ਟੁੱਟੇ ਸੁਪਨਿਆਂ ਦਾ ਮਲਬਾ ( ਪੰਜਾਬੀ ਜਾਗਰਣ –– 9th February, 2025)
ਵਰਿੰਦਰ ਵਾਲੀਆ
ਇੱਕੀਵੀਂ ਸਦੀ ’ਚ ਸਮੇਂ ਨੇ ਵਚਿੱਤਰ ਕਰਵਟ ਲਈ ਹੈ। ਪਿਛਲੀ ਸਦੀ ’ਚ ਅਣਖੀਲੇ ਗੱਭਰੂਆਂ ਨੇ ਆਪਣੇ ਦੇਸ਼ ਵਾਸੀਆਂ ਦੇ ਗਲੋਂ ਪੰਜ-ਅਰਲੀਆਂ ਪੰਜਾਲੀ/ਜੂਲਾ ਲਾਹੁਣ ਖ਼ਾਤਰ ਅਮਰੀਕਾ ਵਰਗੇ ਮੁਲਕਾਂ ਨੂੰ ਅਲਵਿਦਾ ਕਹਿੰਦਿਆਂ ਗ਼ਦਰ ਦਾ ਬਿਗਲ ਵਜਾਇਆ ਸੀ। ਪੰਦਰਾਂ ਜੁਲਾਈ 1913 ਵਿਚ ਗ਼ਦਰ ਪਾਰਟੀ ਦਾ ਐਲਾਨ ਹੋਇਆ ਜਿਸ ਨੇ ਭਾਰਤ ਵਾਸੀਆਂ ਦੀ ਸਿਆਸੀ ਚੇਤਨਾ ਨੂੰ ਸਾਣ ’ਤੇ ਲਾਉਣ ਦਾ ਮਹਾਨ ਕਾਰਜ ਕੀਤਾ। ਇਹ ਉਹ ਸਮਾਂ ਸੀ ਜਦੋਂ ਭਾਰਤ ਬਰਤਾਨਵੀ ਸਾਮਰਾਜ ਦਾ ਗ਼ੁਲਾਮ ਸੀ। ਅੱਲੜ ਉਮਰ ਦੇ ਕਰਤਾਰ ਸਿੰਘ ਸਰਾਭਾ ਦੇ ਦਾਦੇ ਵਤਨ ਸਿੰਘ ਨੇ ਆਪਣੇ ਯਤੀਮ ਪੋਤਰੇ ਲਈ ਸੁਨਹਿਰੀ ਸੁਪਨੇ ਸੰਜੋਏ ਸਨ। ਸੁਪਨੇ ਸਾਕਾਰ ਕਰਨ ਲਈ ਉਸ ਨੇ ਸਰਾਭਾ ਨੂੰ ਉੱਚ ਵਿੱਦਿਆ ਹਾਸਲ ਕਰਨ ਲਈ ਸੱਤ ਸਮੁੰਦਰ ਪਾਰ ਅਮਰੀਕਾ ਭੇਜ ਦਿੱਤਾ। ਅਮਰੀਕਨ ਨਾਗਰਿਕਾਂ ਵੱਲੋਂ ਭਾਰਤੀਆਂ ਖ਼ਿਲਾਫ਼ ਨਸਲੀ ਟਿੱਪਣੀਆਂ ਉਸ ਦੇ ਦਿਲ ਨੂੰ ਬਰਛੀਆਂ ਵਾਂਗ ਚੀਰਦੀਆਂ। ਥਾਂ-ਥਾਂ ਉਸ ਨੂੰ ਗ਼ੁਲਾਮ ਦੇਸ਼ ਦਾ ਬਾਸ਼ਿੰਦਾ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ।

ਨਸਲਵਾਦ ਨੇ ਵਤਨ ਸਿੰਘ ਦੇ ਪੋਤਰੇ ਅੰਦਰ ਵਤਨ ਲਈ ਪਿਆਰ ਦੀ ਚਿਣਗ ਜਗਾਈ। ਨਿੱਕੀ ਉਮਰੇ ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵੱਡੇ ਸੁਪਨੇ ਦੇਖਣ ਲੱਗਾ ਸੀ। ‘ਗ਼ਦਰ’ ਲਈ ਉਹ ਲੇਖ ਲਿਖਦਾ, ਪਰੂਫ ਪੜ੍ਹਦਾ ਤੇ ਅੱਧੀ ਰਾਤ ਵੇਲੇ ਅਖ਼ਬਾਰ ਛਾਪਦਾ। ਥੋੜ੍ਹੀ ਫ਼ੁਰਸਤ ਮਿਲਦੀ ਤਾਂ ਦੇਸ਼ ਪ੍ਰੇਮ ਦੇ ਗੀਤ ਗੁਣਗੁਣਾਉਂਦਾ-‘‘ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ/ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ।’’ ਗ਼ਦਰੀਆਂ ਨੇ ‘‘ਦੇਸ਼ ਨੂੰ ਚੱਲੋ ਦਾ ਨਾਅਰਾ’’ ਮਾਰਿਆ ਤਾਂ ਹਜ਼ਾਰਾਂ ਭਾਰਤੀਆਂ ਨੇ ਹੁੰਗਾਰਾ ਭਰਿਆ। ਡਾਲਰ ਜਾਂ ਪੌਂਡ ਕਮਾਉਣ ਦੀ ਲਾਲਸਾ ਖ਼ਤਮ ਹੋ ਚੁੱਕੀ ਸੀ।
ਸਰਾਭੇ ਵੱਲੋਂ ਗਾਇਆ ਜਾਂਦਾ ਗੀਤ:
‘‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਧਰਿਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ’’
ਜਿਵੇਂ ਆਜ਼ਾਦੀ ਘੁਲਾਟੀਆਂ ਦਾ ਤਰਾਨਾ ਬਣ ਚੁੱਕਾ ਸੀ। ਬ੍ਰਿਟਿਸ਼ ਸਰਕਾਰ ਨੇ ‘ਉਸ ਨੂੰ ਸਭ ਤੋਂ ਵੱਧ ਖ਼ਤਰਨਾਕ’ ਗਰਦਾਨਿਆ ਸੀ। ਸਰਾਭਾ ਨੇ ਫ਼ੌਜ ਦੇ ਭਾਰਤੀ ਸੈਨਿਕਾਂ ਨੂੰ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਬਗ਼ਾਵਤ ਲਈ ਪ੍ਰੇਰਿਤ ਕਰਨ ਦੀ ਵੀ ਯੋਜਨਾ ਬਣਾਈ ਸੀ। ਇੱਕੀ ਫਰਵਰੀ 1915 ਨੂੰ ਗ਼ਦਰ ਦੀ ਤਾਰੀਖ਼ ਮਿੱਥੀ ਗਈ। ਕਿਰਪਾਲ ਸਿੰਘ ਦੀ ਮੁਖ਼ਬਰੀ ਕਾਰਨ ਮਿਤੀ ਬਦਲ ਦਿੱਤੀ ਗਈ। ਬ੍ਰਿਟਿਸ਼ ਸਾਮਰਾਜ ਪਹਿਲੀ ਵਿਸ਼ਵ ਜੰਗ ਵਿਚ ਪੂਰੀ ਤਰ੍ਹਾਂ ਉਲਝਿਆ ਹੋਇਆ ਸੀ। ਓਧਰ ਅਮਰੀਕਾ ਵਿਚ ਗੋਰੇ ਮਜ਼ਦੂਰ ਭਾਰਤੀ ਮਜ਼ਦੂਰਾਂ ’ਤੇ ਆਏ ਦਿਨ ਹਮਲੇ ਕਰ ਰਹੇ ਸਨ।
ਗ਼ਦਰੀ ਬਾਬਿਆਂ ਵੱਲੋਂ ਚਲਾਈ ਗਈ ਲਹਿਰ ਕਾਰਨ ਬ੍ਰਿਟਿਸ਼ ਸਰਕਾਰ ਹਿੱਲ ਗਈ। ਮਹਿਜ਼ 19 ਸਾਲਾਂ ਦੀ ਉਮਰ ਵਿਚ ਸਰਾਭਾ ਨੂੰ ਉਸ ਦੇ ਸਾਥੀਆਂ ਸਣੇ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਸਭ ਤੋਂ ਛੋਟੀ ਉਮਰ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਕਰੋੜਾਂ ਭਾਰਤੀਆਂ ਲਈ ਮਹਾ-ਨਾਇਕ ਬਣ ਗਿਆ। ਭਗਤ ਸਿੰਘ ਉਸ ਦੀ ਤਸਵੀਰ ਜੇਬ ਵਿਚ ਰੱਖਦਾ। ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਆਖ਼ਰ 15 ਅਗਸਤ 1947 ਨੂੰ ਸਾਕਾਰ ਹੋਇਆ।
ਸਰਾਭਾ ਦੀ ਸ਼ਹਾਦਤ ਦੇ ਸੌ ਸਾਲ ਬਾਅਦ ਭਾਰਤ ਦੇ ਨੌਜਵਾਨਾਂ ’ਚ ‘‘ਦੇਸ਼ ਨੂੰ ਚੱਲੋ’’ ਨੂੰ ਵਿਸਾਰ ਕੇ ‘‘ਵਿਦੇਸ਼ ਚੱਲੋ’’ ਦੀ ਹੋੜ ਲੱਗ ਗਈ ਹੈ। ਗ਼ਦਰ ਪਾਰਟੀ ਦੀ ਸ਼ਤਾਬਦੀ ਤੋਂ ਲੈ ਕੇ ਹੁਣ ਤੱਕ ਲੱਖਾਂ ਭਾਰਤੀ ਸਵੈ-ਜਲਾਵਤਨੀ ਦੇ ਕੁਚੱਕਰ ਵਿਚ ਫਸ ਚੁੱਕੇ ਹਨ। ‘ਬ੍ਰੇਨ ਡਰੇਨ ਅਤੇ ਮਨੀ ਡਰੇਨ’ ਦੇਸ਼ ਲਈ ਘਾਤਕ ਸਿੱਧ ਹੋ ਰਹੀ ਹੈ। ਅਣਗਿਣਤ ਨੌਜਵਾਨ ਇਸ ਭਰਮ ਦਾ ਸ਼ਿਕਾਰ ਹਨ ਕਿ ਆਪਣੇ ਦੇਸ਼ ਵਿਚ ਕੁਝ ਨਹੀਂ ਰੱਖਿਆ। ਜ਼ਮੀਨਾਂ-ਜਾਇਦਾਦਾਂ ਵੇਚ ਕੇ ਵਿਦੇਸ਼ਾਂ ਵਿਚ ਭਟਕਣਾ ਉਨ੍ਹਾਂ ਦੀ ਤਕਦੀਰ ਬਣ ਚੁੱਕਾ ਹੈ। ਹੱਥਾਂ ਨੂੰ ਲੱਗੀਆਂ ਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾਈ ਅਜਿਹੇ ਨੌਜਵਾਨਾਂ ਨਾਲ ਭਰਿਆ ਅਮਰੀਕੀ ਫ਼ੌਜ ਦਾ ਜਹਾਜ਼ ਜਦੋਂ ਗੁਰੂ ਨਗਰੀ ਸ੍ਰੀ ਅੰਮਿ੍ਰਤਸਰ (ਰਾਜਾਸਾਂਸੀ) ਹਵਾਈ ਅੱਡੇ ’ਤੇ ਉਤਰਿਆ ਤਾਂ ਇਸ ਨੇ ਹਰੇਕ ਸੰਵੇਦਨਸ਼ੀਲ ਇਨਸਾਨ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਅਮਰੀਕਾ ਪੁੱਜਣ ਲਈ ਆਪਣੀਆਂ ਜਿੰਦੜੀਆਂ ਦਾਅ ’ਤੇ ਲਾਈਆਂ ਸਨ।
ਅੱਖਾਂ ਵਿਚ ਚਕਨਾਚੂਰ ਸੁਪਨੇ ਲੈ ਕੇ ਆਪਣੇ ਵਤਨ ਵਾਪਸ ਆਏ ਇਹ ਲੋਕ ਖ਼ੁਦ ਨੂੰ ਕੱਖੋਂ ਹੌਲੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਡਰਾਉਣੇ ਸੁਪਨੇ ਸਤਾ ਰਹੇ ਹਨ। ਅੱਧੀ ਰਾਤ ਉਹ ਅੱਭੜਵਾਹੇ ਉੱਠ ਪੈਂਦੇ ਹਨ। ਡੰਕੀ (ਡੌਂਕੀ) ਰੂਟ ਉਨ੍ਹਾਂ ਨੂੰ ਚੈਨ ਨਾਲ ਸੌਣ ਨਹੀਂ ਦਿੰਦਾ। ਉਨ੍ਹਾਂ ਨੇ ਭਾਵੇਂ ‘ਡੰਕੀ ਰੂਟ’ ਉੱਤੇ ਬਣੀਆਂ ਹਿੰਦੀ ਤੇ ਪੰਜਾਬੀ ਦੀਆਂ ਫਿਲਮਾਂ ਵੇਖੀਆਂ ਹੋਣਗੀਆਂ, ਫਿਰ ਵੀ ਉਹ ਲੋਭੀ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਫਸ ਗਏ। ਉਨ੍ਹਾਂ ਦੇ ਮਾਂ-ਬਾਪ ਦੀਆਂ ਬਿਰਧ ਅੱਖਾਂ ਦੇ ਰੋ-ਰੋ ਕੇ ਅੱਥਰੂ ਵੀ ਸੁੱਕ ਗਏ ਹਨ। ਪਥਰਾਈਆਂ ਅੱਖਾਂ ਅੱਗੇ ਹਨੇਰਾ ਛਾਇਆ ਹੋਇਆ ਹੈ।
ਉਨ੍ਹਾਂ ਨੇ 25 ਦਸੰਬਰ 1996 ਨੂੰ ਕਿ੍ਸਮਸ ਦੇ ਦਿਹਾੜੇ ਵਾਪਰੀ ਦਰਦਨਾਕ ‘ਮਾਲਟਾ ਬੋਟ ਟਰੈਜਡੀ’ ਤੋਂ ਵੀ ਕੋਈ ਸਬਕ ਨਾ ਸਿੱਖਿਆ। ਬੋਗਸ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆਏ 52 ਪੰਜੀਆਂ ਸਣੇ 170 ਭਾਰਤੀ ਸਮੁੰਦਰ ’ਚ ਡੁੱਬ ਗਏ ਸਨ। ਮਨੁੱਖੀ ਤਸਕਰੀ ਲਈ ‘ਡੰਕੀ ਰੂਟ’ ਬੇਹੱਦ ਖ਼ਤਰਨਾਕ ਹੈ। ਸਤਾਰਾਂ ਸਾਲਾਂ ਬਾਅਦ 2013 ’ਚ ਅਜਿਹਾ ਇਕ ਹੋਰ ਹਾਦਸਾ ਹੋਇਆ ਸੀ। ਲੀਬੀਆ/ਸੀਰੀਆ ਤੋਂ ਸਮੁੰਦਰੀ ਮਾਰਗ ਰਾਹੀਂ 400 ਪਰਵਾਸੀਆਂ ਦਾ ਬੇੜਾ ਮਾਲਟਾ ਨੇੜੇ ਹਾਦਸਾਗ੍ਰਸਤ ਹੋਇਆ ਸੀ। ਮਨੁੱਖੀ ਤਸਕਰੀ ਵੇਲੇ ਵਾਪਰਦੇ ਅਜਿਹੇ ਦੁਖਾਂਤ ਯਾਦ ਕਰਨ ਦਾ ਭਲਾ ਕਿਸ ਨੂੰ ਵਿਹਲ! ਡੰਕੀ ਲਾਉਣ ਵਾਲਿਆਂ ਨੂੰ ਟਰੈਵਲ ਏਜੰਟਾਂ ਨੇ ਸਬਜ਼ਬਾਗ ਦਿਖਾਏ ਹੁੰਦੇ ਹਨ। ਉਨ੍ਹਾਂ ਦੀਆਂ ਅੱਖਾਂ ਅੱਗੇ ਹੁਸੀਨ ਸੁਪਨੇ ਹੁੰਦੇ ਹਨ। ਰੁੱਖਾਂ ਨੂੰ ਪੱਤਿਆਂ ਦੀ ਬਜਾਏ ਡਾਲਰ/ ਪੌਂਡ ਲੱਗੇ ਦਿਖਾਈ ਦਿੰਦੇ ਹਨ। ਲੋਭੀ ਟਰੈਵਲ ਏਜੰਟ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੰਦੇ ਕਿ ਬਰਾਸਤਾ ਉੱਤਰੀ ਅਤੇ ਦੱਖਣੀ ਅਮਰੀਕਾ ਕਿੰਨਾ ਭਿਅੰਕਰ ਰਸਤਾ ਹੈ।
ਉੱਤਰੀ ਅਮਰੀਕਾ ਰਾਹੀਂ ਜਾਈਏ ਤਾਂ ਤਾਪਮਾਨ ਮਨਫ਼ੀ 40 ਡਿਗਰੀ ਤੱਕ ਦਾ ਹੁੰਦਾ ਹੈ। ਸੀਤ ਹਵਾਵਾਂ ਤੇ ਸਮੁੰਦਰ ਦਾ ਜੰਮਿਆ ਹੋਇਆ ਪਾਣੀ ਜਾਨਲੇਵਾ ਹੋ ਸਕਦਾ ਹੈ, ਉਹ ਇਸ ਤੋਂ ਬੇਖ਼ਬਰ ਹੁੰਦੇ ਹਨ। ਦੱਖਣੀ ਅਮਰੀਕਾ ਵਾਲਾ ਮਾਰਗ ਇਸ ਤੋਂ ਵੀ ਵੱਧ ਖ਼ਤਰਨਾਕ ਹੁੰਦਾ ਹੈ। ਪਨਾਮਾ ਅਤੇ ਮੈਕਸੀਕੋ ਦੇ ਘਣੇ ਜੰਗਲਾਂ ਦੇ ਪਾਂਧੀ ਬਣ ਕੇ ਅਮਰੀਕਾ ਜਾਣਾ ਕਿੰਨਾ ਖ਼ਤਰਨਾਕ ਹੈ, ਇਸ ਦੀ ਕਲਪਨਾ ਕਰ ਕੇ ਰੂਹ ਕੰਬ ਉੱਠਦੀ ਹੈ। ਖੂੰਖਾਰ ਜਾਨਵਰ ਤੇ ਕਬਾਇਲੀ ਘਾਤ ਲਾ ਕੇ ਆਪਣੇ ਸ਼ਿਕਾਰ ’ਤੇ ਟੁੱਟ ਪੈਂਦੇ ਹਨ। ਮੌਤ ਨੂੰ ਝਕਾਨੀਆਂ ਦੇ ਕੇ ਜੇ ਕੋਈ ਜੰਗਲ-ਬੇਲੇ ਤੇ ਰੇਗਿਸਤਾਨ ਦੇ ਕਠਿਨ ਰਾਹਾਂ ਨੂੰ ਪਾਰ ਵੀ ਕਰ ਜਾਵੇ ਤਾਂ ਮੈਕਸੀਕੋ ਦੀ ਉੱਚੀ ਦੀਵਾਰ ਉਨ੍ਹਾਂ ਨੂੰ ਰੋਕ ਦਿੰਦੀ ਹੈ। ਇਨ੍ਹਾਂ ਰਾਹਾਂ ’ਚ ਕਿੰਨੇ ਕੁ ਭਾਰਤੀ ਮਰ-ਖਪ ਗਏ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਚੋਣ ਪ੍ਰਚਾਰ ਵੇਲੇ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਅਮਰੀਕਾ ਦੇ ਦੁਬਾਰਾ ਸਦਰ ਬਣੇ ਤਾਂ ਉਹ ਘੁਸਪੈਠੀਆਂ ਨੂੰ ਦੇਸ਼-ਨਿਕਾਲਾ ਦੇਣਗੇ। ਟਰੰਪ ਨੇ ਆਪਣਾ ਵਾਅਦਾ ਵਫ਼ਾ ਕੀਤਾ। ਆਉਣ ਵਾਲੇ ਦਿਨਾਂ ’ਚ ਭਾਰਤ ਵਿਚ ਹੋਰ ਵੀ ਅਮਰੀਕਨ ਜਹਾਜ਼ ਉਤਰ ਸਕਦੇ ਹਨ। ਟਰੰਪ ਸਰਕਾਰ ਸਿਆਸੀ ਸ਼ਰਨ ਲੈ ਕੇ ਰਹਿ ਰਹੇ ਗ਼ੈਰ-ਅਮਰੀਕਨਾਂ ਦੀ ਵੀ ਨਿਸ਼ਾਨਦੇਹੀ ਕਰ ਰਹੀ ਹੈ। ਪੰਜਾਬ ਦੇ ‘ਕਾਲੇ ਦੌਰ’ ਦੌਰਾਨ ਗਰਮ ਦਲੀ ਸਿਆਸੀ ਪਾਰਟੀਆਂ ਦੀ ਸਿਫ਼ਾਰਸ਼ ’ਤੇ ਅਮਰੀਕਾ ਵਿਚ ਅਣਗਿਣਤ ਲੋਕਾਂ ਨੇ ਸਿਆਸੀ ਸ਼ਰਨ ਲਈ ਸੀ। ਪੰਜਾਬ ਦੀਆਂ ਕੁਝ ਇਕ ਗਰਮ ਖ਼ਿਆਲੀ ਜਥੇਬੰਦੀਆਂ ਦੇ ਲੈਟਰਪੈਡ ਵੀ ਖ਼ੂਬ ਵਿਕੇ।
ਅਮਰੀਕਾ ਸ਼ੁਰੂ ਤੋਂ ਖ਼ੁਦ ਨੂੰ ਮਨੁੱਖੀ ਹੱਕਾਂ ਦਾ ਅਲੰਬਰਦਾਰ ਅਖਵਾਉਂਦਾ ਆਇਆ ਹੈ ਪਰ ਉਸ ਨੇ ਸ਼ਾਇਦ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਇਸ ਦੀ ਤਾਜ਼ਾ ਮਿਸਾਲ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਜਬਰੀ ਭੇਜੇ ਭਾਰਤੀ ਹਨ ਜਿਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾਲ ਜਕੜਿਆ ਹੋਇਆ ਸੀ। ਇਸ ਅਣ-ਮਨੁੱਖੀ ਵਰਤਾਰੇ ਨਾਲ ਸੜਕਾਂ ਤੋਂ ਸੰਸਦ ਤੱਕ ਹੰਗਾਮੇ ਹੋ ਰਹੇ ਹਨ। ਹੁਣ ਉਨ੍ਹਾਂ ‘ਡੰਕਰਜ਼’ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪੀੜਤਾਂ ਨੂੰ ਸਬਜ਼ਬਾਗ ਦਿਖਾ ਕੇ ਡੰਕੀ ਲਗਵਾਈ ਸੀ। ਇਨ੍ਹਾਂ ਦੀ ਅੱਥਰੂਆਂ ਨਾਲ ਲਿਖੀ ਦਰਦ ਭਰੀ ਦਾਸਤਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਸਬਕ ਹੋਣੀ ਚਾਹੀਦੀ ਹੈ ਜੋ ਆਪਣੀ ਮਿੱਟੀ ਦਾ ਮੋਹ ਤਿਆਗ ਕੇ ਵਿਦੇਸ਼ਾਂ ਦੇ ਸੁਪਨੇ ਲੈਂਦੇ ਹਨ। ਸਭ ਲਈ ਇਹ ਵੱਡੀ ਸੀਖ ਹੈ ਕਿ ਮੋਈਆਂ ਸੱਧਰਾਂ ਤੇ ਟੁੱਟੇ ਸੁਪਨਿਆਂ ਦਾ ਮਲਬਾ ਚੁੱਕਣਾ ਜਾਂ ਸਾਫ਼ ਕਰਨਾ ਸੌਖਾ ਨਹੀਂ ਹੁੰਦਾ।