ਸਿਆਸੀ ਦਲਦਲ ਤੇ ਅਕਾਲੀ ਦਲ ( ਪੰਜਾਬੀ ਜਾਗਰਣ –– 16th February, 2025)
ਵਰਿੰਦਰ ਵਾਲੀਆ
ਦੇਸ਼ ਤੇ ਕੌਮ ਖ਼ਾਤਰ ਸਿਰਧੜ ਦੀ ਬਾਜ਼ੀ ਲਾਉਣ ਵਾਲੀ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਤੇ ਧਾਰਮਿਕ ਜਥੇਬੰਦੀ ਸਮੇਂ ਦੀ ਦਲਦਲ ਵਿਚ ਖੁਭਦੀ ਜਾ ਰਹੀ ਮਹਿਸੂਸ ਹੋ ਰਹੀ ਹੈ। ਜਿੱਲ੍ਹਣ/ਦਲਦਲ ਅਜਿਹਾ ਖੋਭਾ ਹੁੰਦਾ ਹੈ ਜਿਸ ’ਤੇ ਪੁੱਟਿਆ ਜਾ ਰਿਹਾ ਹਰ ਕਦਮ ਰਸਾਤਲ (ਪਤਾਲ ਦੀ ਛੇਵੀਂ ਪਰਤ) ਵੱਲ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦਾ ਹਰਾਵਲ ਜਥਾ ਰਿਹਾ ਹੈ ਜਿਸ ਵੱਲੋਂ ਬਸਤੀਵਾਦੀ ਹਕੂਮਤ ਖ਼ਿਲਾਫ਼ ਛੇੜੇ ਗਏ ਅੰਦੋਲਨ ਦੀ ਬਦੌਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ, 1925 ਹੋਂਦ ਵਿਚ ਆਇਆ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਨੇ ਜਦੋਂ ਜੱਲ੍ਹਿਆਂਵਾਲਾ ਖ਼ੂਨੀ ਕਾਂਡ ਦੇ ਖਲਨਾਇਕ ਜਨਰਲ ਡਾਇਰ ਨੂੰ ਬਤੌਰ ‘ਸਿੱਖ’ ਸਿਰੋਪਾ ਦੇ ਕੇ ਸਨਮਾਨਤ ਕੀਤਾ ਤਾਂ ਸਿੱਖ ਸੰਗਤ ਦੇ ਹਿਰਦੇ ਛਲਣੀ ਹੋ ਗਏ ਸਨ। ਮਰਿਆਦਾ ਅਨੁਸਾਰ ਮੀਰੀ-ਪੀਰੀ ਦੇ ਅਸਥਾਨ ’ਤੇ ਕਿਸੇ ਪਤਿਤ ਅਤੇ ਗ਼ੈਰ-ਸਿੱਖ ਨੂੰ ਸਨਮਾਨਤ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਹਕੂਮਤ ਦੀ ਬੋਲੀ ਬੋਲਦਿਆਂ ਅਰੂੜ ਸਿੰਘ ਨੇ ਤਾਂ ਬਜਬਜ ਘਾਟ ’ਤੇ ਮਾਰੇ ਗਏ ਪੰਜਾਬੀਆਂ ਨੂੰ ਵੀ ‘ਅਸਿੱਖ’ ਗਰਦਾਨਿਆ ਸੀ।

ਸਿੱਖ ਰਵਾਇਤਾਂ ਅਨੁਸਾਰ ਹੁਕਮਨਾਮਾ ਤਾਂ ਸਮੂਹਿਕ ਸਿੱਖ ਮਾਨਸਿਕਤਾ ਦਾ ਅਨੁਵਾਦ ਹੁੰਦਾ ਹੈ। ਇਸ ਲਈ ਬ੍ਰਿਟਿਸ਼ ਸਰਕਾਰ ਦੇ ਥਾਪੇ ਹੋਏ ਮਹੰਤਾਂ/ਸਰਬਰਾਹਾਂ ਦੀਆਂ ਮਨਮਾਨੀਆਂ ਖ਼ਿਲਾਫ਼ ਅੰਦੋਲਨ ਪ੍ਰਚੰਡ ਹੋਇਆ ਸੀ। ਸੰਗਤ ਦੇ ਦਿਲਾਂ ਵਿਚ ਉੱਠੇ ਲਾਵੇ ਨੂੰ ਗੋਰੀ ਹਕੂਮਤ ਨੇ ਭਾਂਪ ਲਿਆ ਸੀ। ਖ਼ੈਰ, ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਸਿਰਲੱਥ ਅਕਾਲੀ ਯੋਧਿਆਂ ਨੇ ਬ੍ਰਿਟਿਸ਼ ਸਰਕਾਰ ਦੀਆਂ ਗੋਡਣੀਆਂ ਲਗਵਾ ਕੇ ਆਪਣੇ ਗੁਰਧਾਮ ਆਜ਼ਾਦ ਕਰਵਾ ਲਏ ਸਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ‘ਚਾਬੀਆਂ ਦਾ ਮੋਰਚਾ’ ਜਿੱਤਣ ਤੋਂ ਬਾਅਦ ਤਾਰ ਰਾਹੀਂ ਵਧਾਈ ਦਿੰਦਿਆਂ ਇਸ ਨੂੰ ਆਜ਼ਾਦੀ ਸੰਗਰਾਮ ਦੀ ਪਹਿਲੀ ਜਿੱਤ ਕਰਾਰ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਵੇਲੇ ਇਸ ਸ਼ਾਨਾਂਮੱਤੇ ਇਤਿਹਾਸ ਦੀ ਅਦੁੱਤੀ ਯਾਦ ਬਣਨੀ ਚਾਹੀਦੀ ਸੀ। ਫ਼ਿਲਹਾਲ ਸ਼੍ਰੋਮਣੀ ਕਮੇਟੀ/ਅਕਾਲੀ ਦਲ ਕੋਲ ਸਮਾਂ ਹੀ ਕਿੱਥੇ ਹੈ! ਸਿੱਖ ਪੰਥ ਦੀਆਂ ਇਨ੍ਹਾਂ ਸਿਰਮੌਰ ਜਥੇਬੰਦੀਆਂ ਨੂੰ ਨਿੱਤ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮੁਸੀਬਤਾਂ ਤਾਂ ਇਨ੍ਹਾਂ ਦੇ ਅਜੋਕੇ ਸਰਬਰਾਹਾਂ ਦੀਆਂ ਖ਼ੁਦ ਸਹੇੜੀਆਂ ਹੋਈਆਂ ਹਨ। ‘‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’’ ਵਾਲੀ ਨੌਬਤ ਕਾਰਨ ਕੌਮ ਦੀ ਕੌਮੀ ਨਹੀਂ ਸਗੋਂ ਆਲਮੀ ਪੱਧਰ ’ਤੇ ਹਾਸੋਹੀਣੀ ਸਥਿਤੀ ਬਣੀ ਹੋਈ ਹੈ।
ਪਿਛਲੀ ਸਦੀ ਦੇ ਅਖ਼ੀਰਲੇ ਵਰ੍ਹਿਆਂ ’ਚ ਸ਼ੁਰੂ ਹੋਈ ਸਿੱਖਾਂ ਦੀ ਖਾਨਾਜੰਗੀ ਦਾ ਪਰਛਾਵਾਂ ਪੰਥ ਦੀਆਂ ਸ਼ਤਾਬਦੀਆਂ ’ਤੇ ਪਿਆ ਸੀ। ਬੀਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਥ ਦੀਆਂ ਦੋਵੇਂ ਸ਼੍ਰੋਮਣੀ ਸੰਸਥਾਵਾ ’ਤੇ ਬਾਦਲ ਪਰਿਵਾਰ ਦੀ ਸਰਦਾਰੀ ਰਹੀ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਦਰ ਗੁਰਚਰਨ ਸਿੰਘ ਟੌਹੜਾ ਵਿਚ ਛਿੜੀ ਜੰਗ ਦਾ ਅਸਰ 1999 ’ਚ ਮਨਾਈ ਗਈ ਖ਼ਾਲਸਾ ਪੰਥ ਦੀ ਤ੍ਰੈ-ਸ਼ਤਾਬਦੀ ’ਤੇ ਪਿਆ ਸੀ। ਅਕਾਲੀ ਦਲ ਨੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਘਰੇ ਤੋਰ ਕੇ ਨਵੀਂ ਰੀਤ ਚਲਾਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰਜ਼ ’ਤੇ ‘ਰਾਜ ਨਹੀਂ ਸੇਵਾ’ ਕਰਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੀ ਉਸ ਵੇਲੇ ਬੱਲੇ-ਬੱਲੇ ਸੀ। ਗਲੀਆਂ, ਕੂਚਿਆਂ ਦੇ ਨਾਮਧਰੀਕ ਨੇਤਾ ਟੌਹੜਾ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਰਹੇ ਸਨ। ਬਾਦਲ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਤਾਕਤਵਰ ਹਾਕਮ ਕਹਿ ਕੇ ਚਾਪਲੂਸੀ ਦੇ ਹੱਦਾਂ-ਬੰਨੇ ਟੱਪੇ ਜਾ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਮਹਾਰਾਜੇ ਨੂੰ ਤਾਂ ਅਕਾਲ ਤਖ਼ਤ ’ਤੇ ਤਲਬ ਕਰ ਕੇ ਤਨਖ਼ਾਹ ਲਗਾਈ ਗਈ ਸੀ ਪਰ ਬਾਦਲ ਸਾਹਿਬ ਦੇ ਲਿਫ਼ਾਫ਼ੇ ’ਚੋਂ ਨਿਕਲਣ ਵਾਲੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਜਥੇਦਾਰਾਂ ਦੀ ਬਲੀ ਲੈਣ ਦੇ ਸਮਰੱਥ ਹਨ। ਅਜਿਹੇ ਚਾਪਲੂਸਾਂ ਨੂੰ ਤਵਾਰੀਖ਼ ਦਾ ਭੋਰਾ ਗਿਆਨ ਨਹੀਂ ਸੀ। ਉਹ ਭੁੱਲ ਰਹੇ ਸਨ ਕਿ ਖ਼ਾਲਸਾ ਪੰਥ ਦੀ ਸਾਜਨਾ ਦੀ ਸ਼ਤਾਬਦੀ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕਰ ਕੇ ਸਿੱਖ ਪੰਥ ਦਾ ਨਾਂ ਰੌਸ਼ਨ ਕੀਤਾ ਸੀ। ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ ਨੇ ਭਾਈ ਰਣਜੀਤ ਸਿੰਘ ਦੀ ਬਰਖ਼ਾਸਤਗੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਤਾਂ ਬਾਦਲ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ’ਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਬੁਲਾ ਕੇ ਗਿਆਨੀ ਪੂਰਨ ਸਿੰਘ ਨੂੰ ਇਹ ਸੇਵਾ ਸੌਂਪ ਦਿੱਤੀ ਸੀ।
ਅਜਿਹੇ ਗ਼ੈਰ-ਪੰਥਿਕ ਫ਼ੈਸਲਿਆਂ ’ਚ ਅਜੋਕੀ ਸੁਧਾਰ ਲਹਿਰ ਚਲਾਉਣ ਵਾਲੇ ਕਈ ‘ਸੁਧਾਰਵਾਦੀ’ ਵੀ ਸ਼ਾਮਲ ਸਨ। ਕਿਸੇ ਨੇ ਚੂੰ ਤੱਕ ਨਹੀਂ ਸੀ ਕੀਤੀ। ਇਸੇ ਲਈ ਖ਼ੁਦ ਨੂੰ ਸੁਧਾਰੇ ਬਗ਼ੈਰ ਚੱਲੀ ਸੁਧਾਰਵਾਦੀ ਲਹਿਰ ਨੂੰ ਸਿੱਖ ਪੰਥ ਨੇ ਬਹੁਤ ਹੁੰਗਾਰਾ ਨਹੀਂ ਦਿੱਤਾ। ਅਕਾਲ ਤਖ਼ਤ ਦੀ ਫ਼ਸੀਲ ਤੋਂ ਖੇਮਿਆਂ ’ਚ ਵੰਡੇ ਅਕਾਲੀਆਂ ਨੂੰ ‘ਬਾਗ਼ੀ’ ਤੇ ‘ਦਾਗ਼ੀ’ ਕਹਿ ਕੇ ਸੰਬੋਧਨ ਕੀਤਾ ਸੀ। ਇਨ੍ਹਾਂ ਸਾਰਿਆਂ ਨੂੰ ਅਕਾਲ ਤਖ਼ਤ ਨੇ ਪੰਥ ਦੀ ਅਗਵਾਈ ਕਰਨ ਦੇ ਅਯੋਗ ਕਰਾਰ ਦਿੱਤਾ ਸੀ। ਦੋ ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੇ ‘ਵੱਡਾ ਦਿਲ’ ਦਿਖਾ ਕੇ ਸਾਰੇ ‘ਬੱਜਰ ਗੁਨਾਹਾਂ’ ਨੂੰ ਝੋਲੀ ਪਾ ਕੇ ਤਨਖ਼ਾਹ ਕਬੂਲ ਕਰ ਲਈ ਸੀ।
ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦਾ ਬਾਣਾ ਪਾ ਕੇ ਤਨਖ਼ਾਹ ਭੁਗਤ ਰਹੇ ਸੁਖਬੀਰ ਸਿੰਘ ਬਾਦਲ ’ਤੇ ਜਦੋਂ ਖਾੜਕੂ ਨਰੈਣ ਸਿੰਘ ਚੌੜਾ ਨੇ ਜਾਨਲੇਵਾ ਹਮਲਾ ਕੀਤਾ ਤਾਂ ਸੰਗਤ ਦੀ ਹਮਦਰਦੀ ਉਨ੍ਹਾਂ ਦੇ ਨਾਲ ਜੁੜ ਗਈ ਸੀ। ਹਮਲੇ ਵੇਲੇ ਸੁਖਬੀਰ ਦੀ ਨਿਡਰ ਸਰੀਰਕ ਭਾਸ਼ਾ ਨੇ ਉਸ ਦਾ ਕੱਦ ਵਧਾ ਦਿੱਤਾ ਸੀ। ਪੁਲਿਸ ਹਿਰਾਸਤ ’ਚ ਕਿਸੇ ਅਕਾਲੀ ਕਾਰਕੁੰਨ ਵੱਲੋਂ ਚੌੜਾ ਦੀ ਦਸਤਾਰ ਲਾਹੁਣਾ ਤੇ ਫਿਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਉਸ (ਚੌੜਾ) ਨੂੰ ਪੰਥ ’ਚੋਂ ਛੇਕਣ ਦਾ ਫ਼ੈਸਲਾ ਕਰਨਾ ਛਟਪਟਾਹਟ ’ਚ ਚੁੱਕਿਆ ਗਿਆ ਕਦਮ ਸੀ। ਬਾਅਦ ’ਚ ਚੌੜਾ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਯੂ-ਟਰਨ ਲੈਣਾ ਪਿਆ ਸੀ।
ਅਜਿਹਾ ਕਰਨ ਨਾਲ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਛਬੀ ’ਤੇ ਹਰਫ਼ ਆਉਣਾ ਲਾਜ਼ਮੀ ਸੀ। ਬੌਧਿਕ ਕੰਗਾਲੀ ਦਾ ਸ਼ਿਕਾਰ ਸਲਾਹਕਾਰਾਂ ਨੇ ਪੁੱਠੀਆਂ ਮੱਤਾਂ ਦੇ ਕੇ ਅਕਾਲੀ ਦਲ/ਸ਼੍ਰੋਮਣੀ ਕਮੇਟੀ ਨੂੰ ਪੁੱਠੇ ਰਾਹ ਪਾਉਣ ਦਾ ਕੋਈ ਮੌਕਾ ਨਹੀਂ ਖੁੰਝਾਇਆ। ਪਿਛਲੇ ਸਾਲ ਦੋ ਦਸੰਬਰ ਨੂੰ ਅਕਾਲ ਤਖ਼ਤ ਦੀ ਫ਼ਸੀਲ ਤੋਂ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਅਮਲ ’ਚ ਲਿਆਉਣ ਲਈ ਕੀਤੀ ਗਈ ਆਨਾਕਾਨੀ ਨੇ ਅਕਾਲੀ ਦਲ ਦੀ ਮੁੜ-ਸੁਰਜੀਤੀ ਦੇ ਰਾਹ ’ਚ ਰੋੜੇ ਅਟਕਾਉਣ ਦਾ ਕੰਮ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਰਖ਼ਾਸਤਗੀ ਨਾਲ ਕਈ ਅਜਿਹੇ ਸਵਾਲ ਖੜ੍ਹੇ ਹੋ ਗਏ ਜਿਨ੍ਹਾਂ ਨੇ ਅਕਾਲੀ ਦਲ/ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਮੁੜ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਵਿਦੇਸ਼ ਗਏ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਦੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਨਾਰਾਜ਼ਗੀ ਨੇ ਸ਼੍ਰੋਮਣੀ ਕਮੇਟੀ/ਅਕਾਲੀ ਦਲ ਲਈ ਹੋਰ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਤਖ਼ਤਾਂ ਦੇ ਜਥੇਦਾਰ ਜਿੰਨੀ ਦੇਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਤਾਬਿਆ ਵਿਚ ਰਹੇ, ਉਨ੍ਹਾਂ ਦੀ ਕਿਸੇ ਨੇ ’ਵਾ ਵੱਲ ਨਾ ਦੇਖਿਆ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦੇਣ ਤੋਂ ਬਾਅਦ ਸੰਗਤ ਨੇ ਅਕਾਲੀ ਦਲ ਨੂੰ ਮਾਫ਼ ਨਾ ਕੀਤਾ। ਅਕਾਲੀ ਦਲ ਕੋਲੋਂ ਪੰਥਿਕ ਜ਼ਮੀਨ ਖੁੱਸਣੀ ਸ਼ੁਰੂ ਹੋ ਗਈ। ਬੀਤੇ 25 ਸਾਲਾਂ ਵਿਚ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁੰਦੇ ਕਈ ਹੁਕਮਨਾਮਿਆਂ ’ਤੇ ਕਿੰਤੂ-ਪ੍ਰੰਤੂ ਹੋਏ। ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਕਈ ਜਥੇਦਾਰ ਵੀ ਪੰਥ ’ਚੋਂ ਛੇਕੇ ਜਾਂਦੇ ਰਹੇ।
ਮੁਤਵਾਜ਼ੀ ਜਥੇਦਾਰਾਂ ਦੀ ਤਾਜਪੋਸ਼ੀ ਵੀ ਅਜਿਹੇ ਰੋਲ-ਘਚੋਲਿਆਂ ਦਾ ਨਤੀਜਾ ਸੀ। ਜਥੇਦਾਰਾਂ ਦੇ ਪੁਤਲੇ ਸਾੜਨੇ ਤੇ ਉਨ੍ਹਾਂ ਖ਼ਿਲਾਫ਼ ਮੁਜ਼ਾਹਰੇ ਹੋਣੇ ਅਸਲੋਂ ਨਵਾਂ ਵਰਤਾਰਾ ਹੈ। ਕਿਰਦਾਰਕੁਸ਼ੀ ਕਰਨ ਨਾਲ ਵਿਅਕਤੀਆਂ ਨਹੀਂ ਸਗੋਂ ਸਦੀਆਂ ਪੁਰਾਣੀਆਂ ਸੰਸਥਾਵਾਂ ਦੀ ਬਦਨਾਮੀ ਹੁੰਦੀ ਹੈ। ਇਹ ਚਿੰਤਾ ਤੇ ਚਿੰਤਨ ਦੀ ਘੜੀ ਹੈ। ਜਥੇਦਾਰਾਂ ਦੀ ਨਿਯੁਕਤੀ ਤੇ ਉਨ੍ਹਾਂ ਦੀ ਬਰਖ਼ਾਸਤਗੀ ਲਈ ਵਿਧੀ-ਵਿਧਾਨ ਬਣਾਉਣਾ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਮਝ ਕੇ ਸਿੰਘ ਸਾਹਿਬਾਨ ਦੀ ਆਜ਼ਾਦ ਹਸਤੀ ਕਾਇਮ ਨਹੀਂ ਹੋ ਸਕਦੀ। ਕਾਸ਼! ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਹੋਰ ਸਿੰਘ ਸਾਹਿਬਾਨ ਵੱਲੋਂ 29 ਮਾਰਚ 2000 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਅਨੁਸਾਰ ਜਥੇਦਾਰਾਂ ਦਾ ਕਾਰਜ ਖੇਤਰ ਤੇ ਹੁਕਮਨਾਮੇ ਜਾਰੀ ਕਰਨ ਦਾ ਸਪਸ਼ਟ ਵਿਧੀ-ਵਿਧਾਨ ਬਣ ਜਾਂਦਾ ਤਾਂ ਪੰਥ ਨੂੰ ਅਜੋਕੇ ਸੰਕਟ ਤੋਂ ਬਚਾਇਆ ਜਾ ਸਕਦਾ ਸੀ।