VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਨਵੇਂ ਅਕਾਲੀ ਦਲ ਦਾ ਉਦੈ ! ( ਪੰਜਾਬੀ ਜਾਗਰਣ –– 10th AUGUST, 2025)

ਵਰਿੰਦਰ ਵਾਲੀਆ

ਸ਼ਤਾਬਦੀ ਹੰਢਾ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਕਈ ਧੜਿਆਂ ਵਿਚ ਵੰਡਿਆ ਜਾ ਚੁੱਕਾ ਹੈ। ਅਠਾਰਵੀਂ ਸਦੀ ਦੀਆਂ ਮਿਸਲਾਂ ਵਾਂਗ! ਮਿਸਲਾਂ ਦੀ ਖ਼ਾਨਾਜੰਗੀ ਵਾਂਗ ਇਹ ਧੜੇ ਇਕ-ਦੂਜੇ ਨੂੰ ਠਿੱਬੀਆਂ ਮਾਰ ਕੇ ਪੰਥਿਕ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ’ਚ ਊਰਜਾ ਗੁਆ ਰਹੇ ਹਨ। ਅਠਾਰਵੀਂ ਸਦੀ ਦੇ ਅੰਤਲੇ ਸਾਲਾਂ ਤੇ ਉੱਨੀਵੀਂ ਸਦੀ ਦੀ ਸ਼ੁਰੂਆਤ ’ਚ ਸਿੱਖ ਮਿਸਲਾਂ ਆਪਣੀ ਪ੍ਰਭੂਸੱਤਾ, ਹੱਦਬੰਦੀ ਤੇ ਸਰੋਤਾਂ ਨੂੰ ਹਾਸਲ ਕਰਨ ਲਈ ਆਪਸ ’ਚ ਲੜਦੇ-ਭਿੜਦੇ ਰਹਿੰਦੇ ਸਨ। ਸ਼ੁਕਰਚੱਕੀਆ ਮਿਸਲਦਾਰ ਰਣਜੀਤ ਸਿੰਘ ਦੂਜੀਆਂ ਗਿਆਰਾਂ ਮਿਸਲਾਂ ਨੂੰ ਇਕ ਮੰਚ ’ਤੇ ਇਕੱਠਾ ਕਰ ਕੇ ਮਹਾਰਾਜਾ ਬਣ ਗਿਆ। ਖ਼ਾਲਸਾ ਪੰਥ ਦੀ 1699 ’ਚ ਹੋਈ ਸਾਜਨਾ ਦੀ ਸ਼ਤਾਬਦੀ ਤੋਂ ਬਾਅਦ ਹੀ ਸਿੱਖਾਂ/ਪੰਜਾਬੀਆਂ ਨੂੰ ਰਾਜ-ਭਾਗ ਨਸੀਬ ਹੋ ਗਿਆ ਸੀ।

ਆਹਲੂਵਾਲੀਆ, ਭੰਗੀ, ਕਨਹੀਆ, ਨਕਈ, ਰਾਮਗੜ੍ਹੀਆ, ਸ਼ੁਕਰਚੱਕੀਆ, ਕਰੋੜਸਿੰਗੀਆ, ਫੁਲਕੀਆ, ਨਿਸ਼ਾਨਵਾਲੀਆ, ਡੱਲੇਵਾਲੀਆ ਤੇ ਫ਼ੈਜ਼ਲਪੁਰੀਆ ਮਿਸਲਾਂ ਦੇ ਜਥੇਦਾਰ ਇਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਏ ਤਾਂ ਸਿੱਖ ਸਾਮਰਾਜ ਦੀਆਂ ਹੱਦਾਂ ਦੂਰ-ਦੂਰ ਤੱਕ ਫੈਲ ਗਈਆਂ ਸਨ। ਸ਼ੇਰ-ਏ-ਪੰਜਾਬ ਦੇ ਚੜ੍ਹਾਈ ਕਰਨ ਤੋਂ ਬਾਅਦ ਇਹੀ ਸਾਮਰਾਜ ਢਹਿ-ਢੇਰੀ ਹੋ ਗਿਆ। ਸੱਤਾ ਦੇ ਲੋਭੀਆਂ ਦੀ ਬੁਰਛਾਗਰਦੀ ਨੇ ਬ੍ਰਿਟਿਸ਼ ਸਾਮਰਾਜ ਲਈ ਰਾਹ ਮੋਕਲਾ ਕੀਤਾ ਸੀ। ਇਤਿਹਾਸ ਆਪਣੇ-ਆਪ ਨੂੰ ਦੁਹਰਾਅ ਰਿਹਾ ਜਾਪਦਾ ਹੈ। ਅਕਾਲੀ ਦਲ ਦੇ ਇੰਨੇ ਕੁ ਧੜੇ ਬਣ ਚੁੱਕੇ ਹਨ ਜਿਨ੍ਹਾਂ ਨੂੰ ਯਾਦ ਰੱਖਣਾ ਵੀ ਮੁਸ਼ਕਲ ਹੈ। ਕਿਹੜਾ ਨਵਾਂ ਅਕਾਲੀ ਦਲ ਕਦੋਂ ਹੋਂਦ ’ਚ ਆਇਆ ਤੇ ਕਦੋਂ ਖ਼ਤਮ ਹੋਇਆ, ਇਸ ਦਾ ਹਿਸਾਬ ਲਾਉਣਾ ਵੀ ਮੁਸ਼ਕਲ ਹੈ। ਸਾਰੇ ਧੜੇ ਆਪਣੇ ਅਕਾਲੀ ਦਲ ਨੂੰ ‘ਸ਼੍ਰੋਮਣੀ’ ਲਿਖ ਰਹੇ ਹਨ। ਵੇਖਿਆ ਜਾਵੇ ਤਾਂ ‘ਸ਼੍ਰੋਮਣੀ’ ਤਾਂ ਮੁੱਖਧਾਰਾ ਵਾਲੀ ਜਮਾਤ ਨੂੰ ਹੀ ਲਿਖਣਾ ਉੱਚਿਤ ਹੁੰਦਾ ਹੈ। ਸਾਰੇ ਹੀ ‘ਸਰਦਾਰ’ ਹੋਣ ਤਾਂ ਸੈਨਾ ਦਾ ਹਸ਼ਰ ਕੰਧ ’ਤੇ ਲਿਖਿਆ ਹੁੰਦਾ ਹੈ।

ਨਾਨਕ ਨਾਮਲੇਵਾ ਇਕ ਨਿਸ਼ਾਨ ਥੱਲੇ ਹੋਣ ਤਾਂ ਹੀ ਉਸ ਨੂੰ ਪੰਥ ਕਿਹਾ ਜਾ ਸਕਦਾ ਹੈ। ਖੱਖੜੀ-ਖੱਖੜੀ ਸ਼ਕਤੀ ਝੰਡਿਆਂ ਨੂੰ ਬੁਲੰਦ ਰੱਖਣ ਤੋਂ ਅਸਮਰੱਥ ਹੁੰਦੀ ਹੈ। ਇਕ ਸੌ ਪੰਜ ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖਧਾਰਾ ਤੋਂ ਟੁੱਟ ਕੇ ਇਕ ਹੋਰ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ। ਦਰਅਸਲ, ਦੇਸ਼ ਤੇ ਕੌਮ ਲਈ ਲਹੂ-ਵੀਟਵੀਂ ਲੜਾਈ ਲੜਨ ਵਾਲਾ ਅਕਾਲੀ ਦਲ ਇਸ ਦੀ ਹੋਂਦ ਦੇ ਚਾਰ ਦਹਾਕਿਆਂ ਬਾਅਦ ਹੀ ਧੜੇਬੰਦੀ ਦਾ ਸ਼ਿਕਾਰ ਹੋ ਗਿਆ ਸੀ।

ਸੱਠਵਿਆਂ ਦੇ ਸ਼ੁਰੂ ਤੱਕ ਮਾਸਟਰ ਤਾਰਾ ਸਿੰਘ ਦੇ ਹੱਥਾਂ ’ਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਰਹੀ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਉਹ ਸਿੱਖਾਂ ਦੇ ਦਿਲਾਂ ’ਤੇ ਰਾਜ ਕਰਦੇ ਸਨ। ਸੰਨ 1962 ’ਚ ਸੰਤ ਫ਼ਤਿਹ ਸਿੰਘ ਦੇ ਉਭਾਰ ਨਾਲ ਪੰਥ ’ਚ ਦਰਾੜ ਪੈਣੀ ਸ਼ੁਰੂ ਹੋ ਗਈ। ਦੂਜਾ ਧੜਾ ਸੰਤ ਚੰਨਣ ਸਿੰਘ ਦਾ ਸੀ। ਸਮੇਂ ਦੀਆਂ ਸਰਕਾਰਾਂ ਨੇ ਪੰਥ ਨੂੰ ਖੰਡ-ਖੰਡ ਕਰਨ ਲਈ ਹਰ ਹਰਬਾ ਵਰਤਿਆ। ਪੰਜਾਬੀ ਸੂਬਾ ਮੋਰਚੇ ਵੇਲੇ ਪੰਥ ਪੂਰੇ ਜੋਸ਼ ਨਾਲ ਲੜਿਆ, ਭਾਵੇਂ ਲੀਡਰਸ਼ਿਪ ’ਚ ਪੂਰਾ ਇਤਫ਼ਾਕ ਨਹੀਂ ਸੀ। ਸੰਤ ਫ਼ਤਿਹ ਸਿੰਘ ਨੇ 1966 ’ਚ ਅਕਾਲ ਤਖ਼ਤ ’ਤੇ ਅਗਨੀ-ਕੁੰਡ ਬਣਾ ਲਿਆ ਸੀ। ਉਨ੍ਹਾਂ ਨੇ ਕੇਂਦਰ ਨੂੰ ਧਮਕੀ ਦਿੱਤੀ ਸੀ ਕਿ ਜੇ ਦਸੰਬਰ ਤੱਕ ਪੰਜਾਬੀ ਸੂਬਾ ਨਾ ਬਣਿਆ ਤਾਂ ਉਹ ਅਗਨੀ-ਕੁੰਡ ’ਚ ਬੈਠ ਕੇ ਆਤਮਦਾਹ ਕਰ ਲੈਣਗੇ। ਮਰਨ ਵਰਤ ਦੀ ਅਰਦਾਸ ਪੂਰੀ ਨਾ ਹੋਈ ਤਾਂ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦੇ ਕੇ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾਈਆਂ।

ਸੱਤਰਵਿਆਂ ’ਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਨੇਤਾ ਵਜੋਂ ਉੱਭਰੇ ਤੇ ਮੁੱਖ ਮੰਤਰੀ ਬਣੇ। ਇਕ ਸੌ ਪੰਜ ਸਾਲਾਂ ’ਚ ਬਹੁਤਾ ਸਮਾਂ ਅਕਾਲੀ ਦਲ ਦੀ ਪ੍ਰਧਾਨਗੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਫ਼ਰਜ਼ੰਦ ਸੁਖਬੀਰ ਸਿੰਘ ਬਾਦਲ ਕੋਲ ਰਹੀ ਹੈ। ਪਰਿਵਾਰ ਦਾ ਲੰਬਾ ਸਮਾਂ ਕਬਜ਼ਾ ਹੋਣ ਕਾਰਨ ਟਕਸਾਲੀ ਨੇਤਾਵਾਂ ਵਿਚ ਨਾਰਾਜ਼ਗੀ ਵਧਣੀ ਸ਼ੁਰੂ ਹੋ ਗਈ। ਸੰਨ 1978 ਦੇ ਸਿੱਖ-ਨਿਰੰਕਾਰੀ ਕਾਂਡ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਸਨ। ਸੁਖਬੀਰ ਉਦੋਂ ਤਸਵੀਰ ’ਚ ਨਹੀਂ ਸਨ। ਸੰਨ 1982 ਦੇ ਧਰਮ ਯੁੱਧ ਮੋਰਚੇ ਵੇਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੋਰਚਾ ਡਿਕਟੇਟਰ ਸਨ।

ਜੂਨ ਚੁਰਾਸੀ ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਲੌਂਗੋਵਾਲ, ਬਾਦਲ ਤੇ ਟੌਹੜਾ ਸਣੇ ਅਣਗਿਣਤ ਅਕਾਲੀ ਨੇਤਾ ਜੇਲ੍ਹਾਂ ਅੰਦਰ ਡੱਕ ਦਿੱਤੇ ਗਏ। ਇਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੇ ਸੰਤ ਲੌਂਗੋਵਾਲ ’ਤੇ ਪੱਟੂ ਪਾ ਲਿਆ। ਬਰਨਾਲਾ ਤੇ ਬਲਵੰਤ ਸਿੰਘ ਦੀ ਜੋੜੀ ਨੇ ਸੰਤ ਲੌਂਗੋਵਾਲ ਨੂੰ ਵਰਗਲਾ ਕੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ 24 ਜੁਲਾਈ 1985 ਨੂੰ ‘ਪੰਜਾਬ ਸਮਝੌਤਾ’ ਕਰਵਾ ਲਿਆ। ਚੋਣਾਂ ਹੋਈਆਂ ਤੇ ਬਰਨਾਲਾ ਮੁੱਖ ਮੰਤਰੀ ਬਣ ਗਏ। ਪੰਜਾਬ ਸਮਝੌਤਾ ਆਪਣੀ ਮੌਤੇ ਮਰ ਗਿਆ ਤਾਂ ਬਰਨਾਲਾ ਵੀ ਸਿੱਖ ਸਿਆਸਤ ’ਚੋਂ ਮਨਫ਼ੀ ਹੋਣੇ ਸ਼ੁਰੂ ਹੋ ਗਏ।

ਜੇਲ੍ਹ ’ਚ ਬੈਠੇ ਸਿਮਰਨਜੀਤ ਸਿੰਘ ਮਾਨ ਪੰਥ ਦੇ ਨਵੇਂ ਲੀਡਰ ਬਣ ਗਏ ਤੇ ਉਨ੍ਹਾਂ ਦੀ ਕਮਾਂਡ ਹੇਠ ਅਕਾਲੀ ਦਲ ਨੇ 1989 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। ਬਾਦਲ, ਬਰਨਾਲਾ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਅਕਸ ਧੁੰਦਲਾ ਪੈ ਚੁੱਕਾ ਸੀ। ਖ਼ੈਰ, ਕਿਰਪਾਨ ਦੇ ਮੁੱਦੇ ’ਤੇ ਮਾਨ ਅਤੇ ਉਨ੍ਹਾਂ ਦੇ ਸਾਥੀ ਪਾਰਲੀਮੈਂਟ ਦੀਆਂ ਪੌੜੀਆਂ ਨਾ ਚੜ੍ਹੇ। ਬਾਦਲ ਧੜੇ ਦਾ ਫਿਰ ਦਾਅ ਲੱਗ ਗਿਆ। ਸੰਨ 1996 ਤੋਂ 2008 ਤੱਕ ਉਹ 12 ਸਾਲ ਤੱਕ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਉਹ 1997 ’ਚ ਮੁੜ ਮੁੱਖ ਮੰਤਰੀ ਬਣ ਗਏ। ਆਦਮਪੁਰ ਦੀ ਵਿਧਾਨ ਸਭਾ ਸੀਟ ਮਹਿਜ਼ ਛੇ ਵੋਟਾਂ ਦੇ ਫ਼ਰਕ ਨਾਲ ਹਾਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮਸ਼ਵਰਾ ਦਿੱਤਾ ਕਿ ਬਾਦਲ ਨੂੰ ਅਕਾਲੀ ਦਲ ਦਾ ਕੋਈ ਹੋਰ ਐਕਟਿੰਗ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ।

ਇਸ ਤੋਂ ਬਾਅਦ ਟੌਹੜਾ ਖ਼ਿਲਾਫ਼ ਜਹਾਦ ਖੜ੍ਹਾ ਹੋ ਗਿਆ ਤਾਂ ਉਨ੍ਹਾਂ ਨੇ ਸਰਬ ਹਿੰਦ ਅਕਾਲੀ ਦਲ ਬਣਾ ਲਿਆ। ਚੋਣਾਂ ’ਚ ਬਾਦਲ ਦਲ ਨੂੰ ਖੋਰਾ ਲੱਗਿਆ ਤਾਂ ਪੰਥਕ ਏਕਤਾ ਦਾ ਪਾਠ ਪੜ੍ਹਿਆ ਜਾਣ ਲੱਗਾ। ਆਖ਼ਰ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ, ਬਾਦਲ ਦਲ ’ਚ ਮਿਲ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਸ਼੍ਰੋਮਣੀ ਅਕਾਲੀ ਦਲ (1920), ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਅਕਾਲੀ ਦਲ (ਵਾਰਿਸ ਪੰਜਾਬ ਦੇ) ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਆਦਿ ਕਈ ਅਕਾਲੀ ਦਲ ਬਣੇ। ਬਹੁਤੇ ਧੜੇ ਪੂਛਲ ਵਾਲੇ ਤਾਰਿਆਂ ਜਿੰਨੀ ਅਉਧ ਹੀ ਹੰਢਾ ਸਕੇ।

ਅੱਜ ਹਾਲਾਤ ਇਹ ਹਨ ਕਿ ਤਮਾਮ ਅਕਾਲੀ ਧੜੇ ‘ਜ਼ਮਾਨਤਾਂ ਜ਼ਬਤ ਕਰਵਾਉਣ ਵਾਲੇ ਅਕਾਲੀ ਦਲ’ ਵਜੋਂ ਹੀ ਜਾਣੇ ਜਾਂਦੇ ਹਨ। ਕਈਆਂ ਨੂੰ ਤਾਂ ‘ਨੋਟਾ’ ਤੋਂ ਵੀ ਘੱਟ ਵੋਟਾਂ ਮਿਲਦੀਆਂ ਹਨ। ਸ਼੍ਰੋਮਣੀ ਕਮੇਟੀ ’ਤੇ ਕਾਬਿਜ਼ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ। ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਗਏ ਹੁਕਮਨਾਮੇ ਤੋਂ ਬਾਅਦ ਧੜਿਆਂ ’ਚ ਤਕਸੀਮ ਅਕਾਲੀ ਦਲ ਦੀ ਏਕਤਾ ਹੋਣ ਦੇ ਆਸਾਰ ਬੱਝੇ ਸਨ। ਅਫ਼ਸੋਸ! ਹੁਕਮਨਾਮੇ ’ਤੇ ਦਸਤਖ਼ਤ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਗਿਆ। ਖ਼ਾਲਸਾ ਪੰਥ ਦੀ 1999 ’ਚ ਆਈ ਤ੍ਰੈਸ਼ਤਾਬਦੀ ਵੇਲੇ ਤੋਂ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਹੈਸੀਅਤ ਨੂੰ ਨੀਵਾਂ ਦਿਖਾਉਣ ਲਈ ਚਾਰਾਜੋਈਆਂ ਹੁੰਦੀਆਂ ਰਹੀਆਂ ਹਨ।

ਇਹ ਵੀ ਵਿਡੰਬਣਾ ਹੈ ਕਿ ਤਨਖ਼ਾਹਾਂ ਲਾਉਣ ਵਾਲੇ ਕਈ ਜਥੇਦਾਰਾਂ ਨੂੰ ਕੇਵਲ ਤਨਖ਼ਾਹੀਆ ਹੀ ਕਰਾਰ ਨਹੀਂ ਦਿੱਤਾ ਗਿਆ ਸਗੋਂ ਰਾਗੀ ਦਰਸ਼ਨ ਸਿੰਘ ਵਰਗਿਆਂ ਨੂੰ ਪੰਥ ’ਚੋਂ ਹੀ ਛੇਕਣ ਦੇ ਹੁਕਮਨਾਮੇ ਜਾਰੀ ਕੀਤੇ ਗਏ ਹਨ। ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦੇਣ ਤੇ ਫਿਰ ਹੁਕਮਨਾਮਾ ਵਾਪਸ ਲੈਣ ਵਾਲੇ ਆਦੇਸ਼ ਨੇ ਜਥੇਦਾਰਾਂ ਦੇ ਅਕਸ ਨੂੰ ਵੀ ਧੁੰਦਲਾ ਕੀਤਾ ਹੈ। ਦਾਗ਼ੀ ਤੇ ਬਾਗ਼ੀ ਕੇਵਲ ਅਕਾਲੀ ਧੜਿਆਂ ਦੇ ਮੁਖੀ ਹੀ ਨਹੀਂ, ਤਖ਼ਤਾਂ ਦੇ ਕਈ ਜਥੇਦਾਰ ਵੀ ਹਨ। ਸਿੱਖ ਸਟੂਡੈਂਟਸ ਫੈਡਰੇਸ਼ਨਾਂ ਵੀ ਕਈ ਧੜਿਆਂ ’ਚ ਵੰਡੀਆਂ ਮਿਲਦੀਆਂ ਹਨ।

ਕਈ ਧੌਲ-ਦਾੜ੍ਹੀਏ ਹਾਲੇ ਤੱਕ ‘ਵਿਦਿਆਰਥੀ ਨੇਤਾ’ ਚੱਲੇ ਆ ਰਹੇ ਹਨ। ਤਰਾਜ਼ੂ ਜਦੋਂ ਧਰਮ-ਗੁਰੂਆਂ ਦੇ ਹੱਥ ’ਚ ਸੀ ਤਾਂ ਇਹ ‘ਤੇਰਾ-ਤੇਰਾ’ ਤੋਲਦਾ ਸੀ। ਸਿਆਸਤਦਾਨਾਂ ਦੇ ਹੱਥ ਆਈ ‘ਤੱਕੜੀ’ ਨੇ ‘ਮੇਰਾ-ਮੇਰਾ’ ਤੋਲਣਾ ਸ਼ੁਰੂ ਕੀਤਾ ਤਾਂ ਪੰਥ ਰਸਾਤਲ ਵੱਲ ਜਾਣਾ ਸ਼ੁਰੂ ਹੋ ਗਿਆ। ਸੱਤਾ ’ਚ ਬਣੇ ਰਹਿਣਾ ਉਨ੍ਹਾਂ ਦਾ ਇਕਲੌਤਾ ਮੰਤਵ ਬਣ ਗਿਆ। ਗਿਰਗਿਟ ਤੋਂ ਵੀ ਪਹਿਲਾਂ ਰੰਗ ਬਦਲ ਲੈਣਾ ਉਨ੍ਹਾਂ ਦੇ ਕਿਰਦਾਰ ਦਾ ਹਿੱਸਾ ਬਣ ਗਿਆ। ਇਸੇ ਲਈ ਖ਼ੁਦ ਨੂੰ ਟਕਸਾਲੀ ਅਖਵਾਉਣ ਵਾਲੇ ਕਈ ਨੇਤਾ ਪਾਰਟੀਆਂ ਬਦਲਦੇ ਆਏ ਹਨ ਤੇ ਹਰ ਸਿਆਸੀ ਪਾਰਟੀ ’ਚ ਪਾਏ ਜਾਂਦੇ ਹਨ।