VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਘਾਤਕ ਹੈ ਤੀਜੀ ਵਿਸ਼ਵ ਜੰਗ ਦਾ ਜ਼ਿਕਰ! ( ਪੰਜਾਬੀ ਜਾਗਰਣ –– 2nd March, 2025)

ਵਰਿੰਦਰ ਵਾਲੀਆ

ਉੱਖਲੀ ’ਚ ਸਿਰ ਦੇਣ ਤੋਂ ਗੁਰੇਜ਼ ਨਾ ਕਰਨ ਵਾਲੇ ਯੂਕਰੇਨ ਦੇ ਸਦਰ ਵੋਲੋਦੀਮੀਰ ਜ਼ੇਲੈਂਸਕੀ ਨੇ ਅਮਰੀਕਨ ਹਮਰੁਤਬਾ ਡੋਨਾਲਡ ਟਰੰਪ ਨਾਲ ਸਿੱਧਾ ਪੰਗਾ ਲੈ ਕੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਕੌਮਾਂਤਰੀ ਮੀਡੀਆ ਦੀ ਹਾਜ਼ਰੀ ਵਿਚ ਟਰੰਪ ਅਤੇ ਜ਼ੇਲੈਂਸਕੀ ਦਰਮਿਆਨ ਹੋਈ ਨੋਕ-ਝੋਕ ਨੂੰ ਪੂਰੇ ਆਲਮ ਨੇ ਲਾਈਵ ਦੇਖਿਆ ਸੀ। ਜ਼ੇਲੈਂਸਕੀ ਦੀਆਂ ਖਰੀਆਂ-ਖਰੀਆਂ ਕਾਰਨ ਯੂਕਰੇਨ ਨੂੰ ਭਾਵੇਂ ਭਾਰੀ ਖ਼ਮਿਆਜ਼ਾ ਭੁਗਤਣਾ ਪਵੇ ਪਰ ਟਰੰਪ ਦੀ ਬਦਕਲਾਮੀ ਤੇ ਦਾਬੇ ਅੱਗੇ ਨਾ ਝੁਕ ਕੇ ਉਸ ਨੇ ਆਪਣੇ ਦੇਸ਼ ਵਾਸੀਆਂ ਦੇ ਆਤਮ-ਸਨਮਾਨ ਨੂੰ ਵਧਾਇਆ ਹੈ।

ਵ੍ਹਾਈਟ ਹਾਊਸ ਵਿਚ ਅਜਿਹਾ ਵਰਤਾਰਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਜਦੋਂ ਕੋਈ ਆਪਣੇ ਅਤਿਥੀ ਨੂੰ ‘ਮੂਰਖ ਰਾਸ਼ਟਰਪਤੀ’ ਕਹਿ ਕੇ ਸੰਬੋਧਨ ਕਰ ਰਿਹਾ ਹੋਵੇ। ਅਜਿਹੀ ‘ਮਹਿਮਾਨ-ਨਿਵਾਜ਼ੀ’ ਕਿਸੇ ਨੇ ਪਹਿਲਾਂ ਕਦੇ ਨਹੀਂ ਸੀ ਵੇਖੀ। ਖ਼ੁਦ ਨੂੰ ਵ੍ਹਾਈਟ ਹਾਊਸ ਵਿਚ ਸ਼ੇਰ ਸਮਝਣ ਵਾਲੇ ਟਰੰਪ ਦੇ ਕੁਬੋਲਾਂ ’ਤੇ ਤਿੱਖਾ ਪ੍ਰਤੀਕਰਮ ਕਰ ਕੇ ਜ਼ੇਲੈਂਸਕੀ ਨੇ ਸਪਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਗਿੱਦੜ-ਭਬਕੀਆਂ ਤੋਂ ਦੱਬਣ ਵਾਲਾ ਨਹੀਂ ਹੈ। ਬੜਬੋਲੇ ਸੁਭਾਅ ਦੇ ਟਰੰਪ ਕੋਲ ਇਹ ਲੋਕ ਸਿਆਣਪ ਨਹੀਂ ਹੈ ਕਿ ‘ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ’।

ਜ਼ੇਲੈਂਸਕੀ ਨੂੰ ਔਸਤ ਦਰਜੇ ਦਾ ਕਾਮੇਡੀਅਨ ਕਹਿਣ ਵਾਲੇ ਟਰੰਪ ਨੇ ਕਦੇ ਸੁਪਨੇ ਵਿਚ ਨਹੀਂ ਸੋਚਿਆ ਹੋਣਾ ਕਿ ਇਕ ਅਦਨੇ ਜੇਹੇ ਦੇਸ਼ ਦਾ ਰਾਸ਼ਟਰਪਤੀ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੀ ਜੁਰਅਤ ਰੱਖ ਸਕਦਾ ਹੈ। ਸੱਚਮੁੱਚ ਇਹ ਸ਼ੇਰ ਦੇ ਨੱਕ ਵਿਚ ਨਕੇਲ ਪਾਉਣ ਵਾਂਗ ਹੀ ਸੀ। ਖਣਿਜ ਪਦਾਰਥਾਂ ਨਾਲ ਮਾਲਾਮਾਲ ਯੂਕਰੇਨ ਨੂੰ ਟਰੰਪ ਨੇ ਧਨਾਢ ਵਪਾਰੀ ਵਾਂਗ ਤੋਲ ਕੇ ਵ੍ਹਾਈਟ ਹਾਊਸ ਵਿਚ ਆਉਣ ਲਈ ਸੱਦਾ ਭੇਜਿਆ ਸੀ। ਟਰੰਪ ਨੇ ਬਾਹਰ ਆ ਕੇ ਉਸ ਨੂੰ ਖ਼ੁਸ਼ਆਮਦੀਦ ਕਹੀ ਸੀ। ਖਣਿਜਾਂ ’ਤੇ ਅੱਖ ਟਿਕਾਈ ਬੈਠੇ ਟਰੰਪ ਨੇ ਗਰਮਜੋਸ਼ੀ ਨਾਲ ਵਾਰਤਾ ਸ਼ੁਰੂ ਕੀਤੀ। ਲੀਹ ਤੋਂ ਹਟ ਕੇ ਟਰੰਪ ਨੇ ਯੂਕਰੇਨ-ਰੂਸ ਜੰਗਬੰਦੀ ਦੀ ਗੱਲ ਛੋਹ ਲਈ। ਇਸ ’ਤੇ ਜ਼ੇਲੈਂਸਕੀ ਤਿਲਮਿਲਾ ਉੱਠਿਆ। ਉਸ ਨੇ ਕਿਹਾ ਕਿ ਜੰਗ ਤਾਂ ਮਨੁੱਖਤਾ ਦੇ ਕਾਤਲ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਛੇੜੀ ਹੈ।

ਪੁਤਿਨ ਨੇ ਘੱਟੋ-ਘੱਟ 25 ਵਾਰ ਯੁੱਧਬੰਦੀ ਦੀ ਉਲੰਘਣਾ ਕਰ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਇਸ ’ਤੇ ਟਰੰਪ ਲਾਲ-ਪੀਲਾ ਹੋ ਗਿਆ। ਟਰੰਪ ਨੇ ਉਸ ਨੂੰ ‘ਸਟੂਪਿਡ ਪ੍ਰੈਜ਼ੀਡੈਂਟ’ ਕਹਿੰਦਿਆਂ ਕਿਹਾ ਕਿ ਉਸ ਦੇ ਪੱਲੇ ਹੀ ਕੀ ਹੈ? ਉਸ ਕੋਲ ਕੋਈ ਪੱਤਾ ਨਹੀਂ ਬਚਿਆ ਜਿਸ ਨੂੰ ਖੇਡ ਕੇ ਉਹ ਰੂਸ ਤੋਂ ਜੰਗ ਜਿੱਤ ਸਕੇ। ‘ਤੁਹਾਨੂੰ ਨਹੀਂ ਪਤਾ ਕਿ ਯੂਕਰੇਨ ਕਿਸ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ? ਅਮਰੀਕਾ ਨਾ ਹੁੰਦਾ ਤਾਂ ਤਿੰਨ ਸਾਲ ਤੋਂ ਛਿੜੀ ਜੰਗ ਦੋ ਹਫ਼ਤਿਆਂ ਵਿਚ ਖ਼ਤਮ ਹੋ ਜਾਣੀ ਸੀ।’ ਭਾਵ, ਰੂਸ ਨੇ ਯੂਕਰੇਨ ਨੂੰ ਹੜੱਪਣ ਲਈ ਵੱਧ ਤੋਂ ਵੱਧ ਪੰਦਰਾਂ ਦਿਨ ਲਾਉਣੇ ਸਨ।

ਟਰੰਪ ਕਹਿ ਰਿਹਾ ਸੀ ਕਿ ਅਮਰੀਕਾ ਵੱਲੋਂ ਦਿੱਤੇ ਹਥਿਆਰਾਂ ਤੋਂ ਬਗ਼ੈਰ ਜੰਗ ਇੰਨੀ ਲੰਬੀ ਨਹੀਂ ਸੀ ਚੱਲਣੀ। ਜ਼ੇਲੈਂਸਕੀ ਨੇ ਟਰੰਪ ਦਾ ਮੌਜੂ ਉਡਾਉਂਦਿਆਂ ਦੋ ਟੁੱਕ ਕਿਹਾ, ‘‘ਮੈਨੂੰ ਪਤਾ ਹੈ ਕਿ ਅਸੀਂ ਸੰਕਟ ਵਿਚ ਹਾਂ। ਰਹੀ ਗੱਲ ਜੰਗ ਦੀ, ਪੁਤਿਨ ਤਾਂ ਦਮਗਜ਼ੇ ਮਾਰ ਰਿਹਾ ਸੀ ਕਿ ਉਹ ਯੂਕਰੇਨ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਰੂਸ ਨਾਲ ਮਿਲਾ ਲਵੇਗਾ। ਤਿੱਖੇ ਬਹਿਸ-ਮੁਬਾਹਸੇ ਦੌਰਾਨ ਜ਼ੇਲੈਂਸਕੀ ਦੇ ਚਿਹਰੇ ’ਤੇ ਕੋਈ ਸ਼ਿਕਨ ਜਾਂ ਡਰ ਨਹੀਂ ਸੀ। ਬਹਿਸ ਦੌਰਾਨ ਟਰੰਪ ਨੇ ਜ਼ੇਲੈਂਸਕੀ ਨੂੰ ਕਈ ਵਾਰ ਹੱਥ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਟਰੰਪ ਦੀ ਸਰੀਰਕ ਭਾਸ਼ਾ ਦਬੰਗਾਂ ਵਾਲੀ ਸੀ।

ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਜਦੋਂ ਆਪਣੀ ਗੱਲ ਰੱਖੀ ਤਾਂ ਜ਼ੇਲੈਂਸਕੀ ਨੇ ਕਿਹਾ ਕਿ ਉਸ ਨੂੰ ਘਰ ਬੁਲਾ ਕੇ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਜਦੋਂ ਜ਼ੇਲੈਂਸਕੀ ਨੇ ਕਿਹਾ ਕਿ ਉੱਚੀ ਆਵਾਜ਼ ਵਿਚ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਟਰੰਪ ਨੇ ਇਸ ਤੋਂ ਇਨਕਾਰ ਕੀਤਾ। ਜ਼ੇਲੈਂਸਕੀ ਨੇ ਆਪਣੀ ਗੱਲ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਤਾਂ ਟਰੰਪ ਨੇ ਫਿਰ ਦਬਕਾਇਆ, ‘‘ਤੁਸੀਂ ਪਹਿਲਾਂ ਹੀ ਬਥੇਰਾ ਬੋਲ ਲਿਆ ਹੈ।’’ ਸਹੀ ਮਾਅਨਿਆਂ ਵਿਚ ਟਰੰਪ ਨੇ ਉਸ ਨੂੰ ਵ੍ਹਾਈਟ ਹਾਊਸ ’ਚੋਂ ਬਾਹਰ ਜਾਣ ਲਈ ਦਰਵਾਜ਼ਾ ਦਿਖਾਇਆ। ਜ਼ੇਲੈਂਸਕੀ ਦੇ ਸਨਮਾਨ ’ਚ ਪਰੋਸਿਆ ਗਿਆ ਰਾਤਰੀ ਭੋਜ ਵੀ ਉਵੇਂ ਹੀ ਪਿਆ ਰਿਹਾ।

ਜ਼ੇਲੈਂਸਕੀ ਨੇ ਟਰੰਪ ਨੂੰ ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਹੋਈ ਤਬਾਹੀ ਦੀਆਂ ਇਕ-ਇਕ ਕਰ ਕੇ ਕਈ ਤਸਵੀਰਾਂ ਦਿਖਾਈਆਂ ਜਿਸ ਦਾ ਉਨ੍ਹਾਂ ’ਤੇ ਕੋਈ ਅਸਰ ਨਾ ਹੋਇਆ। ਜ਼ੇਲੈਂਸਕੀ ਕਹਿ ਰਿਹਾ ਸੀ ਕਿ ਅਮਰੀਕਾ ਕੋਲ ਸਮੁੰਦਰ ਹੈ, ਉਸ ਦੇ ਹਾਲਾਤ ਜੰਗ ਨਾਲ ਤਬਾਹ ਹੋਏ ਯੂਕਰੇਨ ਵਰਗੇ ਨਹੀਂ ਹਨ। ਇਸ ਲਈ ਟਰੰਪ ਨੂੰ ਯੂਕਰੇਨ ਵਿਚ ਹੋਏ ਨਰਸੰਘਾਰ ਦਾ ਅਹਿਸਾਸ ਨਹੀਂ ਹੈ। ਇਸ ’ਤੇ ਟਰੰਪ ਟਸ ਤੋਂ ਮਸ ਨਾ ਹੋਇਆ। ਉਸ ਨੇ ਭਬਕ ਮਾਰੀ ਕਿ ਜ਼ੇਲੈਂਸਕੀ ਦੀਆਂ ਅਜਿਹੀਆਂ ਬੇਥਵੀਆਂ ਗੱਲਾਂ ਵਿਚ ਉਸ ਨੂੰ ਦਿਲਚਸਪੀ ਨਹੀਂ ਹੈ।

ਟਰੰਪ ਚਾਹੁੰਦਾ ਸੀ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਯੂਕਰੇਨ-ਰੂਸ ਯੁੱਧ ਨੂੰ ਖ਼ਤਮ ਕਰਵਾ ਕੇ ਵਿਸ਼ਵ ਭਰ ਵਿਚ ਸ਼ਾਂਤੀ ਦਾ ਦੂਤ ਅਖਵਾਏ। ਟਰੰਪ ਦਰਅਸਲ ਧਨਾਢ ਵਪਾਰੀ ਹੈ। ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ ਵਾਲੇ ਦੇਸ਼ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਜਦੋਂ ਉਹ ਸ਼ਾਂਤੀ ਦੀ ਗੱਲ ਕਰਦਾ ਹੈ ਤਾਂ ਇਸ ’ਚੋਂ ਵੀ ਉਹ ਮੁਨਾਫ਼ਾ ਭਾਲਦਾ ਹੈ। ਅਮਰੀਕਾ ਵੱਲੋਂ ਵੇਚੇ ਗਏ ਮਾਰੂ ਹਥਿਆਰਾਂ ਨੇ ਧਰਤੀ ਦੇ ਚੱਪੇ-ਚੱਪੇ ਨੂੰ ਲਹੂ-ਲੁਹਾਣ ਕੀਤਾ ਹੋਇਆ ਹੈ। ਰੂਸ ਨਾਲ ਦੋਸਤੀ ਦਾ ਹੱਥ ਵਧਾ ਕੇ ਤੇ ਯੂਕਰੇਨ ਤੋਂ ਦੋਸਤੀ ਦਾ ਹੱਥ ਪਿੱਛੇ ਖਿੱਚ ਕੇ ਉਹ ਇਕ ਤੀਰ ਨਾਲ ਇਕ ਨਹੀਂ ਬਲਕਿ ਕਈ ਨਿਸ਼ਾਨੇ ਫੁੰਡਣ ਦੀ ਫਿਰਾਕ ਵਿਚ ਹੈ। ਕਰੀਮੀਆ ਨੂੰ ਹੜੱਪਣ ਤੋਂ ਬਾਅਦ ਜ਼ੇਲੈਂਸਕੀ ਨੇ ਅਮਰੀਕਾ ਤੇ ਯੂਰਪ ਦੀ ਸਰਦਾਰੀ ਵਾਲੇ ਨਾਟੋ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਤਿਨ ਉਸ ਦਾ ਪੱਕਾ ਵੈਰੀ ਬਣ ਗਿਆ ਸੀ।

ਯੂਰਪੀਅਨ ਦੇਸ਼ਾਂ ਵਾਂਗ ਅਮਰੀਕਾ ਨੇ ਯੂਕਰੇਨ ਦੀ ਪਿੱਠ ਠੋਕਦਿਆਂ ਉਸ ਦੀ ਹਰ ਸੰਭਵ ਇਮਦਾਦ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵੇਲੇ ਟਰੰਪ ਨੇ ਜ਼ੇਲੈਂਸਕੀ ਕੋਲੋਂ ਜੋਅ ਬਾਇਡਨ ਦੇ ਮੁੰਡੇ ਖ਼ਿਲਾਫ਼ ਜਾਂਚ-ਪੜਤਾਲ ਕਰਵਾਉਣ ਦੀ ਮੰਗ ਰੱਖੀ ਸੀ। ਜ਼ੇਲੈਂਸਕੀ ਨੇ ਅਜਿਹਾ ਨਾ ਕਰ ਕੇ ਟਰੰਪ ਨਾਲ ਵੈਰ ਸਹੇੜ ਲਿਆ ਸੀ। ਉਹ ਮੌਕਾ ਆਉਣ ’ਤੇ ਹਿਸਾਬ ਬਰਾਬਰ ਕਰਨ ਦੀ ਤਾਕ ਵਿਚ ਸੀ। ਇਸ ਤੋਂ ਇਲਾਵਾ ਟਰੰਪ ਦੂਜਿਆਂ ਦੀਆਂ ਅੱਖਾਂ ’ਚੋਂ ਸੁਰਮਾ ਚੁਰਾਉਣ ਵਾਲਾ ਵਪਾਰੀ ਹੈ। ਅਮਰੀਕਨਾਂ ਤੇ ਖ਼ੁਦ ਦੇ ਮੁਨਾਫ਼ੇ ਨੂੰ ਨਾਪ-ਤੋਲ ਕੇ ਹੀ ਉਹ ਦੂਜਿਆਂ ਨਾਲ ਗੱਲ ਕਰਦਾ ਹੈ। ਸੋਨੇ ਦੇ ਪੰਘੂੜੇ ਝੂਟਣ ਵਾਲੇ ਅਜਿਹੇ ਵਪਾਰੀ ਕਿਸਮ ਦੇ ਲੋਕ ਰਿਸ਼ਤਿਆਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਆਪਣੇ ਲਾਭ ਲਈ ਉਹ ‘ਮਿੱਤਰਾਂ’ ਨੂੰ ਵੀ ਠਿੱਬੀ ਲਾ ਜਾਂਦੇ ਹਨ। ਮੱਥੇ ’ਤੇ ਅੱਖਾਂ ਰੱਖ ਕੇ ਗੱਲ ਕਰਦੇ ਹਨ। ਦੂਜਿਆਂ ਨੂੰ ਪੁੱਠੇ ਤੇ ਖੁੰਢੇ ਛੁਰੇ ਨਾਲ ਹਲਾਲ ਕਰਨ ’ਚ ਦੇਰ ਨਹੀਂ ਲਾਉਂਦੇ। ਅ

ਜਿਹੀ ਸਰਮਾਏਦਾਰੀ ਬਾਰੇ ਕਾਰਲ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ (1848) ਵਿਚ ਲਿਖਿਆ ਸੀ, ‘‘ਸਰਮਾਏਦਾਰੀ ਆਪਣੀ ਹੀ ਕਬਰ ਖੋਦਦੀ ਹੈ।’’ ਭਾਵ ਸਰਮਾਏਦਾਰੀ ਪ੍ਰਣਾਲੀ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜਿਹੜੇ ਵਿਨਾਸ਼ ਨੂੰ ਸੈਨਤਾਂ ਮਾਰਦੇ ਰਹਿੰਦੇ ਹਨ। ਟਰੰਪ ਦੇ ਖ਼ੂਨ ਵਿਚ ਵੀ ਵਪਾਰ ਹੈ। ਪੂਰਵ ਰਾਸ਼ਟਰਪਤੀਆਂ ਨੂੰ ਮੰਦਾ-ਚੰਗਾ ਬੋਲ ਕੇ ਖ਼ੁਦ ਚੰਗਾ ਬਣਨ ਵਾਲਾ ਟਰੰਪ ਗੱਲਬਾਤ ਦੀਆਂ ਨਵੀਆਂ ਪਟੜੀਆਂ ਵਿਛਾਉਣ ਦੀ ਤਾਕ ਵਿਚ ਹੈ। ਰੂਸ ਨਾਲ ਦੋਸਤੀ ਦਾ ਹੱਥ ਵਧਾ ਕੇ ਤੇ ਯੂਕਰੇਨ ਨਾਲ ਯੁੱਧਬੰਦੀ ਲਈ ਸਾਲਸੀ ਕਰ ਕੇ ਉਹ ਨਵੀਆਂ ਵਪਾਰਕ ਸੰਧੀਆਂ ਸਹੀਬੱਧ ਕਰਨ ਦਾ ਚਾਹਵਾਨ ਹੈ। ਰੂਸ ਨਾਲ ਦੋਸਤੀ ਨਿਭ ਗਈ ਤਾਂ ਉਹ ਚੀਨ ਨੂੰ ਵੱਡੀ ਚੁਣੌਤੀ ਦੇਣ ਦੇ ਸਮਰੱਥ ਹੋ ਜਾਵੇਗਾ। ਇਸ ਵੇਲੇ ਚੀਨ ਦਾ ਸਰਬਪੱਖੀ ਵਿਕਾਸ ਟਰੰਪ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ।

ਔਖੇ-ਸੌਖੇ ਦਿਨਾਂ ਵਿਚ ਅਮਰੀਕਾ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਵਾਲੇ ਕੈਨੇਡਾ, ਮੈਕਸੀਕੋ ਤੇ ਹੋਰ ਮਿੱਤਰ ਦੇਸ਼ਾਂ ਨੂੰ ਵੀ ਉਹ ਅੱਖਾਂ ਦਿਖਾ ਰਿਹਾ ਹੈ। ਬ੍ਰਿਕਸ ਨੂੰ ਉਹ ਪਹਿਲਾਂ ਹੀ ‘ਮ੍ਰਿਤਕ’ ਘੋਸ਼ਿਤ ਕਰ ਕੇ ਇਸ ਦੇ ਮੈਂਬਰ ਦੇਸ਼ਾਂ ਨੂੰ ਜ਼ਲੀਲ ਕਰ ਚੁੱਕਾ ਹੈ। ਪੂੰਜੀ ਦੀ ਵਿਸ਼ਵ ਜੰਗ ਵਿਚ ਉਹ ਦਰਾਮਦ-ਬਰਾਮਦ ’ਤੇ ਲੱਗਦੇ ਟੈਰਿਫਾਂ ’ਤੇ ਆਪਣੀ ਮਰਜ਼ੀ ਥੋਪ ਕੇ ਸ਼ੇਅਰ ਬਾਜ਼ਾਰ ਨੂੰ ਪਹਿਲਾਂ ਹੀ ਲਹੂ-ਲੁਹਾਣ ਕਰ ਚੁੱਕਾ ਹੈ। ਵੀਹ ਜਨਵਰੀ 2025 ਨੂੰ ਟਰੰਪ ਵੱਲੋਂ ਦੂਜੀ ਵਾਰ ਬਤੌਰ ਰਾਸ਼ਟਰਪਤੀ ਹਲਫ਼ ਲੈਣ ਪਿੱਛੋਂ ਵਿਸ਼ਵ ਦਾ ਮੁਹਾਂਦਰਾ ਬਦਲ ਰਿਹਾ ਹੈ। ਟਰੰਪ ਦੀ ਹੈਂਕੜਬਾਜ਼ੀ ਹੋਰ ਕੀ ਗੁੱਲ ਖਿੜਾਏਗੀ, ਇਹ ਭਵਿੱਖ ਦੀ ਬੁੱਕਲ ਵਿਚ ਹੈ। ਟਰੰਪ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣਾ ਕਿ ਉਹ ਦੁਨੀਆ ਨੂੰ ਤੀਜੀ ਵਿਸ਼ਵ ਜੰਗ ਵੱਲ ਲਿਜਾ ਕੇ ਮਨੁੱਖੀ ਜਿੰਦੜੀਆਂ ਨਾਲੇ ਜੂਆ ਖੇਡ ਰਿਹਾ ਹੈ, ਗੁੱਝੇ ਅਰਥ ਰੱਖਦਾ ਹੈ।