VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸੀਸ, ਅਸੀਸ ਤੇ ਚਾਂਦਨੀ ਚੌਂਕ ( ਪੰਜਾਬੀ ਜਾਗਰਣ –– 23rd NOVEMBER, 2025)

ਵਰਿੰਦਰ ਵਾਲੀਆ

ਸਮਾਂ ਸਤਾਰਵੀਂ ਸਦੀ ਦਾ ਮੱਧ। ਰਿਸ਼ਮਾਂ ਜਿੱਥੇ ਝੂਮਰ ਪਾਉਂਦੀਆਂ ਉਸ ਚੌਂਕ ਦਾ ਨਾਂ ਚਾਂਦਨੀ ਚੌਂਕ ਰੱਖਿਆ ਗਿਆ। ਬਾਦਸ਼ਾਹ ਸ਼ਾਹਜਹਾਂ ਤੇ ਬੇਗਮ ਮੁਮਤਾਜ ਦੀ ਲਾਡਲੀ ਧੀ ਜਹਾਂਆਰਾ ਦੀ ਦੇਖ-ਰੇਖ ਵਿਚ ਵਿਓਂਤੇ ਗਏ ਇਸ ਚੌਂਕ ਦੀਆਂ ਰਾਤਾਂ ਸੁਨਹਿਰੀ ਹੁੰਦੀਆਂ ਤੇ ਦਿਨ ਰੰਗੀਨ ਹੁੰਦੇ ਸਨ। ਇਤਿਹਾਸਕਾਰਾਂ ਅਨੁਸਾਰ ਨੇੜੇ ਵਹਿੰਦੀ ਯਮੁਨਾ ਅੰਦਰ ਜਦੋਂ ਪੁੰਨਿਆ ਦਾ ਚੰਨ ਟੁੱਭੀਆਂ ਲਾਉਂਦਾ ਤਾਂ ਇਸ ਦਾ ਪ੍ਰਤੀਬਿੰਬ ਚਾਂਦਨੀ ਚੌਂਕ ਵਿਚ ਦਿਖਾਈ ਦਿੰਦਾ।

ਕੁਝ ਹੋਰ ਤਵਾਰੀਖ਼ੀ ਹਵਾਲਿਆਂ ਮੁਤਾਬਕ ਜਹਾਂਆਰਾ ਨੇ ਇਸ ਚੌਂਕ ਵਿਚ ਤਲਾਬ ਬਣਵਾਇਆ ਜਿਸ ਦਾ ਪਾਣੀ ਚੰਨ-ਵੰਨਾ ਸੀ। ਪੂਰਨਮਾਸ਼ੀ ਵਾਲੇ ਦਿਨ ਚਾਨਣ ਚੌਂਕ ਵਿਚ ਕਲੋਲਾਂ ਕਰਦਾ ਦਿਲਕਸ਼ ਮੰਜ਼ਿਰ ਪੇਸ਼ ਕਰਦਾ। ਦਿਲ ਲੁਭਾਉਣਾ ਨਜ਼ਾਰਾ ਦੇਖ ਕੇ ਜਹਾਂਆਰਾ ਨੇ ਕਿਸੇ ਕਨੀਜ਼ ਨੂੰ ਪੁੱਛਿਆ ਕਿ ਪੁੰਨਿਆ ਦਾ ਚੰਨ ਕਿੱਦਾਂ ਦਾ ਦਿਸਦਾ ਹੈ। ਆਜ਼ਜ਼ੀ ਵਿਚ ਉਸ ਨੇ ਜਵਾਬ ਦਿੱਤਾ, ‘ਨਿਹਾਇਤ ਖ਼ੂਬਸੂਰਤ, ਪਰ ਜਦੋਂ ਇਹ ਚਾਂਦਨੀ ਚੌਂਕ ਵਿਚ ਚਮਕੇ ਤਾਂ ਇਹ ਲਾਜਵਾਬ ਹੁੰਦਾ ਹੈ।’ ਚਾਂਦਨੀ ਚੌਂਕ ਦੇ ਮੀਨਾ ਬਾਜ਼ਾਰ ਵਿਚ ਰੰਗਦਾਰ ਲਿਬਾਸਾਂ ਵਾਲੀਆਂ ਤੁਰਕੀ, ਅਫ਼ਗਾਨੀ, ਕਸ਼ਮੀਰੀ ਤੇ ਹਿੰਦੁਸਤਾਨੀ ਬੇਗਮਾਂ, ਸ਼ਹਿਜ਼ਾਦੀਆਂ ਤੇ ਅਮੀਰਜ਼ਾਦੀਆਂ ਵੀ ਗੇੜਾ ਮਾਰ ਜਾਂਦੀਆਂ।

ਇਹ ਬਾਜ਼ਾਰ ਰੰਗ-ਬਿਰੰਗੀਆਂ ਰੋਸ਼ਨੀਆਂ ਦਾ ਵਚਿੱਤਰ ਮੇਲਾ ਹੀ ਤਾਂ ਸੀ। ਮਹਿੰਗੇ ਇਤਰ-ਫਲੇਲ, ਕਸ਼ਮੀਰੀ ਪਸ਼ਮੀਨੇ, ਮੀਨਾਕਾਰੀ ਵਾਲੇ ਦਿਲ ਟੁੰਬਵੇਂ ਗਹਿਣੇ, ਹਾਥੀ ਦੰਦ ਦੀ ਨਕਾਸ਼ੀ ਵਾਲੇ ਤੋਹਫ਼ੇ, ਹੀਰੇ-ਜਵਾਹਰਾਤ, ਰੇਸ਼ਮੀ ਲਿਬਾਸ ਅਤੇ ਹਾਰ-ਸ਼ਿੰਗਾਰ ਇੱਥੇ ਧੜਾਧੜ ਵਿਕਦੇ। ਖ਼ਰੀਦਦਾਰੀ ਹੁਸਨ ਨੂੰ ਚਾਰ-ਚੰਨ ਲਾ ਦਿੰਦੀ। ਇਸ ਚੌਂਕ ਤੋਂ ਕੁਝ ਫਰਲਾਂਗ ਦੀ ਦੂਰੀ ’ਤੇ ਸਥਿਤ ਲਾਲ ਕਿਲ੍ਹੇ ਦੇ ਛੱਜੇ ’ਤੇ ਖੜ੍ਹ ਕੇ ਬਾਦਸ਼ਾਹ ਆਪਣੀ ਮਹਿਬੂਬ ਬੇਗਮ ਮੁਮਤਾਜ ਨੂੰ ਵੀ ਮੀਨਾ ਬਾਜ਼ਾਰ ਦੀ ਰੌਣਕ ਦਿਖਾ ਦਿਆ ਕਰਦਾ ਸੀ।

ਪਿਤਾ ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਨੇ ਸੰਨ 1628 ਤੋਂ ਲੈ ਕੇ 1658 ਤੱਕ ਹਿੰਦੁਸਤਾਨ ’ਤੇ ਰਾਜ ਕੀਤਾ ਸੀ। ਸੂਖ਼ਮ ਕਲਾਵਾਂ ਨੂੰ ਪਰਣਾਏ ਸ਼ਾਹਜਹਾਂ ਨੇ ਆਪਣੇ ਰਾਜ-ਕਾਲ ਦੌਰਾਨ ਤਾਜ ਮਹਿਲ, ਜਾਮਾ ਮਸਜਿਦ ਅਤੇ ਲਾਲ ਕਿਲ੍ਹਾ ਵਰਗੇ ਕਈ ਧਰੋਹਰ ਤਾਮੀਰ ਕਰਵਾਏ। ਉਸ ਸਮੇਂ ਮੁਗ਼ਲ ਸਲਤਨਤ ਦੀ ਸ਼ਾਨ ਚਰਮ ਸੀਮ ’ਤੇ ਸੀ। ਵਿਡੰਬਣਾ ਇਹ ਕਿ ਉਸ ਦੇ ਫ਼ਰਜ਼ੰਦ ਔਰੰਗਜ਼ੇਬ ਨੇ ਆਪਣੇ ਬਾਦਸ਼ਾਹ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਜਿੱਥੇ ਉਹ 1666 ਈਸਵੀ ਵਿਚ ਫ਼ੌਤ ਹੋ ਗਿਆ। ਇਹ ਵੀ ਇਕ ਇਤਫ਼ਾਕ ਹੈ ਕਿ ਜਿਸ ਸਾਲ ਸ਼ਾਹਜਹਾਂ ਦੀ ਮੌਤ ਹੋਈ, ਉਸੇ ਵਰ੍ਹੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਨੇ ਜ਼ਾਲਮ ਮੁਗ਼ਲ ਸਾਮਰਾਜ ਦੀ ਜੜ੍ਹ ਪੁੱਟਣ ਲਈ ਖ਼ਾਲਸਾ ਪੰਥ ਦੀ ਬੁਨਿਆਦ ਰੱਖੀ ਸੀ। ਔਰੰਗਜ਼ੇਬ ਦੀ ਹਕੂਮਤ ਵੇਲੇ ਚਹਿਲ-ਪਹਿਲ ਵਾਲਾ ਚਾਂਦਨੀ ਚੌਂਕ ਅਦੁੱਤੀ ਸ਼ਹਾਦਤਾਂ ਦਾ ਮਰਕਜ਼ ਬਣ ਗਿਆ। ਸਾਢੇ ਤਿੰਨ ਸਦੀਆਂ ਪਹਿਲਾਂ ਗੁਰੂ ਤੇਗ ਬਹਾਦਰ ਤੇ ਉਨ੍ਹਾਂ ਦੇ ਅਨਿੰਨ ਭਗਤ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ’ਤੇ ਅਕਹਿ ਅਣ-ਮਨੁੱਖੀ ਤਸ਼ੱਦਦ ਢਾਹੇ ਗਏ।

ਨੌਵੇਂ ਨਾਨਕ ਤੇ ਉਨ੍ਹਾਂ ਦੇ ਤਿੰਨੇ ਗੁਰਸਿੱਖਾਂ ਦੀ ਸ਼ਹਾਦਤ ਨੇ ਚਾਂਦਨੀ ਚੌਂਕ ਦੀ ਚਾਂਦਨੀ ਨੂੰ ਆਪਣੇ ਤੱਤੇ ਲਹੂ ਨਾਲ ਧੋ ਦਿੱਤਾ। ਇਨ੍ਹਾਂ ਸ਼ਹਾਦਤਾਂ ਨੇ ਚੌਂਕ ਦਾ ਸਾਰਾ ਤਲਿਸਮ ਡੀਕ ਲਿਆ ਤੇ ਲਾਲ ਹਨੇਰੀ ਝੁੱਲਣ ਲੱਗੀ। ਜਿਸ ਦੇ ਸੀਸ ’ਤੇ ਚੱਲਣ ਤੋਂ ਬਾਅਦ ਤਿੱਖੇ ਦੰਦੇ ਵਾਲੇ ਦੋ-ਹੱਥੀ ਆਰੇ ਨੇ ਮੁਗ਼ਲ ਸਾਮਰਾਜ ਦੀਆਂ ਡੂੰਘੀਆਂ ਜੜ੍ਹਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਉਸ ਅਲੋਕਾਰੀ ਸ਼ਹੀਦ ਦਾ ਨਾਂ ਭਾਈ ਮਤੀ ਦਾਸ ਸੀ। ਅੱਖਾਂ ਵਿਚ ਦੋਜ਼ਖ਼ ਦੀ ਅੱਗ ਬਾਲ ਕੇ ਜਲਾਦਾਂ ਨੇ ਭਾਈ ਸਤੀ ਦਾਸ ਨੂੰ ਲਪਟਾਂ ਦੇ ਹਵਾਲੇ ਕੀਤਾ ਤਾਂ ਆਪਣੇ ਸਕੇ ਭਰਾ ਭਾਈ ਮਤੀ ਦਾਸ ਵਾਂਗ, ਉਨ੍ਹਾਂ ਦੇ ਮੁਖਾਰਬਿੰਦ ’ਤੇ ਵੀ ਜਪੁ ਸਾਹਿਬ ਸੀ।

ਇਸ ਅਗਨੀ ਪ੍ਰੀਖਿਆ ਪਿੱਛੋਂ ਮੁਗ਼ਲ ਰਾਜ ਦੇ ਅਮਨ ਨੂੰ ਲਾਂਬੂ ਲੱਗ ਗਏ ਸਨ। ਤੀਜੇ ਮਹਾਨ ਨਾਨਕ ਨਾਮਲੇਵਾ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲਣ ਦੀ ਘਟਨਾ ਨੇ ਸਮੁੱਚੀ ਕੌਮ ਦੇ ਖ਼ੂਨ ਨੂੰ ਉਬਾਲਾ ਦੇ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਖ਼ਾਤਰ ਉਨ੍ਹਾਂ ਦੇ ਗੁਰਸਿੱਖਾਂ ਨੂੰ ਅਸਹਿ ਤਸੀਹੇ ਦਿੱਤੇ ਗਏ ਜੋ ਉਨ੍ਹਾਂ ਨੇ ਸਹਿਜੇ ਹੀ ਸਹਿ ਲਏ। ਜਲਾਦਾਂ ਨੇ ਜਦੋਂ ਉਨ੍ਹਾਂ ਨੂੰ ਆਖ਼ਰੀ ਇੱਛਾ ਪੁੱਛੀ ਤਾਂ ਤਿੰਨਾਂ ਨੇ ਫ਼ਰਿਆਦ ਕੀਤੀ ਕਿ ਸ਼ਹਾਦਤ ਵੇਲੇ ਉਨ੍ਹਾਂ ਦਾ ਮੁੱਖ ਗੁਰੂ ਵੱਲ ਹੋਣਾ ਚਾਹੀਦਾ ਹੈ।

ਹਨੇਰਗਰਦੀ ਦੀ ਹਿੱਕ ’ਤੇ ਸ਼ਹਾਦਤਾਂ ਦੀ ਸੁਨਹਿਰੀ ਹਰਫ਼ਾਂ ਨਾਲ ਗਾਥਾ ਲਿਖੀ ਜਾ ਚੁੱਕੀ ਸੀ। ਗੋਬਿੰਦ ਰਾਏ ਦੇ ਬਚਪਨ ਦਾ ਸਾਥੀ ਭਾਈ ਜੈਤਾ ਜੀ ਅਤੇ ਧਨਾਢ ਗੁਰਸਿੱਖ ਵਪਾਰੀ ਭਾਈ ਲੱਖੀ ਸ਼ਾਹ ਵਣਜਾਰਾ ਇਸ ਕੌਤਕ ਨੂੰ ਤਮਾਸ਼ਬੀਨਾਂ ਦੀ ਭੀੜ ਵਿਚ ਲੁਕ ਕੇ ਵੇਖ ਰਹੇ ਸਨ। ਭਾਣਾ ਵਰਤਣ ਵੇਲੇ ਚਮਸ਼ਦੀਦਾਂ ਨੇ ਮੂੰਹ ’ਚ ਉਂਗਲਾਂ ਪਾ ਲਈਆਂ ਸਨ। ਭਾਈ ਜੈਤਾ ਜੀ ਦੀਆਂ ਅੱਖਾਂ ਸਾਹਮਣੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਉਹ ਮੰਜ਼ਿਰ ਸਾਹਮਣੇ ਆਇਆ ਜਦੋਂ ਮਾਤਾ ਨਾਨਕੀ ਨੇ ਗੁਰੂ ਤੇਗ ਬਹਾਦਰ ਨੂੰ ਵਿਦਾ ਕਰਦਿਆਂ ਕਿਹਾ ਸੀ ਕਿ ਦਿੱਲੀ ਤੋਂ ਵਾਪਸ ਪਰਤਦਿਆਂ ਵੀ ਚਿਹਰੇ ’ਤੇ ਇਹੀ ਰਬਾਬ ਹੋਣਾ ਚਾਹੀਦਾ ਹੈ। ਗੁਰੂ ਨੇ ਮਾਤਾ ਅੱਗੇ ਸੀਸ ਝੁਕਾ ਦਿੱਤਾ ਸੀ।

ਗੁਰੂ ਜੀ ਵੱਲੋਂ ਮਾਤਾ ਨੂੰ ਦਿੱਤੇ ਵਚਨ ਨੂੰ ਨਿਭਾਉਣ ਲਈ ਭਾਈ ਜੈਤਾ ਜੀ ਨੇ ਮੁਗ਼ਲ ਸੈਨਿਕਾਂ ਦੀਆਂ ਬਾਜ਼ ਅੱਖਾਂ ਤੋਂ ਬਚਦਿਆਂ ਗੁਰੂ ਜੀ ਦਾ ਕਲਮ ਹੋਇਆ ਸੀਸ ਸ਼ਰਧਾ ਨਾਲ ਚੁੱਕਿਆ ਤੇ ਖੇਸ ਦੀ ਬੁੱਕਲ ’ਚ ਲੁਕੋ ਲਿਆ। ਸੀਸ ਯਾਤਰਾ ਦੇ ਪੜਾਵਾਂ ਦੌਰਾਨ ਉਹ ਗੁਰੂ ਜੀ ਦੇ ਚਿਹਰੇ ਨੂੰ ਪਰਨੇ ਨਾਲ ਪੂੰਝਦੇ। ਗੋਬਿੰਦ ਰਾਏ ਜੀ ਦਾ ਸੰਗੀ-ਸਾਥੀ ਹੋਣ ਕਾਰਨ ਭਾਈ ਜੈਤਾ ਜੀ ਨੇ ਕਈ ਵਾਰ ਗੁਰੂ ਤੇਗ ਬਹਾਦਰ ਦੀ ਬੁੱਕਲ ਦਾ ਨਿੱਘ ਮਾਣਿਆ ਸੀ। ਉਸ ਨੇ ਕਦੇ ਤਸੱਵਰ ਵੀ ਨਹੀਂ ਸੀ ਕੀਤਾ ਕਿ ਉਹ ਗੁਰੂ ਜੀ ਦੇ ਸੀਸ ਨੂੰ ਆਪਣੀ ਬੁੱਕਲ ਵਿਚ ਲੈ ਕੇ ਮਾਤਾ ਨਾਨਕੀ ਕੋਲ ਲੈ ਕੇ ਜਾਣਗੇ ਅਤੇ ਦੱਸਣਗੇ ਕਿ ਸ਼ਹਾਦਤ ਤੋਂ ਬਾਅਦ ਵੀ ਉਨ੍ਹਾਂ ਦੇ ਚਿਹਰੇ ’ਤੇ ਕੋਈ ਸ਼ਿਕਨ ਨਹੀਂ ਹੈ।

ਸੀਸ ਦੁਆਲੇ ਆਭਾ ਬਰਕਰਾਰ ਸੀ। ਦਸਮੇਸ਼ ਪਿਤਾ ਦਾ ਦਿਲ ਪਸੀਜਿਆ ਤੇ ਆਪ ਨੇ ਭਾਈ ਜੈਤਾ ਜੀ ਨੂੰ ‘ਰੰਗਰੇਟਾ ਗੁਰੂ ਕਾ ਬੇਟਾ’ ਕਹਿ ਕੇ ਅਸੀਸ ਦਿੱਤੀ। ਸੀਸ ਅਤੇ ਅਸੀਸ ਵਿਚਲਾ ਫਾਸਲਾ ਤੈਅ ਕਰਨ ਲਈ ਭਾਈ ਜੈਤਾ ਜੀ ਨੂੰ ਸੈਂਕੜੇ ਮੀਲ ਦਾ ਬਿਖੜਾ ਪੰਧ ਮਾਰਨਾ ਪਿਆ ਸੀ। ਗੁਰੂ ਘਰ ਨਾਲ ਭਾਈ ਜੈਤਾ ਜੀ ਦਾ ਖ਼ੂਨ ਦਾ ਰਿਸ਼ਤਾ ਨਾ ਹੋਣ ਦੇ ਬਾਵਜੂਦ ਗੁਰੂ ਜੀ ਦੇ ਉਹ ਸਾਹਿਬਜ਼ਾਦੇ ਬਣ ਗਏ। ਭਾਈ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਜੀ ਦੇ ਧੜ ਨੂੰ ਆਪਣੇ ਮਹਿਲ-ਨੁਮਾ ਘਰ ਵਿਚ ਰੱਖ ਕੇ ਉਸ ਨੂੰ ਅਗਨਿ ਹਵਾਲੇ ਕਰ ਦਿੱਤਾ। ਘਰ ਇੰਜ ਰਾਖ ਨਾ ਹੁੰਦਾ ਤਾਂ ਉੱਥੇ ਕਿਸ ਨੇ ਸਿਰ ਝੁਕਾਉਣਾ ਸੀ?

ਕੁਕਨੂਸ ਵਾਂਗ ਸਿੱਖੀ ਦਾ ਜਜ਼ਬਾ ਵੀ ਆਪਣੀ ਰਾਖ ’ਚੋਂ ਪੈਦਾ ਹੋ ਗਿਆ ਜਿਸ ਕਾਰਨ ਮੁਗ਼ਲ ਸਾਮਰਾਜ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ। ਚਾਂਦਨੀ ਚੌਂਕ, ਜਿੱਥੇ ਚੰਨ ਧਰਤੀ ’ਤੇ ਉਤਰਦਾ ਜਾਪਦਾ ਸੀ, ਦਹਿਸ਼ਤ ਅਤੇ ਵਹਿਸ਼ਤ ਦਾ ਸਿਰਨਾਵਾਂ ਬਣ ਗਿਆ। ਇਸ ਦੇ ਬਾਵਜੂਦ ਚਾਂਦਨੀ ਚੌਂਕ ਨੇ ਲੋਕਾਈ ਨੂੰ ਸ਼ਹਾਦਤ ਦੀ ਅਸਲੋਂ ਨਵੀਂ ਪਰਿਭਾਸ਼ਾ ਦਿੱਤੀ।

ਕਬੀਰ ਸਾਹਿਬ ਦੇ ਮਹਾਵਾਕ, ‘‘ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ।। ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ’’ ਨੂੰ ਅਮਲੀ ਰੂਪ ਦਿੱਤਾ। ਅਡੋਲ ਰਹਿ ਕੇ ਸ਼ਹਾਦਤ ਦਾ ਜਾਮ ਕਿਵੇਂ ਪੀਤਾ ਜਾ ਸਕਦਾ ਹੈ, ਇਹ ਚਾਂਦਨੀ ਚੌਂਕ ਵਿਚ ਵਾਪਰੇ ਸਾਕੇ ਨੇ ਸਿਖਾ ਦਿੱਤਾ। ਇਸ ਚੌਂਕ ਨੇ ਪ੍ਰਮਾਣ ਦਿੱਤਾ ਕਿ ਬਹਾਦਰ ਓਹੀ ਹੈ ਜੋ ਕਿਸੇ ਨੂੰ ਨਾ ਡਰਾਉਂਦਾ ਤੇ ਨਾ ਹੀ ਕਿਸੇ ਤੋਂ ਡਰਦਾ ਹੈ।

ਗੁਰੂ ਜੀ ਦਾ ਮਹਾਵਾਕ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’’ ਇਸ ਦੀ ਸ਼ਾਹਦੀ ਭਰਦਾ ਹੈ ਕਿ ਆਪ ਦੀ ਕਥਨੀ ਤੇ ਕਰਨੀ ਵਿਚ ਭੋਰਾ ਅੰਤਰ ਨਹੀਂ। ਛੋਟੀ ਉਮਰੇ ਕਰਤਾਰਪੁਰ ਵਿਖੇ ਤੇਗ ਦੇ ਜੌਹਰ ਦਿਖਾ ਕੇ ਗੁਰੂ ਜੀ ਦਾ ਨਾਂ ਤੇਗ ਬਹਾਦਰ ਪਿਆ ਸੀ। ਜਪੁਜੀ ਪੜ੍ਹਦਿਆਂ ਸਾਣ ’ਤੇ ਤਿੱਖੀ ਕੀਤੀ ਜਾਣ ਵਾਲੀ ਤਲਵਾਰ ਨੂੰ ਤੇਗ ਕਿਹਾ ਜਾਂਦਾ ਹੈ। ਤੇਗ ਨੂੰ ਹੀ ਕਿਰਪਾਨ ਕਹਿੰਦੇ ਹਨ ਜੋ ਜ਼ਾਲਮ ਦਾ ਸਿਰ ਕਲਮ ਕਰ ਕੇ ਕਿਰਪਾ ਵਰਤਾਉਂਦੀ ਹੈ। ਆਪ ਦੇ ਗੁਰੂ-ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਇਸ ਦੇ ਮਹਾਤਮ ਨੂੰ ਸਮਝਾਇਆ ਸੀ।

ਗੁਰੂ ਤੇਗ ਬਹਾਦਰ ਜੀ ਨੇ ਆਪਣੇ ਗੁਰੂ-ਦਾਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੱਲੋਂ ਦਰਸਾਏ ਕੁਰਬਾਨੀ ਦੇ ਮਾਰਗ ਦਾ ਅਗਲਾ ਪੜਾਅ ਤੈਅ ਕੀਤਾ ਜਿਸ ਨੂੰ ਉਨ੍ਹਾਂ ਦੇ ਪੁੱਤ-ਪੋਤਿਆਂ ਨੇ ਮੁਕੰਮਲ ਕੀਤਾ। ਅਦੁੱਤੀ ਸ਼ਹਾਦਤ ਨੂੰ ਨਮਨ ਹੁੰਦਿਆਂ ਦਸਮੇਸ਼ ਪਿਤਾ ਨੇ ਫੁਰਮਾਇਆ ‘‘ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ’’ ਜਾਂ ‘‘ਧਰਮ ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।।’’