VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਬੋਲ-ਕੁਬੋਲ ਦਾ ਖ਼ਮਿਆਜ਼ਾ ( ਪੰਜਾਬੀ ਜਾਗਰਣ –– 9th NOVEMBER, 2025)

ਵਰਿੰਦਰ ਵਾਲੀਆ

ਲੋਕ ਸਿਆਣਪ, ‘ਤੋਲ-ਮੋਲ ਕੇ ਬੋਲ’ ਵਿਚ ਡੂੰਘੀ ਸਮਝ ਛੁਪੀ ਹੋਈ ਹੈ। ਬੋਲ, ਮਨੁੱਖ ਦੀ ਸੂਝ-ਬੂਝ, ਮਾਨਸਿਕਤਾ ਅਤੇ ਸੰਸਕਾਰਾਂ ਦਾ ਦਰਪਣ ਹੋਇਆ ਕਰਦੇ ਹਨ। ਪਹਿਲਾਂ ਤੋਲ ਕੇ ਬੋਲਣ ਵਾਲੇ ਨੂੰ ਕਦੇ ਪਛਤਾਉਣਾ ਨਹੀਂ ਪੈਂਦਾ। ਬੋਲ, ਕਮਾਨ ’ਚੋਂ ਨਿਕਲੇ ਤੀਰਾਂ ਵਰਗੇ ਹੁੰਦੇ ਹਨ ਜੋ ਕਦੇ ਵਾਪਸ ਨਹੀਂ ਮੁੜਦੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੌਜਵਾਨ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੂੰਹੋਂ ਮਰਹੂਮ ਟਕਸਾਲੀ ਨੇਤਾ ਬੂਟਾ ਸਿੰਘ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੇ ਉਨ੍ਹਾਂ ਵਿਰੁੱਧ ਜਹਾਦ ਛੇੜ ਦਿੱਤਾ ਹੈ।

ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਵਿਗੜੇ ਬੋਲਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੀ ਖੇਡ ਖ਼ਰਾਬ ਕਰਨ ਦਾ ਕੰਮ ਕੀਤਾ ਹੈ। ਕਿਸੇ ਨੇਤਾ, ਜੋ ਪੰਜਾਬ ਦੀ ਲੋਕ ਸਭਾ ਵਿਚ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੋਵੇ, ਦੇ ਮੂੰਹੋਂ ਅਜਿਹੇ ਬੋਲਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਖ਼ਿਲਾਫ਼ ਤੂਫ਼ਾਨ ਖੜ੍ਹਾ ਹੋਣ ਤੋਂ ਬਾਅਦ ਰਾਜਾ ਵੜਿੰਗ ਨੇ ਬੇਹੱਦ ਹਲੀਮੀ ਦਿਖਾਉਂਦਿਆਂ ਭਾਵੇਂ ਤੁਰੰਤ ਮਾਫ਼ੀ ਮੰਗ ਲਈ ਸੀ ਪਰ ਇਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਈਆਂ। ਰਾਜਾ ਵੜਿੰਗ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਸਰਦਾਰ ਬੂਟਾ ਸਿੰਘ ਉਨ੍ਹਾਂ ਦੇ ਪਿਤਾ ਸਮਾਨ ਸਨ ਤੇ ਅਜਿਹੀ ਸ਼ਖ਼ਸੀਅਤ ਦੀ ਕਿਰਦਾਰਕੁਸ਼ੀ ਕਰਨਾ ਉਹ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ, ਫਿਰ ਵੀ ਤਕਰੀਰ ਵਿਚ ਵਰਤੇ ਗਏ ਜਾਤੀ ਮੂਲਕ ਸ਼ਬਦ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ।

ਸਪਸ਼ਟ ਹੈ ਕਿ ਵੜਿੰਗ ਆਪਣੀ ਤਕਰੀਰ ਵਿਚ ਪ੍ਰਸੰਗ ਸਹਿਤ ਵਿਆਖਿਆ ਕਰਨ ਵੇਲੇ ਵੱਡਾ ਟਪਲਾ ਖਾ ਗਏ। ਜ਼ੁਬਾਨ ਇਕ ਵਾਰ ਫਿਸਲ ਜਾਵੇ ਤਾਂ ਬੰਦਾ ਸਾਰੀ ਉਮਰ ਫਿਸਲਦਾ ਰਹਿੰਦਾ ਹੈ। ਅਜਿਹੀ ਬੱਜਰ ਗ਼ਲਤੀ ਨੂੰ ਵੈਸੇ ਵੀ ਸੋਸ਼ਲ ਮੀਡੀਆ ਭੁੱਲਣ ਨਹੀਂ ਦਿੰਦਾ। ਇਹ ਦਰੁਸਤ ਹੈ ਕਿ ਬੂਟਾ ਸਿੰਘ ਦੁਆਬੇ ਦੇ ਹਾਸ਼ੀਆਗਤ ਪਰਿਵਾਰ ਵਿਚ ਜਨਮ ਲੈ ਕੇ ਆਪਣੀ ਮਿਹਨਤ-ਮੁਸ਼ੱਕਤ ਨਾਲ ਬੁਲੰਦੀਆਂ ’ਤੇ ਪੁੱਜੇ ਸਨ। ਉਨ੍ਹਾਂ ਨੇ ਮੁੰਬਈ ਦੇ ਖ਼ਾਲਸਾ ਕਾਲਜ ਤੋਂ ਉੱਚ-ਸਿੱਖਿਆ ਪ੍ਰਾਪਤ ਕਰ ਕੇ ਸਿਆਸੀ ਪਿੜ ਵਿਚ ਪੈਰ ਰੱਖਿਆ ਸੀ। ਜੇ ਉਹ ਜਵਾਨੀ ਵਿਚ ਡੰਗਰਾਂ ਨੂੰ ਪੱਠੇ ਪਾਉਂਦੇ ਸਨ ਤਾਂ ਇਹ ਕਿਸੇ ਹੀਣਤਾ ਦੀ ਨਿਸ਼ਾਨੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ ਭਾਸ਼ਣਾਂ ਵਿਚ ਅਕਸਰ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੇ ਬਚਪਨ ਵਿਚ ਰੇਲਵੇ ਸਟੇਸ਼ਨ ’ਤੇ ਚਾਹ ਵੇਚੀ ਸੀ।

ਜ਼ਮੀਨ ਨਾਲ ਜੁੜੇ ਲੋਕ ਜਦੋਂ ਸਿਤਾਰੇ ਬਣਦੇ ਹਨ ਤਾਂ ਇਹ ਅਪਮਾਨ ਨਹੀਂ ਬਲਕਿ ਮਾਣ ਵਾਲੀ ਗੱਲ ਹੁੰਦੀ ਹੈ। ਦੂਜਾ ਇਤਰਾਜ਼ਯੋਗ ਸ਼ਬਦ, ਬੂਟਾ ਸਿੰਘ ਨੂੰ ‘ਕਾਲਾ ਕਲੂਟਾ’ ਕਹਿਣਾ ਹੈ। ਕਾਲਾ, ਸਿਆਹ, ਸਉਲਾ ਜਾਂ ਸਾਂਵਲਾ ਰੰਗ ਪੰਜਾਬ ਦੀ ਲੋਕਧਾਰਾ ਵਿਚ ਵੱਖ-ਵੱਖ ਰੂਪਾਂ ਵਿਚ ਦਰਜ ਮਿਲਦਾ ਹੈ। ਇਸ ਸ਼ਬਦ ਦੀ ਵਰਤੋਂ ਵਿਅਕਤੀ ਦੀ ਭਾਵਨਾ, ਲਹਿਜ਼ੇ ਅਤੇ ਮਾਨਸਿਕਤਾ ’ਤੇ ਨਿਰਭਰ ਕਰਦੀ ਹੈ।

ਪੰਜਾਬੀ ਸੱਭਿਆਚਾਰ ਵਿਚ ਕਾਲਾ ਰੰਗ ਦਿ੍ਰੜਤਾ, ਸੂਰਬੀਰਤਾ ਅਤੇ ਮਿਹਨਤਕਸ਼ ਹੋਣ ਦਾ ਵੀ ਪ੍ਰਤੀਬਿੰਬ ਹੈ। ਸੁੰਦਰਤਾ ਨੂੰ ਮਹਿਜ਼ ਗੋਰੇ ਰੰਗ ਨਾਲ ਨਹੀਂ ਜੋੜਿਆ ਜਾ ਸਕਦਾ। ਅਲਬੱਤਾ ਰੂਹਾਨੀ ਉਜਲਾਪਣ, ਕਾਲੀ ਚਮੜੀ ਅੰਦਰ ਵੀ ਵਿਦਮਾਨ ਹੋ ਸਕਦਾ ਹੈ। ਚਮੜੀ ਨੂੰ ਨਿਖਾਰਨ ਲਈ ਕਰੀਮਾਂ ਆਈਆਂ ਤਾਂ ਕੰਪਨੀਆਂ ਨੇ ਵਿਸ਼ਵ ਭਰ ਵਿਚ ‘ਗੋਰੇ ਰੰਗ’ ਦੀ ਮਾਰਕੀਟਿੰਗ ਕੀਤੀ ਸੀ।

ਕਰੀਮਾਂ ਭਾਵੇਂ ਕੁਝ ਹੱਦ ਤੱਕ ਚਿਹਰਿਆਂ ਨੂੰ ਨਿਖਾਰਨ ’ਚ ਸਹਾਈ ਹੋਈਆਂ ਹੋਣਗੀਆਂ ਪਰ ਇਨ੍ਹਾਂ ਦੇ ਪ੍ਰਚਾਰ ਨੇ ਸਿਆਹਫਾਮ ਲੋਕਾਂ ਨੂੰ ਨੀਵਾਂ ਦਿਖਾਉਣ ਦੀ ਹਿਮਾਕਤ ਜ਼ਰੂਰ ਕੀਤੀ। ਦੁਨੀਆ ਵਿਚ ਅਜਿਹੀ ਕੋਈ ਕਰੀਮ ਨਹੀਂ ਬਣੀ ਜਿਹੜੀ ਕਿਸੇ ਗੋਰੀ ਚਮੜੀ ਵਾਲੇ ਦੀ ਅੰਦਰਲੀ ਕਾਲਖ ਨੂੰ ਉਜਲਾ ਕਰ ਸਕੇ। ਸਿੱਖ ਸੱਭਿਆਚਾਰ ਵਿਚ ਕਾਲਾ ਰੰਗ ਉਦੋਂ ਕੌਮੀ ਮਾਣ ਵਾਂਗ ਉੱਭਰਿਆ ਜਦੋਂ ਬਰਤਾਨਵੀ ਹਕੂਮਤ ਵੇਲੇ ਮਰਜੀਵੜੇ ਸਿੰਘਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਮਹੰਤਾਂ ਵਿਰੁੱਧ ਬਿਗੁਲ ਵਜਾਇਆ ਸੀ।

ਵੀਹਵੀਂ ਸਦੀ ਦੀ ਗੁਰਦੁਆਰਾ ਸੁਧਾਰ ਲਹਿਰ ਵਿਚ ਕਾਲੀਆਂ ਪਗੜੀਆਂ ਰੋਹ, ਅਡੋਲ ਇਰਾਦੇ, ਸ਼ਕਤੀ, ‘ਕਰੋ ਜਾਂ ਮਰੋ’ ਦਾ ਪ੍ਰਤੀਕ ਬਣ ਗਈਆਂ ਸਨ। ਇਸ ਲਹਿਰ ਵਿਚ ਕਾਲਾ ਰੰਗ ਹਨੇਰੇ ਅੰਦਰ ਆਸ ਦੀ ਕਿਰਨ ਵਾਂਗ ਮੰਨਿਆ ਗਿਆ ਸੀ। ਕਈ ਪ੍ਰਾਚੀਨ ਸੱਭਿਅਤਾਵਾਂ, ਖ਼ਾਸ ਤੌਰ ’ਤੇ ਮਿਸਰ ਵਿਚ ਗੂੜ੍ਹਾ (ਕਾਲਾ) ਰੰਗ ਮਹਾਨਤਾ ਦੇ ਪ੍ਰਤੀਕ ਵਜੋਂ ਸਮਝਿਆ ਗਿਆ। ਇਸ ਨੂੰ ਸ਼ਕਤੀ ਤੋਂ ਇਲਾਵਾ ਧਰਤੀ ਨਾਲ ਡੂੰਘੇ ਜੁੜੇ ਹੋਣ ਵਜੋਂ ਵੀ ਦਰਸਾਇਆ ਗਿਆ। ਭਾਵ, ਜਿਹੜੇ ਲੋਕ ਜ਼ਮੀਨ ਜਾਂ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਣ ਤੇ ਖ਼ੂਨ-ਪਸੀਨਾ ਵਹਾ ਕੇ ਕਿਰਤ-ਕਮਾਈ ਕਰਦੇ ਹੋਣ, ਉਨ੍ਹਾਂ ਦਾ ਸਾਂਵਲਾਪਣ ਮਾਣ ਵਧਾਉਣ ਵਾਲਾ ਹੁੰਦਾ ਹੈ।

ਜੇਠ-ਹਾੜ ਦੀਆਂ ਗਰਮੀਆਂ ਵਿਚ ਜਦੋਂ ‘ਜੱਟ’ ਵੀ ਸਾਧ ਬਣ ਜਾਵੇ, ਉਦੋਂ ਮੁਜ਼ਾਰੇ ਖੇਤਾਂ ਵਿਚ ਰਾਹਲਾਂ ਤੇ ਸਿਆੜ ਕੱਢਦੇ ਦਿਖਾਈ ਦਿੰਦੇ ਹਨ। ਅਜਿਹੇ ਕਿਰਤੀਆਂ ਦੇ ਸਉਲੇ ਰੰਗ ’ਚੋਂ ਮਿਹਨਤ ਡਲ੍ਹਕਦੀ ਹੈ। ਪੰਜਾਬ ਦੀਆਂ ਪ੍ਰੀਤ-ਕਥਾਵਾਂ ਵਿਚ ਵੀ ਕਾਲੇ ਰੰਗ ਨੂੰ ਵੱਖ-ਵੱਖ ਜ਼ਾਵੀਏ ਤੋਂ ਵਾਚਿਆ ਜਾਂਦਾ ਰਿਹਾ ਹੈ। ਮਜਨੂੰ ਨੂੰ ਜਦੋਂ ਲੈਲਾ ਦੇ ਕਾਲੀ ਹੋਣ ਦਾ ਮਿਹਣਾ ਮਾਰਿਆ ਗਿਆ ਤਾਂ ਉਸ ਨੇ ਝਬਦੇ ਜਵਾਬ ਦਿੱਤਾ, ‘ਤੂੰ ਮੇਰੀਆਂ ਅੱਖਾਂ ਨਾਲ ਵੇਖ।’ ਉਹ ਕਹਿੰਦਾ ਲੈਲਾ ਤਾਂ ਸੁਰਮਾ ਹੈ ਜੋ ਉਸ ਦੀਆਂ ਅੱਖਾਂ ਨੂੰ ਠੰਢਕ ਦਿੰਦੀ ਹੈ।

ਇਸ਼ਕ ਹਕੀਕੀ ਦੀ ਇਹ ਇੰਤਹਾ ਸੀ ਜਿਸ ਦੀ ਰਮਜ਼ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ। ਲੋਕ ਗੀਤਾਂ ਵਿਚ ਵੀ ਸਲੂਣਾ, ਸਉਲਾ ਤੇ ਕਾਲਾ ਰੰਗ ਵਿਲੱਖਣ ਜਾਂ ਸੌਂਦਰਯ ਦੀ ਨਿਸ਼ਾਨੀ ਵਜੋਂ ਸੱਤ ਸੁਰਾਂ ਦੇ ਕੰਧਾੜੇ ਚੜ੍ਹ ਕੇ ਸਰੋਤਿਆਂ ਦੇ ਦਿਲਾਂ ਨੂੰ ਟੁੰਬਦਾ ਹੈ। ‘ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਈ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ’ ਗੀਤ ਇਸ ਦੀ ਉਦਾਹਰਨ ਹੈ।

ਨਿਰਸੰਦੇਹ, ਬੂਟਾ ਸਿੰਘ ਦੇ ਰੰਗ-ਰੂਪ ਬਾਰੇ ਕੀਤੀ ਗਈ ਟਿੱਪਣੀ ਨੇ ਕਿਰਤੀ-ਕਾਮਿਆਂ ਦੇ ਮਨਾਂ ਨੂੰ ਬੇਹੱਦ ਠੇਸ ਪਹੁੰਚਾਈ ਸੀ। ਸੋਸ਼ਲ ਮੀਡੀਆ ’ਤੇ ਉੱਠੇ ਤੂਫ਼ਾਨ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਖਾਹ-ਮਖਾਹ ਰਾਈ ਦਾ ਪਹਾੜ ਬਣਾ ਰਹੇ ਹਨ। ਆਪਣੇ ਮਾਫ਼ੀਨਾਮੇ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਣੇ ਸਿਰ ’ਤੇ ਰੱਖ ਸਕਦੇ ਹਨ। ਦਸਵੇਂ ਪਾਤਸ਼ਾਹ ਦੇ ਉਚਾਰੇ ਬਚਨ, ‘ਰੰਗਰੇਟਾ ਗੁਰੂ ਕਾ ਬੇਟਾ’ ਅਤੇ ‘ਇਨ ਗਰੀਬ ਸਿੱਖਣ ਕੋ ਦਉ ਪਾਤਿਸ਼ਾਹੀ। ਯਾਦ ਕਰੇਂ ਹਮਰੀ ਗੁਰਿਆਈ’ ਦੁਹਰਾਉਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਭਾਵਨਾ ਸਰਦਾਰ ਬੂਟਾ ਸਿੰਘ ਨੂੰ ਨੀਵਾਂ ਦਿਖਾਉਣ ਦੀ ਨਹੀਂ ਸੀ, ਫਿਰ ਵੀ ਜਿਸ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਉਹ ਸਾਰਿਆਂ ਕੋਲੋਂ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ।

ਇਹ ਚੰਗੀ ਗੱਲ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਬਿਨਾਂ ਸਮਾਂ ਗੁਆਇਆਂ ਆਪਣੀ ਗ਼ਲਤੀ ਦਾ ਅਹਿਸਾਸ ਕਰ ਕੇ ਵਲੂੰਧਰੇ ਹਿਰਦਿਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਕਾਨੂੰਨੀ ਪੇਚੀਦਗੀਆਂ ’ਚੋਂ ਲੰਘਣ ਲਈ ਭਾਰੀ ਮੁਸ਼ੱਕਤ ਕਰਨੀ ਹੋਵੇਗੀ। ਉਨ੍ਹਾਂ ਦੇ ਬੋਲ-ਕੁਬੋਲ ਨੇ ਸਾਰੇ ਨੇਤਾਵਾਂ ਨੂੰ ‘ਤੋਲ ਮੋਲ ਕੇ ਬੋਲ’ ਦੇ ਮਹਾਤਮ ਨੂੰ ਸਮਝਾਇਆ ਹੈ।

ਕਿਸੇ ਦੀ ਜਾਤ-ਪਾਤ ਜਾਂ ਨਿੱਜੀ ਜ਼ਿੰਦਗੀ ਬਾਰੇ ਟਿੱਪਣੀ ਕਰਨ ਲੱਗਿਆਂ ਸੌ ਨਹੀਂ, ਹਜ਼ਾਰ ਵਾਰ ਸੋਚਣ ਦਾ ਸੁਨੇਹਾ ਦਿੱਤਾ ਹੈ। ਪਹਿਲੀ ਪਾਤਸ਼ਾਹੀ, ਗੁਰੂ ਨਾਨਕ ਦੇਵ ਜੀ ਦੇ ਸਿਰੀ ਰਾਗੁ ਵਿਚ ਦਰਜ ਮਹਾਵਾਕ, ‘‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ’’ ਦੇ ਮਹਾਤਮ ਨੂੰ ਦਿਲ ਵਿਚ ਵਸਾਉਣ ਦੀ ਲੋੜ ਦਾ ਵੀ ਅਹਿਸਾਸ ਹੋਇਆ ਹੈ। ਦਸਮ ਪਾਤਸ਼ਾਹ ਫਰਮਾਉਂਦੇ ਹਨ, ‘‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।’’

ਰੱਬ ਜਾਤਾਂ-ਪਾਤਾਂ ਵਿਚ ਵੰਡਿਆ ਹੋਇਆ ਨਹੀਂ ਹੈ। ਇੱਕੀਵੀਂ ਸਦੀ ਵਿਚ ਜਦੋਂ ਮਨੁੱਖ ਚੰਦਰਮਾ ਤੋਂ ਬਾਅਦ ਹੋਰ ਗ੍ਰਹਿਆਂ ’ਤੇ ਬਸਤੀਆਂ ਵਸਾਉਣ ਲਈ ਹੰਭਲਾ ਮਾਰ ਰਿਹਾ ਹੈ, ਉਦੋਂ ਸਾਡੀ ਮਾਨਸਿਕਤਾ ’ਚੋਂ ਤੇਰ-ਮੇਰ, ਨਸਲ-ਭੇਦ ਅਤੇ ਊਚ-ਨੀਚ ਦੀ ਭਾਵਨਾ ਖ਼ਤਮ ਹੋ ਜਾਣੀ ਚਾਹੀਦੀ ਹੈ। ਹਉਮੇ ਨੂੰ ਵੈਸੇ ਵੀ ਦੀਰਘੁ ਰੋਗ ਮੰਨਿਆ ਗਿਆ ਹੈ। ਹਉਮੇ ਤੋਂ ਪੀੜਤ ਵਿਅਕਤੀਆਂ ਦੀ ਤਸ਼ਬੀਹ ਸਿੰਮਲ ਰੁੱਖ ਨਾਲ ਦਿੰਦਿਆਂ ਗੁਰੂ ਸਾਹਿਬ ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’ ਦੀ ਤਾਕੀਦ ਕਰਦੇ ਹਨ।

ਰਾਜਾ ਵੜਿੰਗ ਦੇ ਹਮਾਇਤੀਆਂ ਦਾ ਤਰਕ ਹੈ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਜਿਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ, ਉਹ ਇਸ ਕੇਸ ਨੂੰ ਹਰ ਪੱਧਰ ’ਤੇ ਲੜਨ ਲਈ ਕਮਰਕੱਸੇ ਕਰ ਚੁੱਕੇ ਹਨ। ਖ਼ੈਰ, ਇਸ ਕੇਸ ਦਾ ਨਿਰਣਾ ਕੋਈ ਵੀ ਹੋਵੇ, ਰਾਜਾ ਵੜਿੰਗ ਦੇ ਬੋਲ-ਕੁਬੋਲ ਉਨ੍ਹਾਂ ਦਾ ਤਾਉਮਰ ਪਿੱਛਾ ਕਰਦੇ ਰਹਿਣਗੇ।