VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਪੂਰਨ ਦਾ ‘ਅਪੂਰਨ ਯੁੱਧ’ ( ਪੰਜਾਬੀ ਜਾਗਰਣ –– 12th OCTOBER, 2025)

ਵਰਿੰਦਰ ਵਾਲੀਆ

ਹਰਿਆਣਾ ਪੁਲਿਸ ਦੇ ਗ੍ਰਹਿ-ਯੁੱਧ ਨੇ ਇਕ ਹੋਣਹਾਰ ਸੀਨੀਅਰ ਆਈਪੀਐੱਸ ਅਫ਼ਸਰ ਵਾਈ ਪੂਰਨ ਕੁਮਾਰ (52) ਦੀ ਜਾਨ ਲੈ ਲਈ ਹੈ। ਐਡੀਸ਼ਨਲ ਡੀਜੀਪੀ (2001 ਬੈਚ) ਰੈਂਕ ਦਾ ਇਹ ਅਧਿਕਾਰੀ ਰੁਤਬੇ ਤੇ ਸਮਾਜਿਕ ਦਰਜਾਬੰਦੀ ਦਾ ਸ਼ਿਕਾਰ ਸੀ। ਉਸ ਦੇ ਸੀਨੀਅਰ, ਜੂਨੀਅਰ ਤੇ ਹਮਰੁਤਬਾ ਅਧਿਕਾਰੀਆਂ ਵੱਲੋਂ ਬੁਣੇ ਗਏ ਚੱਕਰਵਿਊ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਆਪਣੇ ਸਾਥੀਆਂ ਨਾਲ ਨਿੱਕੇ-ਵੱਡੇ ਯੁੱਧ ਲੜਦਾ ਹੋਇਆ ਜਦੋਂ ਉਹ ਹਾਰ-ਹੰਭ ਗਿਆ ਤਾਂ ਉਸ ਨੇ ਖ਼ੌਫ਼ਨਾਕ ਕਦਮ ਚੁੱਕਦਿਆਂ ਆਪਣੀ ਹੀ ਜਾਨ ਲੈ ਲਈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਨਿੱਚਰਵਾਰ, 11 ਅਕਤੂਬਰ, 2025 ਨੂੰ ਸਵਰਗੀ ਵਾਈ. ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਨੂੰ ਮਿਲਣ ਲਈ ਗਏ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਤੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਹੈਦਰਾਬਾਦ ਦੇ ਪੜ੍ਹੇ-ਲਿਖੇ ਪਰਿਵਾਰ ਦਾ ਫ਼ਰਜ਼ੰਦ ਭਾਵੇਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐੱਮ) ’ਚੋਂ ਡਿਗਰੀ ਹਾਸਲ ਕਰ ਕੇ ਢਾਈ ਲੱਖ ਮਹੀਨਾ ਤੋਂ ਵੱਧ ਤਨਖ਼ਾਹ ’ਤੇ ਬਹੁ-ਕੌਮੀ ਕੰਪਨੀ ਵਿਚ ਲੱਗ ਗਿਆ ਸੀ, ਫਿਰ ਵੀ ਉਸ ਦਾ ਸੁਪਨਾ ਪੁਲਿਸ ਅਫ਼ਸਰ ਬਣਨ ਦਾ ਸੀ। ਉਸ ਦਾ ਵੱਡਾ ਭਰਾ ਉਮੇਸ਼ ਕੁਮਾਰ ਵੀ ਆਈਆਈਐੱਮ ਤੋਂ ਪੜ੍ਹ ਕੇ ਅਮਰੀਕਾ ਦੇ ਕਾਰਪੋਰੇਟ ਸੈਕਟਰ ਵਿਚ ਚੀਫ ਸਕਿਉਰਿਟੀ ਅਫ਼ਸਰ ਲੱਗ ਗਿਆ। ਸਿਵਲ ਸਰਵਿਸਿਜ਼ ਦੇ ਪੇਪਰ ਦੇਣ ਵੇਲੇ ਪੂਰਨ ਕੁਮਾਰ ਨੇ ਪਹਿਲੀ ਪਸੰਦ ਆਈਏਐੱਸ ਦੀ ਬਜਾਏ ਆਈਪੀਐੱਸ ਦਿੱਤੀ ਸੀ। ਇੰਟਰਵਿਊ ’ਚ ਜਦੋਂ ਉਸ ਨੂੰ ਇਸ ਪ੍ਰੈਫਰੈਂਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਹੁੱਬ ਕੇ ਕਿਹਾ ਸੀ ਕਿ ਵਰਦੀ ਨਾਲ ਉਸ ਨੂੰ ਅੰਤਾਂ ਦਾ ਮੋਹ ਹੈ। ਉਸ ਨੂੰ ਕੀ ਪਤਾ ਸੀ ਕਿ ਇਕ ਦਿਨ ਉਸ ਦੇ ਵਰਦੀਧਾਰੀ ਸਾਥੀ ਹੀ ਉਸ ਦੀ ਮੌਤ ਦਾ ਕਾਰਨ ਬਣਨਗੇ।

ਵਿਡੰਬਣਾ ਇਹ ਹੈ ਕਿ ਪੂਰਨ ਕੁਮਾਰ ਦੀ ਸ਼ਰੀਕ-ਏ-ਹਯਾਤ ਅਤੇ ਉਸ ਦੀ ਬੈਚਮੇਟ (ਸੀਨੀਅਰ ਆਈਏਐੱਸ) ਨੂੰ ਵੀ ਸੀਨੀਅਰ ਅਧਿਕਾਰੀਆਂ ਵੱਲੋਂ ਡਰਾਇਆ-ਧਮਕਾਇਆ ਜਾਂਦਾ ਰਿਹਾ। ਉਹ ਚਿਤਾਵਨੀ ਦਿੰਦੇ ਕਿ ਜੇ ਪੂਰਨ ਕੁਮਾਰ ਨੇ ਉਨ੍ਹਾਂ ਖ਼ਿਲਾਫ਼ ਕੀਤੀਆਂ ਗਈਆਂ ਸ਼ਿਕਾਇਤਾਂ ਵਾਪਸ ਨਾ ਲਈਆਂ ਤਾਂ ਇਸ ਦਾ ਖ਼ਮਿਆਜ਼ਾ ਦੋਵਾਂ ਨੂੰ ਭੁਗਤਣਾ ਪੈ ਸਕਦਾ ਹੈ। ਪੂਰਨ ਕੁਮਾਰ ਦੇ ਸਹੁਰਾ ਬੀਐੱਸ ਰਤਨ ਆਮਦਨ ਕਰ ਵਿਭਾਗ ਦੇ ਸਾਬਕਾ ਚੀਫ ਕਮਿਸ਼ਨਰ ਅਤੇ ਪੰਜਾਬੀ ਦੇ ਉਮਦਾ ਲੇਖਕ ਹਨ ਤੇ ਉਨ੍ਹਾਂ ਦਾ ਬੇਟਾ ਅਮਿਤ ਰਤਨ ਕੋਟਫੱਤਾ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ।

ਅਮਿਤ ਦੀ ਸੁਪਤਨੀ ਸਨਮੀਤ ਦਿੱਲੀ ਵਿਖੇ ਐੱਸਸੀ ਕਮਿਸ਼ਨ ’ਚ ਆਈਜੀ ਦੇ ਅਹੁਦੇ ’ਤੇ ਬਿਰਾਜਮਾਨ ਹੈ। ਪ੍ਰਭਾਵਸ਼ਾਲੀ ਪਰਿਵਾਰ ਹੋਣ ਦੇ ਬਾਵਜੂਦ ਜੇ ਪੂਰਨ ਕੁਮਾਰ ਨੂੰ ਖ਼ੁਦਕੁਸ਼ੀ ਕਰਨੀ ਪਈ ਤਾਂ ਆਮ ਆਦਮੀ ਦਾ ਕੀ ਹਾਲ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਬੀਐੱਸ ਰਤਨ ਇਸ ਨੂੰ ਖ਼ੁਦਕੁਸ਼ੀ ਨਹੀਂ ਸਗੋਂ ਕਤਲ ਮੰਨਦੇ ਹਨ। ਉਹ ਕਹਿੰਦੇ ਹਨ ਕਿ ਕਿਸੇ ਪ੍ਰਭਾਵਸ਼ਾਲੀ ਤੇ ਉੱਚ ਅਹੁਦੇ ਵਾਲੇ ਦੀ ਘੇਰਾਬੰਦੀ ਕਰ ਕੇ ਉਸ ਦੇ ਬਚਣ ਦਾ ਰਾਹ ਨਾ ਛੱਡਿਆ ਜਾਵੇ ਤਾਂ ਇਸ ਨੂੰ ਹੱਤਿਆ ਕਿਹਾ ਜਾਵੇਗਾ, ਆਤਮ-ਹੱਤਿਆ ਨਹੀਂ।

ਅੰਬਾਲਾ, ਕੁਰੂਕਸ਼ੇਤਰ ਅਤੇ ਰੋਹਤਕ ਆਦਿ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਮੁਖੀ ਤੋਂ ਲੈ ਕੇ ਇੰਸਪੈਕਟਰ ਜਨਰਲ ਦੇ ਅਹੁਦਿਆਂ ’ਤੇ ਕੰਮ ਕਰਦਿਆਂ ਮ੍ਰਿਤਕ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਸੀ। ਅੰਬਾਲਾ ਵਿਚ ਤਾਇਨਾਤੀ ਦੌਰਾਨ ਪੂਰਨ ਕੁਮਾਰ ਨੇ ਜਦੋਂ ਕਿਸੇ ਸ਼ਰਧਾ ਦੇ ਧਾਮ ਦੀ ਨਾਜਾਇਜ਼ ਉਸਾਰੀ ਬਾਰੇ ਕਾਰਵਾਈ ਸ਼ੁਰੂ ਕੀਤੀ ਤਾਂ ਉਸ ਖ਼ਿਲਾਫ਼ ਜੇਹਾਦ ਖੜ੍ਹਾ ਕਰ ਦਿੱਤਾ ਗਿਆ। ਉਸ ਦੀ ਵਰਦੀ ’ਤੇ ਭਾਵੇਂ ਕੋਈ ਦਾਗ਼ ਨਹੀਂ ਸੀ ਪਰ ਉਸ ਦੀ ਜਾਤ ਨੂੰ ਲੈ ਕੇ ਭੰਡੀ-ਪ੍ਰਚਾਰ ਸ਼ੁਰੂ ਹੋ ਗਿਆ। ਦਲਿਤ ਪੁਲਿਸ ਅਧਿਕਾਰੀ ਦੇ ਧਾਮ ਅੰਦਰ ਜਾਣ ’ਤੇ ਸਵਾਲ ਖੜ੍ਹੇ ਕੀਤੇ ਜਾਣ ਲੱਗੇ। ਦਬੰਗ ਅਫ਼ਸਰ ਦੀ ਛਬੀ ਵਾਲੇ ਪੂਰਨ ਕੁਮਾਰ ਨੇ ਕਿਸੇ ਦੀ ਪਰਵਾਹ ਨਾ ਕੀਤੀ। ਗਾਹੇ-ਬਗਾਹੇ ਉਹ ਹਾਸ਼ੀਆਗਤ ਵਰਗ ਦੇ ਸ਼ੋਸ਼ਣ ਅਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਗੱਲ ਕਰਨ ਤੋਂ ਸੰਕੋਚ ਨਾ ਕਰਦਾ।

ਸਵਰਨ ਜਾਤੀ ਹੋਣ ਦੀ ਹਉਮੈ ਦਾ ਵੀ ਉਸ ਨੂੰ ਅੰਦਾਜ਼ਾ ਨਹੀਂ ਸੀ। ਉਸ ਨੂੰ ਸਬਕ ਸਿਖਾਉਣ ਤੇ ਜ਼ਲੀਲ ਕਰਨ ਲਈ ਨਾਨ-ਕਾਡਰ ਪੋਸਟਾਂ ’ਤੇ ਲਗਾਇਆ ਜਾਂਦਾ ਰਿਹਾ। ਮਾਨਸਿਕ ਤਸੀਹੇ ਸਹਿੰਦਾ ਪੂਰਨ ਹਰ ਪੱਧਰ ’ਤੇ ਪਟੀਸ਼ਨਾਂ ਪਾਉਂਦਾ ਰਿਹਾ ਪਰ ਉਸ ਦੀ ਕਿਸੇ ਨਾ ਸੁਣੀ। ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਸੀ ਕਿ ਸਵਰਨ ਕਹੀਆਂ ਜਾਣ ਵਾਲੀਆਂ ਜਾਤੀਆਂ ਦੇ ਲੋਕ ਦਲਿਤ ਚੇਤਨਾ ਦੀ ਵਿਦਰੋਹੀ ਸੁਰ ਨੂੰ ਬਰਦਾਸ਼ਤ ਨਹੀਂ ਕਰਦੇ।

ਸ਼ੋਸ਼ਿਤ ਸ਼੍ਰੇਣੀਆਂ ਦੇ ਲੋਕ ਭਾਵੇਂ ਆਰਥਿਕ ਅਪੰਗਤਾ/ਗ਼ੁਰਬਤ ਨਾਲ ਲੜਦੇ ਹੋਏ ਮੂਹਰਲੀਆਂ ਕਤਾਰਾਂ ਵਿਚ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਸਮਾਜਿਕ ਬਰਾਬਰੀ ਲਈ ਵੱਖਰੀ ਜਦੋਜਹਿਦ ਕਰਨੀ ਪੈਂਦੀ ਹੈ। ਗਾਹੇ-ਬਗਾਹੇ ਦਲਿਤ ਉਤਪੀੜਨ ਦੇ ਸ਼ਿਕਾਰ ਲੋਕਾਂ ਨੂੰ ਉਨ੍ਹਾਂ ਦੀ ‘ਔਕਾਤ’ ਦੱਸਣ ਦੀ ਹਿਮਾਕਤ ਵੀ ਹੁੰਦੀ ਹੈ। ਬੰਦੇ ਨੂੰ ਬੰਦਾ ਨਾ ਸਮਝਣਾ, ਸਦੀਆਂ ਪੁਰਾਣੇ ਜਾਤੀਗਤ ਵਿਤਕਰੇ ਦਾ ਹਾਸਲ ਹੈ। ਅਗਾਂਹਵਧੂ ਹਾਸ਼ੀਆਗਤ ਲੋਕਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਉਨ੍ਹਾਂ ਨੂੰ ਪੁਰਾਣੇ ਜਨਮ ਵਿਚ ਅਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਉਨ੍ਹਾਂ ਦੀ ਆਰਥਿਕ ਵੰਚਿਤਾ ਅਤੇ ਲਾਚਾਰੀ ਨੂੰ ਪੁਰਾਣੇ ਜਨਮਾਂ ਵਿਚ ਕੀਤੇ ‘ਕੁਕਰਮਾਂ’ ਨਾਲ ਜੋੜ ਦੇਣ ਵਾਲੀਆਂ ਘਟਨਾਵਾਂ ਵੀ ਅਕਸਰ ਦੇਖਣ-ਸੁਣਨ ਨੂੰ ਮਿਲਦੀਆਂ ਹਨ।

ਮਿਹਨਤ-ਮੁਸ਼ੱਕਤ ਨਾਲ ਉੱਚ ਅਹੁਦੇ ਹਾਸਲ ਕਰਨ ਵਾਲਿਆਂ ਨੂੰ ਹਾਸ਼ੀਆਗਤ ਪ੍ਰਾਣੀਆਂ ਵਿਚ ਬਦਲ ਕੇ ਉਨ੍ਹਾਂ ਨੂੰ ਹੀਣ-ਭਾਵਨਾ ਦਾ ਸ਼ਿਕਾਰ ਬਣਾਉਣ ਦੀਆਂ ਵੀ ਗੋਂਦਾਂ ਗੁੰਦੀਆਂ ਜਾਂਦੀਆਂ ਹਨ। ਕਿੱਤਾ ਵੰਡ ਕਦੋਂ ਵਰਣ-ਵੰਡ ਵਿਚ ਬਦਲ ਗਈ, ਇਸ ਲਈ ਡੂੰਘੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਸਨ। ਸਵੈ-ਹੋਂਦ ਲਈ ਪੀੜ੍ਹੀ-ਦਰ-ਪੀੜ੍ਹੀ ਨਿੱਕੇ-ਨਿੱਕੇ ਯੁੱਧ ਲੜਨੇ ਪਏ, ਫਿਰ ਵੀ ਕਿਸੇ ਨਾ ਕਿਸੇ ਪੱਧਰ ’ਤੇ ਉਨ੍ਹਾਂ ਨੂੰ ਦਮਨਕਾਰੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਪੀੜ੍ਹੀਗਤ ਗੁਲਾਮੀ ਝੇਲਦਿਆਂ ਨੂੰ ਜੇ ਗਿਆਨ ਤੇ ਵਿਗਿਆਨ ਦੀ ਇੱਕੀਵੀਂ ਸਦੀ ਵਿਚ ਵੀ ਮਾਨਸਿਕ ਪੀੜਾ ’ਚੋਂ ਲੰਘਣਾ ਪਵੇ ਤਾਂ ਇਹ ਸਮੁੱਚੇ ਸਮਾਜ ਲਈ ਸ਼ੁਭ ਸ਼ਗਨ ਨਹੀਂ ਹੈ।

ਗਿਆਨ ਤੇ ਵਿਗਿਆਨ ’ਤੇ ਏਕਾਧਿਕਾਰ ਸਮਝਣ ਵਾਲੇ ਵਰਗਾਂ ਨੂੰ ਹੁਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਦੀ ਦੇ ਕਰਵਟ ਲੈਣ ਨਾਲ ਸਮਾਂ ਬਦਲ ਚੁੱਕਾ ਹੈ। ਦਲਿਤ ਚੇਤਨਾ ਸਾਣ ’ਤੇ ਚੜ੍ਹ ਕੇ ਜਾਤ-ਪਾਤ ਦਾ ਫਸਤਾ ਵੱਢਣ ਜੋਗੀ ਹੋ ਚੁੱਕੀ ਹੈ। ਪਿਛਲੀ ਸਦੀ ਵਿਚ ਮਹਾਰਾਸ਼ਟਰ ਦੇ ਜਿਉਤੀਬਾ ਰਾਓ ਫੂਲੇ ਤੇ ਸਵਿੱਤਰੀ ਬਾਈ ਫੂਲੇ ਵੱਲੋਂ ਜਾਤ-ਪਾਤ ਵਿਰੁੱਧ ਜ਼ੋਰਦਾਰ ਮੁਹਿੰਮ ਵਿੱਢੀ ਗਈ ਸੀ। ਜਾਤੀਵਾਦੀ ਜਗੀਰੂ ਸਮਾਜ ਵਿਰੁੱਧ ਦਲਿਤਾਂ ਦੇ ਮਸੀਹਾ ਕਹੇ ਜਾਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਵੀ ਅੰਦੋਲਨ ਚਲਾਇਆ।

ਅਫ਼ਸੋਸ! ਦਲਿਤ ਵਰਗ ਖ਼ੁਦ ਉਪ ਸ਼੍ਰੇਣੀਆਂ ਵਿਚ ਵੰਡਿਆ ਹੋਣ ਕਾਰਨ ਸਮੇਂ-ਸਮੇਂ ਵਿੱਢੇ ਅੰਦੋਲਨ ਥਿੜਕਦੇ ਰਹੇ। ਤਾਜ਼ਾ ਘਟਨਾ ਸੁਪਰੀਮ ਕੋਰਟ ਵਿਚ ਦੇਖਣ ਨੂੰ ਮਿਲੀ ਹੈ। ਭਾਰਤ ਦੇ ਮੁੱਖ ਜੱਜ (ਸੀਜੇਆਈ) ਬੀਆਰ ਗਵਈ ’ਤੇ ਇਕ ਸੀਨੀਅਰ ਵਕੀਲ ਨੇ ਉਸ ਵੇਲੇ ਜੁੱਤੀ ਵਗਾਹ ਕੇ ਸੁੱਟੀ ਜਦੋਂ ਉਹ ਕੇਸ ਦੀ ਸੁਣਵਾਈ ਕਰ ਰਹੇ ਸਨ। ਜਸਟਿਸ ਕੇ.ਜੀ. ਬਾਲਾਕ੍ਰਿਸ਼ਣਨ ਤੋਂ ਬਾਅਦ ਗਵਈ ਦੂਜੇ ਦਲਿਤ ਚੀਫ ਜਸਟਿਸ ਹਨ। ਉਨ੍ਹਾਂ ਨੇ ਭਾਵੇਂ ਇਸ ਅਤਿ-ਅਪਮਾਨਜਨਕ ਘਟਨਾ ਨੂੰ ‘ਭੁੱਲਿਆ-ਵਿਸਰਿਆ ਅਧਿਆਏ’ ਦੱਸਦਿਆਂ ਉਦਾਰਤਾ ਦਿਖਾਈ ਹੈ ਪਰ ਦੋਸ਼ੀ ਵਕੀਲ ਨੂੰ ਇਸ ’ਤੇ ਕੋਈ ਪਛਤਾਵਾ ਨਹੀਂ ਹੈ।

ਜਾਤ-ਪਾਤ ਨੂੰ ਲੈ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਲੋਕਤੰਤਰ ਦੀਆਂ ਨੀਂਹਾਂ ਪੋਲੀਆਂ ਕਰਨ ਦੇ ਤੁੱਲ ਹੈ। ਸੰਵਿਧਾਨਕ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਉਣਾ ਖ਼ਤਰਨਾਕ ਰੁਝਾਨ ਦੇ ਨਾਲ-ਨਾਲ ਪਵਿੱਤਰ ਨਿਆਪਾਲਿਕਾ ’ਤੇ ਕੋਝਾ ਹਮਲਾ ਹੈ। ਅਜਿਹਾ ਵਰਤਾਰਾ ਜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨਾਲ ਹੁੰਦਾ ਹੈ ਤਾਂ ਇਹ ਗੰਭੀਰ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਹਰਿਆਣਾ ਦੇ ਮ੍ਰਿਤਕ ਏਡੀਜੀਪੀ ਪੂਰਨ ਕੁਮਾਰ ਦੇ ਅੱਠ ਸਫ਼ਿਆਂ ਦੇ ਖ਼ੁਦਕੁਸ਼ੀ ਨੋਟ ਵਿਚ ਸਵਰਨ ਜਾਤੀਆਂ ਨਾਲ ਸਬੰਧਤ ਆਈਏਐੱਸ ਤੇ ਆਈਪੀਐੱਸ ਅਫ਼ਸਰਾਂ ਦੇ ਅਜਿਹੇ ਪਿਛਾਖੜੀ ਵਰਤਾਰੇ ਦਾ ਜ਼ਿਕਰ ਹੈ।

ਅਫ਼ਸੋਸ! ਆਪਣੀ ਕੀਮਤੀ ਜਾਨ ਗੁਆਉਣ ਤੋਂ ਬਾਅਦ ਵੀ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਲਈ ਉਸ ਦੀ ਆਈਏਐੱਸ ਪਤਨੀ ਤੇ ਸਮੁੱਚੇ ਪਰਿਵਾਰ ਨੂੰ ਅਜੇ ਵੀ ਜਦੋਜਹਿਦ ਕਰਨੀ ਪੈ ਰਹੀ ਹੈ। ਜਾਤੀ ਜਕੜਪੰਜੇ ਨਾਲ ਦਸਤਪੰਜਾ ਲੈਣ ਦਾ ਹੀਆ ਕਰਨ ਵਾਲੇ ਨੂੰ ਇਨਸਾਫ਼ ਕਦ ਮਿਲੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪੂਰਨ ਕੁਮਾਰ ਦੀ ਕੰਨਪਟੀ ’ਚੋਂ ਨਿਕਲਿਆ ਲਹੂ ਉਸ ਦੇ ਭਾਈਚਾਰੇ ਦੀਆਂ ਅੱਖਾਂ ’ਚੋਂ ਅੱਥਰੂ ਬਣ ਕੇ ਵਹਿ ਰਿਹਾ ਹੈ। ਭਾਈਚਾਰੇ ਦੇ ਸਾਂਝੇ ਹਉਕੇ ਸਮੁੱਚੀ ਜਾਤ ਦੀ ਸਾਂਝੀ ਪੀੜਾ ਬਣ ਚੁੱਕੇ ਹਨ।