ਬਾਰੂਦ ਦੇ ਕਗਾਰ ’ਤੇ ਬੈਠਾ ਪਾਕਿਸਤਾਨ ( ਪੰਜਾਬੀ ਜਾਗਰਣ –– 23rd March, 2025)
ਵਰਿੰਦਰ ਵਾਲੀਆ
ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਂਦ ਵਿਚ ਆਇਆ ਪਾਕਿਸਤਾਨ ਅੱਜ ਤਕਸੀਮ ਦੇ ਕਗਾਰ ’ਤੇ ਬੈਠਾ ਹੈ। ਭਾਰਤ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਪੈਦਾ ਕੀਤੇ ਭਸਮਾਸੁਰ ਹੁਣ ਪਾਕਿਸਤਾਨ ਨੂੰ ਹੀ ਫ਼ਨਾਹ ਕਰਨ ਦੇ ਰਾਹ ਤੁਰੇ ਹੋਏ ਹਨ। ਖਣਿਜ ਪਦਾਰਥਾਂ ਤੇ ਹੋਰ ਕੁਦਰਤੀ ਵਸੀਲਿਆਂ ਨਾਲ ਮਾਲਾਮਾਲ ਸਭ ਤੋਂ ਵੱਡੇ ਸਰਹੱਦੀ ਸੂਬੇ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖ਼ਵਾ ਵਿਚ ਨਿੱਤ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ। ਇਬਾਦਤਗਾਹਾਂ, ਸਕੂਲਾਂ, ਫ਼ੌਜੀ ਕੈਂਪਾਂ, ਥਾਣਿਆਂ ਅਤੇ ਹਸਪਤਾਲਾਂ ’ਤੇ ਵੀ ਫ਼ਿਦਾਈਨ ਹਮਲੇ ਹੋ ਰਹੇ ਹਨ। ਫ਼ੌਜ ਆਪਣੇ ਹੀ ਅਵਾਮ ਦਾ ਖ਼ੂਨ ਡੋਲ੍ਹ ਰਹੀ ਹੈ।

ਦੋਨਾਂ ਸੂਬਿਆਂ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਸੂਰਜ ਛਿਪਣ ਤੋਂ ਪਹਿਲਾਂ ਹੀ ਸੁਰੱਖਿਆ ਦਸਤੇ ਕਿਧਰੇ ਲੁਕ-ਛਿਪ ਜਾਂਦੇ ਹਨ। ਕਈ ਖੇਤਰ ਤਾਂ ਅਜਿਹੇ ਹਨ ਜਿੱਥੇ ਪਾਕਿਸਤਾਨ ਦੀ ਹਕੂਮਤ ਦਾ ਨਾਮੋ-ਨਿਸ਼ਾਨ ਹੀ ਨਹੀਂ ਹੈ। ਪਾਕਿਸਤਾਨ ਦੇ ਨੇਤਾ ਖ਼ੁਦ ਮੰਨਦੇ ਹਨ ਕਿ ਜੇ ਉਪਰੋਕਤ ਖੇਤਰਾਂ ਦਾ ਕੇਸ ਸੰਯੁਕਤ ਰਾਸ਼ਟਰ ਵਿਚ ਰੱਖ ਦਿੱਤਾ ਜਾਵੇ ਤਾਂ ਇਨ੍ਹਾਂ ਨੂੰ ਕਿਸੇ ਵੇਲੇ ਵੀ ਆਜ਼ਾਦ ਮੁਲਕ ਗਰਦਾਨਿਆ ਜਾ ਸਕਦਾ ਹੈ। ਗਿਆਰਾਂ ਮਾਰਚ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਜ਼ਾਫ਼ਰ ਐਕਸਪ੍ਰੈੱਸ ਨੂੰ ਅਗਵਾ ਕਰ ਕੇ ਦੁਨੀਆ ਭਰ ਵਿਚ ਸਨਸਨੀ ਫੈਲਾ ਦਿੱਤੀ ਸੀ। ਸਮੁੱਚੀ ਗੱਡੀ ਅਗਵਾ ਕਰਨ ਦੇ ਤਿੰਨ ਦਿਨਾਂ ਬਾਅਦ ਬੀਐੱਲਏ ਨੇ ਦਾਅਵਾ ਕੀਤਾ ਸੀ ਕਿ ਇਸ ਨੇ 214 ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪਾਕਿਸਤਾਨ ਦਾ ਅਵਾਮ ‘ਸ਼ਹੀਦ’ ਦੀ ਪਰਿਭਾਸ਼ਾ ਦੇ ਚੱਕਰ ਵਿਚ ਫਸਿਆ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਮਰਨ ਵਾਲਿਆਂ ਨੂੰ ਸ਼ਹੀਦ ਕਿਹਾ ਜਾਵੇ ਜਾਂ ਮਾਰਨ ਵਾਲਿਆਂ ਨੂੰ। ਬੋਤਲਾਂ ’ਚੋਂ ਜਿੰਨ ਜਦੋਂ ਬਾਹਰ ਕੱਢੇ ਜਾਣ ਤਾਂ ਅਜਿਹੇ ਹਾਲਾਤ ਪੈਦਾ ਹੋਣੇ ਕੁਦਰਤੀ ਵਰਤਾਰਾ ਹੁੰਦਾ ਹੈ। ਪਾਕਿਸਤਾਨ ਵੱਲੋਂ ਦੀਨੀ ਭਾਈ ਸਮਝ ਕੇ ਪਾਲੇ ਗਏ ਤਾਲਿਬਾਨ ਲੜਾਕੇ ਭਸਮਾਸੁਰ ਸਾਬਿਤ ਹੋ ਰਹੇ ਹਨ। ਭਸਮਾਸੁਰ ਭਾਵੇਂ ਹਿੰਦੂ ਮਿਥਿਹਾਸ ਦੀ ਕਥਾ ਹੈ ਪਰ ਅੱਜ-ਕੱਲ੍ਹ ਇਸ ਦਾ ਜ਼ਿਕਰ ਪਾਕਿਸਤਾਨੀ ਮੀਡੀਆ ਖ਼ੂਬ ਕਰ ਰਿਹਾ ਹੈ।
ਪ੍ਰਾਚੀਨ ਕਥਾ ਮੁਤਾਬਕ ਰਾਖਸ਼ ਬਿਰਤੀ ਵਾਲੇ ਭਸਮਾਸੁਰ ਨੇ ਘੋਰ ਤਪੱਸਿਆ ਕਰ ਕੇ ਸ਼ਿਵਜੀ ਤੋਂ ਵਰਦਾਨ ਹਾਸਲ ਕੀਤਾ ਸੀ ਕਿ ਉਹ ਜਿਸ ਕਿਸੇ ਦੇ ਸਿਰ ’ਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ। ਵਰਦਾਨ ਪਾਉਣ ਤੋਂ ਬਾਅਦ ਉਹ ਵਰਦਾਨ ਦੇਣ ਵਾਲੇ ਸ਼ਿਵਜੀ ਦੇ ਹੀ ਮਗਰ ਪੈ ਗਿਆ। ਵਿਸ਼ਨੂੰ ਨੇ ਮੋਹਿਨੀ ਦਾ ਰੂਪ ਧਾਰਨ ਕਰ ਕੇ ਭਸਮਾਸੁਰ ਨੂੰ ਨ੍ਰਿਤ ਲਈ ਪ੍ਰੇਰਿਆ। ਨ੍ਰਿਤ ਕਰਦਿਆਂ ਭਸਮਾਸੁਰ ਨੇ ਵਰਦਾਨ ਦੀ ਪਰਖ ਕਰਨ ਲਈ ਆਪਣੇ ਹੀ ਸਿਰ ’ਤੇ ਹੱਥ ਰੱਖ ਲਿਆ ਤਾਂ ਉਹ ਫ਼ਨਾਹ ਹੋ ਗਿਆ। ਜਿਹਾਦ ਦੇ ਨਾਂ ’ਤੇ ਪੈਦਾ ਕੀਤੇ ਤਾਲਿਬਾਨ ਲੜਾਕੇ ਹੁਣ ਪਾਕਿਸਤਾਨ ਖ਼ਿਲਾਫ਼ ਲੜ ਰਹੇ ਹਨ।
ਪਾਕਿਸਤਾਨ ਦੀ ਹਕੂਮਤ ਕੋਲ ਮੌਜੂਦ ਖ਼ੁਫ਼ੀਆ ਸੂਚਨਾਵਾਂ ਅਨੁਸਾਰ ਤਾਲਿਬਾਨ ਨੇ ਪਾਕਿਸਤਾਨ ਦੇ ਮੁਜਾਹਿਦਾਂ ਨਾਲ ਵਾਅਦਾ ਕੀਤਾ ਸੀ ਕਿ ਅਫ਼ਗਾਨਿਸਤਾਨ ’ਤੇ ਕਬਜ਼ਾ ਹੋਣ ਤੋਂ ਬਾਅਦ ਉਹ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖਵਾ ਨੂੰ ਆਜ਼ਾਦ ਕਰਵਾ ਕੇ ਉੱਥੇ ਸ਼ਰੀਅਤ ਲਾਗੂ ਕਰਵਾਉਣਗੇ। ਅਫ਼ਗਾਨਿਸਤਾਨ ’ਚ ਤਾਲਿਬਾਨ ਹਕੂਮਤ ਕਾਇਮ ਕਰਨ ਲਈ ਪਾਕਿਸਤਾਨ ਨੇ ਹਰ ਸੰਭਵ ਇਮਦਾਦ ਕੀਤੀ ਸੀ। ਆਪਣੀ ਸਰਜ਼ਮੀਨ ’ਤੇ ਮਚੇ ਭਾਂਬੜ ਤੋਂ ਬਾਅਦ ਪਾਕਿਸਤਾਨੀ ਹਕੂਮਤ ਤੇ ਇਸ ਦੇ ਅਵਾਮ ਨੂੰ ਹੁਣ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੋ ਰਿਹਾ ਹੈ। ਲੰਬੇ ਅਰਸੇ ਤੋਂ ਛੇੜੀ ਜੰਗ ਤੋਂ ਬਾਅਦ ਕਈ ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਦੀ ਫ਼ੌਜ ਅੱਗੇ ਆਤਮ-ਸਮਰਪਣ ਕੀਤਾ ਸੀ। ਹਥਿਆਰ ਸੁੱਟਣ ਵਾਲਿਆਂ ਨੂੰ ਆਧੁਨਿਕ ਹਥਿਆਰ ਦੇ ਕੇ ਤਾਲਿਬਾਨ ਨਾਲ ਜੰਗ ਛੇੜ ਕੇ ਪਾਕਿਸਤਾਨ ਦੀ ਹਕੂਮਤ ਨੇ ਦੂਜੀ ਗ਼ਲਤੀ ਕੀਤੀ ਹੈ। ਲੁਕਵੀਂ ਲੜਾਈ ਵਿਚ ਹਕੂਮਤ ਦੀ ਮਦਦ ਕਰਨ ਵਾਲਿਆਂ ਨੂੰ ਪਾਕਿਸਤਾਨ ‘ਚੰਗੇ ਤਾਲਿਬਾਨ’ ਦੱਸਦਾ ਆਇਆ ਹੈ।
ਹਕੂਮਤ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਅਜਿਹੀ ਕੋਸ਼ਿਸ਼ ਸੱਪਾਂ ਨੂੰ ਦੁੱਧ ਪਿਲਾਉਣ ਵਾਲੀ ਸੀ। ‘ਗੁੱਡ ਤਾਲਿਬਾਨ’ ਕਦੋਂ ‘ਬੈਡ ਤਾਲਿਬਾਨ’ ਬਣ ਗਏ, ਇਹ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਐਈ ਨੂੰ ਵੀ ਨਾ ਪਤਾ ਲੱਗਾ। ਪਾਕਿਸਤਾਨ ਲਈ ਆਪਣੇ ਹੱਥੀਂ ਮਚਾਏ ਗਏ ਭਾਂਬੜ ਨੂੰ ਸ਼ਾਂਤ ਕਰਨਾ ਅਸੰਭਵ ਕਾਰਜ ਲੱਗ ਰਿਹਾ ਹੈ। ਅਫ਼ਗਾਨਿਸਤਾਨ ਨਾਲ ਜੰਗ ਛੇੜਨ ਦੀਆਂ ਕਨਸੋਆਂ ਵੀ ਆ ਰਹੀਆਂ ਹਨ। ਅੱਤਵਾਦੀਆਂ ਨੂੰ ਨੇਸਤੋ-ਨਾਬੂਦ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਬਲੋਚਾਂ ਤੇ ਪਸ਼ਤੂਨਾਂ ਨੂੰ ਘਰੋਂ ਚੁੱਕ ਕੇ ਅੱਲ੍ਹਾ ਦੀ ਦਰਗਾਹ ਵਿਚ ਭੇਜਿਆ ਜਾ ਚੁੱਕਾ ਹੈ। ਲਾਪਤਾ ਹੋਏ ਪੁੱਤਾਂ ਤੇ ਭਰਾਵਾਂ ਦੀ ਉਡੀਕ ਕਰਦਿਆਂ ਮਾਵਾਂ-ਭੈਣਾਂ ਦਰ-ਦਰ ਭਟਕ ਰਹੀਆਂ ਹਨ। ਅੱਖਾਂ ਵਿਚ ਆਠਰਿਆ ਖ਼ੌਫ਼ ਉਨ੍ਹਾਂ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੰਦਾ। ਇਹ ਪੀੜਾ ਤੀਜੀ ਪੀੜ੍ਹੀ ਤੱਕ ਪੁੱਜ ਚੁੱਕੀ ਹੈ। ਗੁੰਮਸ਼ੁਦਗੀਆਂ ਦਾ ਨਸਲ-ਦਰ-ਨਸਲ ਬੋਝ ਅਲਹਿਦਗੀ ਦੇ ਸੈਆਂ ਦਰ ਖੋਲ੍ਹਦਾ ਹੈ।
ਬੇਗਾਨਗੀ ਦੇ ਅਹਿਸਾਸ ਨਾਲ ਹਕੂਮਤ ਖ਼ਿਲਾਫ਼ ਜੰਗ ਵੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦੀ ਆ ਰਹੀ ਹੈ। ਬਲੋਚਿਸਤਾਨ ’ਚ ਇਸ ਮੁਸਲੱਸਲ ਜੰਗ ਦਾ ਆਗਾਜ਼ ਹਿੰਦੁਸਤਾਨ ਦੀ ਤਕਸੀਮ ਦੇ ਤਿੰਨ ਕੁ ਸਾਲ ਬਾਅਦ ਹੀ ਹੋ ਗਿਆ ਸੀ। ਵੰਡ ਤੋਂ ਇਕ ਸਾਲ ਬਾਅਦ ਬਲੋਚ ਸਰਦਾਰਾਂ ਨੇ ਸ਼ਰਤਾਂ ਤਹਿਤ ਪਾਕਿਸਤਾਨ ’ਚ ਰਲੇਵਾਂ ਮੰਨਿਆ ਸੀ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਬਲੋਚ ਖ਼ੁਦ ਨੂੰ ਆਜ਼ਾਦ ਦੇਸ਼ ਦੇ ਬਾਸ਼ਿੰਦੇ ਸਮਝਦੇ ਸਨ। ਬਲੋਚ ਪੀਲੀ ਭਾਹ ਮਾਰਨ ਵਾਲੀ ਮੁਲਤਾਨੀ ਮਿੱਟੀ ਦੇ ਬਣੇ ਹੋਏ ਹਨ ਜਿਸ ਦਾ ਖਮੀਰ ਹੀ ਅਲੱਗ ਹੈ। ਇਸ ਦੀ ਸ਼ੁਰੂਆਤ ਪੰਜਾਹਵਿਆਂ ’ਚ ਬਲੋਚ ਸਰਦਾਰਾਂ ਨਾਲ ਕੀਤੀ ਦਗ਼ਾਬਾਜ਼ੀ ਨਾਲ ਹੋਈ ਸੀ।
ਪੰਜਾਹਵਿਆਂ ’ਚ ਜਨਰਲ ਅਯੂਬ ਖਾਂ ਦੀ ਸਰਕਾਰ ਨੇ ਕੁਰਾਨ ਸ਼ਰੀਫ਼ ਦੀ ਸਹੁੰ ਚੁੱਕ ਕੇ ਨਵਾਬ ਨਰੋਜ਼ ਖ਼ਾਨ ਤੇ ਉਸ ਦੇ 150 ਦੇ ਕਰੀਬ ਸਾਥੀਆਂ ਨੂੰ ਪਹਾੜਾਂ ਤੋਂ ਹੇਠਾਂ ਉਤਰਨ ਲਈ ਮਨਾ ਲਿਆ ਸੀ। ਨਰੋਜ਼ ਖ਼ਾਨ ਤੇ ਉਸ ਦੇ ਸਾਥੀ ਪਹਾੜਾਂ ’ਤੇ ਮੋਰਚੇ ਸਾਂਭੀ ਬੈਠੇ ਸਨ। ਕੁਰਾਨ ਸ਼ਰੀਫ਼ ਦੀਆਂ ਸਹੁੰਆਂ ’ਤੇ ਯਕੀਨ ਕਰ ਕੇ ਬਲੋਚਾਂ ਨੇ ਪਾਕਿਸਤਾਨ ਦੀ ਹਕੂਮਤ ਨਾਲ ਗੱਲ ਕਰਨ ਲਈ ਹਾਂ ਕਹਿ ਦਿੱਤੀ। ਭੋਲੇ ਬਲੋਚਾਂ ਨੂੰ ਕੀ ਪਤਾ ਸੀ ਕਿ ਖ਼ੁਦਮੁਖ਼ਤਾਰੀ ਦੇਣ ਦੀ ਬਜਾਏ ਉਨ੍ਹਾਂ ਨੂੰ ਜੇਲ੍ਹਾਂ ’ਚ ਸੁੱਟ ਦਿੱਤਾ ਜਾਵੇਗਾ। ਹਕੂਮਤ ਨਾਲ ਗ਼ਦਾਰੀ ਤੇ ਬਗ਼ਾਵਤ ਦੇ ਸੰਗੀਨ ਦੋਸ਼ਾਂ ਤਹਿਤ ਨਰੋਜ਼ ਖ਼ਾਨ ਤੇ ਉਸ ਦੇ ਬੇਟੇ ਬਟੇ ਖ਼ਾਨ ਸਣੇ ਅੱਠ ਬਲੋਚਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ।
ਪੰਦਰਾਂ ਜੁਲਾਈ 1960 ਨੂੰ ਬਟੇ ਖ਼ਾਨ ਸਣੇ ਸੱਤ ਨੂੰ ਜੇਲ੍ਹ ’ਚ ਫਾਂਸੀ ’ਤੇ ਲਟਕਾ ਦਿੱਤਾ ਗਿਆ। ਵਡੇਰੀ ਉਮਰ (85 ਸਾਲ) ਕਾਰਨ ਨਰੋਜ਼ ਖ਼ਾਨ ਨੂੰ ਤਾਉਮਰ ਕੈਦ ਦੀ ਸਜ਼ਾ ਮਿਲੀ। ਉਸ ਨੇ ਆਪਣੇ ਬੇਟੇ ਤੇ ਛੇ ਹੋਰਾਂ ਨੂੰ ਫਾਂਸੀ ’ਤੇ ਲਟਕਦੇ ਦੇਖਿਆ ਸੀ। ਉਸ ਦੀਆਂ ਅੱਖਾਂ ’ਚ ਅੱਥਰੂਆਂ ਦੀ ਬਜਾਏ ਮਾਣ ਸੀ। ਬੇਟੇ ਦੀ ਮਈਅਤ ਨੂੰ ਜਦੋਂ ਨਰੋਜ਼ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਆਪਣੀਆਂ ਉਂਗਲਾਂ ਨਾਲ ਉਸ ਦੀਆਂ ਲਟਕਦੀਆਂ ਮੁੱਛਾਂ ਨੂੰ ਤਾਅ ਦਿੱਤਾ। ਧੌਣ ਅਕੜਾ ਕੇ ਉਸ ਨੇ ਬਲੋਚਾਂ ਨੂੰ ਸੁਨੇਹਾ ਘੱਲਿਆ ਕਿ ਜਨਾਜ਼ੇ ’ਚ ਸ਼ਾਮਲ ਕਿਸੇ ਦੀ ਅੱਖ ਵਿਚ ਅੱਥਰੂ ਨਹੀਂ ਹੋਣੇ ਚਾਹੀਦੇ। ਅਲਬੱਤਾ ਉਨ੍ਹਾਂ ਦੀ ਸ਼ਹਾਦਤ ’ਤੇ ਸ਼ਾਦੀ ਵਰਗਾ ਜਸ਼ਨ ਹੋਣਾ ਚਾਹੀਦਾ ਹੈ।
ਇਹ ਜੰਗ ਜਾਰੀ ਰਹਿਣ ਦਾ ਬਿਗਲ ਵਜਾਉਣ ਵਾਂਗ ਸੀ। ਸਮੇਂ ਦੀ ਹਕੂਮਤ ਨੇ ਨਰੋਜ਼ ਖ਼ਾਨ ਨੂੰ ਰਹਿਮ ਦੀ ਅਪੀਲ ਕਰਨ ਲਈ ਕਿਹਾ। ਪਰ ਉਸ ਨੇ ਇਕ ਨਾ ਸੁਣੀ। ਬੇਟੇ ਤੇ ਉਸ ਦੇ ਛੇ ਸਾਥੀਆਂ ਨੂੰ ਫਾਹੇ ਲਾਏ ਜਾਣ ਤੋਂ ਪੰਜ ਸਾਲ ਬਾਅਦ ਅਣਖੀਲੇ ਬਲੋਚ ਨੇ ਜੇਲ੍ਹ ’ਚ ਆਖ਼ਰੀ ਸਾਹ ਲਿਆ। ਨਰੋਜ਼ ਖ਼ਾਨ ਦੇ ਮੱਥੇ ’ਤੇ ਝੁਰੜੀਆਂ ਨਾਲ ਲਿਖੀ ਇਬਾਰਤ ਦੱਸਦੀ ਸੀ ਕਿ ਬਲੋਚਾਂ ਨਾਲ ਕੀਤੀਆਂ ਦਗਾਬਾਜ਼ੀਆਂ ਦਾ ਬਦਲਾ ਉਸ ਦੀਆਂ ਅਗਲੀਆਂ ਨਸਲਾਂ ਜ਼ਰੂਰ ਲੈਣਗੀਆਂ। ਉਸ ਦੀ ਮੌਤ ਦੇ ਚਾਰ ਦਹਾਕਿਆਂ ਬਾਅਦ ਬਲੋਚਾਂ ਦੇ ਇਕ ਹੋਰ ਮਕਬੂਲ ਸਰਦਾਰ, ਨਵਾਬ ਅਕਬਰ ਬੁਗਤੀ ਨੂੰ ਪਾਕਿਸਤਾਨ ਦੀ ਹਕੂਮਤ ਨੇ ਧੋਖੇ ਨਾਲ ਹਲਾਕ ਕੀਤਾ ਸੀ। ਬਲੋਚਾਂ ਖ਼ਿਲਾਫ਼ ਜ਼ਿਆਦਤੀਆਂ ਦਾ ਲੰਬਾ ਇਤਿਹਾਸ ਹੈ।
ਇਸ ਪੇਚੀਦਾ ਮਸਲੇ ਦੇ ਸੁਖਾਵੇਂ ਹੱਲ ਲਈ ਵਿਰੋਧੀ ਸਿਆਸੀ ਜਮਾਤਾਂ ਹਕੂਮਤ ਨੂੰ ਸਹਿਯੋਗ ਨਹੀਂ ਦੇ ਰਹੀਆਂ। ਚੋਣਾਂ ’ਚ ਘਪਲਾ ਕਰ ਕੇ ਸ਼ਾਹਬਾਜ਼ ਸ਼ਰੀਫ਼ ਨੂੰ ਮੁਲਕ ਦੀ ਵਾਗਡੋਰ ਸੌਂਪੀ ਗਈ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜੇਲ੍ਹ ’ਚ ਸੁੱਟ ਦਿੱਤਾ ਸੀ। ਪਾਕਿ ’ਚ ਨਾਅਰੇ ਲੱਗ ਰਹੇ ਹਨ ਕਿ ‘ਇਮਰਾਨ ਨਹੀਂ ਤਾਂ ਪਾਕਿਸਤਾਨ ਨਹੀਂ।’ ਫ਼ੌਜੀ ਟੁਕੜੀਆਂ ’ਤੇ ਵਧ ਰਹੇ ਫਿਦਾਈਨ ਹਮਲਿਆਂ ਤੋਂ ਬਾਅਦ ਆਰਮੀ ਚੀਫ ਨੇ ਵੀ ਸੱਤਾਧਾਰੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ ਜੋ ਸ਼ਰੀਫ਼ ਸਰਕਾਰ ਲਈ ਸ਼ੁਭ ਸ਼ਗਨ ਨਹੀਂ ਹੈ।