VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸਵਾਲਾਂ ’ਚ ਉਲਝੇ ਜਵਾਬ ( ਪੰਜਾਬੀ ਜਾਗਰਣ –– 26th OCTOBER, 2025)

ਵਰਿੰਦਰ ਵਾਲੀਆ

ਨਸ਼ਾ ਘਰ ਅੰਦਰ ਵੜ ਜਾਵੇ ਤਾਂ ਇਹ ਘੁੱਗ ਵਸਦੇ ਘਰ ਦੀਆਂ ਬੂਹੇ-ਬਾਰੀਆਂ ਨੂੰ ਘੁਣ ਵਾਂਗ ਖੋਖਲਾ ਕਰ ਦਿੰਦਾ ਹੈ ਤੇ ਨਸ਼ੇੜੀ ਨੂੰ ਦੈਂਤ ਵਾਂਗ ਹੜੱਪ ਜਾਂਦਾ ਹੈ। ਪੰਜਾਬ ਦੇ ਸਾਬਕਾ ਡੀਜੀਪੀ (ਮਨੁੱਖੀ ਅਧਿਕਾਰ) ਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਫ਼ਰਜ਼ੰਦ ਅਕੀਲ ਅਖ਼ਤਰ ਦੀ ਜੋਬਨ ਰੁੱਤੇ ਹੋਈ ਮੌਤ ਨੇ ਉਪਰੋਕਤ ਲੋਕ ਸਿਆਣਪ ਦੀ ਪ੍ਰੋੜ੍ਹਤਾ ਕੀਤੀ ਹੈ।

ਮੌਤ ਕਿਸੇ ਦੀ ਵੀ ਹੋਵੇ, ਉਸ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਨਾ ਗ਼ੈਰ-ਇਨਸਾਨੀ ਵਰਤਾਰਾ ਹੈ। ਸੱਥਰ ’ਤੇ ਬੈਠ ਕੇ ਗੌੜ ਮਲਹਾਰ ਨਹੀਂ ਗਾਇਆ ਜਾ ਸਕਦਾ। ਅਖਾਣਾਂ ਵਿਚ ਪੁੱਤਰਾਂ ਨੂੰ ਘਰ ਦੇ ਚਿਰਾਗ਼ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਖ਼ੁਦਾ ਨਾ ਖ਼ਾਸਤਾ ਇਕਲੌਤਾ ਚਿਰਾਗ਼ ਬੁਝ ਜਾਵੇ ਤਾਂ ਘਰ ਦੀਆਂ ਕੰਧਾਂ ਵੀ ਵਿਰਲਾਪ ਕਰਦੀਆਂ ਹਨ। ਪਰ ਅਕੀਲ ਅਖ਼ਤਰ ਅਜਿਹਾ ਚਿਰਾਗ਼ ਨਿਕਲਿਆ ਜਿਸ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਬਣਾਈ ਵੀਡੀਓ ਨਾਲ ਆਪਣੇ ਹੀ ਘਰ ਨੂੰ ਲਾਂਬੂ ਲਗਾ ਦਿੱਤਾ-

ਦਿਲ ਕੇ ਫਫੋਲੇ ਉਠੇ ਸੀਨੇ ਕੇ ਦਾਗ਼ ਸੇ

ਘਰ ਕੋ ਲਗੀ ਆਗ ਘਰ ਕੇ ਚਿਰਾਗ਼ ਸੇ।

ਉਸ ਦੀ ਮੌਤ ਨੇ ਇਕ ਨਹੀਂ ਬਲਕਿ ਕਈ ਹਜ਼ਾਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾ ਸਵਾਲ ਇਹ ਕਿ 36 ਸਾਲ ਦੀ ਆਈਪੀਐੱਸ ਸਰਵਿਸ ਦੌਰਾਨ ਮੁਹੰਮਦ ਮੁਸਤਫ਼ਾ ਨੇ ਆਪਣੀ ਕਰਮ-ਭੂਮੀ ਪੰਜਾਬ ਵਿਚ ਨਸ਼ਿਆਂ ਵਿਰੁੱਧ ਕੀ ਲੜਨਾ ਸੀ, ਉਹ ਘਰ ਵਿਚ ਹੀ ਇਹ ਜੰਗ ਕਿਉਂ ਹਾਰ ਗਿਆ? ਇਸ ਦੁਖਾਂਤ ਨਾਲ ਸੀਨਾ-ਬਸੀਨਾ ਚੱਲਿਆ ਆ ਰਿਹਾ ਅਖਾਣ, ‘‘ਦੀਵੇ ਤਲੇ ਹਨੇਰਾ’ ਅੱਜ ਵੀ ਪ੍ਰਸੰਗਿਕ ਲੱਗਿਆ। ਆਪਣੀ ਵਰਦੀ ਦੇ ਬਲਬੂਤੇ ਉਸ ਨੇ ਆਪਣੀ ਬੀਵੀ ਰਜ਼ੀਆ ਸੁਲਤਾਨਾ ਨੂੰ ਸਿਆਸੀ ਪਿੜ ਵਿਚ ਉਤਾਰ ਕੇ ਕੈਬਨਿਟ ਮੰਤਰੀ ਤੱਕ ਦੇ ਅਹੁਦੇ ’ਤੇ ਪਹੁੰਚਾ ਦਿੱਤਾ ਸੀ।

ਖ਼ੈਰ, ਮੁਸਤਫ਼ਾ ਸਾਹਿਬ ਵਰਗੇ ਪੁਲਿਸ ਅਫ਼ਸਰਾਂ ਨੇ ਜੇ ਵਰਦੀ ਵਿਚ ਨਸ਼ਿਆਂ ਵਿਰੁੱਧ ਜ਼ਬਰਦਸਤ ਮੁਹਿੰਮ ਚਲਾਈ ਹੁੰਦੀ ਤਾਂ ਪੰਜ ਦਰਿਆਵਾਂ ਦੀ ਧਰਤੀ ਨੂੰ ‘ਉੜਤਾ ਪੰਜਾਬ’ ਵਰਗਾ ਲਕਬ ਨਾ ਮਿਲਦਾ। ਤੇ ਨਾ ਹੀ ਚਿੱਟੇ ਦਿਨ ਚਿੱਟਾ ਵਿਕਦਾ ਜਿਸ ਨੇ ਨੌਜਵਾਨ ਔਰਤਾਂ ਨੂੰ ਚਿੱਟੇ ਦੁਪੱਟੇ ਲੈਣ ਲਈ ਮਜਬੂਰ ਕੀਤਾ ਹੈ। ਚੰਗਾ ਹੁੰਦਾ ਜੇ ਇਹ ਸਫ਼ਾਈ ਘਰ ਤੋਂ ਹੀ ਸ਼ੁਰੂ ਹੋ ਜਾਂਦੀ। ਅਜਿਹਾ ਹੁੰਦਾ ਤਾਂ ਅੱਜ ਮੁਸਤਫ਼ਾ ਸਾਹਿਬ ਨੂੰ ਜਨਤਕ ਤੌਰ ’ਤੇ ਨਾ ਕਹਿਣਾ ਪੈਂਦਾ ਕਿ ਉਨ੍ਹਾਂ ਦਾ ਬੇਟਾ ‘ਆਈਸ’ ਵਰਗੀ ਘਾਤਕ ਸਿੰਥੈਟਿਕ ਡਰੱਗਜ਼ ਦਾ ਸੇਵਨ ਕਰਦਾ ਸੀ।

ਅਕੀਲ ਨੇ ਆਪਣੇ ਪਿਤਾ ’ਤੇ ਹੈਰਾਨੀਜਨਕ ਦੋਸ਼ ਲਗਾਇਆ ਕਿ ਉਨ੍ਹਾਂ ਦੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧ ਸਨ। ਉਸ ਨੇ ਆਪਣੀ ਮਾਂ ਅਤੇ ਭੈਣ ’ਤੇ ਵੀ ਗੰਭੀਰ ਦੋਸ਼ ਲਗਾਏ ਸਨ ਜਿਨ੍ਹਾਂ ’ਤੇ ਯਕੀਨ ਕਰਨਾ ਵੀ ਮੁਸ਼ਕਲ ਜਾਪਦਾ ਹੈ। ਪੰਚਕੂਲਾ ਵਿਚ ਮੁਸਤਫ਼ਾ ਦੇ ਪੂਰੇ ਪਰਿਵਾਰ ’ਤੇ ਕੇਸ ਦਰਜ ਹੋ ਚੁੱਕਾ ਹੈ। ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਹਜ਼ਾਰਾਂ ਤਫ਼ਤੀਸ਼ਾਂ ਕੀਤੀਆਂ ਹੋਣਗੀਆਂ ਪਰ ਖ਼ੁਦ ਤਫ਼ਤੀਸ਼ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੋਵੇਗਾ। ਮ੍ਰਿਤਕ ਪੁੱਤਰ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੇ ਮਨ ’ਤੇ ਕੀ ਬੀਤ ਰਹੀ ਹੋਵੇਗੀ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਮੀਡੀਆ ਦੇ ਤਿੱਖੇ ਸਵਾਲਾਂ ਦੀ ਬੁਛਾੜ ਕਾਰਨ ਉਹ ਹੰਭ ਚੁੱਕੇ ਜਾਪਦੇ ਹਨ। ਆਪਣਾ ਤਰਕ ਦਿੰਦਿਆਂ ਮੁਸਤਫ਼ਾ ਕਹਿੰਦੇ ਹਨ ਕਿ ਉਨ੍ਹਾਂ ਦਾ ਬੇਟਾ ‘ਸਾਇਕੋਟਿਕ’(Psychotic) ਸੀ ਜੋ ਨਸ਼ੇ ਦੇ ਲੋਰ ਵਿਚ ਸੁਧ-ਬੁੱਧ ਖੋ ਬੈਠਦਾ ਸੀ। ਅਜਿਹੇ ਵਿਅਕਤੀ ਹਕੀਕਤ ਅਤੇ ਕਲਪਨਾ ਵਿਚ ਫ਼ਰਕ ਕਰਨ ਤੋਂ ਅਸਮਰੱਥ ਹੁੰਦੇ ਹਨ। ਅਜਿਹਾ ਮਨੋਰੋਗੀ, ਭਰਮ (hallucinations) ਜਾਂ ਗ਼ਲਤ ਧਾਰਨਾਵਾਂ (delusions) ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਕਾਂਡ ਨੂੰ ਜੇ ਕੇਸ ਸਟੱਡੀ ਦੇ ਤੌਰ ’ਤੇ ਵਾਚਿਆ ਜਾਵੇ ਤਾਂ ਨਸ਼ਿਆਂ ਦੀ ਲਾਹਨਤ ਦੇ ਗੰਭੀਰ ਸਿੱਟਿਆਂ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਦੂਜੇ ਪਾਸੇ ਮੁਸਤਫ਼ਾ ਪਰਿਵਾਰ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਵਾਲਾ ਮਲੇਰਕੋਟਲਾ ਵਾਸੀ ਸ਼ਮਸ਼ੂਦੀਨ ਇਨ੍ਹਾਂ ਦਲੀਲਾਂ ਨੂੰ ਥੋਥੀਆਂ ਦੱਸਦਾ ਹੈ। ਉਸ ਦਾ ਆਪਣਾ ਤਰਕ ਹੈ। ਉਹ ਦਾਅਵਾ ਕਰਦਾ ਹੈ ਕਿ ਅਕੀਲ ਆਪਣੀ ਮਾਤਾ ਦੀਆਂ ਸਿਆਸੀ ਰੈਲੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਕਰਦਾ ਸੀ। ਜੇ ਉਹ ਵਾਕਈ ਨਸ਼ੇੜੀ ਹੁੰਦਾ ਤਾਂ ਫਿਰ ਉਹ ਉਨ੍ਹਾਂ ਦਾ ਇਲੈਕਸ਼ਨ ਇੰਚਾਰਜ ਕਿਵੇਂ ਬਣ ਸਕਦਾ ਸੀ?

ਇਹ ਵੀ ਸੱਚਾਈ ਹੈ ਕਿ ਅਕੀਲ ਵੋਟਰਾਂ ਦੇ ਕੰਮਕਾਜ ਕਰਵਾਉਣ ਲਈ ਅਫ਼ਸਰਾਂ ਨੂੰ ਵੀ ਫੋਨ ਕਰਦਾ ਸੀ। ਇਹ ਵੱਖਰੀ ਗੱਲ ਹੈ ਕਿ ਵੱਡੇ ਘਰਾਂ ਦੇ ਕਾਕਿਆਂ ਵਾਂਗ ਅਕੀਲ ਵੀ ਨਸ਼ੇ-ਪੱਤੇ ਦਾ ਆਦੀ ਹੋਵੇ ਪਰ ਇਸ ਦਾ ਮਤਲਬ ਇਹ ਵੀ ਨਹੀਂ ਸੀ ਕਿ ਉਸ ਦਾ ਮਾਨਸਿਕ ਸੰਤੁਲਨ ਹਿੱਲਿਆ ਹੋਵੇਗਾ। ਸ਼ਮਸ਼ੂਦੀਨ ਨੇ ਕਿਹਾ ਕਿ ਅਕੀਲ ਦੀ ਵੀਡੀਓ ਦੇਖ ਕੇ ਉਸ ਦਾ ਮਨ ਪਸੀਜ ਗਿਆ ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਸ ਨੂੰ ਮਰਵਾਇਆ ਜਾ ਸਕਦਾ ਹੈ। ਅਜਿਹੇ ਗੰਭੀਰ ਦੋਸ਼ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ’ਤੇ ਲਗਾਏ ਸਨ।

ਮੁਸਤਫ਼ਾ ਇਸ ਪਿੱਛੇ ਕਿਸੇ ਸਿਆਸੀ ਦੋਖੀ ਦਾ ਹੱਥ ਸਮਝ ਰਿਹਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਮੁਸਤਫ਼ਾ ਖ਼ਿਲਾਫ਼ ਵੱਡੇ ਪੱਧਰ ’ਤੇ ਭੜਾਸ ਕੱਢੀ ਜਾ ਰਹੀ ਹੈ। ਕਈਆਂ ਦਾ ਦੋਸ਼ ਹੈ ਕਿ ਮੁਸਤਫ਼ਾ ਦੇ ਹੱਥ ਨਿਰਦੋਸ਼ਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਆਪਣੀ ਸਰਵਿਸ ਦੌਰਾਨ ਉਸ ਨੇ ਕਥਿਤ ਤੌਰ ’ਤੇ ਅਣਗਿਣਤ ਬੇਗੁਨਾਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਕੇ ਵਸਦੇ-ਰਸਦੇ ਘਰਾਂ ਵਿਚ ਸੱਥਰ ਵਿਛਾ ਦਿੱਤੇ ਸਨ।

ਕਈਆਂ ਨੇ ਮਾਝ ਮਹਲਾ ਪੰਜਵਾਂ ਦੇ ਮਹਾਵਾਕ, ‘‘ਜੇਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ’’ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਦੀ ਫਿਲਾਸਫੀ ਹੈ ਕਿ ਨਰਕ-ਸਵਰਗ ਸਭ ਇੱਥੇ ਹੀ ਹੈ ਤੇ ਮੁਸਤਫ਼ਾ ਨੂੰ ਪੀੜਤ ਪਰਿਵਾਰਾਂ ਦੀ ਹਾਅ ਲੱਗੀ ਹੈ। ਮੇਰੇ ਮੁਤਾਬਕ ਕਿਸੇ ਲਾਚਾਰ ਵੱਲੋਂ ਪਾਏ ਜਾਂਦੇ ਕੀਰਨੇ ਕਿਸੇ ਹੋਰ ਲਈ ਸੰਗੀਤ ਨਹੀਂ ਹੋਣੇ ਚਾਹੀਦੇ। ਹਾਂ, ਇੰਨਾ ਜ਼ਰੂਰ ਹੈ ਕਿ ਮੁਸਤਫ਼ਾ ਨੇ ਵਰਦੀ ਦੇ ਨਸ਼ੇ ਵਿਚ ਨਾ ਘਰ ਨੂੰ ਸੰਭਾਲਿਆ ਤੇ ਨਾ ਹੀ ਚੰਗੀ ਤਰ੍ਹਾਂ ਪੰਜਾਬ ਪੁਲਿਸ ਦੀ ਵਾਗਡੋਰ ਸੰਭਾਲੀ ਸੀ।

ਬੱਚੇ ਨੂੰ ਉੱਚ ਤਾਲੀਮ ਦੇਣ ਲਈ ਮਹਿੰਗੇ ਬੋਰਡਿੰਗ ਸਕੂਲ ਵਿਚ ਪਾ ਕੇ ਮਾਂ-ਬਾਪ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਅੱਜ ਮੁਸਤਫ਼ਾ ਕਹਿ ਰਹੇ ਹਨ ਕਿ ਡਰੱਗ ਤਸਕਰਾਂ ਦਾ ਤਾਣਾਬਾਣਾ ਬੇਹੱਦ ਮਜ਼ਬੂਤ ਹੈ ਤੇ ਅਕੀਲ ਮੋਬਾਈਲ ਰਾਹੀਂ ਵੀ ‘ਆਈਸ’ ਮੰਗਵਾ ਲੈਂਦਾ ਸੀ। ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹੋਣ ਦੇ ਬਾਵਜੂਦ ਜੇ ਉਹ ਨਸ਼ਾ ਸਪਲਾਈ ਦੀ ਇਕ ਕੜੀ ਨਾ ਤੋੜ ਸਕੇ ਤਾਂ ਨਸ਼ਿਆਂ ਦੀ ਦਲਦਲ ’ਚ ਫਸੀ ਹੋਈ ਪੰਜਾਬ ਦੀ ਨੌਜਵਾਨੀ ’ਤੇ ਬਸ ਤਰਸ ਹੀ ਕੀਤਾ ਜਾ ਸਕਦਾ ਹੈ।

ਹਟਕੋਰੇ ਭਰਦੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਉਸ ਦੇ ਪੁੱਤਰ ਵਰਗਾ ਚੰਗਾ ਬੱਚਾ ਕੋਈ-ਕੋਈ ਹੁੰਦਾ ਹੈ ਪਰ ਜਦੋਂ ਉਹ ਨਸ਼ਾ ਕਰ ਲੈਂਦਾ ਤਾਂ ਉਹ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਨਸ਼ੇ ਕੰਚਨ ਦੇਹਾਂ ਨੂੰ ਮਿੱਟੀ ਵਿਚ ਮਿਲਾ ਦਿੰਦੇ ਹਨ ਤੇ ਸੁਧ-ਬੁੱਧ ਗੁਆ ਦਿੰਦੇ ਹਨ। ਅਕੀਲ ਨੇ ਆਪਣੇ ਬਾਪ ਬਾਰੇ ਜੋ ਇਲਜ਼ਾਮਤਰਾਸ਼ੀ ਕੀਤੀ ਹੈ, ਉਸ ਦੀ ਤਹਿ ਤੱਕ ਵੀ ਜਾਣ ਦੀ ਲੋੜ ਹੈ। ਰਿਸ਼ਤਿਆਂ ਵਿਚ ਅਜਿਹੇ ਵਿਗਾੜ ਐਵੇਂ ਨਹੀਂ ਆ ਜਾਂਦੇ। ਕਿਹੜਾ ਮਾਂ-ਬਾਪ ਆਪਣੇ ਜਿਗਰ ਦੇ ਟੋਟੇ ਨੂੰ ਕਤਲ ਜਾਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰੇਗਾ?

ਆਪਣੇ ਜਾਏ ਦੇ ਜਨਾਜ਼ੇ ’ਚ ਸ਼ਾਮਲ ਹੋਣ ਦਾ ਕਿਸੇ ਨੂੰ ਚਾਅ ਨਹੀਂ ਹੁੰਦਾ। ਮਹਾਭਾਰਤ ਵਿਚ ਰਹੱਸਮਈ ਤਲਾਬ ’ਚੋਂ ਪਾਣੀ ਲੈਣ ਗਏ ਪਾਂਡਵ ਭਰਾਵਾਂ ਦੀ ਕਥਾ ਸਭ ਨੂੰ ਯਾਦ ਹੈ। ਥੱਕੇ-ਪਿਆਸੇ ਨਕੁਲ, ਸਹਦੇਵ, ਅਰਜੁਨ ਤੇ ਭੀਮ ਜਦੋਂ ਵਾਰੀ-ਵਾਰੀ ਪਾਣੀ ਭਰਨ ਜਾਂਦੇ ਹਨ ਤਾਂ ਯਕਸ਼ (ਯਮ) ਉਨ੍ਹਾਂ ਨੂੰ ਕੁਝ ਸਵਾਲਾਂ ਦੇ ਉੱਤਰ ਦੇਣ ਲਈ ਕਹਿੰਦਾ ਹੈ। ਅਦ੍ਰਿਸ਼ ਆਵਾਜ਼ ਵਿਚ ਆਈ ਚਿਤਾਵਨੀ ਨੂੰ ਦਰਕਿਨਾਰ ਕਰਨ ਕਰਕੇ ਉਹ ਮੂਰਛਿਤ ਹੋ ਜਾਂਦੇ ਹਨ। ਯੁਧਿਸ਼ਟਰ ਯਕਸ਼ ਦੇ ਸਵਾਲਾਂ ਦੇ ਉੱਤਰ ਦੇਣ ਲਈ ਤਿਆਰ ਹੋ ਜਾਂਦਾ ਹੈ।

ਯਕਸ਼ ਦੇ ਪਹਿਲੇ ਸਵਾਲ ਦਾ ਉੱਤਰ ਦਿੰਦਿਆਂ ਯੁਧਿਸ਼ਟਰ ਨੇ ਕਿਹਾ ਸੀ ਕਿ ਦੁਨੀਆ ਦੀ ਸਭ ਤੋਂ ਭਾਰੀ ਚੀਜ਼ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਹੁੰਦਾ ਹੈ। ਦੂਜੇ ਸਵਾਲ ਦਾ ਜਵਾਬ ਸੀ ਆਕਾਸ਼ ਤੋਂ ਵਿਰਾਟ ਪਿਤਾ ਦਾ ਨਾਮ ਤੇ ਉਸ ਦਾ ਮਰਤਬਾ ਹੁੰਦਾ ਹੈ। ਧਰਤੀ ਤੋਂ ਵੱਡੀ ਮਾਂ ਹੁੰਦੀ ਹੈ, ਇਹ ਤੀਜੇ ਸਵਾਲ ਦਾ ਜਵਾਬ ਸੀ। ਸਭ ਤੋਂ ‘ਤੇਜ਼’ ਦਾ ਜਵਾਬ ਸੀ ‘ਮਨ’ ਜੋ ਪਲ-ਛਿਣ ਵਿਚ ਬ੍ਰਹਿਮੰਡ ਦੀ ਪਰਿਕਰਮਾ ਕਰ ਲੈਂਦਾ ਹੈ।

ਪੰਜਵੇਂ ਸਵਾਲ ‘ਦੁਨੀਆ ਦਾ ਸਭ ਤੋਂ ਅਸਚਰਜ ਵਰਤਾਰਾ’ ਦਾ ਉੱਤਰ ਸੀ ਕਿ ਹਰ ਕਿਸੇ ਨੇ ਆਖ਼ਰ ਮਰ ਜਾਣਾ ਹੈ, ਫਿਰ ਵੀ ਜਿਉਂਦੇ ਮਨੁੱਖ ਸੋਚਦੇ ਹਨ ਕਿ ਉਨ੍ਹਾਂ ਨੇ ਕਦੇ ਨਹੀਂ ਮਰਨਾ।

ਯਕਸ਼ ਦੇ ਸਵਾਲ ਤੇ ਯੁਧਿਸ਼ਟਰ ਦੇ ਜਵਾਬਾਂ ਨੂੰ ਮੱਦੇਨਜ਼ਰ ਰੱਖ ਕੇ ਅਕੀਲ ਦੀ ਮੌਤ ਨਾਲ ਜੁੜੀਆਂ ਪਰਤਾਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।