ਬੋਲ-ਕੁਬੋਲ ਨੇ ਭਖਾਈ ਸਿਆਸਤ ( ਪੰਜਾਬੀ ਜਾਗਰਣ –– 9th March, 2025)
ਵਰਿੰਦਰ ਵਾਲੀਆ
ਆਜ਼ਮਗੜ੍ਹ (ਮਹਾਰਾਸ਼ਟਰ) ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਅਸੀਮ ਆਜ਼ਮੀ ਨੇ ਕੁਰਖ਼ਤ ਮੁਗ਼ਲ ਸਮਰਾਟ ਔਰੰਗਜ਼ੇਬ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਵੱਡੀ ਮੁਸੀਬਤ ਸਹੇੜ ਲਈ ਹੈ। ਇਸ ਵਿਵਾਦ ਦੀ ਪਿੱਠਭੂਮੀ ਵਿਚ ਛਤਰਪਤੀ ਸ਼ਿਵਾਜੀ ਦੇ ਜੇਠੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ’ਤੇ ਬਣੀ ਫਿਲਮ ‘ਛਾਵਾ’ ਹੈ ਜਿਸ ਵਿਚ ਔਰੰਗਜ਼ੇਬ ਨੂੰ ਤਅੱਸਬੀ ਅਤੇ ਗ਼ੈਰ-ਮੁਸਲਮਾਨਾਂ ਦਾ ਹਤਿਆਰਾ ਦਰਸਾਇਆ ਗਿਆ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਜ਼ਮੀ ਨੇ ਜਦੋਂ ਸਮੇਂ ਦੇ ਖਲਨਾਇਕ ਨੂੰ ਨਾਇਕ ਕਹਿ ਦਿੱਤਾ ਤਾਂ ਇਸ ਨੇ ਮੀਡੀਆ ਦੀਆਂ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ।

‘ਤੋਲ ਮੋਲ ਕੇ ਬੋਲ’ ਦੀ ਲੋਕ ਸਿਆਣਪ ਭੁੱਲੇ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਔਰੰਗਜ਼ੇਬ ਨੂੰ ‘ਕੁਸ਼ਲ ਸ਼ਾਸਕ’ ਕਹਿ ਕੇ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਫਿਸਲੀ ਜ਼ੁਬਾਨ ’ਚੋਂ ਨਿਕਲੇ ਬੋਲ ਜੰਗਲ ਦੀ ਅੱਗ ਤੋਂ ਵੱਧ ਤੇਜ਼ੀ ਨਾਲ ਫੈਲ ਗਏ। ‘ਔਰੰਗਜ਼ੇਬ ਦੇ ਰਾਜ ਸਮੇਂ ਭਾਰਤ ਸੋਨੇ ਦੀ ਚਿੜੀ’ ਸੀ’ ਵਰਗੀ ਪ੍ਰਸ਼ੰਸਾ ਨਾਲ ਚਾਰ-ਚੁਫੇਰੇ ਗੁੱਸੇ ਦੀ ਲਹਿਰ ਦੌੜ ਗਈ ਹੈ। ਗ਼ੈਰ-ਮੁਸਲਮਾਨਾਂ ਨੂੰ ਕਾਫ਼ਰ ਸਮਝਣ ਵਾਲੇ ਔਰੰਗਜ਼ੇਬ ਨੂੰ ਧਰਮ-ਨਿਰਪੱਖ ਕਹਿਣ ਵਾਲੇ ਆਜ਼ਮ ਨੂੰ ਭਾਵੇਂ ਉਸ ਦੀ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ, ਫਿਰ ਵੀ ਲੋਕਾਂ ਦੇ ਮਨਾਂ ਵਿਚ ਉੱਠਿਆ ਰੋਹ ਸ਼ਾਂਤ ਨਹੀਂ ਹੋ ਰਿਹਾ।
ਭਾਰਤੀ ਜਨਤਾ ਪਾਰਟੀ ਅਤੇ ਕਈ ਹੋਰ ਸਿਆਸੀ ਜਮਾਤਾਂ ਦੇ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਉਹ ਔਰੰਗਜ਼ੇਬ ਦੀ ਕਬਰ ਪੁੱਟ ਕੇ ਉਸ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਜ਼ਮ ਨੂੰ ਲਲਕਾਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਸੂਬੇ ਵਿਚ ਆ ਕੇ ਅਜਿਹਾ ਬਿਆਨ ਦੇ ਕੇ ਦਿਖਾਏ। ‘ਜੇਹੀ ਰੂਹ ਤੇਹੇ ਫ਼ਰਿਸ਼ਤੇ’ ਦਾ ਅਖਾਣ ਆਜ਼ਮੀ ’ਤੇ ਢੁੱਕਦਾ ਹੈ। ਉਸ ਨੇ ਭਖਦੇ ਅੰਗਾਰ ਬਾਰੂਦ ਦੇ ਢੇਰ ਵਿਚ ਰੱਖਣ ਦੀ ਹਿਮਾਕਤ ਕੀਤੀ ਹੈ। ਔਰੰਗਜ਼ੇਬ ਦਾ ਰਾਜ-ਕਾਲ ਦਰਅਸਲ ਤਵਾਰੀਖ਼ ਦਾ ਕਾਲਾ ਪੰਨਾ ਸੀ। ਉਸ ਨੇ ਹਿੰਦੂ, ਸਿੱਖਾਂ, ਮਰਾਠਿਆਂ ਆਦਿ ਹੀ ਨਹੀਂ ਸਗੋਂ ਆਪਣੇ ਖ਼ੂਨ ਦੇ ਨਾਤੇਦਾਰਾਂ ਦੇ ਖ਼ੂਨ ਨਾਲ ਹੋਲੀ ਵੀ ਖੇਡੀ ਸੀ। ‘ਹਿੰਦ ਦੀ ਚਾਦਰ’ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਸਣੇ ਅਨੇਕਾਂ ਦਰਵੇਸ਼ਾਂ ਨੂੰ ਉਸ ਨੇ ਸ਼ਹੀਦ ਕਰਵਾਇਆ ਸੀ।
ਸਿੱਖ ਪੰਥ ਦੀ ਅਰਦਾਸ ਵਿਚ ਇਸ ਸਮੇਂ ਦਾ ਜ਼ਿਕਰ ਆਉਂਦਾ ਹੈ। ਉਸ ਦੇ ਰਾਜ ਵਿਚ ਪੁੱਠੀਆਂ ਖੱਲਾਂ ਲਾਹੀਆਂ ਗਈਆਂ, ਧਰਮ ’ਤੇ ਟਿਕੇ ਰਹਿਣ ਵਾਲਿਆਂ ਨੂੰ ਆਰਿਆਂ ਨਾਲ ਚਿਣਵਾਇਆ ਗਿਆ ਤੇ ਉੱਬਲਦੀਆਂ ਦੇਗਾਂ ਵਿਚ ਉਬਾਲਿਆ ਗਿਆ। ਦਸਮੇਸ਼ ਪਿਤਾ ਦੇ ਸਰਬੰਸ ਨੇ ਸ਼ਹਾਦਤਾਂ ਦਿੱਤੀਆਂ। ਸਿੱਖੀ ਕੇਸ ਸਵਾਸਾਂ ਨਾਲ ਨਿਭਾਉਣ ਦੇ ਅੰਗਾਂ ਦੀਆਂ ਪੋਰੀਆਂ ਕੀਤੀਆਂ ਗਈਆਂ। ਸਿਦਕੀਆਂ ਦੇ ਸਿਰਾਂ ਨੂੰ ਨੇਜ਼ਿਆਂ ’ਤੇ ਟੰਗਿਆ ਗਿਆ। ਮਰਾਠਿਆਂ ’ਤੇ ਵੀ ਉਸ ਨੇ ਅੰਤਾਂ ਦਾ ਜ਼ੁਲਮ ਕੀਤਾ ਜਿਸ ਨੂੰ ਪੜ੍ਹ-ਸੁਣ ਕੇ ਰੂਹ ਕੰਬ ਜਾਂਦੀ ਹੈ। ਅਜਿਹੇ ਅੱਤਿਆਚਾਰੀ ਰਾਜੇ ਨੂੰ ਸਮੇਂ ਦਾ ਨਾਇਕ ਕਹਿਣ ਪਿੱਛੇ ਉਹ ਕੱਟੜਤਾ ਬੋਲਦੀ ਹੈ ਜਿਸ ਦੀ ਜੜ੍ਹ ਕਦੇ ਨਹੀਂ ਸੁੱਕਦੀ।
ਅਜਿਹੇ ਵਿਵਾਦਤ ਬਿਆਨ ਦੇ ਕੇ ਆਜ਼ਮੀ ਨੂੰ ਭਾਵੇਂ ਚਾਰ ਵੋਟਾਂ ਵੱਧ ਮਿਲ ਜਾਣਗੀਆਂ ਪਰ ਇਸ ਨੇ ਮੁਸਲਮਾਨ ਭਾਈਚਾਰੇ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਜਿਹੀ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਨਾਲ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਤਾਕਤ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਅਨਸਰਾਂ ਬਾਰੇ ਬਸ ਇਹੀ ਕਿਹਾ ਜਾ ਸਕਦਾ ਹੈ ਕਿ ‘ਤੁੰਮੇ ਦਾ ਤਰਬੂਜ਼ ਨਹੀਂ ਬਣਦਾ, ਭਾਵੇਂ ਲੈ ਮੱਕੇ ਜਾਈਏ।’ ਪ੍ਰਦੂਸ਼ਤ ਮਾਨਸਿਕਤਾ ਸਭ ਤੋਂ ਵੱਧ ਆਪਣੇ ਭਾਈਚਾਰੇ ਦਾ ਨੁਕਸਾਨ ਕਰਦੀ ਹੈ। ਅਜਿਹੀ ਹਿਮਾਕਤ ਸੁੱਤੀਆਂ ਕਲਾਂ ਜਗਾਉਣ ਵਾਲੀ ਹੁੰਦੀ ਹੈ।
ਹੁਣ ਕਰੂਰ ਮੁਗ਼ਲ ਸ਼ਾਸਕਾਂ ਦੇ ਨਾਵਾਂ ’ਤੇ ਬਣੇ ਨਗਰ, ਇਮਾਰਤਾਂ ਤੇ ਸੜਕਾਂ ਦੇ ਨਾਂ ਬਦਲਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਇਤਿਹਾਸ ਨੂੰ ਨਵੇਂ ਸਿਰਿਓਂ ਲਿਖਣ ਦੇ ਵੀ ਸੁਰ ਅਲਾਪੇ ਜਾ ਰਹੇ ਹਨ। ਔਰੰਗਜ਼ੇਬ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਦਾਸਤਾਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਦਾ ਖ਼ੂਨ ਉਬਾਲ ਰਹੀ ਹੈ। ਮਜ਼ਲੂਮਾਂ ਦੇ ਕਲਮ ਕੀਤੇ ਗਏ ਸਿਰਾਂ ਨੂੰ ਔਰੰਗਜ਼ੇਬਾਂ ਨੇ ਆਪਣੇ ਸਿੰਘਾਸਣ ਦੇ ਪਾਵਿਆਂ ਵਾਂਗ ਵਰਤਿਆ ਸੀ। ਉਸ ਦੇ ਬਾਪ ਸ਼ਾਹ ਜਹਾਨ ਨੇ ਕਿਹਾ ਸੀ ਕਿ ਅੱਲ੍ਹਾ ਔਰੰਗਜ਼ੇਬ ਵਰਗਾ ਕੰਬਖਤ ਬੇਟਾ ਕਿਸੇ ਨੂੰ ਨਾ ਦੇਵੇ। ਕੈਦ ਕੀਤੇ ਬਾਪ ਨੂੰ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਦਾ ਕਲਮ ਕੀਤਾ ਸਿਰ ਤਸ਼ਤਰੀ ਵਿਚ ਪਾ ਕੇ ਤੋਹਫ਼ੇ ਦੇ ਤੌਰ ’ਤੇ ਭੇਜਿਆ ਸੀ।
ਦਾਰਾ ਸ਼ਿਕੋਹ ਨੂੰ ਸ਼ਾਹ ਜਹਾਨ ਨੇ ਆਪਣਾ ਜਾਨਸ਼ੀਨ ਐਲਾਨ ਕੇ ਔਰੰਗਜ਼ੇਬ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ ਸੀ। ਦਾਰਾ ਉਦਾਰਵਾਦੀ ਸੀ। ਸਾਰੇ ਧਰਮਾਂ ਦਾ ਆਦਰ-ਮਾਣ ਕਰਨ ਵਾਲੀ ਰੂਹ ਸੀ ਉਹ। ਉਸ ਨੇ ਉਪਨਿਸ਼ਦਾਂ ਤੇ ਹੋਰ ਗ਼ੈਰ-ਇਸਲਾਮਿਕ ਪ੍ਰਾਚੀਨ ਗ੍ਰੰਥਾਂ ਦਾ ਉਰਦੂ ਵਿਚ ਅਨੁਵਾਦ ਕਰਵਾਇਆ ਸੀ। ਜੰਗ ਵਿਚ ਹਰਾਉਣ ਤੋਂ ਬਾਅਦ ਦਾਰਾ ਸ਼ਿਕੋਹ ਨੂੰ ਜ਼ਲੀਲ ਕਰਨ ਲਈ ਬਿਨਾਂ ਹੌਦੀ ਵਾਲੇ ਨਿਰਬਲ ਹਾਥੀ ’ਤੇ ਬਿਠਾ ਕੇ ਆਗਰੇ ਦੇ ਬਾਜ਼ਾਰਾਂ ਵਿਚ ਘੁਮਾਇਆ ਗਿਆ। ਬਾਅਦ ਵਿਚ ਕਲਮ ਕੀਤੇ ਗਏ ਸਿਰ ਦਾ ਵੀ ਇੰਜ ਹੀ ਜਲੂਸ ਕੱਢਿਆ ਗਿਆ।
ਔਰੰਗਜ਼ੇਬ ਦੀ ਤਲਵਾਰ ਆਪਣੇ ਤੇ ਬਿਗਾਨੇ ਦਾ ਫ਼ਰਕ ਨਹੀਂ ਸੀ ਸਮਝਦੀ। ਸਿੰਘਾਸਣ ’ਤੇ ਬੈਠਣ ਤੋਂ ਪਹਿਲਾਂ ਤੇ ਬਾਅਦ ਉਸ ਨੇ ਅਣਗਿਣਤ ਲੋਕਾਂ ਦੇ ਲਹੂ ਨਾਲ ਆਪਣੇ ਹੱਥ ਰੰਗੇ ਸਨ। ਅਠਾਸੀ ਸਾਲ ਦੀ ਅਉਧ ਹੰਢਾਉਣ ਵਾਲੇ ਔਰੰਗਜ਼ੇਬ ਨੇ 49 ਸਾਲ ਰਾਜ ਕੀਤਾ। ਗੁਰੂ ਗੋਬਿੰਦ ਸਿੰਘ ਵੱਲੋਂ ਭੇਜੇ ਗਏ ‘ਜ਼ਫ਼ਰਨਾਮਾ’ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਰੂਹ ਕੰਬ ਉੱਠੀ ਸੀ। ਅੰਤਲੇ ਦਿਨਾਂ ਵਿਚ ਉਹ ਆਪਣੇ ਕੀਤੇ ’ਤੇ ਪਛਤਾ ਰਿਹਾ ਸੀ। ਉਹ ਕਿਸੇ ਨਾਲ ਦਿਲ ਫਰੋਲਣ ਤੋਂ ਵੀ ਤ੍ਰਹਿੰਦਾ ਸੀ।
ਆਖ਼ਰੀ ਸਮੇਂ ਤਨਹਾਈ ਨੇ ਉਸ ਨੂੰ ਬੁਰੀ ਤਰ੍ਹਾਂ ਘੇਰ ਲਿਆ ਸੀ। ਬੱਚਿਆਂ ਸਣੇ ਉਸ ਦੇ ਕਈ ਰਿਸ਼ਤੇਦਾਰ ਅੱਲ੍ਹਾ ਨੂੰ ਪਿਆਰੇ ਹੋ ਚੁੱਕੇ ਸਨ। ਉਸ ਦਾ ਇਕ ਵਿਦਰੋਹੀ ਬੇਟਾ ਅਕਬਰ ਮਰਾਠਿਆਂ ਨਾਲ ਜਾ ਰਲਿਆ ਸੀ। ਫਿਰ ਉਸ ਦਾ ਈਰਾਨ ਵਿਚ ਦੇਹਾਂਤ ਹੋ ਗਿਆ ਸੀ। ਇਕ ਬੇਟੀ, ਦਾਮਾਦ ਤੇ ਦੋ ਪੋਤਿਆਂ ਦੀ ਮੌਤ ਨੇ ਵੀ ਉਸ ਨੂੰ ਤੋੜ ਦਿੱਤਾ ਸੀ। ਜਿਉਂਦੇ ਪੁੱਤਰ ਔਰੰਗਜ਼ੇਬ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਸਨ। ਉਹ ਆਪਣਾ ਹੀ ਬੀਜਿਆ ਵੱਢ ਰਿਹਾ ਸੀ।
ਉਸ ਨੂੰ ਖ਼ਦਸ਼ਾ ਸੀ ਕਿ ਸ਼ਾਹ ਜਹਾਨ ਵਾਂਗ ਉਸ ਨੂੰ ਵੀ ਤਾਉਮਰ ਜੇਲ੍ਹ ਵਿਚ ਸੁੱਟਿਆ ਜਾ ਸਕਦਾ ਹੈ। ਇਸ ਤੋਂ ਬਚਣ ਲਈ ਉਸ ਨੇ ਸ਼ਹਿਜ਼ਾਦਾ ਆਜ਼ਮ ਨੂੰ ਗਵਰਨਰ ਬਣਾ ਕੇ ਮਾਲਵਾ ਜਾਣ ਦਾ ਆਦੇਸ਼ ਦਿੱਤਾ। ਚਲਾਕ ਸ਼ਹਿਜ਼ਾਦਾ ਰਾਹ ਵਿਚ ਰੁਕ-ਰੁਕ ਕੇ ਜਾ ਰਿਹਾ ਸੀ। ਦੂਜੇ ਸ਼ਹਿਜ਼ਾਦੇ ਸ਼ਾਹ ਆਲਮ ਨੂੰ ਆਗਰਾ ਵੱਲ ਕੂਚ ਕਰਨ ਦਾ ਆਦੇਸ਼ ਹੋਇਆ। ਮੰਜ਼ਿਲਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਦੋਨਾਂ ਸ਼ਹਿਜ਼ਾਦਿਆਂ ਦੀ ਜਜਾਊ ਵਿਖੇ ਖ਼ੂਨੀ ਜੰਗ ਹੋਈ। ਇਹ ਉਹ ਥਾਂ ਸੀ ਜਿੱਥੇ ਔਰੰਗਜ਼ੇਬ ਤੇ ਦਾਰਾ ਸ਼ਿਕੋਹ ਦੀਆਂ ਸੈਨਾਵਾਂ ਵਿਚ ਭੇੜ ਹੋਇਆ ਸੀ।
ਇਤਿਹਾਸ ਨੇ ਖ਼ੁਦ ਨੂੰ ਦੁਹਰਾਇਆ ਸੀ। ਤਿੰਨ ਮਾਰਚ 1707 ਨੂੰ ਤਸਬੀ ਦੇ ਮਣਕੇ ਗਿਣ ਰਿਹਾ ਔਰੰਗਜ਼ੇਬ ਅੱਲ੍ਹਾ ਨੂੰ ਪਿਆਰਾ ਹੋ ਚੁੱਕਾ ਸੀ। ਸ਼ਹਿਜ਼ਾਦਿਆਂ ਦੀ ਖ਼ੂਨੀ ਜੰਗ ਵਿਚ ਭਰਾ ਕੋਲੋਂ ਹਾਰੇ ਆਜ਼ਮ ਨੇ ਕਟਾਰ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਤਖ਼ਤ-ਏ-ਤਾਊਸ ਖ਼ੂਨ ਨਾਲ ਰੰਗਿਆ ਜਾ ਚੁੱਕਾ ਸੀ। ਸ਼ਕਤੀਸ਼ਾਲੀ ਮੁਗ਼ਲ ਸਮਰਾਟ ਔਰੰਗਜ਼ੇਬ ਦੇ ਉਤਰਾਧਿਕਾਰੀਆਂ ਕੋਲੋਂ ਔਰੰਗਜ਼ੇਬ ਦੀ ਮਨਹੂਸ ਵਿਰਾਸਤ ਸੰਭਾਲੀ ਨਾ ਗਈ। ਵਸੀਅਤ ਮੁਤਾਬਕ ਭੈਣ ਜਹਾਂ ਆਰਾ ਦੀ ਕਬਰ ਵਾਂਗ ਔਰੰਗਜ਼ੇਬ ਦੀ ਕਬਰ ਵੀ ਪੱਕੀ ਨਾ ਕੀਤੀ ਗਈ ਤਾਂ ਜੋ ਉਸ ’ਤੇ ਫੁੱਲ ਖਿੜ ਸਕਣ। ਆਖ਼ਰੀ ਇੱਛਾ ਅਨੁਸਾਰ ਤਾਬੂਤ ਤੋਂ ਬਗ਼ੈਰ ਉਸ ਨੂੰ ਕਬਰ ਵਿਚ ਦਫ਼ਨਾਇਆ ਗਿਆ। ਹੁਣ ਅਬੂ ਆਜ਼ਮੀ ਦੇ ਕੁਬੋਲਾਂ ਕਾਰਨ ਇਸ ਕਬਰ ਨੂੰ ਵੀ ਪੁੱਟਣ ਦੀ ਬਿਆਨਬਾਜ਼ੀ ਹੋ ਰਹੀ ਹੈ।
ਆਪਣੇ ਆਖ਼ਰੀ ਦਿਨਾਂ ਵਿਚ ਲਿਖੇ ਖ਼ਤਾਂ ਵਿਚ ਔਰੰਗਜ਼ੇਬ ਨੇ ਸਾਰੇ ਗੁਨਾਹ ਕਬੂਲ ਲਏ ਸਨ। ਉਸ ਨੇ ਸਪਸ਼ਟ ਲਿਖਿਆ ਸੀ ਕਿ ਏਨੇ ਗੁਨਾਹ ਕਰਨ ਤੋਂ ਬਾਅਦ ਉਹ ਖ਼ੁਦਾ ਦਾ ਕਿਵੇਂ ਸਾਹਮਣਾ ਕਰੇਗਾ! ਗੁਨਾਹਾਂ ਦੇ ਬੋਝ ਹੇਠ ਕਬਰ ਵਿਚ ਪਏ ਔਰੰਗਜ਼ੇਬ ਨੂੰ ਜੇ ਕੋਈ ਮਹਾਨ ਸਮਰਾਟ ਕਹੇ ਤਾਂ ਪੀੜਤਾਂ ਦੇ ਵਾਰਸਾਂ ਨੂੰ ਜ਼ਰੂਰ ਚੁਭੇਗਾ। ਆਜ਼ਮੀ ਨੇ ਹੁਣ ਦਾਅਵਾ ਕੀਤਾ ਹੈ ਕਿ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਛਤਰਪਤੀ ਸ਼ਿਵਾਜੀ ਮਰਾਠਾ ਤੇ ਉਨ੍ਹਾਂ ਦੇ ਵਾਰਸਾਂ ਦਾ ਸਨਮਾਨ ਕਰਦਾ ਹੈ। ਇਸ ਦੇ ਬਾਵਜੂਦ ਛਤਰਪਤੀ ਦੇ ਨਾਮਲੇਵਾ ਉਸ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਹਨ। ਜ਼ੁਬਾਨ ’ਚੋਂ ਨਿਕਲੇ ਬੋਲ-ਕੁਬੋਲ ਕਮਾਨ ’ਚੋਂ ਨਿਕਲੇ ਤੀਰਾਂ ਵਾਂਗ ਹੁੰਦੇ ਹਨ ਜੋ ਕਦੇ ਵਾਪਸ ਨਹੀਂ ਪਰਤਦੇ।