ਨਹੀਂ ਮਿਟਣਾ ਚਿੱਟੇ ਦਾ ਦਾਗ਼ ( ਪੰਜਾਬੀ ਜਾਗਰਣ –– 6th April, 2025)
ਵਰਿੰਦਰ ਵਾਲੀਆ
ਕਾਲੀ ਥਾਰ ’ਚੋਂ ‘ਚਿੱਟੇ’ ਸਮੇਤ ਗ੍ਰਿਫ਼ਤਾਰ ਬਰਖ਼ਾਸਤ ਹੌਲਦਾਰ ਅਮਨਦੀਪ ਕੌਰ ਨੇ ਆਪਣੇ ਪਿਤਾ ਦੀ ਨਹੀਂ ਸਗੋਂ ‘ਪੰਜਾਬ ਸਿਹੁੰ’ ਦੀ ਪੱਗ ਪਰ੍ਹੇ ’ਚ ਰੋਲ਼ੀ ਹੈ। ‘ਚਿੱਟੇ’ ਨੇ ਚਿੱਟੀ ਦਸਤਾਰ ਨੂੰ ਐਸਾ ਦਾਗ਼ ਲਗਾਇਆ ਹੈ ਜੋ ਕਦੇ ਧੁਲਣਾ ਨਹੀਂ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਖਾਕੀ ਵਰਦੀ ਪਹਿਨਣ ਵਾਲੀ ‘ਇਸੰਟਾਗ੍ਰਾਮ ਕੁਈਨ’ ਨੇ ਆਪਣੇ ਮਹਿਕਮੇ ਦੀ ਇੱਜ਼ਤ ਖ਼ਾਕ ’ਚ ਮਿਲਾਉਣ ਦੀ ਕਾਲੀ ਕਰਤੂਤ ਕੀਤੀ ਹੈ।
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫ਼ਸਲ ਦਾ ਰੱਬ ਹੀ ਰਾਖਾ ਹੁੰਦਾ ਹੈ। ਇੰਸਟਾਗ੍ਰਾਮ ’ਤੇ ਉਸ ਦੇ ਪੰਜਾਹ ਹਜ਼ਾਰ ਤੋਂ ਵੱਧ ਫਾਲੋਅਰਜ਼ ਸਨ। ਵਰਦੀ ਪਾ ਕੇ ਲੱਕ ਮਟਕਾਉਂਦੀ ਹੋਈ ਉਹ ਕੋਈ ਪੋਸਟ ਪਾਉਂਦੀ ਤਾਂ ਹਜ਼ਾਰਾਂ ‘ਪ੍ਰਸ਼ੰਸਕ ’ ਉਸ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦੇ ਸਨ। ਦਿਲੀ ਜਜ਼ਬਿਆਂ ਨੂੰ ਅੰਗ-ਲਹਿਰੀਆ ਵਿਚ ਪ੍ਰਗਟ ਕਰਦੀ ਤਾਂ ਉਸ ਦੇ ਕਈ ਸੀਨੀਅਰਜ਼ ਵੀ ‘ਵਾਹ-ਵਾਹ’ ਕਰਦੇ। ਉਸ ਦੇ ਬੇਕਾਬੂ ਮਨ ਨੂੰ ਲਗਾਮ ਲਗਾਉਣ ਵਾਲਾ ਕੋਈ ਨਹੀਂ ਸੀ। ਰਾਤੋ-ਰਾਤ ਅਮੀਰ ਬਣਨ ਤੇ ਮਸ਼ਹੂਰ ਹੋਣ ਦੀ ਲਾਲਸਾ ਨੇ ਪੰਜਾਬ ਦੀ ਇਸ ਧੀ ਨੂੰ ਓਝੜੇ ਰਾਹ ਪਾ ਦਿੱਤਾ ਸੀ।

ਸਮਾਜ ਸੱਭ ਤੋਂ ਵੱਡੀ ਪਾਠਸ਼ਾਲਾ ਹੁੰਦਾ ਹੈ, ਇਸ ਨੇ ਵੀ ਆਪਣਾ ਕਰਤੱਵ ਨਿਭਾਉਣ ’ਚ ਕੁਤਾਹੀ ਕੀਤੀ। ‘ਪੰਜਾਬ ਦੀ ਲੋਕ-ਧਾਰਾ’ ਪੁਸਤਕ ’ਚ ਡਾ. ਸੋਹਿੰਦਰ ਸਿੰਘ ਬੇਦੀ ਨੇ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਘੜਨ-ਸੰਵਾਰਨ ’ਚ ਸਮਾਜ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ ਕਿ ਭਾਈਚਾਰੇ ਵਿਚ ਰਹਿੰਦਿਆਂ ਜਿਸ ਚੱਜ-ਆਚਾਰ ਤੇ ਵਰਤਣ-ਵਰਤਾਰੇ ਦੀ ਪਾਲਨਾ ਕੀਤੀ ਜਾਂਦੀ ਹੈ, ਉਹ ਲੋਕਾਚਾਰ ਅਖਵਾਉਂਦਾ ਹੈ। ਲੋਕਾਚਾਰ ਹੀ ਸਾਰੇ ਭਾਈਚਾਰੇ ਨੂੰ ਇਕ ਭਾਵੁਕ ਤੇ ਮਾਨਸਿਕ ਬੰਧਨ ’ਚ ਬੰਨ੍ਹਦਾ ਹੈ ਤੇ ਸਾਰੀ ਜਾਤੀ ਨੂੰ ਇਕ ਮਾਲਾ ’ਚ ਪਰੋਈ ਰੱਖਦਾ ਹੈ।
ਅਮਨਦੀਪ ਦੇ ਕੇਸ ’ਚ ਇਹ ਸਮਾਜਿਕ ਮਾਲਾ ਮਣਕਾ-ਮਣਕਾ ਖਿੱਲਰੀ ਮਹਿਸੂਸ ਹੁੰਦੀ ਹੈ। ਉਸ ਨੂੰ ਸਮਾਜ ਨਾਲ ਕੋਈ ਸਰੋਕਾਰ ਨਹੀਂ ਸੀ ਤੇ ਨਾ ਹੀ ਸਮਾਜ ਨੂੰ ਉਸ ਨਾਲ। ਸਮਾਜ ਨੂੰ ਟਿੱਚ ਸਮਝਦੀ ਹੋਈ ਉਹ ਖੁੱਲ੍ਹੇ ਅੰਬਰ ’ਚ ਉਡਾਰੀਆਂ ਲਾਉਂਦੀ ਰਹੀ। ਉਸ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਸੀ। ਵਿਆਹੀ-ਵਰੀ ਹੋਣ ਦੇ ਬਾਵਜੂਦ ਉਸ ਨੇ ਕਿਸੇ ਦੂਜੇ ਦਾ ਘਰ ਪੱਟ ਦਿੱਤਾ। ਕੋਵਿਡ ਵੇਲੇ ਉਹ ਐਂਬੂਲੈਂਸ ਚਾਲਕ ਦੇ ਸੰਪਰਕ ’ਚ ਆਈ ਤੇ ਬਿਨਾਂ ਤਲਾਕ ਲਏ ਉਸ ਨੂੰ ਹਮਸਫ਼ਰ ਬਣਾ ਲਿਆ। ਉਸ ਦੀ ਪਹਿਲੀ ਬੀਵੀ ਦੋ ਬਾਲੜੀਆਂ ਨੂੰ ਲੈ ਕੇ ਸਰਕਾਰੇ-ਦਰਬਾਰੇ ਦੁਹਾਈਆਂ ਦਿੰਦੀ ਰਹੀ ਕਿ ਉਸ ਦਾ ਪਤੀ ਤੇ ਅਮਨਦੀਪ ਐਂਬੂਲੈਂਸ ਦੀ ਆੜ ’ਚ ਨਸ਼ਾ ਵੇਚਦੇ ਹਨ ਪਰ ਕਿਸੇ ਦੇ ਵੀ ਕੰਨ ’ਤੇ ਜੂੰ ਨਾ ਸਰਕੀ।
ਇੰਸਟਾਗ੍ਰਾਮ ਦੀ ਦੁਰਵਰਤੋਂ ਕਰ ਕੇ ਅਮਨਦੀਪ ਨੇ ਆਪਣੇ ਮਹਿਕਮੇ ਦੇ ਆਲ੍ਹਾ ਅਫ਼ਸਰਾਂ ਨਾਲ ਵੀ ਨੇੜਲੇ ਸਬੰਧ ਬਣਾ ਲਏ ਸਨ। ਸੀਨੀਅਰਜ਼ ਦੇ ਸੰਪਰਕ ’ਚ ਆਉਣ ਤੋਂ ਬਾਅਦ ਉਸ ਦਾ ਹੌਸਲਾ ਬੁਲੰਦ ਹੋ ਗਿਆ ਸੀ। ਸੱਤਵੇਂ ਆਸਮਾਨ ’ਤੇ ਉੱਡਣ ਵਾਲੀ ‘ਇੰਸਟਾਗ੍ਰਾਮ ਕੁਈਨ’ ਦੇ ਪਗ ਭੋਇੰ ’ਤੇ ਨਹੀਂ ਸਨ ਲੱਗਦੇ। ਉਸ ਦੀ ’ਵਾ ਵੱਲ ਝਾਕਣ ਦੀ ਕੋਈ ਹਿੰਮਤ ਨਾ ਕਰਦਾ। ਪੁਲਿਸ ਮਹਿਕਮੇ ਸਣੇ ਸਮਾਜ ਕੁੰਭਕਰਨੀ ਨੀਂਦ ਸੁੱਤਾ ਹੋਇਆ ਸੀ। ‘ਅਸਾਂ ਕੀ ਲੈਣਾ’ ਦੀ ਅਪਰੋਚ ਨੇ ਰੈਤਾ ਫੈਲਣ ਦਿੱਤਾ। ਅਮੀਰ ਬਣਨ ਦੀ ਲਾਲਸਾ ਨੇ ਅਮਨਦੀਪ ਦੀ ਮੱਤ ’ਤੇ ਪੱਟੀ ਬੰਨ੍ਹ ਦਿੱਤੀ ਸੀ। ਉਸ ਨੇ ਪੇਕਿਆਂ ਤੇ ਸਹੁਰਿਆਂ ਦੀ ਇੱਜ਼ਤ-ਆਬਰੂ ਦਾਅ ’ਤੇ ਲਗਾ ਦਿੱਤੀ।
ਸੋਹਿੰਦਰ ਸਿੰਘ ਬੇਦੀ ਅਨੁਸਾਰ, ‘‘ਵਿਆਹੀ ਇਸਤ੍ਰੀ ਦਾ ਜੀਵਨ ਦੋ ਚੂਲਾਂ ਦੁਆਲੇ ਘੁੰਮਦਾ ਹੈ-ਪੇਕੇ ਤੇ ਸਹੁਰੇ। ਪੇਕਿਆਂ ਵਿਚ ਉਸ ਦੇ ਆਪਣੇ ਲਹੂ ਦੀ ਮਹਿਕ ਹੁੰਦੀ ਹੈ ਤੇ ਸਹੁਰਿਆਂ ’ਚ ਪਤੀ ਦੇ ਲਹੂ ਦੀ। ਇਕ ਵਿਚ ਉਸ ਦਾ ਦਿਲ ਹੁੰਦਾ ਹੈ ਤੇ ਦੂਜੇ ਵਿਚ ਧੜਕਣ। ਉਹ ਦੋਹਾਂ ਦੇ ਹੁਲਾਸ ਵਿਚ ਵਿਗਸਦੀ ਹੈ।’’ ਅਮਨਦੀਪ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਚੁੱਕੀ ਸੀ। ਉਹ ਭੁੱਲ ਚੁੱਕੀ ਸੀ ਕਿ ਦੂਜੇ ਸਾਕਾਂ ਪ੍ਰਤੀ ਵੀ ਉਸ ਦਾ ਕੁਝ ਕਰਤੱਵ ਹੈ। ਸਮਾਜ ਨੇ ਵੀ ਅੱਖਾਂ ਮੁੰਦੀਆਂ ਹੋਈਆਂ ਸਨ। ‘ਆ ਬੈਲ ਮੁਝੇ ਮਾਰ’ ਦੀ ਨੌਬਤ ਤੋਂ ਹਰ ਕੋਈ ਬਚਣਾ ਚਾਹੁੰਦਾ ਸੀ।
ਸਮਾਜ ਇਸ ਗੱਲ ਤੋਂ ਬੇਫਿਕਰ ਸੀ ਕਿ ਜਿਹੜਾ ‘ਚਿੱਟਾ’ ਕਾਲੀ ਥਾਰ ਜਾਂ ਐਂਬੂਲੈਂਸ ਰਾਹੀਂ ਵਿਕਦਾ ਹੈ, ਇਹ ਉਨ੍ਹਾਂ ਦੇ ਘਰਾਂ ’ਚ ਵੀ ਪੁੜੀਆਂ ਬਣ ਕੇ ਪੁੱਜ ਸਕਦਾ ਹੈ। ਜੰਗਲ ਨੂੰ ਲੱਗੀ ਅੱਗ ਦੇ ਸੇਕ ਤੋਂ ਪਸ਼ੂ-ਪਰਿੰਦੇ ਬਚੇ ਰਹਿਣ, ਅਜਿਹਾ ਸੰਭਵ ਹੀ ਨਹੀਂ ਹੁੰਦਾ। ਸੋਸ਼ਲ ਮੀਡੀਆ ’ਤੇ ਅਮਨਦੀਪ ਕੌਰ ਦੀ ਹੀ ਭੰਡੀ ਨਹੀਂ ਹੋ ਰਹੀ, ਇਹ ਤਾਂ ਪੂਰੇ ਪੰਜਾਬ ਦੀ ਹੋ ਰਹੀ ਹੈ। ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ’ਤੇ ਮੋਹਰ ਲੱਗ ਰਹੀ ਹੈ। ਉਸ ਨੂੰ ਕੋਸਦਿਆਂ ਲੋਕ ਬੇਹੂਦਾ ਟਿੱਪਣੀਆਂ ਕਰ ਰਹੇ ਹਨ। ਅਜਿਹਾ ਨਾਲਾਇਕ ਬੱਚਾ ਕਿਸੇ ਦੇ ਘਰ ਵੀ ਜੰਮ ਸਕਦਾ ਸੀ। ਇਸੇ ਕਰਕੇ ਸਿਆਣੇ ਲੋਕ ਕਿਹਾ ਕਰਦੇ ਸਨ ਕਿ ਸਹੂੰ ਖਾਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ।’ ਦੀਵੇ ਹੇਠ ਅਕਸਰ ਹਨੇਰਾ ਹੁੰਦਾ ਹੈ।
ਪਹਿਲਾਂ ਕਿਸੇ ਦਾ ਧੀ-ਪੁੱਤ ਕੋਈ ਗ਼ਲਤ ਕਦਮ ਪੁੱਟਦਾ ਤਾਂ ਪਿੰਡ ਦੇ ਲੋਕ ਆਪਣਾ ਫ਼ਰਜ਼ ਸਮਝਦੇ ਹੋਏ ਉਨ੍ਹਾਂ ਨੂੰ ਸਮਝਾਉਣ ਜਾਂਦੇ ਸਨ। ਧੀ-ਭੈਣ ਦੀ ਇੱਜ਼ਤ, ਆਪਣੀ ਇੱਜ਼ਤ ਸਮਝੀ ਜਾਂਦੀ ਸੀ। ਇਕ ਸਮਾਂ ਸੀ ਜਦੋਂ ਕੁੜੀਆਂ ਨੂੰ ਇਕੱਲੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਸਦੀਆਂ ਦਾਂ ਕਸ਼ਟ ਭੋਗ ਕੇ ਔਰਤ ਨੇ ਜਦੋਂ ਖੁੱਲ੍ਹੀ ਹਵਾ ’ਚ ਸਾਹ ਲੈਣਾ ਸ਼ੁਰੂ ਕੀਤਾ ਤਾਂ ਅੰਬਰ ਉਨ੍ਹਾਂ ਨੂੰ ਸੈਨਤਾਂ ਮਾਰਨ ਲੱਗਾ। ਉਹ ਚੰਨ-ਤਾਰਿਆਂ ਵਾਂਗ ਚਮਕਣ ਲੱਗੀਆਂ। ਘਰਦਿਆਂ ਦੀ ਇੱਜ਼ਤ ਨੂੰ ਚਾਰ-ਚੰਨ ਲੱਗਣੇ ਸ਼ੁਰੂ ਹੋ ਗਏ। ਉਹ ਸਮਾਂ ਬਹੁਤ ਪਿੱਛੇ ਰਹਿ ਗਿਆ ਸੀ ਜਦੋਂ ਚੰਨਣ ਦੀਆਂ ਗੇਲੀਆਂ ਵਰਗੀਆਂ ਕਈ ਮੁਟਿਆਰਾਂ ਸਹੁਰੇ ਘਰ ਦਾ ਨਰਕ ਭੋਗਦੀਆਂ, ਸੰਤਾਪ ਦੀ ਭੱਠੀ ’ਚ ਸੜਦੀਆਂ ਪਰ ਧੂੰਆਂ ਬਾਹਰ ਨਾ ਨਿਕਲਦਾ। ਉਨ੍ਹਾਂ ਦੀ ਸਦੀਆਂ ਪੁਰਾਣੀ ਵੇਦਨਾ ਇਤਿਹਾਸ ਦੇ ਪੰਨਿਆਂ ’ਚੋਂ ਪੜ੍ਹੀ ਜਾ ਸਕਦੀ ਹੈ।
ਕਬਾਇਲੀ ਸੋਚ ਵਾਲੇ ਲੋਕ ਧੀਆਂ ਨੂੰ ਜੰਮਦਿਆਂ ਸਾਰ ਮਹੁਰਾ ਚਟਾ ਕੇ ਮਾਰ ਦਿੰਦੇ ਸਨ ਜਾਂ ਗੁੜ ਦੀ ਭੇਲੀ ਚਟਾਉਣ ਤੋਂ ਬਾਅਦ ਅੱਕ ਦਾ ਦੁੱਧ ਪਿਲਾ ਦਿੰਦੇ। ਅਜਿਹੀ ਰੀਤ ਬਾਰੇ ਲੋਕ ਗੀਤ ਇਸ਼ਾਰਾ ਕਰਦਾ ਹੈ, ‘‘ਰੱਜ ਕੇ ਗੁੜ ਖਾਈਂ, ਆਪ ਨਾ ਆਈਂ ਵੀਰ ਨੂੰ ਘੱਲੀਂ।’’ ਚੰਗੇ ਲੋਕ ਕੁੜੀਆਂ ਦੇ ਜੰਮਣ ’ਤੇ ਮੁੰਡਿਆਂ ਦੇ ਜੰਮਣ ਵਰਗਾ ਚਾਅ-ਮਲ੍ਹਾਰ ਕਰਦੇ। ਉਹ ਧੀਆਂ ਤੇ ਧਰੇਕਾਂ ਨੂੰ ਵਿਹੜੇ ਦੀ ਰੌਣਕ ਕਹਿੰਦੇ। ਧੀ ਦੇ ਵਿਆਹੇ ਜਾਣ ’ਤੇ ਬਾਬਲ ਦਾ ਵਿਹੜਾ ਸੁੰਨਾ ਜਾਪਦਾ ਜਿਸ ਨੂੰ ਬੇਗਾਨੇ ਘਰ ਦੀ ਧੀ ਆ ਕੇ ਪੂਰਾ ਕਰਦੀ। ਧੀਆਂ ਬਾਬਲ ਦੀ ਇੱਜ਼ਤ ਦਾ ਧਿਆਨ ਰੱਖਦੀਆਂ ਮਾਣ ਨਾਲ ਕਹਿੰਦੀਆਂ, ‘‘ਪੱਗ ਤੇਰੀ ਰੱਖੀ ਸਾਂਭ ਕੇ, ਇਹਨੂੰ ਦਾਗ਼ ਨਾ ਹਵਾ ਜਿੰਨਾ ਲਾਇਆ।’’
ਸ਼ਿਵ ਕੁਮਾਰ ਬਟਾਲਵੀ ਨਾਰੀ ਨੂੰ ਧਰਤੀ ਦੀ ਸਭ ਤੋਂ ਖ਼ੂਬਸੂਰਤ ਕਵਿਤਾ ਕਹਿੰਦਾ ਹੈ। ਇਸ ਦੇ ਉਲਟ ਕੁਲ ਫ਼ਿਜ਼ਾ ਕੀਲਣ ਵਾਲੀਆਂ ਟੂਣੇਹਾਰੀਆਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਬਲ ਦੀ ਪੱਗ ਦਾ ਰੰਗ ਖੁਰਦਾ ਹੈ। ਪੇਕਿਆਂ ਲਈ ਅਮਨਦੀਪ ਪ੍ਰਦੇਸਣ ਧੀ ਸੀ। ਚਿੜੀਆਂ ਦੇ ਚੰਬੇ ਦਾ ਸਿਰਨਾਵਾਂ ਅਕਸਰ ਦੂਰ ਹੁੰਦਾ ਹੈ। ਵਿਆਹੇ ਜਾਣ ਤੋਂ ਬਾਅਦ ਸਹੁਰਿਆਂ ਦੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ। ਜੇ ਉਹ ਸ਼ਰਮ ਹਯਾ ਦਾ ਪਰਦਾ ਉਤਾਰ ਦੇਵੇ ਤਾਂ ਉਸ ਲਈ ਹੱਦਾਂ-ਬੰਨੇ ਬੇਮਾਅਨਾ ਹੋ ਜਾਂਦੇ ਹਨ। ਜੋਬਨ ਸਾਣ ’ਤੇ ਚੜ੍ਹ ਜਾਵੇ ਤਾਂ ਇਹ ਅਮੋੜ ਦਰਿਆ ਵਾਂਗ ਸਭ ਕਿਨਾਰੇ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਅਮਨਦੀਪ ਦੇ ਗ਼ਲਤ ਸੰਗਤ ’ਚ ਪੈ ਜਾਣ ’ਚ ਉਸ ਦੇ ਮਾਪਿਆਂ ਤੇ ਹੋਰ ਸਾਕ-ਸਬੰਧੀਆਂ ਦਾ ਕੋਈ ਕਸੂਰ ਨਹੀਂ ਸੀ। ਇਸ ਦੇ ਬਾਵਜੂਦ ਉਸ ਵੱਲੋਂ ਉਡਾਈ ਖੇਹ ਉਨ੍ਹਾਂ ਦੇ ਸਿਰਾਂ ’ਤੇ ਪੈ ਰਹੀ ਹੈ।
ਸਮਾਜਿਕ ਵਿਗਿਆਨੀਆਂ ਲਈ ਇਹ ਖੋਜ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਚੰਗੀ ਪਰਵਰਿਸ਼ ਦੇ ਬਾਵਜੂਦ ਅਮਨਦੀਪ ਵਰਗੀਆਂ ਕੁੜੀਆਂ ਅਜਿਹਾ ਕਦਮ ਕਿਉਂ ਚੁੱਕਦੀਆਂ ਹਨ? ਸੋਸ਼ਲ ਮੀਡੀਆ ’ਤੇ ਉੱਡ ਰਹੀ ਖੇਹ ਕਾਰਨ ਉਸ ਦੇ ਕਈ ਸਾਕ-ਸਬੰਧੀਆਂ ਨੇ ਉਸ ਨਾਲੋਂ ਨਾਤਾ ਤੋੜ ਲਿਆ ਹੈ। ਤਿਣਕਾ ਤੋੜ ਕੇ ਉਨ੍ਹਾਂ ਨੇ ਅਮਨਦੀਪ ਨੂੰ ‘ਸਾਡੇ ਲਈ ਮਰ ਗਈ’ ਸਮਝ ਲਿਆ ਹੈ। ਇਸ ਦੇ ਬਾਵਜੂਦ ਉਹ ਖ਼ੁਦ ਨੂੰ ਪੂਰੀ ਤਰ੍ਹਾਂ ਨਿਰਦੋਸ਼ ਨਹੀਂ ਕਹਿ ਸਕਦੇ।
ਸਮਾਜਿਕ ਦਬਾਅ ਪਿਆ ਹੁੰਦਾ ਤਾਂ ਉਹ ਖ਼ੁਦ ਨੂੰ ਸੁਧਾਰ ਸਕਦੀ ਸੀ। ਇੰਸਟਾਗ੍ਰਾਮ ’ਤੇ ਝੱਲ ਖਲੇਰਦੀ ਨੂੰ ਹੋਰ ਉਤਸ਼ਾਹਿਤ ਕਰਨ ਵਾਲੇ ਉਸ ਦੇ ਫਾਲੋਅਰਜ਼ ਸਭ ਤੋਂ ਵੱਡੇ ਦੋਸ਼ੀ ਹਨ। ਕਿਸੇ ਧੀ-ਭੈਣ ਦੀਆਂ ਬੇਹੂਦਾ ਹਰਕਤਾਂ ਵੇਖ ਕੇ ਸਵਾਦ ਲੈਣਾ ਗ਼ੈਰ-ਸਮਾਜਿਕ ਵਰਤਾਰਾ ਹੀ ਸੀ। ਕਾਨੂੰਨੀ ਸ਼ਿਕੰਜੇ ’ਚ ਫਸਣ ਤੋਂ ਬਾਅਦ ਓਹੀ ਸਮਾਜ ਉਸ ਨੂੰ ਪਾਣੀ ਪੀ-ਪੀ ਕੇ ਕੋਸ ਰਿਹਾ ਹੈ। ਇਸ ’ਚ ਅਮਨਦੀਪ ਤੋਂ ਵੱਧ ਉਸ ਦੇ ਸਾਕ-ਸਬੰਧੀਆਂ ਦੀ ਬਦਨਾਮੀ ਹੋ ਰਹੀ ਹੈ, ਜਿਨ੍ਹਾਂ ਨਾਲ ਸਭ ਦੀ ਹਮਦਰਦੀ ਹੋਣੀ ਚਾਹੀਦੀ ਹੈ।
ਤਸਕਰੀ ਦੇ ਕੇਸ ’ਚ ਅਮਨਦੀਪ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਬਰਖ਼ਾਸਤ ਕਰਨਾ ਪ੍ਰਸੰਸਾਯੋਗ ਹੈ। ਉਸ ਦੀਆਂ ਤਾਰਾਂ ਜਿਸ ‘ਪਾਵਰ ਹਾਊਸ’ ਨਾਲ ਸਿੱਧੀਆਂ ਜੁੜੀਆਂ ਸਨ, ਉਸ ਦਾ ਖੁਲਾਸਾ ਕਰਨਾ ਵੀ ਜ਼ਰੂਰੀ ਹੈ।