VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸ਼ਤਾਬਦੀ ਵਰ੍ਹੇ ਉੱਠ ਰਹੇ ਵਾਵਰੋਲੇ ( ਪੰਜਾਬੀ ਜਾਗਰਣ –– 8th March, 2025)

ਵਰਿੰਦਰ ਵਾਲੀਆ

ਲਾਸਾਨੀ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਵਰ੍ਹੇ ਵਿਚ ਅਸਲੋਂ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਦੀ ਛੁੱਟੀ ਕਰ ਕੇ ‘ਅੜੇ ਸੋ ਝੜੇ’ ਦਾ ਸੁਨੇਹਾ ਦਿੱਤਾ ਹੈ। ਇਸ ਨਾਲ ਗੁਰਧਾਮਾਂ ਨੂੰ ਭ੍ਰਿਸ਼ਟਾਚਾਰੀ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਵਾਲੀ ਸੰਸਥਾ ਨੇ ਸ੍ਰੀ ਅਕਾਲ ਤਖ਼ਤ ਨਾਲ ਸਿੱਧਾ ਮੱਥਾ ਲਾਇਆ ਹੈ। ਮਰਿਆਦਾ ਦੀ ਪਰਿਭਾਸ਼ਾ ਨਵੇਂ ਸਿਰਿਓਂ ਉਲੀਕਣ ਲਈ ਪਾਣੀ ਵਿਚ ਮਧਾਣੀ ਪਾਈ ਗਈ ਹੈ। ਸਦੀਆਂ ਪੁਰਾਣੀ ਮਰਿਆਦਾ ਦਾ ਮਾਣ ਕਿਸ ਨੇ ਕੀਤਾ ਤੇ ਘਾਣ ਕੌਣ ਕਰ ਰਿਹਾ ਹੈ, ਇਸ ’ਤੇ ਨਾ ਮੁੱਕਣ ਵਾਲਾ ਬਹਿਸ-ਮੁਬਾਹਸਾ ਹੋ ਰਿਹਾ ਹੈ।

ਵੱਡੇ ਪੰਥਿਕ ਖੋਰੇ ਦੀ ਮਾਰ ਝੇਲ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਨੇ ਬ੍ਰਹਮਅਸਤਰ ਚਲਾ ਕੇ 26 ਦਿਨਾਂ ਵਿਚ ਤਿੰਨ ਜਥੇਦਾਰਾਂ ਨੂੰ ਅਹੁਦਿਆਂ ਨੂੰ ਫ਼ਾਰਗ ਕੀਤਾ ਹੈ। ‘ਬੱਦਲ ਹਮੇਸ਼ਾ ਨੀਵਾਂ ਹੋ ਕੇ ਹੀ ਵਰ੍ਹਦਾ ਹੈ’, ਅਖਾਣ ਤੋਂ ਧੜਿਆਂ ਵਿਚ ਵੰਡੇ ਗਏ ਪੰਥਿਕ ਨੇਤਾਵਾਂ ਨੇ ਕੁਝ ਨਹੀਂ ਸਿੱਖਿਆ ਜਾਪਦਾ। ਹਰ ਕਿਸੇ ਦੀ ਹਊਮੈ ਸੱਤਵੇਂ ਅਸਮਾਨ ’ਤੇ ਚੜ੍ਹ ਕੇ ਗਰਜ ਰਹੀ ਹੈ। ਚਿੱਕੜ-ਉਛਾਲੀ ਕਰ ਕੇ ਇਕ-ਦੂਜੇ ਨੂੰ ਲਬੇੜਨ ਦੇ ਯਤਨ ਕੀਤੇ ਜਾ ਰਹੇ ਹਨ। ਖਾਨਾਜੰਗੀ ਵਿਚ ਰੁਤਬਿਆਂ ਦਾ ਵੀ ਕੋਈ ਲਿਹਾਜ਼ ਨਹੀਂ ਰੱਖਿਆ ਜਾ ਰਿਹਾ। ਵੱਡੇ ਰੁਤਬਿਆਂ ਵਾਲਿਆਂ ਦੀ ਵੀ ਪੱਤ ਰੋਲੀ ਜਾ ਰਹੀ ਹੈ। ਸਾਬਤ-ਕਦਮੀਂ ਤੁਰੇ ਜਾਂਦਿਆਂ ਨੂੰ ਠਿੱਬੀਆਂ ਮਾਰ ਕੇ ਮੂਧੇ ਮੂੰਹ ਸੁੱਟਣ ਦੀ ਹਿਮਾਕਤ ਹੋ ਰਹੀ ਹੈ। ਕਿਰਦਾਰਕੁਸ਼ੀ ਲਈ ਪੋਤੜਿਆਂ ਤੱਕ ਫਰੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ।

ਅਜਿਹਾ ਵਰਤਾਰਾ ਅਮੀਰ ਵਿਰਸੇ ਤੇ ਰਵਾਇਤਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਕੁੱਕੜ-ਖੇਹ ਨਾਲ ਸਿਰ ਅੱਟੇ ਜਾ ਰਹੇ ਹਨ। ਸਾਬਕਾ ਹੋ ਚੁੱਕੇ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੇ ਬੜ੍ਹਕ ਮਾਰੀ ਸੀ ਕਿ ਉਨ੍ਹਾਂ ਦੇ ਕੱਪੜੇ ਬੈਗ ਵਿਚ ਪਾਏ ਹੋਏ ਹਨ। ਇਸ ਜੁਰਅਤ ਕਰਕੇ ਕਣਕ ਨਾਲ ਘੁਣ ਵੀ ਪਿਸਿਆ ਗਿਆ ਤੇ ਗਿਆਨੀ ਸੁਲਤਾਨ ਸਿੰਘ, ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਨੂੰ ਵੀ ‘ਸੇਵਾ ਮੁਕਤ’ ਕਰ ਦਿੱਤਾ ਗਿਆ। ‘ਏਨੀ ਕੁ ਰਾਈ, ਸਾਰੇ ਪਿੰਡ ਵਿਚ ਖਿੰਡਾਈ’ ਦੀ ਕਹਾਵਤ ਅਨੁਸਾਰ ਤਾਣੀ ਸੁਲਝਾਉਣ ਦੀ ਬਜਾਏ ਹੋਰ ਉਲਝਾਈ ਜਾ ਰਹੀ ਹੈ। ਦਾਗ਼ੀ ਤੇ ਬਾਗ਼ੀ, ਦੋਵੇਂ ਧੜੇ ਸ਼ਬਦੀ-ਬਾਣ ਚਲਾ ਕੇ ਸਦੀਆਂ ਪੁਰਾਣੀਆਂ ਮਹਾਨ ਸੰਸਥਾਵਾਂ ਨੂੰ ਮਲਬੇ ’ਚ ਤਬਦੀਲ ਕਰਨ ਲਈ ਮੌਕੇ ਦੀ ਤਲਾਸ਼ ਵਿਚ ਲੱਗੇ ਰਹਿੰਦੇ ਹਨ।

ਵਰਤਮਾਨ ਪੰਥਿਕ ਸੰਕਟ ਦੀ ਸ਼ੁਰੂਆਤ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਜਾਰੀ ਕੀਤੇ ਗਏ ਹੁਕਮਨਾਮੇ ਤੋਂ ਸ਼ੁਰੂ ਹੋ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਟਕਸਾਲੀ ਅਕਾਲੀ ਨੇਤਾਵਾਂ ਨੂੰ ਤਨਖ਼ਾਹੀਆ ਐਲਾਨ ਕੇ ਸਖ਼ਤ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਸਨ। ਅਕਾਲ ਤਖ਼ਤ ਵੱਲੋਂ ‘ਦਾਗ਼ੀ’ ਤੇ ‘ਬਾਗ਼ੀ’ ਅਕਾਲੀ ਲੀਡਰਸ਼ਿਪ ਨੂੰ ਪੰਥ ਦੀ ਅਗਵਾਈ ਕਰਨ ਦੇ ਅਯੋਗ ਕਰਾਰ ਦੇ ਕੇ ਅਕਾਲੀ ਦਲ ਦੀ ਨਵੇਂ ਸਿਰਿਓਂ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।

ਪ੍ਰਕਾਸ਼ ਸਿੰਘ ਬਾਦਲ ਕੋਲੋਂ ਮਰਨ ਉਪਰੰਤ ‘ਫ਼ਖ਼ਰ-ਏ-ਕੌਮ’ ਦਾ ਸਨਮਾਨ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੇ ਫ਼ਰਜ਼ੰਦ ਸੁਖਬੀਰ ਸਿੰਘ ਬਾਦਲ ਤਿਲਮਿਲਾ ਉੱਠੇ ਸਨ। ਸਿੰਘ ਸਾਹਿਬਾਨ ਦੀ ਸਰੀਰਕ ਭਾਸ਼ਾ ਤੇ ਤੇਵਰ ‘ਦਾਗ਼ੀਆਂ ਤੇ ਬਾਗ਼ੀਆਂ’ ਨੂੰ ਨੇਸਤੋ-ਨਾਬੂਦ ਕਰਨ ਵਾਲੇ ਸਨ। ਬਾਦਲ ਵਿਰੋਧੀਆਂ ਨੇ ਜਥੇਦਾਰ ਰਘਬੀਰ ਸਿੰਘ ਦੀ ਤੁਲਨਾ ਅਕਾਲੀ ਫੂਲਾ ਸਿੰਘ ਨਾਲ ਕਰਨੀ ਸ਼ੁਰੂ ਕਰ ਦਿੱਤੀ। ਪਖਾਨਿਆਂ ਨੂੰ ਸਾਫ਼ ਕਰਨ ਤੇ ਦਰਬਾਨ ਦੇ ਬਾਣੇ ਵਿਚ ਸੇਵਾ ਕਰਨ ਵਰਗੀ ਤਨਖ਼ਾਹ ਪਹਿਲਾਂ ਕਦੇ ਨਹੀਂ ਸੀ ਲਗਾਈ ਗਈ। ਪੰਥ ਦੇ ‘ਗੁਨਾਹਗਾਰਾਂ’ ਨੂੰ ‘ਹਾਂ’ ਜਾਂ ‘ਨਾਂਹ’ ਵਿਚ ਬੱਜਰ ਗ਼ਲਤੀਆਂ ਬਾਰੇ ਸਵਾਲ ਦਾਗੇ ਗਏ। ਸੁਖਬੀਰ ਸਣੇ ਬਹੁਤਿਆਂ ਨੇ ਅਕਾਲੀ-ਭਾਜਪਾ ਸਰਕਾਰਾਂ ਵੇਲੇ ਕੀਤੇ ‘ਗੁਨਾਹਾਂ’ ਨੂੰ ਝੋਲੀ ਵਿਚ ਪਾ ਕੇ ਤਨਖ਼ਾਹ ਕਬੂਲ ਕੀਤੀ।

ਤਨਖ਼ਾਹ ਭੁਗਤਣ ਤੋਂ ਬਾਅਦ ਮਾਘੀ ਮੌਕੇ ਮੁਕਤਸਰ ਸਾਹਿਬ ਵਿਖੇ ਹੋਈ ਅਕਾਲੀ ਕਾਨਫਰੰਸ ’ਤੇ ਸੰਕੇਤ ਦਿੱਤਾ ਕਿ ਉਨ੍ਹਾਂ ਨੇ ਉਹ ਗੁਨਾਹ ਵੀ ਝੋਲੀ ਪਾ ਲਏ ਜਿਹੜੇ ਉਨ੍ਹਾਂ ਨੇ ਕੀਤੇ ਹੀ ਨਹੀਂ ਸਨ। ਹੁਕਮਨਾਮੇ ਦੀ ਅਣਦੇਖੀ ਕਰ ਕੇ ਅਕਾਲੀ ਦਲ ਦੀ ਇਕਤਰਫ਼ਾ ਭਰਤੀ ਕਰਨ ਦੀ ਕਾਰਵਾਈ ਵੀ ਸਿੰਘ ਸਾਹਿਬਾਨ ਦੇ ਅਧਿਕਾਰਾਂ ਨੂੰ ਚੁਣੌਤੀ ਦੇਣ ਵਾਲੀ ਸੀ। ਸ੍ਰੀ ਅਕਾਲ ਤਖ਼ਤ ਵੱਲੋਂ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੀ ਸੱਤ ਮੈਂਬਰੀ ਭਰਤੀ ਕਮੇਟੀ ਵੀ ਠੁੱਸ ਹੋ ਕੇ ਰਹਿ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਤੇ ਟਕਸਾਲੀ ਅਕਾਲੀ ਕਿਰਪਾਲ ਸਿੰਘ ਬਡੂੰਗਰ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਸਥਿਤੀ ਤਰਸਯੋਗ ਤੇ ਹਾਸੋਹੀਣੀ ਬਣ ਗਈ ਸੀ।

ਵਿਵਾਦਾਂ ਵਿਚ ਘਿਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਗੰਭੀਰ ਇਲਜ਼ਾਮ ਲਗਾ ਕੇ ਅਹੁਦੇ ਤੋਂ ਫ਼ਾਰਗ ਕਰਨ ਤੋਂ ਬਾਅਦ ਐਡਵੋਕੇਟ ਧਾਮੀ ਨੇ ਵੀ ਬਤੌਰ ਐੱਸਜੀਪੀਸੀ ਪ੍ਰਧਾਨ ਅਸਤੀਫ਼ਾ ਦੇ ਕੇ ਸੁਨੇਹਾ ਦਿੱਤਾ ਸੀ ਕਿ ਅਕਾਲੀ ਸਫ਼ਾਂ ਵਿਚ ਸਭ ਅੱਛਾ ਨਹੀਂ ਹੈ। ਕੰਧ ’ਤੇ ਲਿਖਿਆ ਪੜ੍ਹ ਕੇ ਗਿਆਨੀ ਰਘਬੀਰ ਸਿੰਘ, ਧਾਮੀ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਮਨਾਉਣ ਗਏ ਪਰ ਉਹ ਅਸਤੀਫ਼ਾ ਵਾਪਸ ਲੈਣ ਲਈ ਨਾ ਮੰਨੇ। ਫਿਰ ਕੀ ਸੀ, ਜਿੱਧਰ ਗਈਆਂ ਬੇੜੀਆਂ, ਓਧਰ ਗਏ ਮਲਾਹ! ਲੀਕ ਖਿੱਚ ਕੇ ਪੰਥਿਕ ਏਕਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਦੀ ਆਸ ਉੱਕਾ ਹੀ ਖ਼ਤਮ ਹੋ ਗਈ ਕਿਉਂਕਿ ਰਿੱਝੇ-ਪੱਕੇ ’ਚ ਪਾਣੀ ਪਾਉਣ ਵਾਲੇ ਬਾਹਰ ਨਹੀਂ ਸਗੋਂ ਪੰਥਿਕ ਸਫ਼ਾਂ ਵਿਚ ਚੌਕੜੇ ਮਾਰੀ ਪਹਿਲਾਂ ਹੀ ਬੈਠੇ ਹੋਏ ਸਨ।

ਹੁਣ ਸਥਿਤੀ ਇਹ ਹੈ ਕਿ ਰੁੜ੍ਹਦਾ ਬੇੜਾ ਬੰਨੇ ਲਾਉਣ ਵਾਲਾ ਦੂਰ-ਦੂਰ ਤੱਕ ਦਿਖਾਈ ਨਹੀਂ ਦੇ ਰਿਹਾ। ਪੰਥ ਦੇ ਕਈ ‘ਰਹਿਬਰ’ ਵੀ ਸ਼ਰੀਕਾਂ ਦੀ ਚਾਟ ’ਤੇ ਲੱਗੇ ਹੋਏ ਹਨ। ‘ਏਕਤਾ ਵਿਚ ਅਨੇਕਤਾ’ ਭਾਲਣ ਵਾਲਿਆਂ ਦੀਆਂ ਪੌਂ ਬਾਰਾਂ ਹਨ। ਉਨ੍ਹਾਂ ਵੱਲੋਂ ਵਿਛਾਈ ਬਿਸਾਤ ਕਾਰਨ ਹੀ ਪੰਥਿਕ ਸ਼ਕਤੀ ਖੇਰੂੰ-ਖੇਰੂੰ ਹੋਈ ਬੈਠੀ ਹੈ। ‘ਊਧੇ ਭਾਂਡੇ ਨਾ ਟਿਕੇ ਪਾਣੀ’ ਵਾਲਿਆਂ ਨੇ ਤਰੇੜਾਂ ਭਰਨ ਦੀ ਥਾਂ ਪਾੜ ਪਾਏ ਜਾਣ ਵਾਲੇ ਮਸ਼ਵਰੇ ਦਿੱਤੇ। ਅੱਖਾਂ ਦੀ ਪੱਟੀ ਖੁੱਲ੍ਹ ਜਾਂਦੀ ਹੈ, ਮੱਤ ’ਤੇ ਪਈ ਪੱਟੀ ਖੋਲ੍ਹਣਾ ਸਾਈਂ ਦੇ ਹੱਥ ਹੁੰਦਾ ਹੈ। ‘ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ’ ਦੀ ਲਕੋਕਤੀ ਵੀ ਅਰਥਹੀਣ ਹੋਈ ਜਾਪਦੀ ਹੈ। ਅਣਖੀਲਿਆਂ ਨੂੰ ਸਿਰ ਉੱਚਾ ਚੁੱਕ ਕੇ ਤੁਰਨ ਦਾ ਮੁੱਲ ਤਾਰਨਾ ਪੈਂਦਾ ਹੈ ਤੇ ਸਿਰ ਨੀਵੇਂ ਕਰਨ ਵਾਲਿਆਂ ਦਾ ਮੁੱਲ ਤਾਰਨ ਲਈ ਮੰਡੀ ਤਿਆਰ ਹੁੰਦੀ ਹੈ।

ਧਰਮ ਦੀ ਜੜ੍ਹ ਹਰੀ ਰਹੇ, ਇਸ ਬਾਰੇ ਹਰ ਕੋਈ ਅਵੇਸਲਾ ਦਿਸ ਰਿਹਾ ਹੈ। ‘ਮੈਂ ਮਰਾਂ, ਪੰਥ ਜੀਵੇ’ ਦਾ ਅਖਾਣ ਬੀਤੇ ਦੀ ਬਾਤ ਬਣ ਕੇ ਰਹਿ ਗਿਆ ਜਾਪਦਾ ਹੈ। ਜ਼ਮੀਨੀ ਹਕੀਕਤਾਂ ਤੋਂ ਅਭਿੱਜ ਇਸ ਕਥਨ ਤੋਂ ਕੋਰੇ ਹਨ ਕਿ ਸੋਨੇ ਦਾ ਬੇੜਾ ਬਹੁਤ ਜਲਦੀ ਡੁੱਬਦਾ ਹੈ। ਆਪਹੁਦਰੀਆਂ ਨਾਲ ਅਕਾਲੀ ਦਲ ਦੀ ਸੁਰਜੀਤੀ ਨਹੀਂ ਹੋ ਸਕਦੀ। ਅੰਨ੍ਹੇ ਖੂਹਾਂ ’ਚੋਂ ਟਿੰਡਾਂ ਖ਼ਾਲੀ ਵਾਪਸ ਆਉਂਦੀਆਂ ਹਨ। ਸੰਸਥਾਵਾਂ ਨੂੰ ਤਹਿਸ-ਨਹਿਸ ਕਰਨਾ ਸਦੀਆਂ ਦੀ ਕੌਮੀ ਕਮਾਈ ਰੋੜ੍ਹਨ ਵਾਂਗ ਹੁੰਦਾ ਹੈ।

ਇਹ ਖੋਰਾ ਖ਼ਾਲਸਾ ਪੰਥ ਦੀ ਤ੍ਰੈਸ਼ਤਾਬਦੀ ਤੋਂ ਪਹਿਲਾਂ ਹੀ ਲੱਗਣਾ ਸ਼ੁਰੂ ਹੋ ਗਿਆ ਸੀ। ਸਿੰਘ ਸਾਹਬਾਨ ਨੂੰ ਫ਼ਾਰਗ ਕਰ ਕੇ ਨਵਿਆਂ ਦੀ ਤਾਜਪੋਸ਼ੀ ਨੇ ਪੰਥ ਨੂੰ ਨਮੋਸ਼ੀ ਵਿਚ ਪਾ ਦਿੱਤਾ ਸੀ। ਵਿਵਾਦਿਤ ਹੁਕਮਨਾਮਿਆਂ ਕਾਰਨ ਪੰਥ ਵਿਚ ਖਾਨਾਜੰਗੀ ਛਿੜ ਚੁੱਕੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਈ ਜਥੇਦਾਰਾਂ ਨੂੰ ਨਵੇਂ ਥਾਪੇ ਗਏ ਜਥੇਦਾਰ ਅਕਾਲ ਤਖ਼ਤ ਗਿਆਨੀ ਪੂਰਨ ਸਿੰਘ ਨੇ ਪੰਥ ’ਚੋਂ ਛੇਕ ਦਿੱਤਾ ਸੀ। ਗਿਆਨੀ ਪੂਰਨ ਸਿੰਘ ਦੀ ਚਾਈਂ-ਚਾਈਂ ਨਿਯੁਕਤੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਦਾ ਉਦੋਂ ਮੋਹ ਭੰਗ ਹੋ ਗਿਆ ਜਦੋਂ ਉਨ੍ਹਾਂ ਨੇ ਨਾਨਕਸ਼ਾਹੀ ਜੰਤਰੀ ਦੇ ਮੁੱਦੇ ’ਤੇ ਐੱਸਜੀਪੀਸੀ ਦੀ ਪ੍ਰਧਾਨ ਨੂੰ ਹੀ ਪੰਥ ’ਚੋਂ ਛੇਕ ਦਿੱਤਾ ਸੀ।

‘ਜੈਸੇ ਕੋ ਤੈਸਾ’ ਦੀ ਨੀਤੀ ਤਹਿਤ ਹਾਥੀ ’ਤੇ ਚੜ੍ਹਾ ਕੇ ਲਿਆਂਦੇ ਜਥੇਦਾਰ ਨੂੰ ਨੰਗੇ ਪੈਰੀਂ ਘਰੇ ਤੋਰ ਦਿੱਤਾ ਗਿਆ। ਉਨ੍ਹਾਂ ਦੇ ਉਤਰਾਧਿਕਾਰੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੀ ਤਾਜਪੋਸ਼ੀ ਪਿੱਛੋਂ 29 ਮਾਰਚ 2000 ਨੂੰ ਸੱਦੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰ ਕੇ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ, ਸੇਵਾ ਨਿਯਮ ਅਤੇ ਉਨ੍ਹਾਂ ਦਾ ਕਾਰਜ ਖੇਤਰ ਅਤੇ ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕਰਨ ਦੇ ਆਦੇਸ਼ ਦਿੱਤੇ ਸਨ। ਜਥੇਦਾਰ ਵੇਦਾਂਤੀ ਨੂੰ ਘਰ ਤੋਰਨ ਤੋਂ ਲੈ ਕੇ ਹੁਣ ਤੱਕ ਹੁਕਮਨਾਮੇ/ਆਦੇਸ਼ ਦੀ ਤਾਮੀਲ ਨਹੀਂ ਹੋਈ। ਅਜਿਹੇ ਨਿਯਮ ਬਣ ਜਾਂਦੇ ਤਾਂ ਪੰਥ ਨੂੰ ਮੌਜੂਦਾ ਗੰਭੀਰ ਸੰਕਟ ਦਾ ਸਾਹਮਣਾ ਨਾ ਕਰਨਾ ਪੈਂਦਾ।