VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸੋਨ-ਸੁਨਹਿਰੀ ਪੈੜਾਂ ਦੀ ਤਲਾਸ਼ ( ਪੰਜਾਬੀ ਜਾਗਰਣ –– 2nd NOVEMBER, 2025)

ਵਰਿੰਦਰ ਵਾਲੀਆ

ਦੁਨੀਆ ਦੀ ਸਭ ਤੋਂ ਵੱਧ ਯਾਤਰਾ ਕਰਨ ਵਾਲਿਆਂ ਵਿਚ ਮੋਰੱਕੋ ਦਾ ਜੰਮਪਲ ਇਬਨ ਬਤੂਤਾ, ਤਲਵੰਡੀ ਸਾਬੋ (ਨਨਕਾਣਾ ਸਾਹਿਬ) ਦੇ ਗੁਰੂ ਨਾਨਕ ਦੇਵ ਅਤੇ ਪੁਰਤਗਾਲ ਦੇ ਵਾਸਕੋ ਡਾ ਗਾਮਾ ਦਾ ਨਾਂ ਆਉਂਦਾ ਹੈ। ਹੱਜ ਕਰਨ ਤੋਂ ਬਾਅਦ ਇਬਨ ਬਤੂਤਾ ਨੇ ਦੁਨੀਆ ਦੇਖੀ ਪਰ ਨਾਨਕ ਨੇ ਦੁਨੀਆ ਨੂੰ ਜਗਾਇਆ। ਵਾਸਕੋ ਨੇ ਸਮੁੰਦਰ ਦੇ ਨਵੇਂ ਮਾਰਗ ਖੋਜੇ ਤੇ ਯੂਰਪੀ ਵਪਾਰੀਆਂ ਲਈ ਉਪਨਿਵੇਸ਼ ਦੇ ਦਰਵਾਜ਼ੇ ਖੋਲ੍ਹੇ। ਬਾਬਾ ਨਾਨਕ ਨੇ ‘ਸੱਚਾ ਸੌਦਾ’ ਕਰ ਕੇ ਸੱਚ ਦੀ ਤਲਾਸ਼ ਲਈ ਦੇਸ਼-ਦੇਸ਼ਾਂਤਰ ਦਾ ਭਰਮਣ ਕੀਤਾ ਜਦਕਿ ਵਾਸਕੋ ਨੇ ਆਪਣੇ ਮੁਲਕ ਦੇ ਸੁਲਤਾਨ ਦੇ ਇਸ਼ਾਰੇ ’ਤੇ ਸਰਕਾਰੀ ਇਮਦਾਦ ਨਾਲ ਸਮੁੰਦਰੀ ਮਾਰਗ ਰਾਹੀਂ ਭਾਰਤ ਨਾਲ ਵਪਾਰ ਵਧਾਇਆ।

ਨਾਨਕ ਦਾ ਮਿਸ਼ਨ ਰੂਹਾਨੀ ਸੀ ਜਦਕਿ ਉਨ੍ਹਾਂ ਦੇ ਸਮਕਾਲੀ ਵਾਸਕੋ ਡਾ ਗਾਮਾ ਦਾ ਮਕਸਦ ਸੀ ਤਜਾਰਤ। ਪਹਿਲੇ ਦੋ ਯਾਤਰੂਆਂ ਨੇ ਨਵੇਂ ਰਾਹ ਖੋਲ੍ਹੇ ਪਰ ਨਾਨਕ ਨੇ ਰਾਹ ਰੋਸ਼ਨ ਕੀਤੇ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੇ ਉਦਾਸ ਚਿਹਰਿਆਂ ’ਤੇ ਰੌਣਕ ਲਿਆਂਦੀ। ਕੁਰਾਹੇ ਪਿਆਂ ਨੂੰ ਰਾਹੇ ਪਾਇਆ। ਇਬਨ ਬਤੂਤਾ ਜਿੱਥੇ ਵੀ ਜਾਂਦਾ, ਉਹ ਧਨ, ਦੌਲਤ ਅਤੇ ਤੋਹਫ਼ਿਆਂ ਨੂੰ ਊਠਾਂ ’ਤੇ ਲੱਦਦਾ ਰਿਹਾ। ਜਿੱਥੇ ਦਾਅ ਲੱਗਾ, ਨਿਕਾਹ ਦੇ ਜੰਜਾਲ ਵਿਚ ਫਸਦਾ।

ਬਾਬਾ ਨਾਨਕ ਦਾ ਸਾਥੀ ਮਰਦਾਨਾ ਸੀ ਜਿਹੜਾ ਰਬਾਬ ਦੀਆਂ ਤਰਬਾਂ ਛੇੜ ਕੇ ਕਾਇਨਾਤ ਨੂੰ ਨਸ਼ਿਆ ਦਿੰਦਾ। ਬਾਬਾ ਨਾਨਕ ਜਿੱਥੇ ਵੀ ਗਏ,ਓਥੇ ਗੁਰਧਾਮ ਉਸਰ ਗਏ। ਗੁਰਬਾਣੀ ਦੇ ਮਹਾਨ ਟੀਕਾਕਾਰ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ, ‘ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ।’’ ਅਖੰਡ ਭਾਰਤ ਵਿਚ ਸ਼ਾਇਦ ਹੀ ਕੋਈ ਅਜਿਹਾ ਅਸਥਾਨ ਹੋਵੇਗਾ ਜਿੱਥੇ ਪਹਿਲੀ ਪਾਤਸ਼ਾਹੀ ਦੇ ਚਰਨ-ਛੋਹ ਪ੍ਰਾਪਤ ਅਸਥਾਨ ’ਤੇ ਗੁਰੂ ਘਰ ਨਾ ਉਸਰਿਆ ਹੋਵੇ।

ਪਰ ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਅਜਿਹੇ ਪਵਿੱਤਰ ਅਸਥਾਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਸਿੱਖ ਸੰਸਥਾਵਾਂ ਨੇ ਅਣਦੇਖੀ ਕਰੀ ਰੱਖੀ। ਬੀਤੇ ਕੁਝ ਅਰਸੇ ਤੋਂ ਅਮਰੀਕਾ ਨਿਵਾਸੀ ਹਰਜੀਤ ਸਿੰਘ ਸੋਢੀ ਨੇ ਹਮ-ਖ਼ਿਆਲੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਇਰਾਕ ਦੀ ਹਕੂਮਤ ਨਾਲ ਸੰਪਰਕ ਸਾਧ ਕੇ ਬਗ਼ਦਾਦ ਦੇ ਖੰਡਰਾਤ ਹੋ ਚੁੱਕੇ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਹੈ।

ਗੁਰੂ ਸਾਹਿਬ ਦੀ ਚੌਥੀ ਉਦਾਸੀ ਵੇਲੇ ਉਨ੍ਹਾਂ ਦੇ ਚਰਨ-ਛੋਹ ਪ੍ਰਾਪਤ ਅਸਥਾਨਾਂ ਦੀ ਖ਼ਸਤਾ ਹਾਲਤ ਦੇਖ ਕੇ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਕਿਰਨੇ ਸ਼ੁਰੂ ਹੋ ਗਏ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪੱਸੀਆਂਵਾਲ ਦੇ ਜੰਮ-ਪਲ ਹਰਜੀਤ ਸਿੰਘ ਸੋਢੀ ਦੇ ਦੋ ਭਰਾ ਅਮਰੀਕਾ ਦੇ ਦੋ ਜੁੜਵੇਂ ਮੀਨਾਰਾਂ ’ਤੇ ਹੋਏ ਅੱਤਵਾਦੀ ਹਮਲੇ ਪਿੱਛੋਂ ਮਿਸਟੇਕਨ ਅਡੈਂਟਿਟੀ ਕਾਰਨ ਸ਼ਹੀਦ ਹੋ ਗਏ ਸਨ। ਮ੍ਰਿਤਕ ਸੋਢੀ ਭਰਾਵਾਂ ਦੀਆਂ ਤਸਵੀਰਾਂ ਵ੍ਹਾਈਟ ਹਾਊਸ ਦੇ ਅਜਾਇਬਘਰ ’ਚ ਸੁਸ਼ੋਭਿਤ ਹਨ।

ਹਰਜੀਤ ਸਿੰਘ ਸੋਢੀ ਅਨੁਸਾਰ ਇਰਾਕ ਦੀ ਹਕੂਮਤ ਅਤੇ ਉੱਥੋਂ ਦੇ ਸ਼ੀਆ-ਸੁੰਨੀ ਦੋਨੋਂ ਫ਼ਿਰਕਿਆਂ ਨੇ ਬਗ਼ਦਾਦ ਦੇ ਢਹਿ-ਢੇਰੀ ਹੋ ਚੁੱਕੇ ਗੁਰਧਾਮਾਂ ਦੀ ਮੁੜ ਉਸਾਰੀ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਲਈ ਸਾਰੇ ਖ਼ਰਚੇ ਦਾ ਪ੍ਰਬੰਧ ਉਹ ਖ਼ੁਦ ਕਰਨਗੇ ਤੇ ਕਿਸੇ ਕਿਸਮ ਦੀ ਉਗਰਾਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਅਣ-ਅਧਿਕਾਰਤ ਲੋਕਾਂ ਨੇ ਇਸ ਮਕਸਦ ਲਈ ਦਾਨ ਮੰਗਣਾ ਸ਼ੁਰੂ ਕਰ ਦਿੱਤਾ ਹੈ ਜੋ ਸਰਾਸਰ ਗ਼ਲਤ ਹੈ। ਬਗ਼ਦਾਦ ਵਿਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਈ ਅਸਥਾਨ ਹਨ ਜਿਨ੍ਹਾਂ ਦੀ ਖੋਜ ਲਈ ਸਿੱਖ ਇਤਿਹਾਸਕਾਰਾਂ ਅਤੇ ਖੋਜੀਆਂ ਨੂੰ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਹੈ।

ਜਨਮ ਸਾਖੀਆਂ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸੰਗੀ-ਸਾਥੀ ਭਾਈ ਮਰਦਾਨਾ ਦੇ ਮੱਕੇ-ਮਦੀਨੇ ਤੋਂ ਬਾਅਦ ਬਗ਼ਦਾਦ ਜਾਣ ਲਈ ਕੋਈ ਗਾਡੀ ਰਾਹ ਨਾ ਹੋਣ ਕਾਰਨ ਯਾਤਰੂ ਤੇ ਵਪਾਰੀ ਅਕਸਰ ਬਿਖੜੇ ਪੰਧ ਨੂੰ ਵੀ ਅਪਣਾਉਂਦੇ ਸਨ। ਵਪਾਰੀਆਂ ਅਤੇ ਹਾਜੀਆਂ ਦੇ ਕਾਫ਼ਲੇ ਵੱਖਰੇ ਰਾਹਾਂ ’ਚੋਂ ਲੰਘਦੇ ਸਨ। ਫ਼ੌਜਾ ਸਿੰਘ ਅਤੇ ਕਿਰਪਾਲ ਸਿੰਘ ਰਚਿਤ ਐਟਲਸ ‘ਗੁਰੂ ਨਾਨਕ ਦੇਵ ਜੀ ਦੇ ਸਫ਼ਰ’ ਅਨੁਸਾਰ ਆਮ ਚੱਲਣ ਵਾਲੇ ਰਾਹ ’ਤੇ ਤਜਾਰਤੀ ਲੋਕ ਚੱਲਦੇ ਸਨ।

ਇਕ ਰਾਹ ਨੂੰ ਇਬਨ ਬਤੂਤਾ ਨੇ ‘‘ਬਿਖੜਾ ਪੰਧ’ ਦੱਸਿਆ ਹੈ। ਉਹ ਇਸ ਰਸਤੇ ਰਾਹੀਂ 1326 ਵਿਚ ਬਗ਼ਦਾਦ ਗਿਆ ਸੀ। ਨਾਨਕ ਵੀ ਤਾਂ ਬਿਖੜੇ ਰਾਹਾਂ ਦੇ ਪਾਂਧੀ ਸਨ। ਕੁਦਰਤੀ ਹੈ ਕਿ ਬਤੂਤਾ ਤੋਂ ਲਗਪਗ 170 ਸਾਲ ਬਾਅਦ ਉਹ ਵੀ ਇਸ ਮਾਰਗ ਲਈ ਜਗਤ ਨੂੰ ਤਾਰਨ ਖ਼ਾਤਰ ਬਗ਼ਦਾਦ ਗਏ ਹੋਣ। ਕਹਿਣ ਤੋਂ ਭਾਵ, ਬਾਬੇ ਨਾਨਕ ਦੀਆਂ ਸੋਨ-ਸੁਨਹਿਰੀ ਪੈੜਾਂ ਦੀ ਤਲਾਸ਼ ਇਕੱਲੇ ਸੋਢੀ ਪਰਿਵਾਰ ਜਾਂ ਉਨ੍ਹਾਂ ਦੇ ਸਮਰਪਿਤ ਚੰਦ ਮਿੱਤਰਾਂ ਦੇ ਮੋਢਿਆਂ ’ਤੇ ਹੀ ਨਹੀਂ ਹੋਣੀ ਚਾਹੀਦੀ। ਇਸ ਮਹਾਨ ਕਾਰਜ ਲਈ ਦੁਨੀਆ ਭਰ ਦੇ ਨਾਨਕ ਨਾਮਲੇਵਾ ਜਿਊੜਿਆਂ ਨੂੰ ਤਨ-ਮਨ ਅਤੇ ਧਨ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ।

ਸਮੇਂ-ਸਮੇਂ ਜੰਗਾਂ ਨਾਲ ਤਬਾਹ ਹੁੰਦੇ ਆ ਰਹੇ ਵਿਰਾਸਤੀ ਮਹਾਨਗਰ ਬਗ਼ਦਾਦ ਵਿਚ ਇੰਨੇ ਵੱਡੇ ਤੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨਾ ਵੱਡੀ ਚੁਣੌਤੀ ਹੈ। ਬਗ਼ਦਾਦ ’ਤੇ ਅੱਜ ਵੀ ਜੰਗ ਦੇ ਬੱਦਲ ਮੰਡਰਾਉਂਦੇ ਹਨ। ਬਗ਼ਦਾਦ ਨੂੰ ਬੇਸ਼ੱਕ ਅਫ਼ਸਾਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਜਿੱਥੇ ‘ਅਲਫ਼ ਲੈਲਾ/‘ਅਲੀ ਬਾਬਾ ਚਾਲੀ ਚੋਰ’ ਵਰਗੇ ਅਫ਼ਸਾਨਿਆਂ ਦਾ ਪਹਿਲਾ ਅਰਬੀ ਸੰਸਕਰਨ ਛਾਪਿਆ ਗਿਆ ਸੀ। ਇਸ ਜ਼ਰਖ਼ੇਜ਼ ਧਰਤੀ ਦੀ ਤਾਸੀਰ ਹੀ ਵੱਖਰੀ ਹੈ। ਇਸ ਧਰਤੀ ’ਤੇ ਜੋ ਵੀ ਤਸ਼ਰੀਫ਼ ਲਿਆਉਂਦਾ ਹੈ, ਉਹ ਇਸ ਦੇ ਤਲਿਸਮ ਵਿਚ ਕੈਦ ਹੋ ਜਾਂਦਾ ਹੈ।

ਇਹੀ ਵਜ੍ਹਾ ਹੈ ਕਿ ਹਰਜੀਤ ਸਿੰਘ ਸੋਢੀ ਅਤੇ ਉਨ੍ਹਾਂ ਦੇ ਸੰਗੀਆਂ ਨੂੰ ਬਗ਼ਦਾਦ ਸੈਨਤਾਂ ਮਾਰਦਾ ਰਹਿੰਦਾ ਹੈ। ਆਪਣੇ ਭਰਾਵਾਂ ਦੀ ਨਸਲੀ ਹਮਲੇ ਵਿਚ ਹੋਈ ਮੌਤ ਨੇ ਵੀ ਉਨ੍ਹਾਂ ਦੇ ਇਰਾਦੇ ਨੂੰ ਕਮਜ਼ੋਰ ਨਹੀਂ ਕੀਤਾ। ਖ਼ਤਰਿਆਂ ਨਾਲ ਖੇਡਣਾ ਸ਼ਾਇਦ ਉਨ੍ਹਾਂ ਦੇ ਖ਼ੂਨ ਵਿਚ ਹੈ। ਸ਼ੁਰੂ ਵਿਚ ਗੁਰੂ ਸਾਹਿਬ ਦੀਆਂ ਪੈੜਾਂ ਦੀ ਤਲਾਸ਼ ਵਿਚ ਨਿਕਲੇ ਹਰਜੀਤ ਸੋਢੀ ਅਤੇ ਉਨ੍ਹਾਂ ਦੇ ਮਿੱਤਰ ਜਦੋਂ ਪਹਿਲੀ ਵਾਰ ਬਗ਼ਦਾਦ ਗਏ ਤਾਂ ਉਨ੍ਹਾਂ ਨੇ ਆਪਣੀਆਂ ਦਸਤਾਰਾਂ ਦੇ ਲੜਾਂ ਵਿਚ ਟਰੈਕਰ ਛੁਪਾਏ ਸਨ ਤਾਂ ਜੋ ਅਮਰੀਕਾ ਬੈਠੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਬਾਰੇ ਪਤਾ ਚੱਲਦਾ ਰਹੇ।

ਬਗ਼ਦਾਦ ਨੂੰ ਮੁੱਢ-ਕਦੀਮ ਤੋਂ ਬਿਬੇਕਗੜ੍ਹ ਦਾ ਲਕਬ ਮਿਲਿਆ ਹੋਇਆ ਹੈ। ਸਦੀਆਂ ਪਹਿਲਾਂ ਇੱਥੋਂ ਦੇ ਚਾਨਣ-ਮੁਨਾਰਿਆਂ ਨੇ ਦੁਨੀਆ ਨੂੰ ਚਾਨਣ ਵੰਡਿਆ ਸੀ। ਗਿਆਨ-ਧਿਆਨ ਦਾ ਮਰਕਜ਼ ਹੋਣ ਕਾਰਨ ਇਸ ਮਹਾਨਗਰ ਨੇ ਸੂਫ਼ੀਆਂ-ਸੰਤਾਂ ਤੇ ਹਰ ਫ਼ਿਰਕੇ ਦੇ ਦਰਵੇਸ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਲਾਹੌਰ ਤੋਂ ਪਹਿਲਾਂ ਇਸ ਮਹਾਨਗਰ ਬਾਰੇ ਅਖਾਣ ਮਸ਼ਹੂਰ ਸੀ ਕਿ ਜਿਸ ਨੇ ਬਗ਼ਦਾਦ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ।

ਅਜ਼ੀਮ ਅਸਥਾਨ ਬਗ਼ਦਾਦ ਨੂੰ ਮਦਰੱਸਿਆਂ ਅਤੇ ਕਿਤਾਬਘਰਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਰਿਹਾ ਹੈ। ਰੂਹਾਨੀਅਤ ਦੀ ਜੁਸਤਜੂ ਵਿਚ ਨਿਕਲਦੇ ਦਰਵੇਸ਼ਾਂ ਲਈ ਬਗ਼ਦਾਦ ਆਖ਼ਰੀ ਮੰਜ਼ਿਲ ਸਮਝਿਆ ਜਾਂਦਾ ਹੈ। ਦਰਿਆ ਦਜਲਾ ਦੇ ਕੰਢੇ ਵਸਿਆ ਬਗ਼ਦਾਦ ਹਰ ਕਿਸੇ ਨੂੰ ਅਪਣਾ ਲੈਂਦਾ। ਅਬਬਾਸੀ ਖ਼ਿਲਾਫ਼ਤ ਦਾ ਆਗਾਜ਼ 750 ਈਸਵੀ ਵਿਚ ਹੋਇਆ ਤਾਂ ਬਗ਼ਦਾਦ ਇਸ ਦੀ ਰਾਜਧਾਨੀ ਤੇ ਗਿਆਨ ਦਾ ਮਹਾਨ ਕੇਂਦਰ ਬਣ ਕੇ ਉੱਭਰਿਆ ਸੀ। ‘ਬੈਤੁਲ ਹਿਕਮ’’ (House of Wisdom) ਵੀ ਇੱਥੇ ਹੀ ਸੀ। ਖ਼ਲੀਫ਼ਾ ਖ਼ਿਲਾਫ਼ਤ ਦੀ ਰੂਹੇ-ਏ-ਰਵਾਂ ਮੰਨਿਆ ਗਿਆ।

ਖ਼ਲੀਫ਼ਾ ਖ਼ੁਦ ਨੂੰ ‘ਖ਼ੁਦਾ ਦਾ ਨਾਇਬ’ ਜਾਂ ਨਬੀ ਦਾ ਉਤਰਾਧਿਕਾਰੀ ਸਮਝਦੇ। ਫਿਰ ਉਹ ਦਿਨ ਵੀ ਆਇਆ ਜਦੋਂ ਖੂੰਖਾਰ ਮੰਗੋਲ ਧਾੜਵੀ ਚੰਗੇਜ਼ ਖ਼ਾਂ ਦੇ ਪੋਤਰੇ ਹਲਾਕੂ ਖ਼ਾਂ ਨੇ 1258 ਵਿਚ ਬਗ਼ਦਾਦ ’ਤੇ ਚੜ੍ਹਾਈ ਕਰ ਕੇ ਬਗ਼ਦਾਦ ਨੂੰ ਬਰਬਾਦ ਕਰਨ ਅਤੇ ਇਸਲਾਮ ਦੇ ਰਾਜਨੀਤਕ/ਧਾਰਮਿਕ ਮਰਕਜ਼ ਨੂੰ ਫ਼ਤਹਿ ਕਰਨ ਲਈ ਲੱਖਾਂ ਨਿਰਦੋਸ਼ਾਂ ਦਾ ਖ਼ੂਨ ਡੋਲ੍ਹਿਆ।

ਹਲਾਕੂ ਦੇ ਪੁੱਜਣ ਤੋਂ ਪਹਿਲਾਂ ਉਸ ਦਾ ਖ਼ੌਫ਼ ਬਗ਼ਦਾਦ ਪਹੁੰਚ ਗਿਆ ਸੀ। ਬੱਚੇ, ਬੁੱਢੇ ਤੇ ਔਰਤਾਂ ਵੀ ਨਾ ਬਖ਼ਸ਼ੀਆਂ। ਇਤਿਹਾਸਕ ਸਰੋਤਾਂ ਮੁਤਾਬਕ ਲਗਪਗ 10 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਖ਼ਿਲਾਫ਼ਤ ਦੇ ਆਖ਼ਰੀ ਖ਼ਲੀਫ਼ਾ ਅਲ-ਮੁਸਤਾਸਿਮ ਬਿਲਾਹ ਨੂੰ ਹਲਾਕੂ ਨੇ ਕਾਲੀਨ ਵਿਚ ਲਪੇਟ ਕੇ ਘੋੜਿਆਂ ਨਾਲ ਦਰੜਿਆ ਸੀ ਤਾਂ ਜੋ ਉਸ ਦਾ ਖ਼ੂਨ ਧਰਤੀ ’ਤੇ ਨਾ ਟਪਕੇ। ਹਲਾਕੂ ਦੇ ਹੁਕਮ ’ਤੇ ਹੋਏ ਨਰਸੰਘਾਰ ਕਾਰਨ ਦਜਲਾ ਦਰਿਆ ਦਾ ਪਾਣੀ ਲਾਲ ਹੋ ਗਿਆ ਸੀ।

ਇਸ ਤੋਂ ਬਾਅਦ ਵਾਰੀ ਆਈ ਕਿਤਾਬ-ਘਰਾਂ ਦੀ। ਹਲਾਕੂ ਦੇ ਧਾੜਵੀਆਂ ਨੇ ਲਾਇਬ੍ਰੇਰੀਆਂ ਨੂੰ ਨੇਸਤੋ-ਨਾਬੂਦ ਕੀਤਾ ਅਤੇ ਇਸ ਵਿਚ ਪਏ ਗਿਆਨ ਦੇ ਭੰਡਾਰ ਨੂੰ ਵਗਦੇ ਦਰਿਆ ਵਿਚ ਰੋੜ੍ਹ ਦਿੱਤਾ। ਡੁੱਬੀਆਂ ਹੋਈਂਆਂ ਅਣਗਿਣਤ ਕਿਤਾਬਾਂ ਦੀ ਖੁਰੀ ਹੋਈ ਸਿਆਹੀ ਕਾਰਨ ਦਜਲਾ ਦਾ ਪਾਣੀ ਸਿਆਹ ਭਾਹ ਮਾਰਨ ਲੱਗਾ।

ਬਗ਼ਦਾਦ ਦੀ ਬਰਬਾਦੀ ਦੀ ਇਬਾਰਤ ਅਮਿੱਟ ਹੈ। ਬਾਰੂਦ ਦੀ ਬਰਸਾਤ ਪੈਂਦੇ ਰਹਿਣਾ ਇਸ ਮਹਾਨਗਰ ਦੀ ਹੋਣੀ ਹੈ। ਖ਼ਤਰਿਆਂ ਭਰੇ ਇਸ ਮਹਾਨਗਰ ਵਿਚ ਗੁਰਧਾਮਾਂ ਦੀ ਮੁੜ-ਉਸਾਰੀ ਕਰਨਾ, ਵੱਡੀ ਖ਼ਿਦਮਤ ਹੋਵੇਗੀ ਜਿਸ ਨੂੰ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।