ਪੰਜਾਬ ’ਚ ਗੈਂਗਵਾਰ ਦੀਆਂ ਪਰਤਾਂ ( ਪੰਜਾਬੀ ਜਾਗਰਣ –– 29th JUNE, 2025)
ਵਰਿੰਦਰ ਵਾਲੀਆ
ਅਪਰਾਧ ਦੀ ਦੁਨੀਆ ਅੰਦਰ ਜਾਣ ਲਈ ਅਨੇਕ ਦਰ-ਦਰਵਾਜ਼ੇ ਹੁੰਦੇ ਹਨ ਪਰ ਬਾਹਰ ਆਉਣ ਲਈ ਬਹੁਤੀ ਵਾਰ ਇਕ-ਅੱਧ ਖਿੜਕੀ ਵੀ ਨਹੀਂ ਹੁੰਦੀ। ਘੁੱਪ-ਹਨੇਰਿਆਂ ਦੇ ਯਾਤਰੂ ਠੋਕਰਾਂ ਨੂੰ ਠੋਕਰਾਂ ਮਾਰਦੇ ਹੋਏ ਅੱਗੇ ਤੁਰੇ ਜਾਂਦੇ ਹਨ। ਮਾਪਿਆਂ, ਭੈਣ-ਭਰਾਵਾਂ, ਬੱਚਿਆਂ ਤੇ ਮਿੱਤਰ-ਪਿਆਰਿਆਂ ਦੀਆਂ ਹਾਕਾਂ ਨੂੰ ਅਣਸੁਣਿਆ ਕਰਨਾ ਉਨ੍ਹਾਂ ਦਾ ਮੁਕੱਦਰ ਬਣ ਜਾਂਦਾ ਹੈ। ਲੰਮੀਆਂ ਉਮਰਾਂ ਤੇ ਜਵਾਨੀਆਂ ਮਾਣਨ ਦੀਆਂ ਅਸੀਸਾਂ ਦੇਣ ਵਾਲੇ ਜਦੋਂ ਆਪਣੇ ਜਾਇਆਂ ਦੀ ਅਰਥੀ ਨੂੰ ਮੋਢਾ ਦਿੰਦੇ ਹਨ ਤਾਂ ਉਨ੍ਹਾਂ ਦੇ ਦਿਲਾਂ ’ਤੇ ਕੀ ਬੀਤਦੀ ਹੈ, ਇਹ ਤਾਂ ਬਸ ਉਹੀ ਜਾਣਦੇ ਹਨ। ਕੌਣ ਜਾਣੇ ਪੀੜ ਪਰਾਈ!
ਪੰਜਾਬ ਇਸ ਵੇਲੇ ਬੇਹੱਦ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ। ਗੈਂਗਵਾਰ ਹੁਣ ਅੱਤਵਾਦ ਦੇ ਨਵੇਂ ਰੂਪ ਵਿਚ ਉੱਭਰ ਰਿਹਾ ਹੈ। ਸਿਆਹ ਦੌਰ ਵੇਲੇ ਧਰਮ-ਨਿਰਪੱਖ ਪੰਜਾਬ ਫ਼ਿਰਕੂ ਲੀਹਾਂ ’ਤੇ ਜ਼ਰੂਰ ਵੰਡਿਆ ਗਿਆ ਸੀ। ਗੱਭਰੂਆਂ ਨੇ ਕਲਮਾਂ ਸੁੱਟ ਕੇ ਹਥਿਆਰ ਚੁੱਕ ਲਏ ਸਨ। ਨਿਰਦੋਸ਼ਾਂ ਦਾ ਮਣਾਂ-ਮੂੰਹੀ ਖ਼ੂਨ ਡੁੱਲ੍ਹਿਆ ਸੀ। ਇਸ ਖ਼ੂਨ-ਖ਼ਰਾਬੇ ਲਈ ਮੰਚ ਕਿਸ ਨੇ ਤਿਆਰ ਕੀਤਾ, ਇਸ ਬਾਰੇ ਅਜੇ ਵੀ ਬਹਿਸਾਂ ਹੋ ਰਹੀਆਂ ਹਨ। ਅੱਤਵਾਦ ਖ਼ਤਮ ਕਰਨ ਲਈ ਕਣਕ ਨਾਲ ਘੁਣ ਵੀ ਪਿਸ ਗਿਆ ਸੀ। ਝੂਠੇ ਤੇ ਸੱਚੇ ਪੁਲਿਸ ਮੁਕਾਬਲਿਆਂ ਨੇ ਪੰਜਾਬ ਦੀ ਧਰਤੀ ਨੂੰ ਖ਼ੂਨ ਨਾਲ ਸਿੰਜੀ ਰੱਖਿਆ। ਕਈ ਇਲਾਕਿਆਂ ’ਚ ਲੰਬਾ ਸਮਾਂ ਬਰਾਤਾਂ ਨਹੀਂ ਸਨ ਚੜ੍ਹੀਆਂ।

ਕਈ ਗੱਭਰੂ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲੇ ਗਏ ਤੇ ਕਈਆਂ ਨੇ ਪੱਛਮੀ ਦੇਸ਼ਾਂ ਵਿਚ ਸਿਆਸੀ ਸ਼ਰਨ ਲੈ ਲਈ ਸੀ। ਕੁਝ ਇਕ ਗਰਮ-ਖ਼ਿਆਲੀ ਜਥੇਬੰਦੀਆਂ ਨੇ ਆਪਣੇ ਲੈਟਰਹੈੱਡ ਵੇਚ ਕੇ ਵਹਿੰਦੀ ਗੰਗਾ ਵਿਚ ਹੱਥ ਧੋ ਲਏ ਸਨ। ਤੇਜ਼ਾਬੀ ਦੌਰ ਦਾ ਲਾਹਾ ਲੈਂਦਿਆਂ ਤਸਕਰਾਂ ਨੇ ਵੀ ਖ਼ੂਬ ਕਾਲੀ ਕਮਾਈ ਕੀਤੀ। ਹਥਿਆਰਾਂ ਤੇ ਡਰੱਗਜ਼ ਦੀਆਂ ਵੱਡੀਆਂ ਖੇਪਾਂ ਵੀ ਸਮਗਲ ਹੋਈਆਂ। ਨਵੀਂ ਪੀੜ੍ਹੀ ਦੇ ਗਾਇਕਾਂ ਨੇ ਹਥਿਆਰਾਂ ਦੀ ਮਹਿਮਾ ਗਾ ਕੇ ਪੰਜਾਬੀਆਂ ਨੂੰ ਭੂਏ ਚੜ੍ਹਾ ਦਿੱਤਾ। ਅਜਿਹੇ ਕੱਚ-ਘਰੜ ਗੀਤਕਾਰ ਤੇ ਗਾਇਕ ਪੰਜਾਬ ਦੇ ਅਮੀਰ ਵਿਰਸੇ ਤੋਂ ਕੋਰੇ ਸਨ।
ਪੰਜਾਬੀ ਤਾਂ ਹਮੇਸ਼ਾ ਮਜ਼ਲੂਮਾਂ ਦੀ ਰੱਖਿਆ ਜਾਂ ਆਤਮ-ਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦੇ ਆਏ ਸਨ। ਧਾੜਵੀਆਂ ਦੇ ਦੰਦ ਖੱਟੇ ਕਰਨ ਲਈ ਉਨ੍ਹਾਂ ਨੂੰ ਹਥਿਆਰ ਚੁੱਕਣ ਦੀ ਲੋੜ ਪੈਂਦੀ ਸੀ। ਕਿਸੇ ’ਤੇ ਜ਼ੁਲਮ ਢਾਹੁਣਾ, ਨਿਰਦੋਸ਼ਾਂ ਦੇ ਖ਼ੂਨ ਨਾਲ ਹੱਥ ਰੰਗਣੇ ਜਾਂ ਨਿਹੱਥੇ ’ਤੇ ਵਾਰ ਕਰਨਾ ਉਨ੍ਹਾਂ ਦੀ ਫ਼ਿਤਰਤ ਨਹੀਂ ਸੀ। ਖਾੜਕੂ ਤਨਜ਼ੀਮਾਂ ਦੇ ਠੰਢੇ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਗੈਂਗਸਟਰਾਂ ਨੇ ਲੈ ਲਈ ਜਾਪਦੀ ਹੈ। ਅੱਜ-ਕੱਲ੍ਹ ਗੈਂਗਸਟਰਾਂ ਵੱਲੋਂ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਹਨ। ਆਪਣੀ ਮਿਹਨਤ-ਮੁਸ਼ੱਕਤ ਨਾਲ ਜਿਨ੍ਹਾਂ ਨੇ ਨਾਮ ਕਮਾਇਆ ਹੈ ਜਾਂ ਕਮਾਈਆਂ ਕੀਤੀਆਂ ਹਨ, ਉਨ੍ਹਾਂ ਨੂੰ ਹਥਿਆਰਾਂ ਦੇ ਜ਼ੋਰ ’ਤੇ ਵਿਹਲੜ ਡਰਾ-ਧਮਕਾ ਰਹੇ ਹਨ। ਹਥਿਆਰਾਂ ਦੀ ਨੋਕ ’ਤੇ ਵਿਹਲੜਾਂ ਨੂੰ ਗੱਫੇ ਮਿਲ ਜਾਣ ਤਾਂ ਉਹ ਸੱਤਵੇਂ ਅਸਮਾਨ ’ਤੇ ਉੱਡਣ ਲੱਗਦੇ ਹਨ। ਉਨ੍ਹਾਂ ਦੀ ਜੀਵਨ-ਸ਼ੈਲੀ ਹੀ ਬਦਲ ਜਾਂਦੀ ਹੈ।
ਅਪਰਾਧ ਦੀ ਦਲਦਲ ਵਿਚ ਫਸਣ ਦੇ ਵੀ ਅਜਬ ਕਿੱਸੇ ਹੁੰਦੇ ਹਨ। ਨਿੱਕਾ-ਮੋਟਾ ਵੱਟ ਦਾ ਝਗੜਾ ਕਈ ਵਾਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਲੈ ਜਾਂਦਾ ਹੈ। ‘ਸੁਧਾਰ ਘਰਾਂ’ ਵਿਚ ਸੁਧਰਨ ਦੀ ਬਜਾਏ ਉਹ ਅਪਰਾਧ ਦੀ ਅਗਲੀ ਪੌੜੀ ਚੜ੍ਹ ਜਾਂਦੇ ਹਨ। ਅਜਿਹੇ ਕੁਚੱਕਰਾਂ ਨੇ ਅਣਗਿਣਤ ਹੋਣਹਾਰ ਖਿਡਾਰੀਆਂ, ਅਥਲੀਟਾਂ ਤੇ ਅਭਿਨੇਤਾਵਾਂ ਨੂੰ ਹੀਰਿਆਂ ਤੋਂ ਕੋਲੇ ਬਣਾਉਣ ਦਾ ਕੰਮ ਕੀਤਾ ਹੈ। ਮਕਬੂਲ ਗਾਇਕ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਜਦੋਂ ਉਸ ਦੇ ਜੱਦੀ ਪਿੰਡ ਨੇੜੇ 29 ਮਈ 2022 ਨੂੰ ਗੋਲ਼ੀਆਂ ਦੀ ਬੁਛਾੜ ਕਰ ਕੇ ਮਾਰਿਆ ਗਿਆ ਤਾਂ ਗੈਂਗਸਟਰਾਂ ਦਾ ਕਰੂਪ ਤੇ ਭਿਅੰਕਰ ਚਿਹਰਾ ਸਾਹਮਣੇ ਆਇਆ ਸੀ। ਰੈਪ ਅਤੇ ਦੇਸੀ ਸ਼ੈਲੀ ਦੇ ਮਿਸ਼ਰਨ ਵਾਲੀ ਗਾਇਕੀ ਕਰਕੇ ਉਹ ਨੌਜਵਾਨ ਦਿਲਾਂ ਦੀ ਧੜਕਨ ਬਣ ਚੁੱਕਾ ਸੀ।
ਇਸ ਤੋਂ ਇਲਾਵਾ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਤੋਂ ਕਾਂਗਰਸ ਦਾ ਉਮੀਦਵਾਰ ਬਣਿਆ ਸੀ। ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਵਿਦੇਸ਼ ਰਹਿੰਦੇ ਗੁਰਗੇ ਗੋਲਡੀ ਬਰਾੜ ਨੇ ਲਈ ਸੀ। ਇਸ ਸਨਸਨੀਖ਼ੇਜ਼ ਕਤਲ ਵਿਚ ਜੱਗੂ ਭਗਵਾਨਪੁਰੀਆ (ਜਗਦੀਪ ਸਿੰਘ) ਦਾ ਨਾਂ ਵੀ ਬੋਲਦਾ ਸੀ। ਕਬੱਡੀ ਦਾ ਮਕਬੂਲ ਰੇਡਰ ਜੱਗੂ ਗੁਰਦਾਸਪੁਰ ਜ਼ਿਲ੍ਹੇ ਦੇ ਭਗਵਾਨਪੁਰ ਪਿੰਡ ਵਿਚ ਜੰਮਿਆ-ਪਲਿਆ ਸੀ। ਜ਼ਮੀਨ ਦੇ ਮਾਮੂਲੀ ਝਗੜੇ ਤੋਂ ਬਾਅਦ ਉਹ ਜੇਲ੍ਹ ਪੁੱਜਾ ਤੇ ਖੂੰਖਾਰ ਅਪਰਾਧੀ ਬਣ ਕੇ ਬਾਹਰ ਆਇਆ। ਇਸ ਤੋਂ ਬਾਅਦ ਕਤਲੋਗਾਰਤ ਸਣੇ ਉਸ ਨੇ ਸਵਾ ਸੌ ਦੇ ਲਗਪਗ ਅਪਰਾਧ ਕੀਤੇ। ਜੇਲ੍ਹ ਵਿਚ ਬੈਠ ਕੇ ਵੀ ਉਹ ਗੈਂਗ ਚਲਾ ਰਿਹਾ ਸੀ। ਖ਼ਤਰਨਾਕ ਸਰਗਰਮੀਆਂ ਕਾਰਨ ਉਸ ਨੂੰ ਪੰਜਾਬ ਦੀ ਜੇਲ੍ਹ ’ਚੋਂ ਕੱਢ ਕੇ ਅਸਾਮ ਦੀ ਜੇਲ੍ਹ ਵਿਚ ਭੇਜਣਾ ਪਿਆ।
ਆਖ਼ਰ ਗੈਂਗਵਾਰ ਦਾ ਸੇਕ ਉਸ ਦੇ ਘਰ ਤੱਕ ਵੀ ਪੁੱਜ ਗਿਆ। ਵਿਰੋਧੀ ਗੈਂਗ ਦੇ ਦੋ ਮੋਟਰਸਾਈਕਲ ਸਵਾਰ ਗੁਰਗਿਆਂ ਨੇ ਸਕਾਰਪੀਓ ਗੱਡੀ ’ਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਕੇ ਜੱਗੂ ਦੀ ਮਾਤਾ ਅਤੇ ਉਸ ਦੇ ਰਿਸ਼ਤੇਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਧਮਕੀਆਂ ਤੇ ਜ਼ਿੰਮੇਵਾਰੀਆਂ ਲੈਣ ਦਾ ਹੜ੍ਹ ਜਿਹਾ ਆ ਗਿਆ। ਨਿਰਦੋਸ਼ ਮਾਤਾ ਦੀ ਹੱਤਿਆ ਮਗਰੋਂ ਬਦਲੇ ਦਾ ਨਵਾਂ ਸਿਲਸਿਲਾ ਸ਼ੁਰੂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਨਸ਼ਿਆਂ ਦੀ ਤਸਕਰੀ ਨੇ ਜਗਦੀਸ਼ ਭੋਲਾ ਵਰਗੇ ਕੌਮਾਂਤਰੀ ਖਿਡਾਰੀ/ਪਹਿਲਵਾਨ ਤੇ ਅਭਿਨੇਤਾ ਦੇ ਕਰੀਅਰ ਨੂੰ ਤਬਾਹ ਕੀਤਾ ਸੀ। ਅਰਜਨ ਵਾਂਗ ਮੱਛੀ ਦੀ ਅੱਖ ਨੂੰ ਵਿੰਨ੍ਹਣ ਵਾਲੇ ਭੋਲਾ ਨੂੰ ਦੇਸ਼ ਨੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ ਸੀ।
ਭੋਲੇ ਨੇ ‘ਰੁਸਤਮ-ਏ-ਹਿੰਦ’, ‘ਗੱਭਰੂ ਦੇਸ਼ ਪੰਜਾਬ ਦੇ’, ‘ਗੋਲਡਨ ਚਾਂਸ’ ਅਤੇ ‘ਜੁਗਨੀ ਹੱਥ ਕਿਸੇ ਨਾ ਆਉਣੀ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਸੀ। ਮੋਗੇ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈਕਾ ਦਾ ਵਾਸੀ ਜਸਵੰਤ ਸਿੰਘ ਬੰਬੀਹਾ, ਵਿੱਕੀ ਗੌਂਡਰ ਤੇ ਦਿਲਪ੍ਰੀਤ ਬਾਬਾ ਆਦਿ ਗੈਂਗਸਟਰਾਂ ਦਾ ਪਿਛੋਕੜ ਵੀ ਅਜਿਹਾ ਹੀ ਸੀ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਨ ਵਾਲੇ ਮੁੰਡੇ ਕਈ ਵਾਰ ਗੈਂਗਸਟਰਾਂ ਦੀ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ/ਗਲੈਮਰ ’ਚ ਫਸ ਕੇ ਅਪਰਾਧ ਜਗਤ ਦਾ ਰੁਖ਼ ਕਰ ਲੈਂਦੇ ਹਨ। ਉਨ੍ਹਾਂ ਨੂੰ ਇਹ ਇਲਮ ਨਹੀਂ ਹੁੰਦਾ ਕਿ ਅੱਤਵਾਦੀਆਂ/ਗੈਂਗਸਟਰਾਂ ਦੀ ਔਸਤ ਉਮਰ ਬਹੁਤ ਘੱਟ ਹੁੰਦੀ ਹੈ। ਉਹ ਜਾਂ ਤਾਂ ਕਿਸੇ ਮੁਕਾਬਲੇ ’ਚ ਮਾਰੇ ਜਾਂਦੇ ਹਨ ਤੇ ਜਾਂ ਜੇਲ੍ਹ ’ਚ ਤਸੀਹੇ ਝੇਲ ਰਹੇ ਹੁੰਦੇ ਹਨ।
ਨੌਜਵਾਨ ਪੀੜ੍ਹੀ ਨੂੰ ਪੁੱਠੇ ਰਾਹ ਪੈਣ ਦੀ ਬਜਾਏ ਆਪਣੇ ਅਮੀਰ ਵਿਰਸੇ ਨੂੰ ਅਪਣਾਉਣਾ ਚਾਹੀਦਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਤੇ ਸੰਤਾਂ-ਮਹਾਤਮਾਵਾਂ ਦੀ ਚਰਨ-ਛੋਹ ਪ੍ਰਾਪਤ ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਵੀਰਾਂ, ਸੂਰਬੀਰਾਂ, ਵਿਦਵਾਨਾਂ, ਮਹਾਨ ਖਿਡਾਰੀਆਂ ਤੇ ਹਰ ਖੇਤਰ ਦੇ ਜੇਤੂਆਂ ਨੂੰ ਜਨਮ ਦਿੱਤਾ ਹੈ। ‘ਦੇਸ ਪੰਜਾਬ’ ਦੇ ਲੋਕਾਂ ਦਾ ਗੂੜ੍ਹਾ ਤੇ ਗਾੜ੍ਹਾ ਖ਼ੂਨ ਮਜ਼ਲੂਮਾਂ ਖ਼ਾਤਰ ਡੁੱਲ੍ਹਦਾ ਆਇਆ ਹੈ। ਦੇਸ਼ ਦੀ ਖੜਗ-ਭੁਜਾ ਵਜੋਂ ਜਾਣੇ ਜਾਂਦੇ ਪੰਜਾਬ ਦੇ ਕਣ-ਕਣ ਵਿਚ ਕ੍ਰਾਂਤੀ ਦੇ ਬੀਜ ਸਮੋਏ ਹੋਏ ਸਨ। ਦੁਸ਼ਮਣ ਤਾਕਤਾਂ ਨੇ ਪੰਜਾਬ ਦੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਲਈ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਫ਼ਿਰਕਾਪ੍ਰਸਤੀ ਦੇ ਬੀਜ ਬੋਏ ਗਏ।
ਆਖ਼ਰ ਦਰਿਆਦਿਲ ਪੰਜਾਬੀਆਂ ਦੇ ਦਰਿਆ ਵੰਡੇ ਗਏ। ਪੰਜਾਬ, ਲਹਿੰਦੇ ਤੇ ਚੜ੍ਹਦੇ ’ਚ ਤਕਸੀਮ ਹੋ ਗਿਆ। ਮਾਸ ਨਾਲੋਂ ਨਹੁੰ ਉਚੇੜਿਆ ਗਿਆ। ਕੰਧ ਓਹਲੇ ਪਰਦੇਸ ਬਣ ਗਿਆ। ਪੰਜਾਬ ਦੇ ਆਪਣੇ ਜਾਏ ਵਹੀਰਾਂ ਘੱਤੀ ਵਿਦੇਸ਼ ਜਾ ਰਹੇ ਹਨ। ਜੇ ਇੰਜ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ’ਚ ਹੀ ਪੰਜਾਬੀ ਘੱਟ ਗਿਣਤੀ ਵਿਚ ਰਹਿ ਜਾਣਗੇ। ਸਾਜ਼ਿਸ਼ੀਆਂ ਦੀਆਂ ਜ਼ਹਿਰੀਲੀਆਂ ਤਕਰੀਰਾਂ ਪੰਜਾਬੀਆਂ ਨੂੰ ਫ਼ਿਰਕੂ ਲੀਹਾਂ ’ਤੇ ਵੰਡ ਰਹੀਆਂ ਹਨ। ਅਜਿਹੇ ਸਾਜ਼ਿਸ਼-ਘਾੜਿਆਂ ਨੇ ਪੂਰੀ ਤਾਕਤ ਝੋਕੀ ਹੋਈ ਹੈ ਤਾਂ ਜੋ ਕੋਈ ਇਹ ਨਾ ਕਹਿ ਸਕੇ ਕਿ ‘ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ।’ ਜਾਤਾਂ-ਪਾਤਾਂ ਤੇ ਫ਼ਿਰਕਾਪ੍ਰਸਤੀ ਦੀਆਂ ਵਲਗਣਾਂ ਤੋਂ ਮੁਕਤੀ ਦਿਵਾਉਣ ਲਈ ਪੰਜਾਬ ਦੀ ਧਰਤੀ ਤੋਂ ਹੀ ਭਗਤੀ ਲਹਿਰ ਉੱਠੀ ਸੀ।
‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਜਾਪ ਜਪਣ ਵਾਲਿਆਂ ਨੂੰ ਕਿਵੇਂ ਵੰਡ ਕੇ ਬਰਬਾਦ ਕਰਨਾ ਹੈ, ਇਸ ਦੀਆਂ ਵੱਡੇ ਪੱਧਰ ’ਤੇ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਦੂਜਿਆਂ ਖ਼ਾਤਰ ਲੜਨ-ਮਰਨ ਵਾਲੇ ਕਿਉਂ ਨਾ ਆਪਸ ਵਿਚ ਹੀ ਲੜ-ਮਰ ਜਾਣ, ਅਜਿਹੀਆਂ ਵਿਉਂਤਾਂ ’ਤੇ ਮਗਜ਼-ਖਪਾਈ ਵੀ ਹੁੰਦੀ ਹੈ। ‘ਡੀਪ ਸਟੇਟ’ (ਅਦ੍ਰਿਸ਼ ਰਾਜ) ਰਾਹੀਂ ਪੰਜਾਬ ਦੀ ਰੂਹ ਨੂੰ ਛਲਣੀ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਪੰਜਾਬ ’ਚ ਅਚਾਨਕ ਵਧੀ ਗੈਂਗਵਾਰ ਨੂੰ ਵੀ ਇਸੇ ਸੰਦਰਭ ਵਿਚ ਵੇਖਣ ਦੀ ਲੋੜ ਹੈ।