VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਰਿਸ਼ਤਿਆਂ ’ਚ ਪਸਰੀ ਬਰਫ਼ ( ਪੰਜਾਬੀ ਜਾਗਰਣ –– 6th JULY, 2025)

ਵਰਿੰਦਰ ਵਾਲੀਆ

ਫ਼ਨਕਾਰ/ਕਲਾਕਾਰ ਪੁਲ਼ਾਂ ਵਰਗੇ ਹੁੰਦੇ ਹਨ। ਟੁੱਟੇ ਦਿਲਾਂ ਨੂੰ ਜੋੜਨ ਵਾਲੇ। ਮੁਹੱਬਤ ਦਾ ਪੈਗ਼ਾਮ ਦੇਣ ਵਾਲੇ ਇਨ੍ਹਾਂ ਹਰਕਾਰਿਆਂ ਲਈ ਹੱਦਾਂ-ਸਰਹੱਦਾਂ ਬੇਮਾਅਨਾ ਹੁੰਦੀਆਂ ਹਨ। ਪਿੰਡਾਂ ਦੇ ਪਿੰਡਿਆਂ ਨੂੰ ਚੀਰਦੀ ਮਨਹੂਸ ਰੈਡਕਲਿੱਫ ਲਾਈਨ ਨੇ ਦਰਿਆਵਾਂ ਤੱਕ ਨੂੰ ਤਕਸੀਮ ਕਰ ਦਿੱਤਾ, ਫਿਰ ਵੀ ਦਰਿਆਦਿਲ ਪੰਜਾਬੀ ਵੰਡੇ ਨਾ ਗਏ। ਰਿਸ਼ਤਿਆਂ ਦਰਮਿਆਨ ਜੰਮੀ ਬਰਫ਼ ਨੂੰ ਪਿਘਲਾਉਣ ਲਈ ਉਹ ਸਰਹੱਦ ’ਤੇ ਮੋਮਬੱਤੀਆਂ ਬਾਲ ਕੇ ਸਾਂਝ ਦਾ ਸੁਨੇਹਾ ਦਿੰਦੇ। ਆਜ਼ਾਦੀ ਦੇ ਨਾਂ ’ਤੇ 10 ਲੱਖ ਤੋਂ ਵੱਧ ਕਤਲ ਹੋਏ ਬੇਕਸੂਰ ਪੰਜਾਬੀਆਂ ਨੂੰ ਯਾਦ ਕਰਦੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੰਵੇਦਨਸ਼ੀਲ ਲੋਕਾਂ ਦੇ ਦਿਲ ਮੋਮਬੱਤੀਆਂ ਵਾਂਗ ਪਿਘਲਦੇ। ਪੱਥਰ ਦਿਲਾਂ ’ਤੇ ਕੋਈ ਅਸਰ ਨਾ ਹੁੰਦਾ। ਨਫ਼ਰਤ ਦਾ ਵਣਜ ਕਰਨਾ ਉਨ੍ਹਾਂ ਦੇ ਖ਼ੂਨ ਵਿਚ ਰਚਿਆ ਹੋਇਆ ਹੈ।

ਇਸ ਦੇ ਬਾਵਜੂਦ ਮੁਹੱਬਤ ਦੀ ਖ਼ੁਸ਼ਬੂ ਵੰਡਣ ਵਾਲੇ ਅਜੇ ਵੀ ਆਪਣਾ ਕਾਰਜ ਬਾਕਾਇਦਗੀ ਨਾਲ ਨਿਭਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਪਾਕਿਸਤਾਨ ਦੇ ਮਕਬੂਲ ਮੁਸੱਵਰ, ਸਮੀਰ ਸ਼ੌਕਤ ਹੈ ਜਿਸ ਨੇ ਬਲੋਚਿਸਤਾਨ ਦੇ ਗਡਾਨੀ ਸਾਹਿਲ ਨੂੰ ਕੈਨਵਸ ਬਣਾ ਕੇ ਚੜ੍ਹਦੇ ਪੰਜਾਬ ਦੇ ਕਲਾਕਾਰ ਦਿਲਜੀਤ ਦੋਸਾਂਝ ਅਤੇ ਲਹਿੰਦੇ ਪੰਜਾਬ ਦੀ ਅਦਾਕਾਰਾ ਹਾਨੀਆ ਆਮਿਰ ਦੀ ਤਸਵੀਰਕਸ਼ੀ ਕਰ ਕੇ ਨਿਵੇਕਲਾ ਇਤਿਹਾਸ ਰਚਿਆ ਹੈ।

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ‘ਸਰਦਾਰਜੀ-3’ ਕਰਕੇ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ਦਾ ਕਾਰਨ 22 ਅਪ੍ਰੈਲ 2025 ਨੂੰ ਪਹਿਲਗਾਮ ਹਮਲਾ ਹੈ ਜਿਸ ਵਿਚ 26 ਸੈਲਾਨੀ ਮਾਰੇ ਗਏ ਸਨ। ਇਸ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲੋਂ ਸਾਰੇ ਨਾਤੇ ਤੋੜਨ ਦਾ ਐਲਾਨ ਕੀਤਾ ਸੀ। ਫਿਰ ਦੋਨਾਂ ਦੇਸ਼ਾਂ ਦਰਮਿਆਨ ਸੰਖੇਪ ਜੰਗ ਹੋਈ। ਅਜਿਹੇ ਹਾਲਾਤ ਵਿਚ ਦਿਲਜੀਤ ਦੀ ਫਿਲਮ ਦਾ ਟ੍ਰੇਲਰ ਜਾਰੀ ਹੋਇਆ ਜਿਸ ਵਿਚ ਪਾਕਿਸਤਾਨੀ ਕਲਾਕਾਰ ਹਾਨੀਆ ਨੇ ਅਦਾਕਾਰੀ ਕੀਤੀ ਸੀ। ਦੇਖਦੇ ਹੀ ਦੇਖਦੇ ਦਰਸ਼ਕਾਂ ਦੀਆਂ ਅੱਖਾਂ ਦਾ ਤਾਰਾ ਦਿਲਜੀਤ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ। ਸੋਸ਼ਲ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ’ਤੇ ਨਫ਼ਰਤ ਦਾ ਹੜ੍ਹ ਆ ਗਿਆ।

ਕਈਆਂ ਨੇ ਉਸ ਨੂੰ ਦੇਸ਼ ਦਾ ਗ਼ਦਾਰ ਗਰਦਾਨਦਿਆਂ ਉਸ ਦਾ ਭਾਰਤੀ ਪਾਸਪੋਰਟ ਕੈਂਸਲ ਕਰਨ ਦੀ ਮੰਗ ਕੀਤੀ। ਦਿਲਜੀਤ ਦਾ ਤਰਕ ਕਿਸੇ ਨਾ ਸੁਣਿਆ ਕਿ ਇਸ ਫਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੁਰੂ ਹੋਈ ਸੀ ਤੇ ਉਸ ਦਾ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਖ਼ੈਰ, ‘ਸਰਦਾਰਜੀ-3’ ਪੱਛਮੀ ਦੇਸ਼ਾਂ ਤੋਂ ਇਲਾਵਾ ਪਾਕਿਸਤਾਨ ਵਿਚ ਰਿਲੀਜ਼ ਹੋਈ ਜਿੱਥੇ ਇਸ ਨੇ ਖ਼ੂਬ ਕਮਾਈ ਕੀਤੀ। ਪਾਕਿਸਤਾਨ ਵਿਚ ਚਾਰ ਦਿਨਾਂ ਦੌਰਾਨ ਇਸ ਨੇ ਤੇਰਾਂ ਕਰੋੜ ਤੋਂ ਵੱਧ ਕਮਾ ਲਏ ਸਨ।

ਸਮੀਰ ਸ਼ੌਕਤ ਨੇ ਦਿਲਜੀਤ ਤੇ ਹਾਨੀਆ ਦੀ ਜੁਗਲਬੰਦੀ ਨੂੰ ਸਰਹੱਦਾਂ ਤੋੜਨ ਵਾਲਾ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਕੱਕੀ ਰੇਤ ਅਤੇ ਗਾਰੇ ਨਾਲ ਸਾਹਿਲ ’ਤੇ ਬਣੀਆਂ ਅਜਿਹੀਆਂ ਵਿਸ਼ਾਲ ਤਸਵੀਰਾਂ ਦੁਨੀਆ ਵਿਚ ਪਹਿਲਾਂ ਕਦੇ ਨਹੀਂ ਬਣੀਆਂ। ਖ਼ੂਬਸੂਰਤ ਗੱਲ ਇਹ ਹੈ ਕਿ ਤਸਵੀਰਾਂ ਨਾਲ ਭਾਰਤ ਦੇ ਮਕਬੂਲ ਹਿੰਦੀ ਤੇ ਉਰਦੂ ਗ਼ਜ਼ਲਗੋ ਦਾ ਸ਼ਿਅਰ, ‘‘ਹੋ ਗਈ ਹੈ ਪੀਰ-ਪਰਬਤ ਸੀ, ਪਿਘਲਨੀ ਚਾਹੀਏ/ਇਸ ਹਿਮਾਲਯ ਸੇ ਕੋਈ ਗੰਗਾ ਨਿਕਲਨੀ ਚਾਹੀਏ’’ ਦੀ ਤਹਿਰੀਰ ਦਰਜ ਹੈ। ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਇਕ ਸਤੰਬਰ 1933 ਨੂੰ ਜਨਮੇ ਤੇ 42 ਸਾਲ ਦੀ ਉਮਰ ਵਿਚ ਫ਼ੌਤ ਹੋਏ ਦੁਸ਼ਯੰਤ ਕੁਮਾਰ ਤਿਆਗੀ ਦੀ ਗ਼ਜ਼ਲ ਦੇ ਸ਼ਿਅਰ ‘‘ਸਿਰਫ਼ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਨੀ ਚਾਹੀਏ’’

ਸਰਹੱਦ ਦੇ ਆਰ-ਪਾਰ ਹੁੰਦੇ ਅੰਦੋਲਨਾਂ ਵਿਚ ਨਾਅਰਿਆਂ ਵਾਂਗ ਗੂੰਜਦੇ ਹਨ। ਤਸਵੀਰਾਂ ਵਿਚ ਦੋਨਾਂ ਕਲਾਕਾਰਾਂ ਨੂੰ ਮਾਨਵੀ ਪੁਲ਼ ਵਜੋਂ ਚਿਤਰਿਆ ਗਿਆ ਹੈ। ਤੁਰਲੇ ਵਾਲੀ ਪੱਗ ਵਾਲਾ ਦਿਲਜੀਤ ਜਿਵੇਂ ਬਲੋਚਿਸਤਾਨ ਦੇ ਤੱਟ ’ਤੇ ਹੋਕਾ ਦੇ ਰਿਹਾ ਹੋਵੇ, ‘‘ਪੰਜਾਬੀ ਆ ਗਏ ਓਇ।’’ ਸ਼ੌਕਤ ਤੋਂ ਪਹਿਲਾਂ ਪਾਕਿਸਤਾਨ ਦੇ ਮਹਾਨ ਨੱਕਾਸ਼/ਮੁਸੱਵਰ, ਸਾਦਕੀਨ ਅਹਿਮਦ ਨਕਵੀ (1930-1987) ਨੇ ਆਲਮੀ ਸ਼ੋਹਰਤ ਹਾਸਲ ਕੀਤੀ ਸੀ। ਹੋਰਨਾਂ ਮਾਨਵੀ ਮੁੱਦਿਆਂ ਤੋਂ ਇਲਾਵਾ ਉਸ ਨੇ ਦੇਸ਼ ਦੀ ਵੰਡ ਵੇਲੇ ਹੋਈ ਕਤਲੋਗਾਰਤ ਦੇ ਦਿਲ-ਟੁੰਬਵੇਂ ਚਿੱਤਰ ਬਣਾਏ ਸਨ। ਇਨ੍ਹਾਂ ਚਿੱਤਰਾਂ ਦੇ ਰੰਗਾਂ ਪਿੱਛੇ ਦਰਦ ਛੁਪਿਆ ਹੁੰਦਾ। ਤਕਸੀਮ ਵੇਲੇ ਕਾਫ਼ਲੇ ਤੁਰੇ ਜਾਂਦੇ। ਹਿਜਰਤ ਕਰ ਰਹੇ ਲੋਕਾਂ ਦੀਆਂ ਅੱਖਾਂ ਵਿਚ ਖ਼ੌਫ਼ ਹੁੰਦਾ। ਕਈ ਆਪਣੇ ਪਿੱਛੇ ਛੱਡ ਕੇ ਆਏ ਪਿੰਡਾਂ ਨੂੰ ਮੁੜ-ਮੁੜ ਦੇਖਦੇ।

ਨਕਵੀ ਦਾ ਜਨਮ ਅਣਵੰਡੇ ਭਾਰਤ ਦੇ ਉੱਤਰ ਪ੍ਰਦੇਸ਼ ਵਿਚ ਹੋਇਆ ਸੀ ਤੇ ਉਹ ਪਰਿਵਾਰ ਸਣੇ 1947 ਵਿਚ ਪਾਕਿਸਤਾਨ ਚਲਾ ਗਿਆ ਜਿੱਥੇ ਉਸ ਨੂੰ ਕਈ ਵਾਰ ਮੁਹਾਜਿਰ ਹੋਣ ਨਾਤੇ ਜ਼ਿੱਲਤ ਸਹਿਣੀ ਪੈਂਦੀ ਤੇ ਉਸ ਦੇ ਅੰਦਰਲਾ ਦਰਦ ਕੈਨਵਸ ’ਤੇ ਆ ਜਾਂਦਾ। ਤਸਵੀਰਾਂ ਦੀਆਂ ਮਹੀਨ ਰੇਖਾਵਾਂ ’ਚ ਦੱਬੀਆਂ ਹੋਈਆਂ ਚੀਖਾਂ ਪ੍ਰਤੀਤ ਹੁੰਦੀਆਂ। ਉਸ ਦੀ ਜਨਮ ਭੋਇੰ ਨਾਲ ਜੁੜੀਆਂ ਹੋਈਆਂ ਤੰਦਾਂ ਦਰਅਸਲ ਉਸ ਦੇ ਨਾਲ ਗਈਆਂ ਸਨ ਜਿਨ੍ਹਾਂ ਨੂੰ ਉਸ ਨੇ ਕਦੇ ਟੁੱਟਣ ਨਹੀਂ ਸੀ ਦਿੱਤਾ। ਉਸ ਨੂੰ ਇਲਮ ਸੀ ਕਿ ਵਿਛੋੜੇ ਦੇ ਹੰਝੂ ਡਿੱਗਣ ਨਾਲ ਰਿਸ਼ਤਿਆਂ ਦਰਮਿਆਨ ਪਸਰੀ ਬਰਫ਼ ਪਿਘਲਦੀ ਹੈ। ਉਸ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਹੀ ਸ਼ੌਕਤ ਨੇ ਬਲੋਚਿਸਤਾਨ ਦੇ ਸਾਹਿਲ ’ਤੇ ਦੁਨੀਆ ਦੇ ਸਭ ਤੋਂ ਵਿਸ਼ਾਲ ਪੋਰਟਰੇਟ ਬਣਾਏ ਹਨ।

ਪਾਕਿਸਤਾਨ ਦੀ ਪ੍ਰਗਤੀਸ਼ੀਲ ਤਨਜ਼ੀਮ, ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ, ਲਾਹੌਰ ਨੇ ਦਿਲਜੀਤ ਨੂੰ ‘ਵਾਰਿਸ ਸ਼ਾਹ ਐਵਾਰਡ’ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਵਾਰਿਸ ਸ਼ਾਹ ਅਜਿਹਾ ਸੁਖ਼ਨਵਰ ਹੈ ਜੋ ਹਿੰਦੁਸਤਾਨ ਦੇ ਵੰਡੇ ਜਾਣ ਦੇ ਬਾਵਜੂਦ ਵੰਡਿਆ ਨਹੀਂ ਗਿਆ। ਦਿਲਜੀਤ-ਹਾਨੀਆ ਦੀ ਫਿਲਮ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਕਲਾਕਾਰਾਂ ਨੇ ਰਲ ਕੇ ਕਈ ਫਿਲਮਾਂ ਬਣਾਈਆਂ ਸਨ ਜਿਨ੍ਹਾਂ ਨੂੰ ਮਗ਼ਰਬੀ ਤੇ ਮਸ਼ਰਕੀ, ਦੋਨਾਂ ਪੰਜਾਬਾਂ ਦੇ ਦਰਸ਼ਕਾਂ ਨੇ ਖ਼ੂਬ ਹੁੰਗਾਰਾ ਦਿੱਤਾ ਸੀ। ਲੇਕਿਨ ਪਾਕਿਸਤਾਨ ਦੇ ਇਫ਼ਤਿਖਾਰ ਠਾਕੁਰ ਵਰਗੇ ਨਫ਼ਰਤ ਨਾਲ ਭਰੇ ਕਲਾਕਾਰ ਦੁੱਧ ’ਚ ਕਾਂਜੀ ਘੋਲ ਦਿੰਦੇ ਹਨ।

ਪਹਿਲਗਾਮ ਹਮਲੇ ਤੋਂ ਬਾਅਦ ਉਸ ਦੇ ਭਾਰਤ ਬਾਰੇ ਕੁਬੋਲਾਂ ਨੇ ਉਸ ਨੂੰ ਭਾਰਤ ਅੰਦਰ ਨਫ਼ਰਤ ਦਾ ਪਾਤਰ ਬਣਾ ਦਿੱਤਾ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਤਲਖ਼, ਤੁਰਸ਼ ਤੇ ਸ਼ੀਰੀ ਰਿਸ਼ਤੇ ਚੱਲਦੇ ਆਏ ਹਨ। ਇਸ ਦੇ ਬਾਵਜੂਦ ਦੋਨਾਂ ਦੇਸ਼ਾਂ ਦੇ ਕਲਾਕਾਰਾਂ ਦਰਮਿਆਨ ਸਾਂਝ ਦਾ ਪੁਲ਼ ਕਦੇ ਨਹੀਂ ਸੀ ਟੁੱਟਿਆ। ਰਾਜ ਕਪੂਰ ਨੇ 1988 ਵਿਚ ਦੋਨਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਲੈ ਕੇ ‘ਹਿਨਾ’ ਨਾਂ ਦੀ ਫਿਲਮ ਬਣਾਉਣ ਦਾ ਤਸੱਵਰ ਕੀਤਾ ਸੀ। ਚੌਦਾਂ ਦਸੰਬਰ 1924 ਨੂੰ ਪਿਸ਼ਾਵਰ ਵਿਚ ਜੰਮਿਆ ਰਾਜ ਕਪੂਰ ਭਾਵੇਂ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਮੁੰਬਈ ਵਿਚ ਆ ਚੁੱਕਾ ਸੀ ਪਰ ਉਸ ਦੀ ਇੱਛਾ ਸੀ ਕਿ ਉਹ ਦੋਨਾਂ ਦੇਸ਼ਾਂ ਦੀ ਮੁਹੱਬਤ ਵਿਚ ਇਜ਼ਾਫ਼ਾ ਕਰਨ ਵਾਲੀ ਫਿਲਮ ਬਣਾਵੇ। ਉਸ ਨੂੰ ਮਕਬੂਜ਼ਾ ਕਸ਼ਮੀਰ ਦੀ ਭੋਲੀ-ਭਾਲੀ ਸੂਰਤ ਤੇ ਸੀਰਤ ਵਾਲੀ ਅਦਾਕਾਰਾ ਦੀ ਤਲਾਸ਼ ਸੀ।

ਵੱਡੇ ਤਰੱਦਦ ਪਿੱਛੋਂ ਉਸ ਨੂੰ ਜ਼ੇਬਾ ਬਖਤਿਆਰ ਨਾਂ ਦੀ ਪਾਕਿਸਤਾਨੀ ਅਦਾਕਾਰਾ ਮਿਲੀ। ਫਿਲਮ ਪੂਰੀ ਕਰਨ ਤੋਂ ਪਹਿਲਾਂ ਰਾਜ ਕਪੂਰ ਦੀ ਮੌਤ ਹੋ ਗਈ ਤੇ ਉਸ ਦੇ ਪੁੱਤਰ ਰਣਧੀਰ ਕਪੂਰ ਨੇ ਉਸ ਦਾ ਅਧੂਰਾ ਸੁਪਨਾ ਸਾਕਾਰ ਕਰ ਕੇ ‘ਹਿਨਾ’ 1991 ਵਿਚ ਰਿਲੀਜ਼ ਕਰ ਦਿੱਤੀ। ਫਿਲਮ ਦੀ ਪਟਕਥਾ, ‘ਮੁਹੱਬਤ ਸਰਹੱਦਾਂ ਨਹੀਂ ਦੇਖਦੀ’ ਦੁਆਲੇ ਘੁੰਮਦੀ ਸੀ। ਫਿਲਮ ਦਾ ਹੀਰੋ ਆਪਣੀ ਮੰਗੇਤਰ ਨਾਲ ਕਸ਼ਮੀਰ ਘੁੰਮਣ ਜਾਂਦਾ ਹੈ ਜਿੱਥੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਕੇ ਜਿਹਲਮ ਦਰਿਆ ਵਿਚ ਵਹਿ ਜਾਂਦਾ ਹੈ। ਬੇਹੋਸ਼ੀ ਦੀ ਹਾਲਤ ਵਿਚ ‘ਹਿਨਾ’ (ਜ਼ੇਬਾ ਬਖਤਿਆਰ) ਉਸ ਨੂੰ ਉਠਾ ਕੇ ਘਰ ਲੈ ਜਾਂਦੀ ਹੈ। ਚੰਦਰ (ਰਿਸ਼ੀ ਕਪੂਰ) ਦੀ ਯਾਦਦਾਸ਼ਤ ਗੁੰਮ ਹੋ ਜਾਂਦੀ ਹੈ ਤੇ ਉਹ ਭੁੱਲ ਜਾਂਦਾ ਹੈ ਕਿ ਉਹ ਹਿੰਦੁਸਤਾਨ ਦਾ ਬਾਸ਼ਿੰਦਾ ਹੈ। ਯਾਦਦਾਸ਼ਤ ਵਾਪਸ ਆਉਣ ’ਤੇ ਉਹ ਹਿਨਾ ਨੂੰ ਅਲਵਿਦਾ ਕਹਿ ਕੇ ਹਿੰਦੁਸਤਾਨ ਵਾਪਸ ਜਾਣ ਲੱਗਦਾ ਹੈ। ਹਿਨਾ ਭਾਵੇਂ ਚੰਦਰ ਨਾਲ ਨਿਕਾਹ ਕਰਵਾਉਣ ਦਾ ਸੁਪਨਾ ਦੇਖ ਰਹੀ ਸੀ ਫਿਰ ਵੀ ਉਹ ਉਸ ਨੂੰ ਸਰਹੱਦ ’ਤੇ ਛੱਡਣ ਆਉਂਦੀ ਹੈ।

ਬੀਐੱਸਐੱਫ ਅਤੇ ਸਤਲੁਜ ਰੇਂਜਰਜ਼ ਦਰਮਿਆਨ ਹੋਈ ਗੋਲ਼ੀਬਾਰੀ ਵਿਚ ਉਹ ਹਲਾਕ ਹੋ ਜਾਂਦੀ ਹੈ। ਇਹ ਫਿਲਮ ਜਦੋਂ 1991 ਵਿਚ ਰਿਲੀਜ਼ ਹੋਈ ਤਾਂ ਪਾਕਿਸਤਾਨ ਦੇ ਦਹਿਸ਼ਤਗਰਦਾਂ ਵੱਲੋਂ ਕਸ਼ਮੀਰ ਵਿਚ ਬੇਤਹਾਸ਼ਾ ਖ਼ੂਨ ਡੋਲ੍ਹਿਆ ਗਿਆ ਸੀ। ਇਸ ਦੇ ਬਾਵਜੂਦ ਫਿਲਮ ਨੂੰ ਦੋਨਾਂ ਦੇਸ਼ਾਂ ਦੇ ਦਰਸ਼ਕਾਂ ਨੇ ਖ਼ੂਬ ਹੁੰਗਾਰਾ ਦਿੱਤਾ ਸੀ। ਹਿਮਨਦੀਆਂ ਵਿਚ ਬਰਫ਼ ਪਿਘਲਣ ਨਾਲ ਹੀ ਲਹਿਰਾਂ ਪੈਦਾ ਹੁੰਦੀਆਂ ਹਨ।