ਮੱਦੇਨਜ਼ਰ ਰਾਜੀਵ ਨੇ ਉੱਚ ਪੱਧਰੀ ਕੈਬਨਿਟ ਕਮੇਟੀ ਦਾ ਗਠਨ ਕੀਤਾ ਸੀ।

ਇਸ ਕਮੇਟੀ ਵਿਚ ਨਰਸਿਮ੍ਹਾ ਰਾਓ (ਜੋ ਬਾਅਦ ਵਿਚ ਪ੍ਰਧਾਨ ਮੰਤਰੀ ਬਣੇ), ਐੱਸਬੀ ਚਵਾਨ ਅਤੇ ਕੇਸੀ ਪੰਤ ਵਰਗੇ ਕਾਂਗਰਸ ਦੇ ਦਿੱਗਜ ਨੇਤਾ ਸ਼ਾਮਲ ਸਨ। ਜ਼ਮੀਨੀ ਹਕੀਕਤਾਂ ਬਾਰੇ ਜਾਣੂ ਹੋਣ ਤੋਂ ਬਾਅਦ 24 ਜੁਲਾਈ 1985 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਮੰਤਰੀ ਦਰਮਿਆਨ ਲਿਖਤੀ ‘ਪੰਜਾਬ ਸਮਝੌਤਾ’ ਸਹੀਬੰਦ ਹੋਇਆ। ਆਜ਼ਾਦੀ ਤੋਂ ਹੁਣ ਤੱਕ ਇਹ ਇਕ ਵਾਹਦ ਸਮਝੌਤਾ ਹੈ ਜੋ ਪ੍ਰਧਾਨ ਮੰਤਰੀ ਨੇ ਸਿੱਧਾ ਕਿਸੇ ਖੇਤਰੀ ਪਾਰਟੀ ਦੇ ਸਦਰ ਨਾਲ ਕੀਤਾ ਸੀ। ਇਸ ਸਮਝੌਤੇ ਦੀ ਵਿਚੋਲਗੀ ਪੰਜਾਬ ਦੇ ਤਤਕਾਲੀ ਗਵਰਨਰ ਅਰਜਨ ਸਿੰਘ ਨੇ ਕੀਤੀ ਸੀ।

ਅਫ਼ਸੋਸ! ਸਮਝੌਤੇ ਨੂੰ ਅਜੇ ਇਕ ਮਹੀਨਾ ਵੀ ਨਹੀਂ ਸੀ ਹੋਇਆ ਕਿ 20 ਅਗਸਤ 1985 ਵਾਲੇ ਦਿਨ ਗੁਰਦੁਆਰਾ ਸ਼ੇਰਪੁਰ (ਸੰਗਰੂਰ) ਦੀ ਹਦੂਦ ਵਿਚ ਕੁਝ ਹਥਿਆਰਬੰਦ ਸਿੱਖ ਨੌਜਵਾਨਾਂ ਨੇ ਸੰਤ ਲੌਂਗੋਵਾਲ ਦਾ ਕਤਲ ਕਰ ਦਿੱਤਾ ਸੀ। ਧਾਰਮਿਕ ਦੀਵਾਨ ਦੌਰਾਨ ਗੋਲ਼ੀਆਂ ਦਾ ਮੀਂਹ ਵਰ੍ਹਾਉਣ ਵਾਲੇ ਗਿਆਨ ਸਿੰਘ ਲੀਲ ਤੇ ਜਰਨੈਲ ਸਿੰਘ ਹਲਵਾਰਾ ਨੂੰ ਗੁੱਸਾ ਸੀ ਕਿ ਲੌਂਗੋਵਾਲ ਨੇ ਰਾਜੀਵ ਨਾਲ ਉਸ ਵੇਲੇ ਸਮਝੌਤਾ ਕੀਤਾ ਜਦੋਂ ‘ਸਾਕਾ ਨੀਲਾ ਤਾਰਾ’ ਅਤੇ ‘ਸਿੱਖ ਨਰਸੰਘਾਰ’ ਵਿਚ ਮਰਨ ਵਾਲਿਆਂ ਦੇ ਅਜੇ ਸਿਵੇ ਠੰਢੇ ਨਹੀਂ ਸਨ ਹੋਏ। ਰਾਜੀਵ ਗਾਂਧੀ ਦੀ ਸ੍ਰੀਪੇਰੁਬੰਦਰ (ਚੇਨਈ), ਤਾਮਿਲਨਾਡੂ ਵਿਚ 21 ਮਈ 1991 ਨੂੰ ਹੱਤਿਆ ਕਰ ਦਿੱਤੀ ਗਈ ਤੇ ਸਮਝੌਤੇ ਦੀ ਵਿਚੋਲਗੀ ਕਰਨ ਵਾਲਾ ਅਰਜੁਨ ਸਿੰਘ ਦਿਲ ਦਾ ਦੌਰਾ ਪੈਣ ਕਾਰਨ 4 ਮਾਰਚ 2011 ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ, ਨਵੀਂ ਦਿੱਲੀ ਵਿਖੇ ਰੱਬ ਨੂੰ ਪਿਆਰਾ ਹੋ ਗਿਆ।

‘ਪੰਜਾਬ ਸਮਝੌਤਾ’ ਦੇ ਤਿੰਨੇ ਮੁੱਖ ਪਾਤਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਵਿਡੰਬਣਾ ਇਹ ਹੈ ਕਿ ਰਾਜੀਵ ਗਾਂਧੀ ਅਤੇ ਅਰਜੁਨ ਸਿੰਘ ਦੇ ਜਿਉਂਦਿਆਂ ਹੀ ‘ਪੰਜਾਬ ਸਮਝੌਤਾ’ ਆਪਣੀ ਮੌਤੇ ਮਰ ਚੁੱਕਾ ਸੀ। ਸੰਤ ਲੌਂਗੋਵਾਲ ਦੇ ਕਤਲ ਹੋਣ ਤੋਂ ਬਾਅਦ ਰਾਜੀਵ ਦਾ ਇਖ਼ਲਾਕੀ ਫ਼ਰਜ਼ ਬਣਦਾ ਸੀ ਕਿ ਉਹ ਲਿਖਤੀ ਵਾਅਦਿਆਂ ਨੂੰ ਵਫ਼ਾ ਕਰਦਾ। ਇਸ ਵਾਅਦਾਖ਼ਿਲਾਫ਼ੀ ਨੇ ਦਿੱਲੀ ਤੇ ਪੰਜਾਬ ਦੀਆਂ ਦੂਰੀਆਂ ਹੋਰ ਵਧਾ ਦਿੱਤੀਆਂ ਸਨ। ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ, ਅੰਤਰ-ਰਾਜੀ ਦਰਿਆਈ ਪਾਣੀਆਂ ਦੀ ਵੰਡ ਸਣੇ ਕਈ ਹੋਰ ਮਸਲੇ ਸੁਲਝਣ ਦੀ ਬਜਾਏ ਲਗਾਤਾਰ ਉਲਝਦੇ ਰਹੇ ਹਨ। ਦੇਸ਼ ਦੀ ਵੰਡ ਤੋਂ ਹੁਣ ਤੱਕ ਇੰਜ ਲੱਗਦਾ ਹੈ ਕਿ ਪੰਜਾਬ ਨੂੰ ਅਸਲ ਵਾਰਿਸਾਂ ਦਾ ਅੱਜ ਵੀ ਇੰਤਜ਼ਾਰ ਹੈ।

ਸਿਆਸੀ ਮਨੋਰਥਾਂ ਨੂੰ ਲਾਂਭੇ ਰੱਖ ਕੇ ਹਾਅ ਦਾ ਨਾਅਰਾ ਮਾਰਨ ਵਾਲੇ ਹਾਲੇ ਨਜ਼ਰੀਂ ਨਹੀਂ ਪੈਂਦੇ। ਇਹੀ ਕਾਰਨ ਹੈ ਕਿ ਪੰਜਾਬ ਦੇ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ। ਫ਼ਿਰਕੂ ਵਲਗਣਾਂ ਤੋਂ ਉੱਪਰ ਉੱਠ ਕੇ ਗੱਲ ਕਰਨੀ ਪੰਜਾਬੀਆਂ ਦਾ ਖਾਸਾ ਰਿਹਾ ਹੈ। ਡੀਪਸਟੇਟ, ਫ਼ਿਰਕਾਪ੍ਰਸਤੀ ਦੇ ਬੀਜ ਬੋ ਕੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਵੰਡਦੀ ਆ ਰਹੀ ਹੈ। ਕਾਬੁਲ ਵਾਂਗ ਪੰਜਾਬ ਦੇ ਜਾਇਆਂ ਨੂੰ ਵੀ ਨਿੱਤ ਮੁਹਿੰਮਾਂ ਦਰਪੇਸ਼ ਹਨ। ਪੰਜਾਬ, ਪੰਜਾਬੀਆਂ ਦੀ ਸਾਂਝੀ ਵਿਰਾਸਤ ਹੈ, ਇਸ ਲਈ ਸਭ ਨੂੰ ਇਕ ਸੁਰ ਹੋ ਕੇ ਆਪਣੇ ਸੂਬੇ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਪੰਜਾਬ ਸਰਹੱਦੀ ਸੂਬਾ ਹੈ ਜਿਸ ਨੂੰ ਦੇਸ਼ ਦੀ ਖੜਗ-ਭੁਜਾ ਕਿਹਾ ਜਾਂਦਾ ਹੈ। ਇਹ ਖੜਗ ਆਪਸ ਵਿਚ ਨਹੀਂ ਖੜਕਣੀ ਚਾਹੀਦੀ। ਰਾਜ ਸਭਾ ਹੋਵੇ ਜਾਂ ਲੋਕ ਸਭਾ, ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲਿਆਂ ਨੂੰ ਇਕ ਮੰਚ ’ਤੇ ਆ ਕੇ ਸੂਬੇ ਦੀਆਂ ਵਾਜਿਬ ਮੰਗਾਂ ਮਨਵਾਉਣ ਲਈ ਇਕੱਠੇ ਹੋਣਾ ਹੀ ਪਵੇਗਾ। ਨਹੀਂ ਤਾਂ ਵੰਡੀਆਂ ਦਾ ਫ਼ਾਇਦਾ ਦੋਖੀ ਉਠਾਉਂਦੇ ਰਹਿਣਗੇ। ਸਾਡੇ ਰਹਿਬਰ ਜੰਮੀ ਹੋਈ ਬਰਫ਼ ਪਿਘਲਾਉਣ ਵਿਚ ਕਾਮਯਾਬ ਨਾ ਹੋਏ ਤਾਂ ਇਤਿਹਾਸ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ।

ਪੰਜਾਬੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਲੋਕ ਹਨ। ਉਰਦੂ ਦਾ ਸ਼ਿਅਰ, ‘‘ਖੰਜਰ ਚਲੇ ਕਿਸੇ ਪੇ ਤੜਪਤੇ ਹੈਂ ਹਮ ‘ਅਮੀਰ’। ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ’’, ਪੰਜਾਬੀਆਂ ਦੇ ਖਮੀਰ ਦੀ ਬਾਤ ਪਾਉਂਦਾ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਉਹ ਪੰਜਾਬੀਆਂ ਦੇ ਸਾਂਝੇ ਦਰਦ ਤੋਂ ਨਿਜਾਤ ਪਾਉਣ ਲਈ ਸਾਂਝਾ ਹੰਭਲਾ ਨਹੀਂ ਮਾਰ ਰਹੇ। ਉਰਦੂ ਦੇ ਉਸਤਾਦ ਸ਼ਾਇਰ ਅਮੀਰ ਮੀਨਾਈ ਦਾ ਸ਼ਿਅਰ ਯਾਦ ਆ ਰਿਹਾ ਹੈ, ‘‘ਮਰਜ਼ ਬੜਤਾ ਗਯਾ ਜਿਉਂ ਜਿਉਂ ਦਵਾ ਕੀ/ ਨ ਹੂਆ ਫ਼ਾਇਦਾ ਕੁਝ, ਔਰ ਹਵਾ ਦੀ’’ ਅਨੁਸਾਰ ਨੀਮ-ਹਕੀਮ ਸਿਆਸਤਦਾਨਾਂ ਦੇ ਕੱਚ-ਘਰੜ ਨੁਸਖਿਆਂ ਨਾਲ ਪੰਜਾਬ ਦਾ ਦਰਦ ਘਟਣ ਦੀ ਬਜਾਏ ਹੋਰ ਵਧਦਾ ਆ ਰਿਹਾ ਹੈ।

ਮੀਨਾਈ ਨੂੰ ਗ਼ਾਲਿਬ ਦੇ ਦੇਹਾਂਤ ਤੋਂ ਬਾਅਦ ਉਸਤਾਦ ਸ਼ਾਇਰ ਦੀ ਪਦਵੀ ਨਾਲ ਨਿਵਾਜਿਆ ਗਿਆ ਸੀ। ਪੰਜਾਬ ਦੇ ਗਹਿਰੇ ਹੁੰਦੇ ਜਾ ਰਹੇ ਸੰਕਟ ਦੀ ਤਰਜਮਾਨੀ ਕਰਦਾ ਉਪਰੋਕਤ ਸ਼ਿਅਰ ਉਨ੍ਹਾਂ ਦੇ ਪ੍ਰਥਮ ਦੀਵਾਨ ‘ਮਿਰਅਤ-ਉਲ-ਗ਼ੈਬ’ ਵਿਚ ਦਰਜ ਹੈ ਜੋ ਲੋਕ ਮੁਹਾਵਰਾ ਬਣ ਚੁੱਕਾ ਹੈ। ਮੀਨਾਈ ਦਾ ਲਖਨਊ ਸਥਿਤ ਘਰ 1857 ਦੇ ਗ਼ਦਰ ਦੌਰਾਨ ਸਾੜ ਦਿੱਤਾ ਗਿਆ ਸੀ। ਇਸ ਸਾੜ-ਫੂਕ ਵਿਚ ਉਨ੍ਹਾਂ ਦਾ ਵਿਸ਼ਾਲ ਕਿਤਾਬ-ਘਰ ਵੀ ਸੜ ਗਿਆ ਜਿਸ ਦਾ ਦਰਦ ਉਨ੍ਹਾਂ ਨੇ ਤਾਉਮਰ ਹੰਢਾਇਆ ਸੀ।

ਅੱਸੀਵਿਆਂ ਤੋਂ ਹੁਣ ਤੱਕ ਪੰਜਾਬ ਵਿਚ ਹਿੰਸਾ ਦਾ ਦਾਨਵ ਦਨਦਨਾਉਂਦਾ ਆ ਰਿਹਾ ਹੈ। ਨਿੱਤ ਕੋਈ ਨਾ ਕੋਈ ਹਿੰਸਕ ਘਟਨਾ ਹਿਰਦੇ ਵਲੂੰਧਰਦੀ ਰਹੀ ਹੈ। ਪੰਜਾਬੀਆਂ ਦੇ ਖ਼ੂਨ ਦੀ ਤਾਸੀਰ ਸਮਝੇ ਬਗ਼ੈਰ ਪੰਜਾਬ ਨੂੰ ਕਿਸੇ ਪ੍ਰਯੋਗਸ਼ਾਲਾ ਵਾਂਗ ਸਮਝਿਆ ਜਾ ਰਿਹਾ ਹੈ। ਨਿੱਤ ਨਵੇਂ ਸੁਪਨੇ ਵੇਚਣ ਵਾਲੇ ਵਣਜਾਰੇ ਪੰਜਾਬੀਆਂ ਨੂੰ ਸਹਿਜੇ ਹੀ ਗੁਮਰਾਹ ਕਰ ਲੈਂਦੇ ਹਨ। ਪੰਜਾਬ ਦੇ ਜਾਇਆਂ ਦੀ ਪਿਆਸ ਅੱਥਰੂ ਪੀ-ਪੀ ਕੇ ਬੁਝਣ ਵਾਲੀ ਨਹੀਂ ਹੈ।

ਦੁਸ਼ਯੰਤ ਕੁਮਾਰ ਭਾਵੇਂ ਹਿੰਦੀ ਦਾ ਸ਼ਾਇਰ ਸੀ ਪਰ ਉਸ ਦੀਆਂ ਗ਼ਜ਼ਲਾਂ ਪੰਜਾਬੀ ਮਾਨਸਿਕਤਾ ਦੀ ਤਰਜਮਾਨੀ ਕਰਦੀਆਂ ਹਨ। ਦਰਅਸਲ, ਦੁਸ਼ਯੰਤ ਨੇ ਗ਼ਜ਼ਲ ਨੂੰ ਮਹਿਬੂਬ ਦੀਆਂ ਜ਼ੁਲਫ਼ਾਂ ’ਚੋਂ ਕੱਢ ਕੇ ਸੰਸਦ ਤੇ ਸੜਕਾਂ ’ਤੇ ਲਿਆਂਦਾ ਸੀ। ਹਰ ਅੰਦੋਲਨ ਵਿਚ ਨਾਅਰਿਆਂ ਵਾਂਗ ਗੂੰਜਦਾ ਉਸ ਦਾ ਸ਼ਿਅਰ ਆਤਮਸਾਤ ਕਰੋ, ‘‘ਹੋ ਗਈ ਹੈ ਪੀਰ ਪਰਵਤ ਸੀ ਪਿਘਲਨੀ ਚਾਹੀਏ/ਇਸ ਹਿਮਾਲਾ ਸੇ ਕੋਈ ਗੰਗਾ ਨਿਕਲਨੀ ਚਾਹੀਏ।’’ ਉਸ ਦਾ ਇਕ ਹੋਰ ਸ਼ਿਅਰ, ‘‘ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ/ ਹੋ ਕਹੀਂ ਭੀ ਆਗ, ਲੇਕਿਨ ਆਗ ਜਲਨੀ ਚਾਹੀਏ’’, ਕੁੰਭਕਰਨੀ ਨੀਂਦ ਸੁੱਤੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਜੋੜਨ ਵਾਲਾ ਹੈ।

ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ ਤੋਂ ਖਹਿੜਾ ਛੁਡਾ ਕੇ ਵਿਦੇਸ਼ਾਂ ਵਿਚ ਰੈਣ-ਬਸੇਰਾ ਬਣਾ ਲੈਣਾ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਵਿਹਾ ਗਿਆ ਵੇਲਾ, ਪੁਲਾਂ ਹੇਠੋਂ ਲੰਘੇ ਪਾਣੀਆਂ ਵਾਂਗ ਵਾਪਸ ਨਹੀਂ ਆਉਂਦਾ। ਵਾਰਿਸ ਸ਼ਾਹ ਦੇ ਕਥਨ ਅਨੁਸਾਰ, ‘‘ਵਾਰਿਸ ਸ਼ਾਹ ਨਾ ਮੁੜਨਗੇ ਗਏ ਵੇਲੇ/ਭਾਵੇਂ ਲੱਖ ਕੋਈ ਤਰਲੇ ਪਾਂਵਦਾ ਈ।’’ ਸੱਤਾ ਮਦ-ਮਸਤ ਹਾਥੀ ਵਾਂਗ ਹੁੰਦੀ ਹੈ। ਮਹਾਵਤ ਦਾ ਕੁੰਡਾ ਹਾਥੀ ਨੂੰ ਸਹੀ ਦਿਸ਼ਾ ਵਿਚ ਤੋਰਦਾ ਹੈ। ਜਿਸ ਮਹਾਵਤ ਨੂੰ ਕੁੰਡਾ ਲਾਉਣ ਦਾ ਵੱਲ ਨਾ ਆਉਂਦਾ ਹੋਵੇ ਤਾਂ ਭੋਲੀ ਜਨਤਾ ਘਾਹ-ਫੂਸ ਵਾਂਗ ਲਤਾੜੀ ਜਾਂਦੀ ਹੈ।

ਅਜਿਹਾ ਮਹਾਵਤ, ਜਿਸ ਨੂੰ ਪੰਜਾਬ ਦੀ ਮਿੱਟੀ ਦੀ ਤਾਸੀਰ ਦਾ ਚਾਨਣ ਨਾ ਹੋਵੇ, ਉਹ ਇਸ ਦੇ ਲੋਕਾਂ ਨੂੰ ਸਹਿਜੇ ਹੀ ਕੁਰਾਹੇ ਪਾ ਦਿੰਦਾ ਹੈ। ਪੰਜਾਬ, ਸਾਂਝੀਵਾਲਤਾ ਦੀ ਧਰਤੀ ਹੈ। ਗੁਰੂਆਂ, ਸੂਫ਼ੀ-ਸੰਤਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਲੋਕਾਂ ਨੂੰ ਉਜੜਨ ਤੋਂ ਬਾਅਦ ਵੀ ਵਸਣਾ ਆਉਂਦਾ ਹੈ। ਕੁਕਨੂਸ ਵਰਗੇ ਲੋਕ ਆਪਣੀ ਰਾਖ ’ਚੋਂ ਮੁੜ ਪੈਦਾ ਹੋ ਜਾਂਦੇ ਹਨ।

ਪੰਜਾਬੀਆਂ ਨੇ ਕਈ ਉਜਾੜੇ ਹੰਢਾਏ ਹਨ। ਇਕ-ਦੂਜੇ ਦਾ ਆਸਰਾ ਬਣਨਾ ਉਨ੍ਹਾਂ ਦੀ ਫ਼ਿਤਰਤ ’ਚ ਸ਼ਾਮਲ ਰਿਹਾ ਹੈ। ਆਪਣੇ ਅਮੀਰ ਵਿਰਸੇ ਨੂੰ ਵਿਸਾਰ ਕੇ ਹੁਣ ਪੰਜਾਬੀਆਂ ਨੂੰ ਵੰਡਣ ਦੀਆਂ ਘਿਨੌਣੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਹਰ ਕਿਸਮ ਦੇ ਝਗੜੇ-ਝੇੜੇ ਨੂੰ ਭੁਲਾ ਕੇ ਪੰਜਾਬੀ ਇਕ ਮੰਚ ’ਤੇ ਇਕੱਠੇ ਹੋ ਜਾਣ ਤਾਂ ਇਨ੍ਹਾਂ ਦੀ ਕੋਈ ’ਵਾ ਵੱਲ ਨਹੀਂ ਦੇਖ ਸਕਦਾ। ਖ਼ਾਨਾਜੰਗੀ ਦਾ ਲਾਹਾ ਦੂਜੇ ਲੈ ਜਾਂਦੇ ਹਨ।

ਨਿਦਾ ਫ਼ਾਜ਼ਲੀ ਦੇ ਸ਼ਿਅਰ, ‘‘ਅਪਨਾ ਗ਼ਮ ਲੇ ਕੇ ਕਹੀਂ ਔਰ ਨਾ ਜਾ/ਘਰ ਮੇਂ ਬਿਖਰੀ ਹੂਈ ਚੀਜ਼ੋਂ ਕੋ ਸਜਾਯਾ ਜਾਏ’’ ਵਿਚ ਲੋਕ ਸਿਆਣਪ ਛੁਪੀ ਹੋਈ ਹੈ।