VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਬਲੋਚਾਂ ਦੀ ਦਰਦ ਭਰੀ ਦਾਸਤਾਨ ( ਪੰਜਾਬੀ ਜਾਗਰਣ –– 16th March, 2025)

ਵਰਿੰਦਰ ਵਾਲੀਆ

ਜਵਾਲਾਮੁਖੀ ਦੀ ਪਰਿਕਰਮਾ ਕਰਨਾ ਆਜ਼ਾਦੀ ਦੇ ਪਰਵਾਨਿਆਂ ਦੀ ਪੱਤਰੀ ਵਿਚ ਲਿਖਿਆ ਹੁੰਦਾ ਹੈ। ਅਜਿਹਾ ਵਰਤਾਰਾ ਨਾਖ਼ੁਸ਼ਗਵਾਰ ਵਿਵਸਥਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲਿਆਂ ਤੋਂ ਐਨ ਵੱਖਰਾ ਹੁੰਦਾ ਹੈ। ਆਜ਼ਾਦੀ ਸੰਗਰਾਮੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਜ਼ਲਾਂ ਤੋਂ ਲੜਦੇ-ਮਰਦੇ ਆਏ ਹਨ। ਬਲੋਚਿਸਤਾਨ ਦੀ ਮਿੱਟੀ ਦੇ ਜਾਏ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਖ਼ਾਤਰ ਆਪਣਾ ‘ਅੱਜ’ ਕੁਰਬਾਨ ਕਰ ਰਹੇ ਹਨ।

ਦਰਅਸਲ, ਬਲੋਚਿਸਤਾਨ ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ ‘ਆਜ਼ਾਦ ਮੁਲਕ’ ਸੀ। ਸਦੀਆਂ ਤੋਂ ਖਾਨਾਬਦੋਸ਼ੀ ਦੀ ਜ਼ਿੰਦਗੀ ਬਸਰ ਕਰਨ ਵਾਲੇ ਬਲੋਚਾਂ ਨੇ ਪਹਾੜਾਂ ਦੀ ਗੋਦ ਵਿਚ ਪਨਾਹ ਲਈ ਤਾਂ ਇਹ ਉਨ੍ਹਾਂ ਨੂੰ ਆਪਣਾ ਦੇਸ ਲੱਗਣ ਲੱਗ ਪਿਆ। ਕਲਾਤ ਖੇਤਰ ਦੇ ਪਹਾੜਾਂ ਨੇ ਉਨ੍ਹਾਂ ਨੂੰ ਪਨਾਹ ਹੀ ਨਹੀਂ ਦਿੱਤੀ ਸਗੋਂ ਪਹਾੜਾਂ ਵਰਗਾ ਜ਼ੇਰਾ ਵੀ ਦਿੱਤਾ। ਕਲਾਤ ਉਨ੍ਹਾਂ ਨੂੰ ਮਹਿਫ਼ੂਜ਼ ਖੇਤਰ ਲੱਗਾ ਤਾਂ ਹਰ ਦਿਸ਼ਾ ਤੋਂ ਉਨ੍ਹਾਂ ਦੇ ਦੀਨੀ ਭਾਈ ਉੱਥੇ ਆ ਕੇ ਟਿਕਣ ਲੱਗੇ। ਬਲੋਚਾਂ ਨਾਲ ਟੱਕਰ ਲੈਣੀ ਪਹਾੜ ਨਾਲ ਮੱਥਾ ਲਾਉਣ ਵਰਗਾ ਜਾਪਣ ਲੱਗਾ। ਕਲਾਤ, ਬਲੋਚਿਸਤਾਨ ਵਿਚ ਸੁੱਖ ਦਾ ਸਾਹ ਆਇਆ ਤਾਂ ਬਲੋਚਾਂ ਦਾ ਵੱਖਰਾ ਸੱਭਿਆਚਾਰ ਉਤਪੰਨ ਹੋਣ ਲੱਗਾ। ਦੋਸਤੀ ਅਤੇ ਦੁਸ਼ਮਣੀ ਦਰਮਿਆਨ ਪੱਕੀ ਲਕੀਰ ਖਿੱਚਣੀ ਉਨ੍ਹਾਂ ਦਾ ਸੁਭਾਅ ਬਣ ਗਈ। ਦੋਸਤੀ ਤੇ ਦੁਸ਼ਮਣੀ ਪੀੜ੍ਹੀ-ਦਰ-ਪੀੜ੍ਹੀ ਚੱਲਦੀ।

ਗਿਆਰਾਂ ਮਾਰਚ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਲੜਾਕਿਆਂ ਨੇ 380 ਮੁਸਾਫਰਾਂ ਨੂੰ ਕੋਇਟਾ ਤੋਂ ਪਿਸ਼ਾਵਰ ਲਿਜਾ ਰਹੀ ਜ਼ਾਫ਼ਰ ਐਕਸਪ੍ਰੈੱਸ ਨੂੰ ਅਗਵਾ ਕੀਤਾ ਤਾਂ ਬਲੋਚਾਂ ਦੇ ਬਾਗ਼ੀ ਸੁਭਾਅ ਦੀ ਚਰਚਾ ਵਿਸ਼ਵ ਭਰ ਵਿਚ ਹੋਣ ਲੱਗੀ। ਇਸ ਟਰੇਨ ਵਿਚ ਪਾਕਿਸਤਾਨ ਦੇ ਵੱਡੀ ਤਾਦਾਦ ਵਿਚ ਫ਼ੌਜੀ ਸਵਾਰ ਸਨ। ਪਾਕਿਸਤਾਨ ਸਰਕਾਰ ਨੇ ਇਲਜ਼ਾਮ ਲਗਾਇਆ ਕਿ ਇਸ ਖ਼ੂਨੀ ਅਗਵਾ ਕਾਂਡ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤ ਬਲੋਚੀ ਲੜਾਕਿਆਂ ਦੀ ਮਦਦ ਕਰ ਕੇ ਬੰਗਲਾਦੇਸ਼ ਵਾਂਗ ਬਲੋਚਿਸਤਾਨ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦਾ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਜਿਸ ਤੋਂ ਭਾਰਤ ਨੇ ਕੁਝ ਨਹੀਂ ਲੈਣਾ।

ਵਾਕਈ ਭਾਰਤ ਦਾ ਇਸ ਨਾਲ ਕੋਈ ਲਾਗਾ-ਦਾਗਾ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਬਲੋਚ ਸਦੀਆਂ ਤੋਂ ਧੋਖਾਧੜੀ ਦਾ ਸ਼ਿਕਾਰ ਹੁੰਦੇ ਆਏ ਹਨ। ਭਾਰਤ ਦੀ ਤਕਸੀਮ ਤੋਂ ਬਾਅਦ ਬਲੋਚਾਂ ਨੇ ਪਾਕਿਸਤਾਨ ਵਿਚ ਰਲੇਵਾਂ ਕੁਝ ਸ਼ਰਤਾਂ ’ਤੇ ਕੀਤਾ ਸੀ। ਉਨ੍ਹਾਂ ਦੀ ਪਹਿਲੀ ਸ਼ਰਤ ਖ਼ੁਦਮੁਖਤਾਰੀ ਤੇ ਵੱਖਰੇ ਸੱਭਿਆਚਾਰ ਨੂੰ ਬਰਕਰਾਰ ਰੱਖਣਾ ਸੀ। ਇਸ ਤੋਂ ਇਲਾਵਾ ਕਈ ਹੋਰ ਸ਼ਰਤਾਂ ਸਨ ਜਿਨ੍ਹਾਂ ’ਚੋਂ ਇਕ ਵੀ ਵਫ਼ਾ ਨਹੀਂ ਹੋਈ। ਫ਼ਲਸਰੂਪ ਧੱਕੇਸ਼ਾਹੀ ਤੇ ਧੋਖੇਬਾਜ਼ੀ ਖ਼ਿਲਾਫ਼ ਬਲੋਚ ਉੱਠ ਖੜ੍ਹੇ ਹੋਏ। ਬੰਗਲਾਦੇਸ਼ ਬਣਨ ਤੋਂ ਬਾਅਦ ਆਜ਼ਾਦੀ ਦੀ ਲਹਿਰ ਹੋਰ ਪ੍ਰਚੰਡ ਹੋ ਗਈ।

ਇਸ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਬਲੋਚਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਸੀ। ਇਸ ਤੋਂ ਪਹਿਲਾਂ ਈਰਾਨ ਦੇ ਦੀਨੀ ਭਾਈਆਂ ਨੇ ਉਨ੍ਹਾਂ ਦਾ ਘੋਰ ਸ਼ੋਸ਼ਣ ਕੀਤਾ ਸੀ। ਇਸ ਸਭ ਦੇ ਬਾਵਜੂਦ ਬਲੋਚਾਂ ਨੇ ਬਾਗ਼ੀ ਸੁਰਾਂ ਅਲਾਪਣੀਆਂ ਬੰਦ ਨਾ ਕੀਤੀਆਂ। ਬਲੋਚਾਂ ਦੀ ਨਸਲਕੁਸ਼ੀ ਕਿਵੇਂ ਕੀਤੀ ਗਈ, ਇਸ ਦਾ ਵਿਸਥਾਰ ਜੱਲ੍ਹਿਆਂਵਾਲਾ ਬਾਗ਼ ਦੇ ਖ਼ਲਨਾਇਕ ਜਨਰਲ ਡਾਇਰ ਨੇ ਆਪਣੀ ਪੁਸਤਕ ਵਿਚ ਦਿੱਤਾ ਹੈ। ਬਲੋਚਾਂ ਦੀ ਸ਼ਕਤੀ ਨੂੰ ਖੰਡ-ਖੰਡ ਕਰਨ ਲਈ ਉਸ ਨੇ ਸ਼ੀਆ-ਸੁੰਨੀ ਫਸਾਦ ਤੱਕ ਕਰਵਾਏ।

ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਕਾਂਡ ਤੋਂ ਤਿੰਨ ਸਾਲ ਪਹਿਲਾਂ ਉਸ ਨੇ ਕਲਾਤ (ਬਲੋਚਿਸਤਾਨ) ਵਿਚ ਆਪਣੇ ਹੱਥ ਖ਼ੂਨ ਨਾਲ ਰੰਗੇ ਸਨ। ਬ੍ਰਿਟਿਸ਼ ਸਰਕਾਰ ਉਸ ਨੂੰ ਇੰਨੀ ਸ਼ਹਿ ਨਾ ਦਿੰਦੀ ਤਾਂ ਸ਼ਾਇਦ ਜੱਲ੍ਹਿਆਂਵਾਲਾ ਕਾਂਡ ਟਲ ਸਕਦਾ ਸੀ। ਪਾਕਿਸਤਾਨ ਵਿਚ ਰਲੇਵੇਂ ਤੋਂ ਬਾਅਦ ਬਲੋਚਾਂ ਨੇ ਪੰਜ ਫ਼ੌਜੀ ਹਮਲਿਆਂ ਨੂੰ ਝੇਲਿਆ ਹੈ। ਆਪਣੀ ਹੀ ਫ਼ੌਜ ਜਦੋਂ ਆਪਣੇ ਹੀ ਅਵਾਮ ਦਾ ਖ਼ੂਨ ਡੋਲ੍ਹਦੀ ਹੈ ਤਾਂ ਬਗ਼ਾਵਤ ਦੀ ਜਵਾਲਾ ਹੋਰ ਭਖ ਜਾਂਦੀ ਹੈ। ਬੇਇਨਸਾਫ਼ੀਆਂ/ਸਿਤਮਜ਼ਰੀਫ਼ੀਆਂ ਦਾ ਸਤਾਇਆ ਬਦਲਾਖੋਰੀ ਦੀ ਭੱਠੀ ਵਿਚ ਤਪਦਾ ਹੈ। ਸਿਤਮ ਢਾਹੁਣ ਵਾਲਿਆਂ ਦੇ ਬਾਲੇ ਭਾਂਬੜ ਦਾ ਸੇਕ ਆਖ਼ਰ ਉਨ੍ਹਾਂ ਦੇ ਘਰ ਮੋੜਵੀਂ ਭਾਜੀ ਵਾਂਗ ਵਾਪਸ ਆ ਜਾਂਦਾ ਹੈ।

ਜਨਰਲ ਡਾਇਰ ਦੀ ਵੱਡ ਆਕਾਰੀ ਪੁਸਤਕ, ‘ਬਲੋਚਿਸਤਾਨ ਦੇ ਸਰਹੱਦੀ ਛਾਪਾਮਾਰ’ ਵਿਚ ਬਲੋਚਾਂ ਦੀ ਅਜਿਹੀ ਫਿਤਰਤ ਬਾਰੇ ਤਫ਼ਸੀਲ ’ਚ ਲਿਖਿਆ ਮਿਲਦਾ ਹੈ। ਜਨਰਲ ਡਾਇਰ ਨੇ ਲਿਖਿਆ ਹੈ ਕਿ ਖ਼ਾਨਾਬਦੋਸ਼ ਬਲੋਚ ਭਾਵੇਂ ਕਈ ਸਦੀਆਂ ਤੋਂ ਆਪਣੀ ਹੋਂਦ ਤੇ ਪਛਾਣ ਦੀ ਲੜਾਈ ਲੜਦੇ ਰਹੇ ਹਨ ਪਰ ਬਰਤਾਨਵੀ ਸਾਮਰਾਜ ਵੇਲੇ ਇਨ੍ਹਾਂ ਵੱਲੋਂ ਮਾਰੇ ਜਾਂਦੇ ਧਾੜਿਆਂ ਤੋਂ ਪਤਾ ਚੱਲਦਾ ਹੈ ਕਿ ਬਗ਼ਾਵਤ ਉਨ੍ਹਾਂ ਦੇ ਖ਼ੂਨ ਵਿਚ ਰਚੀ ਹੋਈ ਹੈ। ਜਦੋਂ ਈਸਟ ਇੰਡੀਆ ਕੰਪਨੀ ਨੇ ਪੰਜਾਬ ’ਤੇ ਅਜੇ ਕਬਜ਼ਾ ਨਹੀਂ ਸੀ ਜਮਾਇਆ ਤਾਂ ਇਸ ਨੇ ਰੂਸੀ ਸਾਮਰਾਜ ਵੱਲੋਂ ਅਫ਼ਗਾਨਿਸਤਾਨ ਵੱਲ ਵਧਾਏ ਜਾ ਰਹੇ ਕਦਮਾਂ ਨੂੰ ਰੋਕਣ ਲਈ ਬਲੋਚ ਕਬਾਇਲੀਆਂ ਦੀ ਇਮਦਾਦ ਲੈਣ ਦੀ ਕੋਸ਼ਿਸ਼ ਕੀਤੀ ਸੀ।

ਗੋਰੇ ਚਾਹੁੰਦੇ ਸਨ ਕਿ ਰੂਸ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਅਫ਼ਗਾਨਿਸਤਾਨ ਤੇ ਬਲੋਚਿਸਤਾਨ ‘ਬਫਰ ਜ਼ੋਨ’ ਬਣ ਜਾਵੇ। ਅਜਿਹੀ ਕੋਸ਼ਿਸ਼ ਕਰਦਿਆਂ 1839 ਵਿਚ ਜਦੋਂ ਬਲੋਚਾਂ ਨੇ ਗੋਰਿਆਂ ਦੀ ਸੈਨਾ ’ਤੇ ਹਮਲਾ ਕਰ ਦਿੱਤਾ ਤਾਂ ਉਹ ਇਕ-ਦੂਜੇ ਦੇ ਕੱਟੜ ਦੁਸ਼ਮਣ ਬਣ ਗਏ ਸਨ। ਇਸ ਤੋਂ ਬਾਅਦ ਪਹਿਲੀ ਤੇ ਦੂਜੀ ਵਿਸ਼ਵ ਜੰਗ ਵੇਲੇ ਜਦੋਂ ਵੱਖੋ-ਵੱਖਰੀਆਂ ਕੌਮਾਂ ਦੇ ਲੋਕ ਬ੍ਰਿਟਿਸ਼ ਆਰਮੀ ਵਿਚ ਭਰਤੀ ਹੋ ਰਹੇ ਸਨ ਤਾਂ ਬਲੋਚਾਂ ਨੇ ਭਰਤੀ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਉਸ ਵੇਲੇ ਪੂਰਾ ਵਿਸ਼ਵ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ ਤੇ ਬਲੋਚ ਨਹੀਂ ਸਨ ਚਾਹੁੰਦੇ ਕਿ ਉਹ ਖ਼ਿਲਾਫ਼ਤ ਲਹਿਰ ਦਾ ਮੁੱਢ ਬੰਨ੍ਹਣ ਵੇਲੇ ਦੇਸ਼ ਖ਼ਿਲਾਫ਼ ਬ੍ਰਿਟਿਸ਼ ਸਰਕਾਰ ਵੱਲੋਂ ਜੰਗ ਲੜਨ। ਇਸ ਤੋਂ ਇਲਾਵਾ ਕਈ ਹੋਰ ਮੁੱਦੇ ਸਨ ਜਿਨ੍ਹਾਂ ਕਰ ਕੇ ਬ੍ਰਿਟਿਸ਼ ਸਰਕਾਰ ਬਲੋਚਾਂ ਖ਼ਿਲਾਫ਼ ਫ਼ੈਸਲੇ ਲੈਂਦੀ ਰਹੀ। ਹਿੰਦੁਸਤਾਨ ਦੀ ਤਕਸੀਮ ਵੇਲੇ ਵੀ ਬਲੋਚਾਂ ਨੂੰ ਆਜ਼ਾਦੀ ਦਾ ਨਿੱਘ ਨਾ ਮਿਲਿਆ।

ਬਲੋਚਾਂ ਨੇ ਮੁਗ਼ਲ ਸਾਮਰਾਜ ਵੇਲੇ ਲਗਪਗ ਇਕ ਸਦੀ ਖ਼ੁਦਮੁਖਤਾਰੀ ਦਾ ਨਿੱਘ ਮਾਣਿਆ ਸੀ। ਇਹ ਉਨ੍ਹਾਂ ਦੇ ਅਰੂਜ਼ (ਚੜ੍ਹਤ) ਦਾ ਸਮਾਂ ਸੀ। ਔਰੰਗਜ਼ੇਬ ਨੇ ਲੋਧੀਆਂ ਸਣੇ ਆਪਣੇ ਦੁਸ਼ਮਣਾਂ ਨੂੰ ਚਿੱਤ ਕਰਨ ਲਈ ਬਲੋਚਾਂ ਦੀ ਮਦਦ ਲਈ ਸੀ। ਔਰੰਗਜ਼ੇਬ ਜਦੋਂ ਦੱਖਣ ਦੀਆਂ ਸੈਨਿਕ ਮੁਹਿੰਮਾਂ ਵਿਚ ਮਸਰੂਫ਼ ਹੋ ਗਿਆ ਸੀ ਤਾਂ ਉਸ ਦੀ ਰੁਚੀ ਕਲਾਤ ਤੇ ਇਸ ਦੇ ਆਸਪਾਸ ਦੇ ਖੇਤਰਾਂ ਵਿਚ ਨਾ ਰਹੀ। ਉੱਚੀਆਂ ਪਹਾੜੀਆਂ ਨਾਲ ਘਿਰੇ ਖੇਤਰਾਂ ਵਿਚ ਆਪਣਾ ਸਾਮਰਾਜ ਵਧਾਉਣ ਦੀ ਬਜਾਏ ਉਹ ਦੱਖਣੀ ਭਾਰਤ ਵੱਲ ਤਵੱਜੋ ਦੇ ਰਿਹਾ ਸੀ। ਇਸ ਸਮੇਂ ਬਲੋਚਾਂ ਨੇ ਆਜ਼ਾਦੀ ਵੇਲੇ ਖ਼ੁਦਮੁਖਤਾਰੀ ਦਾ ਰੱਜ ਕੇ ਨਿੱਘ ਮਾਣਿਆ। ਇਸ ਤੋਂ ਬਾਅਦ ਬਲੋਚਾਂ ਦੀ ਖ਼ੁਦਮੁਖਤਾਰੀ ਖੁੱਸਣੀ ਸ਼ੁਰੂ ਹੋ ਗਈ। ਇਸ ਦੇ ਬਾਵਜੂਦ ਉਹ ਅੱਜ ਵੀ ਖ਼ੁਦ ਨੂੰ ਆਜ਼ਾਦ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੇ ਸੁਪਨਿਆਂ ਵਿਚ ਅੱਜ ਵੀ ਕਰਬਲਾ, ਬੰਬੂਰ ਅਤੇ ਉਹ ਸਾਰੇ ਖੇਤਰ ਆਉਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਮਜਬੂਰਨ ਕੂਚ ਕਰ ਕੇ ਸੀਸਤਾਨ ਪੁੱਜਣਾ ਪਿਆ ਸੀ।

ਬਲੋਚਿਸਤਾਨ ਖਣਿਜ ਪਦਾਰਥਾਂ ਨਾਲ ਭਰਪੂਰ ਖੇਤਰ ਹੈ। ਪਾਕਿਸਤਾਨ ਦਾ 45 ਫ਼ੀਸਦੀ ਹਿੱਸਾ ਬਲੋਚਿਸਤਾਨ ਵਿਚ ਆਉਂਦਾ ਹੈ। ਕੁਦਰਤੀ ਗੈਸ ਦੇ ਵੱਡੇ ਸਰੋਤ ’ਤੇ ਪਾਕਿਸਤਾਨ ਅਤੇ ਚੀਨ ਦੀ ਅੱਖ ਹਮੇਸ਼ਾ ਰਹੀ ਹੈ। ਬਲੋਚਿਸਤਾਨ ਵਿਚ ਜਦੋਂ ਵੀ ਅੱਗ ਭੜਕਦੀ ਹੈ ਤਾਂ ਚੀਨ ਇਸ ਦੀ ਪਿੱਠ ’ਤੇ ਆ ਜਾਂਦਾ ਹੈ। ਚੀਨ ਨੇ ਵਪਾਰਕ ਕੌਰੀਡੋਰ ਸਣੇ ਕਈ ਪ੍ਰਾਜੈਕਟਾਂ ’ਤੇ ਅਰਬਾਂ ਰੁਪਏ ਨਿਵੇਸ਼ ਕੀਤੇ ਹਨ। ਬਲੋਚਿਸਤਾਨ ਵਿਚ ਅੱਗ ਭੜਕਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਸੇਕ ਚੀਨ ਨੂੰ ਲੱਗਦਾ ਹੈ। ਹਾਲਾਤ ਤੋਂ ਲੱਗਦਾ ਹੈ ਕਿ ਆਪਣੇ ਹੱਕ-ਹਕੂਕਾਂ ਲਈ ਲੜਨ ਵਾਲੇ ਬਲੋਚ ਖਾੜਕੂ ਆਜ਼ਾਦੀ ਦੀ ਜੰਗ ਲੜਨ ਤੋਂ ਕਦੇ ਪਿੱਛੇ ਨਹੀਂ ਹਟਣਗੇ ਭਾਵੇਂ ਇਸ ਲਈ ਉਨ੍ਹਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ।

ਬਲੋਚ ਅਣਖ ਖ਼ਾਤਰ ਮਰ ਮਿਟਣ ਵਾਲੀ ਕੌਮ ਹੈ। ਔਰਤਾਂ ਦੀ ਅਜ਼ਮਤ ਉਨ੍ਹਾਂ ਲਈ ਸਭ ਤੋਂ ਉੱਪਰ ਹੈ। ਅਣਖ ਖ਼ਾਤਰ ਹੋਏ ਕਤਲ ਸਭ ਤੋਂ ਵੱਧ ਇਸੇ ਖਿੱਤੇ ਵਿਚ ਹੋਏ ਹਨ। ਸੰਨ 1973 ’ਚ ਜਨਮੀ ਇਕ ਬਲੋਚ ਔਰਤ ਡਾ. ਸ਼ਾਜ਼ੀਆ ਦੀ ਸੰਨ 2005 ਵਿਚ ਪਾਕਿਸਤਾਨ ਦੇ ਕੈਪਟਨ ਨੇ ਕਈ ਦਿਨਾਂ ਤੱਕ ਅਜ਼ਮਤ ਲੁੱਟੀ ਤਾਂ ਇਸ ਨਾਲ ਬਲੋਚਾਂ ਦਾ ਖ਼ੂਨ ਉੱਬਲ ਗਿਆ ਸੀ। ਇਹ ਘਟਨਾ ਸੂਈ ਗੈਸ ਖੇਤਰ ਦੀ ਹੈ ਜਿੱਥੇ ਡਾ. ਸ਼ਾਜ਼ੀਆ ਸੇਵਾ ਨਿਭਾ ਰਹੀ ਸੀ। ਪੀੜਤ ਨੂੰ ਇਨਸਾਫ਼ ਦੇਣ ਦੀ ਬਜਾਏ ਪਾਕਿਸਤਾਨ ਫ਼ੌਜ ਨੇ ਬਲੋਚਾਂ ਖ਼ਿਲਾਫ਼ ਦਮਨਚੱਕਰ ਜਾਰੀ ਰੱਖਿਆ। ਡਾ. ਸ਼ਾਜ਼ੀਆ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਗਈ। ਉਨ੍ਹਾਂ ਨੂੰ ਮਜਬੂਰਨ ਪਾਕਿਸਤਾਨ ਛੱਡ ਕੇ ਲੰਡਨ ਭੱਜਣਾ ਪਿਆ ਸੀ।

ਇਸ ਤੋਂ ਇਲਾਵਾ ਅਣਗਿਣਤ ਬਲੋਚ ਬੱਚੇ-ਬੱਚੀਆਂ ਤੇ ਨੌਜਵਾਨ ਲਾਪਤਾ ਹਨ। ਪਾਕਿਸਤਾਨ ਸਰਕਾਰ ਬਲੋਚਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਦੀ ਨਸਲਕੁਸ਼ੀ ’ਤੇ ਉਤਰੀ ਹੋਈ ਹੈ। ਇਹੀ ਕਾਰਨ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਤੇ ਕਈ ਹੋਰ ਬਲੋਚੀ ਤਨਜ਼ੀਮਾਂ ਪਾਕਿਸਤਾਨ ਦੀ ਸਰਕਾਰ ਨਾਲ ਲਗਾਤਾਰ ਲੜ ਰਹੀਆਂ ਹਨ। ਜ਼ਾਫ਼ਰ ਐਕਸਪ੍ਰੈੱਸ ਨੂੰ ਅਗਵਾ ਕਰ ਕੇ ਖ਼ੂਨ ਦੀ ਖੇਡੀ ਗਈ ਹੋਲੀ ਨੂੰ ਇਸੇ ਰੋਸ਼ਨੀ ਵਿਚ ਵੇਖਣ ਦੀ ਲੋੜ ਹੈ।