‘ਇਕ ਚੁੱਪ ਸੌ ਸੁੱਖ’ ਦੇ ਆਰ-ਪਾਰ ( ਪੰਜਾਬੀ ਜਾਗਰਣ –– 26th January, 2025)
ਵਰਿੰਦਰ ਵਾਲੀਆ
ਆਜ਼ਾਦੀ ਤੋਂ ਪਹਿਲਾਂ ਮਹਾਰਾਸ਼ਟਰ ਤੇ ਪੰਜਾਬ ਵਿਚ ਛੂਆ-ਛੂਤ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢੀ ਗਈ ਸੀ। ਵੰਞਿਤਤਾ ਦੀ ਪੀੜਤ ਸ਼ੋਸ਼ਿਤ ਸ਼੍ਰੇਣੀ ਅਤੇ ਕਥਿਤ ਅਛੂਤਾਂ ਨੂੰ ਸਮਾਜ/ਸੰਵਿਧਾਨ ਵਿਚ ਸਮਤਾ ਦਿਵਾਉਣ ਲਈ ਜਿੱਥੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਨੇ ਮਹਾਰਾਸ਼ਟਰ ਦੀ ਧਰਤੀ ’ਤੇ ਕ੍ਰਾਂਤੀ ਦੇ ਬੀਜੇ ਬੋਏ, ਓਥੇ ਗੁਰੂ ਆਸ਼ੇ ਮੁਤਾਬਕ ਗੁਰਦੁਆਰਾ ਲਹਿਰ ਦੇ ਮਰਜੀਵੜਿਆਂ ਨੇ ਜਾਤਪਾਤ ਖ਼ਿਲਾਫ਼ ਬਿਗਲ ਵਜਾਇਆ ਸੀ।
‘ਜਨ-ਗਣ-ਮਨ’ ਦੀ ਤਰਜਮਾਨੀ ਕਰਨ ਵਾਲੇ ਦਲਿਤਾਂ ਦੇ ਮਸੀਹਾ ਨੂੰ ਜਿੱਥੇ ਗਣਤੰਤਰ ਦਿਵਸ ’ਤੇ ਯਾਦ ਕੀਤਾ ਜਾਂਦਾ ਹੈ, ਓਥੇ ਪੀੜਤਾਂ ਦੀ ਪੀੜਾ ਨੂੰ ਮਹਿਸੂਸ ਕਰ ਕੇ ਅੰਦੋਲਨ ਚਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ/ਗੁਰਦੁਆਰਾ ਲਹਿਰ ਦੇ ਕਾਰਕੁੰਨਾਂ ਦੀ ਭੂਮਿਕਾ ਅਕਸਰ ਅੱਖੋਂ-ਪਰੋਖੇ ਹੋ ਜਾਂਦੀ ਹੈ। ਬਸਤੀਵਾਦੀ ਗੋਰੀ ਹਕੂਮਤ ਤੇ ਭ੍ਰਿਸ਼ਟਾਚਾਰੀ ਮਹੰਤਾਂ ਖ਼ਿਲਾਫ਼ ਵਿੱਢੀ ਗਈ ਤਵਾਰੀਖ਼ੀ ਮੁਹਿੰਮ ਦੇ ਸੁਨਹਿਰੀ ਪੰਨਿਆਂ ਨੂੰ ਜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਰਬਰਾਹ ਖ਼ੁਦ ਪੜ੍ਹ ਕੇ ਦੁਨੀਆ ਨੂੰ ਜਾਗਰੂਕ ਕਰਦੇ ਤਾਂ ਇਨ੍ਹਾਂ ਮਹਾਨ ਸੰਸਥਾਵਾਂ ਦਾ ਘੇਰਾ ਹੋਰ ਵਸੀਹ ਹੋਣਾ ਸੀ।

ਤ੍ਰਾਸਦੀ ਇਹ ਹੈ ਕਿ ਦੇਸ਼ ਤੇ ਕੌਮ ਦੀ ਜੰਗ ਲੜ ਕੇ ਸੁਨਹਿਰੀ ਇਤਿਹਾਸ ਲਿਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ 2020 ਵਿਚ ਆਈ ਸ਼ਤਾਬਦੀ ਆਪਸੀ ਰਗੜਿਆਂ-ਝਗੜਿਆਂ ’ਚ ਕਦੋਂ ਲੰਘ ਗਈ, ਇਸ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਾ ਰਿਹਾ। ਕਿੰਨਾ ਚੰਗਾ ਹੁੰਦਾ ਜੇ ਸ਼ਤਾਬਦੀ ਦੇ ਅਵਸਰ ’ਤੇ ਜਾਨਾਂ ਨਿਛਾਵਰ ਕਰਨ ਵਾਲੇ ਸਿਰਲੱਥ ਅਕਾਲੀਆਂ ਦੀ ਸਮੁੱਚੀ ਭੂਮਿਕਾ ਨੂੰ ਸੈਂਚੀਆਂ ’ਚ ਉਤਾਰ ਕੇ ਅਗਲੀਆਂ ਪੀੜ੍ਹੀਆਂ ਲਈ ਸਾਂਭ ਲਿਆ ਜਾਂਦਾ। ਅਫ਼ਸੋਸ! ਪੰਥ ਦੀ ਖ਼ਾਨਾਜੰਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਵੇਲੇ ਚਰਮ ਸੀਮਾ ’ਤੇ ਪੁੱਜ ਚੁੱਕੀ ਹੈ। ਭਰਾ-ਮਾਰੂ ਜੰਗ ਦੀਆਂ ਤਾਰਾਂ ਕਿੱਥੋਂ ਤੇ ਕਿਵੇਂ ਹਿੱਲ ਰਹੀਆਂ ਹਨ, ਇਸ ਦੀ ਥਾਹ ਪਾਉਣ ਲਈ ਨਿੱਠ ਕੇ ਵਿਚਾਰ-ਵਿਮਰਸ਼ ਨਹੀਂ ਹੋ ਰਿਹਾ। ਸਿਰ ਜੋੜਨ ਦੀ ਬਜਾਏ ਇਕ-ਦੂਜੇ ਦਾ ਸਿਰ ਕਲਮ ਕਰਨ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ‘ਕੁੱਕੜ ਖੇਹ’ ਉਡਾ ਕੇ ਆਪੋ-ਆਪਣੀ ਹਉਮੈ ਨੂੰ ਪੱਠੇ ਪਾਏ ਜਾ ਰਹੇ ਹਨ।
ਚਿੱਕੜ-ਉਛਾਲੀ ਵੇਲੇ ਛਿੱਟੇ ਆਪਣੇ ’ਤੇ ਵੀ ਪੈ ਸਕਦੇ ਹਨ, ਇਸ ਦੀ ਭਲਾ ਕਿਸ ਨੂੰ ਪਰਵਾਹ ਹੈ? ਬਾਣੀ ਤੇ ਬਾਣੇ ਤੋਂ ਵਿੱਥ ਬਣਾ ਕੇ ਚੱਲਣ ਵਾਲੇ ਬੌਣੇ ਨੇਤਾ ਉੱਚੀਆਂ ਅੱਡੀਆਂ ਵਾਲੇ ਬੂਟ ਪਾ ਕੇ ਖ਼ੁਦ ਨੂੰ ਉੱਚ-ਦੁਮਾਲੜੇ ਵਾਲੇ ਹੋਣ ਦਾ ਭਰਮ ਪਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਅਧੋਗਤੀ ਦਾ ਆਗ਼ਾਜ਼ ਉਦੋਂ ਸ਼ੁਰੂ ਹੋ ਗਿਆ ਸੀ ਜਦੋਂ ਇਸ ਦਾ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ’ਚੋਂ ਸਮੇਟ ਕੇ ਪੱਥਰਾਂ ਦੇ ਸ਼ਹਿਰ ਚੰਡੀਗੜ੍ਹ ਤਬਦੀਲ ਹੋ ਗਿਆ ਸੀ। ਰਾਜਧਾਨੀ ਵਿਚ ਪੱਕਾ ਡੇਰਾ ਲਾਉਣ ਤੋਂ ਬਾਅਦ ਜੇ ਇਸ ਨੇ ਚੰਡੀਗੜ੍ਹ ਨੂੰ ਪੰਜਾਬ ਵਿਚ ਲੈ ਲਿਆ ਹੁੰਦਾ ਤਾਂ ਅਕਾਲੀ ਦਲ ਦੇ ਉਪਰੋਕਤ ਫ਼ੈਸਲੇ ਨੂੰ ਵਾਜਬ ਠਹਿਰਾਇਆ ਜਾ ਸਕਦਾ ਸੀ।
ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਅਮਲੀ ਰੂਪ ਦੇਣ ਲਈ ਜਦੋਜਹਿਦ ਕਰ ਲੈਂਦੇ ਤਾਂ ਵੀ ਚੰਡੀਗੜ੍ਹ ਲਿਜਾਏ ਗਏ ਦਫ਼ਤਰ ਦੀ ਅਹਿਮੀਅਤ ਹੁੰਦੀ। ਰਾਜੀਵ-ਲੌਂਗੋਵਾਲ ਦੇ ਦਸਤਖ਼ਤਾਂ ਹੇਠ ਸਹੀਬੰਦ ਕੀਤੇ ਗਏ ‘ਪੰਜਾਬ ਸਮਝੌਤਾ’ (24 ਜੁਲਾਈ 1985) ਦੀ ਮਦ ਅਨੁਸਾਰ 26 ਜਨਵਰੀ 1986 ਨੂੰ ਗਣਤੰਤਰ ਦਿਵਸ ’ਤੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ। ਬਰਨਾਲਾ ਸਰਕਾਰ ਨੇ ਇਸ ਅਵਸਰ ਨੂੰ ਮਨਾਉਣ ਲਈ ‘‘ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ’ ਦੀ ਇਬਾਰਤ ਵਾਲੇ ਵੱਡੇ-ਵੱਡੇ ਪੋਸਟਰ ਛਪਵਾ ਲਏ ਸਨ। ਬਾਅਦ ਵਿਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਇਨ੍ਹਾਂ ਪੋਸਟਰਾਂ ਦੀ ਹੋਲੀ ਬਾਲੀ ਸੀ। ਇਸ ਗਣਤੰਤਰ ਦਿਵਸ ਦਾ ਹਰੇਕ ਪੰਜਾਬੀ ਨੂੰ ਬੇਤਾਬੀ ਨਾਲ ਇੰਤਜ਼ਾਰ ਸੀ।
ਬਦਕਿਸਮਤੀ ਨਾਲ 30 ਏਕੜ ਵਿਚ ਫੈਲੇ ਚੰਡੀਗੜ੍ਹ ਦੇ ‘ਜ਼ਾਕਿਰ ਹੁਸੈਨ ਰੋਜ਼ ਗਾਰਡਨ’ ਦੇ ਪੰਜਾਹ ਹਜ਼ਾਰ (1600 ਕਿਸਮਾਂ) ਦੇ ਬੂਟਿਆਂ ’ਤੇ ਇਕ ਵੀ ਗੁਲਾਬ ਨਾ ਖਿੜਿਆ ਤੇ ਪੰਜਾਬੀਆਂ ਦੇ ਖਿੜੇ ਚਿਹਰੇ ਮੁਰਝਾ ਗਏ। ਉਸ ਸਮੇਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਸਿਆਸੀ ਜੀਵਨ ਲਈ ਇਹ ‘ਕਾਲਾ ਦਿਨ’ ਸੀ। ਵਾਅਦੇ ਅਨੁਸਾਰ ਚੰਡੀਗੜ੍ਹ ਨਾ ਮਿਲਣ ਦੀ ਸੂਰਤ ’ਚ ਬਰਨਾਲਾ ਸਾਹਿਬ ਜੇ ਬਤੌਰ ਮੁੱਖ ਮੰਤਰੀ ਅਸਤੀਫ਼ਾ ਦੇ ਦਿੰਦੇ ਤਾਂ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਣਾ ਸੀ। ਅਜਿਹਾ ਕਦਮ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਹੋਣਾ ਸੀ ਜਿਨ੍ਹਾਂ ਨੂੰ ‘ਪੰਜਾਬ ਸਮਝੌਤਾ’ ਉੱਪਰ ਦਸਤਖ਼ਤ ਕਰ ਕੇ 20 ਅਗਸਤ 1985 ਨੂੰ ਸ਼ੇਰਪੁਰ (ਸੰਗਰੂਰ) ਦੇ ਗੁਰਦੁਆਰਾ ਸਾਹਿਬ ਵਿਖੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।
ਆਪਣੀ ਬੁਜ਼ਦਿਲੀ ਕਾਰਨ ਬਰਨਾਲਾ ਪਹਿਲਾਂ ਪੰਜਾਬੀਆਂ ਦੇ ਦਿਲੋਂ ਉਤਰਿਆ ਤੇ ਫਿਰ ਕੇਂਦਰ ਨੇ ਉਸ ਨੂੰ ਗੱਦੀਓਂ ਉਤਾਰ ਕੇ ਪੰਜਾਬ ’ਚ ਰਾਸ਼ਟਰਪਤੀ ਰਾਜ ਲਾ ਦਿੱਤਾ। ਉਹ ਘਰ ਤੇ ਘਾਟ, ਦੋਨਾਂ ਤੋਂ ਬੇਦਖ਼ਲ ਹੋ ਗਏ ਸਨ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਜਦੋਂ ‘ਫਖ਼ਰ-ਏ-ਕੌਮ’ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੱਥ ਆਈ ਤਾਂ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਵਾਉਣ ਤੇ ਅੰਤਰਰਾਜੀ ਦਰਿਆਵਾਂ ਦੇ ਪਾਣੀਆਂ ਦੀ ਰਾਇਪੇਰੀਅਨ ਕਾਨੂੰਨ ਮੁਤਾਬਕ ਵੰਡ ਨੂੰ ਲੈ ਕੇ ਮੋਰਚਾ ਲਾਉਣ ਦਾ ਉਨ੍ਹਾਂ ਨੇ ਵੀ ਹੀਆ ਨਾ ਕੀਤਾ। ‘ਅਨੰਦਪੁਰ ਸਾਹਿਬ ਮਤਾ’ ਜਿਵੇਂ ਵਿਸਰ ਚੁੱਕਾ ਸੀ।
ਚੰਡੀਗੜ੍ਹ ਦਫ਼ਤਰ ਆਉਣ ਤੋਂ ਬਾਅਦ ਕਈ ਵੱਡੇ ਅਕਾਲੀ ਨੇਤਾਵਾਂ ਨੇ ਰਵਾਇਤੀ ਕਾਲੀਆਂ/ਨੀਲੀਆਂ ਜਾਂ ਕੇਸਰੀ ਦੀ ਬਜਾਏ ਹੋਰ ਰੰਗਾਂ ਦੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੱਥਰਾਂ ਦੇ ਸ਼ਹਿਰ ਦੇ ਰੰਗ ’ਚ ਰੰਗੇ ਜਾਣ ਤੋਂ ਬਾਅਦ ਪੋਚਵੀਆਂ ਪੱਗਾਂ ਪਾਉਣੀਆਂ ਸਮੇਂ ਦੇ ਨਾਲ ਤੁਰਨ ਵਾਲੀ ਗੱਲ ਜਾਪ ਰਹੀ ਸੀ। ਅਕਾਲੀ ਲਹਿਰ ਵੇਲੇ ਸਿਰਾਂ ’ਤੇ ਕੱਫਣ ਬੰਨ੍ਹ ਕੇ ਘਰੋਂ ਨਿਕਲਣਾ ਬੀਤੇ ਸਮੇਂ ਦੀ ਬਾਤ ਬਣ ਚੁੱਕਾ ਸੀ। ਕਈ ਹੈਂਕੜਬਾਜ਼ ਨੇਤਾ ਸੱਤਾ ਦੇ ਨਸ਼ੇ ’ਚ ਚੂਰ ਸਨ। ਪੰਥ ਤੇ ਗ੍ਰੰਥ ਦੀ ਬਜਾਏ ਹਉਮੈ ਦੀ ਪਰਿਕਰਮਾ ਕਰਨ ਵਾਲਿਆਂ ਨੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਸਿਆਹੀ ਡੋਲ੍ਹਣੀ ਸ਼ੁਰੂ ਕਰ ਦਿੱਤੀ।
ਚੰਡੀਗੜ੍ਹ ਦੇ ਸਰਕਾਰੀ ਬੰਗਲਿਆਂ ’ਚ ਕੌਮ ਦੇ ਸਰਬਰਾਹਾਂ ਦਾ ਤਲਬ ਹੋਣਾ ਅਸਲੋਂ ਨਵੀਂ ਪਿਰਤ ਸੀ। ਮੀਰੀ-ਪੀਰੀ ਦੀ ਮਹਾਨ ਫਸੀਲ ਤੋਂ ਰਵਾਇਤਾਂ ਤੋਂ ਉਲਟ ਜਾਰੀ ਹੋਏ ਕੁਝ-ਇਕ ਹੁਕਮਨਾਮਿਆਂ ਨੇ ਨਵਾਂ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਸੀ। ਪੰਥ ਦੇ ਰੋਹ ਦਾ ਸਾਹਮਣਾ ਕਰਦਿਆਂ ਵਿਵਾਦਤ ਆਦੇਸ਼ਾਂ/ਹੁਕਮਨਾਮਿਆਂ ਨੂੰ ਵਾਪਸ ਲੈਣਾ ਜਾਂ ਬਦਲਣਾ ਵੀ ਰਵਾਇਤਾਂ ਦੇ ਉਲਟ ਹੀ ਸੀ। ਪੰਥ ’ਚ ਚੱਲ ਰਹੀ ਖ਼ਾਨਾਜੰਗੀ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਸੀਹ ਘੇਰਾ ਸੁੰਗੜ ਗਿਆ। ਕਈ ਅਕਾਲੀ ਦਲ ਬਣ ਗਏ। ਇਨ੍ਹਾਂ ’ਚੋਂ ਟਕਸਾਲੀ ਕੌਣ ਹੈ, ਇਸ ਬਾਰੇ ਨਿਰਣਾ ਭਵਿੱਖ ਦੀ ਬੁੱਕਲ ’ਚ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਪਾਕਿਸਤਾਨ ਤੇ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਵੱਖਰੀਆਂ ਕਮੇਟੀਆਂ ਬਣਨਾ ਵੀ ਅਕਾਲੀ ਲੀਡਰਸ਼ਿਪ ਲਈ ਵੱਡੀ ਚੁਣੌਤੀ ਹੈ।
ਇਸ ਦੇ ਬਾਵਜੂਦ, ਸ੍ਰੀ ਅਕਾਲ ਤਖ਼ਤ ਸਮੁੱਚੇ ਪੰਥ ਲਈ ਸਾਂਝੀ ਸੰਸਥਾ ਹੈ। ਮੀਰੀ-ਪੀਰੀ ਦੀ ਸੰਸਥਾ ਦੀ ਸੇਵਾ ਨਿਭਾ ਰਹੇ ਸਰਬਰਾਹਾਂ ਦਾ ਵੀ ਵਿਵਾਦਾਂ ’ਚ ਘਿਰੇ ਰਹਿਣਾ ਬੇਹੱਦ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਇਸ ਨੂੰ ਢਾਹ ਲਾਉਣ ਦਾ ਕੋਈ ਵਿਚਾਰ ਆਪਣੇ ਹੱਥੀਂ ਆਪਣੀ ਜੜ੍ਹ ਪੁੱਟਣ ਵਾਂਗ ਹੈ। ਦੋ ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾ ਕਰਨ ਨਾਲ ਸੰਗਤ ਦੀ ਆਸਥਾ ਹੋਰ ਵਧੇਗੀ। ਉਪਰੋਕਤ ਹੁਕਮਨਾਮੇ ਅਨੁਸਾਰ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੀ ਨਵੀਂ ਭਰਤੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਬਣਾਈ ਹੈ।
ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਇਖ਼ਲਾਕੀ ਤੌਰ ’ਤੇ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ। ਇਸ ਦਾ ਦੋਸ਼ ਉਨ੍ਹਾਂ ਨੇ ਬਾਗੀਆਂ ਤੇ ਦਾਗੀਆਂ ’ਤੇ ਮੜ੍ਹਿਆ ਸੀ। ਆਪੋ-ਆਪਣੇ ਚੁੱਲ੍ਹੇ ਸਮੇਟਣ ਦਾ ਆਦੇਸ਼ ਸੀ। ‘ਖ਼ੁਦ ਨੂੰ ਸੁਧਾਰੇ ਬਗੈਰ ਸੁਧਾਰਵਾਦੀ ਨਹੀਂ ਅਖਵਾਇਆ ਜਾ ਸਕਦਾ’, ਇਹ ਸਪਸ਼ਟ ਸੰਕੇਤ ਪੱਕੀਆਂ ਫ਼ਸਲਾਂ ਚੁਗ ਕੇ ਸੱਤਾਧਾਰੀਆਂ ਦੀ ਛੱਤਰੀ ਤੋਂ ਉੱਡ ਚੁੱਕੇ ਫ਼ਸਲੀ ਬਟੇਰਿਆਂ ਬਾਰੇ ਵੀ ਸੀ।
ਚਾਵੇਂ ਚੁੱਲ੍ਹਿਆਂ ਵਰਗੇ ਨੇਤਾਵਾਂ ਨੂੰ ਆਪਣੇ ਚੁੱਲ੍ਹੇ ਸਮੇਟਣੇ ਮੁਹਾਲ ਲੱਗ ਰਹੇ ਹਨ। ਗ਼ਲਤੀਆਂ ਜਾਣੇ-ਅਣਜਾਣੇ ਹੁੰਦੀਆਂ ਨੇ, ਜਿਹੜੀਆਂ ਮਾਫ਼ ਕਰਨ ਯੋਗ ਹੁੰਦੀਆਂ ਹਨ। ਜਾਣਬੁੱਝ ਕੇ ਕੀਤੀਆਂ ਬੱਜਰ ਗ਼ਲਤੀਆਂ ਗੁਨਾਹ ਸਮਝੀਆਂ ਜਾਂਦੀਆਂ ਹਨ। ਅਕਾਲ ਤਖ਼ਤ ਦੇ ਸਰਬਰਾਹ ਨੂੰ ਕਿਸੇ ਵੀ ਭੈਅ ਤੋਂ ਮੁਕਤ ਸਮਝਿਆ ਜਾਂਦਾ ਹੈ। ਮੂਲ ਮੰਤਰ ਦੀ ਪਰਿਭਾਸ਼ਾ ਅਨੁਸਾਰ ਉਹ ਨਿਰਵੈਰ ਵੀ ਹੋਣੇ ਚਾਹੀਦੇ ਹਨ। ਉਨ੍ਹਾਂ ਦੇ ਹੱਥ ਨਿਆਂ ਦਾ ਤਰਾਜ਼ੂ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ’ਚ ਕੀਤੀ ਜੁਰਅਤ ਤਵਾਰੀਖ਼ ਦਾ ਸੁਨਹਿਰੀ ਪੰਨਾ ਬਣੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਸਮੇਂ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਵਾਲੇ ਵਰ੍ਹੇ ’ਚ ਉਨ੍ਹਾਂ ਦੀ ‘ਇਕ ਚੁੱਪ ਸੌ ਸੁੱਖ’ ਨਹੀਂ ਮੰਨੀ ਜਾਵੇਗੀ। ਰਹਿਬਰਾਂ ਦੀ ਅਜਿਹੀ ਚੁੱਪ ਕਿਸੇ ਕਮਜ਼ੋਰੀ ਦਾ ਸੂਚਕ ਨਹੀਂ ਹੋਣੀ ਚਾਹੀਦੀ।