ਪੰਜਾਬ ਦਾ ਅਸਲ ਵਾਰਿਸ ਕੌਣ? ( ਪੰਜਾਬੀ ਜਾਗਰਣ –– 19th January, 2025)
ਵਰਿੰਦਰ ਵਾਲੀਆ
ਸਿੱਖ ਪੰਥ ਵਿਚ ਚੱਲ ਰਹੀ ਖ਼ਾਨਾਜੰਗੀ ਪੰਜਾਬ ਤੇ ਪੰਜਾਬੀਆਂ ਲਈ ਸ਼ੁਭ ਸ਼ਗਨ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੀ ਖੁੱਸੀ ਹੋਈ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾਉਣ ਲਈ ਪੰਥ ਦੇ ਖੈਰਖਵਾਹ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਹੋੜ ਲੱਗੀ ਹੋਈ ਹੈ। ਕਿਹੜਾ ‘ਪੰਥ ਦੋਖੀ’ ਤੇ ਕੌਣ ‘ਪੰਥ-ਹਿਤੈਸ਼ੀ’ ਹੈ, ਇਹ ਸਾਬਿਤ ਕਰਨ ਲਈ ਇਕ-ਦੂਜੇ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਤੱਤੀਆਂ ਤਕਰੀਰਾਂ ਨਾਲ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰ ਕੇ ਆਪਣਾ ਉੱਲੂ ਸਿੱਧਾ ਕੀਤਾ ਜਾ ਰਿਹਾ ਹੈ। ਅਟੱਲ ਸੱਚਾਈ ਤਾਂ ਇਹ ਹੈ ਕਿ ਤੱਤੇ ਨਾਅਰਿਆਂ ਨਾਲ ਦੁੱਧ ਤੋਂ ਪਹਿਲਾਂ ਖ਼ੂਨ ਉਬਲਦਾ ਹੈ। ਕਲਮਾਂ ਦੀ ਬਜਾਏ ਜਦੋਂ ਨੌਜਵਾਨਾਂ ਦੇ ਹੱਥਾਂ ਵਿਚ ਹਥਿਆਰ ਆ ਜਾਣ ਤਾਂ ਚੁੱਲ੍ਹਿਆਂ ’ਤੇ ਘਾਹ ਉੱਗਣਾ ਸ਼ੁਰੂ ਹੋ ਜਾਂਦਾ ਹੈ।
ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ ਪੰਜਾਬ ਦੇ ਤੁਲ ਕਿਸੇ ਹੋਰ ਖੇਤਰ ਨੂੰ ਨਹੀਂ ਮੰਨਦਾ, ‘‘ਮੈਨੂੰ ਪੰਜਾਬ ਜੇਹਾ ਮੁਲਖ ਕੋਈ ਹੋਰ ਨਾ ਦਿੱਸਦਾ ਵਸਦਾ ਤੇ ਹੱਸਦਾ, ਖੇਡਦਾ, ਮਜੂਰੀ ਕਰਦਾ ਪਿਆਰ ਦੀ।’’ ਉਹ ਪੰਜਾਬ ਦੀ ਸਦਭਾਵਨਾ ਦੇ ਸੋਹਲੇ ਗਾਉਂਦਾ ਨਹੀਂ ਥੱਕਦਾ। ਪੰਜਾਬ ਕਦੇ ਫ਼ਿਰਕਿਆਂ ਦੀ ਵਲਗਣ ਵਿਚ ਕੈਦ ਹੋਣ ਵਾਲਾ ਪ੍ਰਦੇਸ ਨਹੀਂ ਹੈ। ਹਿੰਦੂ, ਮੁਸਲਮਾਨ ਤੇ ਸਿੱਖ, ਸਭ ਦਾ ਸਾਂਝਾ ਹੈ। ਪ੍ਰੋ. ਪੂਰਨ ਸਿੰਘ ਦੀਆਂ ਸਤਰਾਂ ਪੰਜਾਬੀਆਂ ਨੂੰ ਇਕਜੁੱਟਤਾ ਦਾ ਸੁਨੇਹਾ ਦੇ ਰਹੀਆਂ ਹਨ, ‘‘ਕੰਧਾਂ ਸਾਰੀਆਂ ਢਾਹਵੋ ਹੁਣ, ਬੂਹੇ ਸਾਰੇ ਖੋਹਲ ਦੇਵੋ, ਮਿਲੋ ਬਸੰਤ ਨੂੰ ਪਾ ਪਾ ਜੱਫੀਆਂ।’’ ਅਫ਼ਸੋਸ! ਅੱਜ ਪੰਜਾਬ ਦੇ ਹਾਲਾਤ ਵਿਸਫੋਟਕ ਹਨ। ਆਪਣੀ ਧਰਤੀ ਮਾਂ/ਮਿੱਟੀ ਦਾ ਮੋਹ ਤਿਆਗ ਕੇ ਹਰ ਕੋਈ ਵਿਦੇਸ਼ ਜਾਣਾ ਲੋਚਦਾ ਹੈ। ਅਜਿਹੀ ਲੋਚਨਾ ਤਕਲੀਫ਼ਦੇਹ ਹੈ। ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਇਹ ਸਤਰਾਂ, ‘‘ਪੰਛੀ ਤਾਂ ਉੱਡ ਗਏ, ਰੁੱਖ ਵੀ ਸਲਾਹਾਂ ਕਰਨ, ਚਲੋ ਏਥੋਂ ਚੱਲੀਏ... ਏਹੀ ਏਥੇ ਤਾਲ ਹੈ ਤੇ ਏਹੀ ਏਥੇ ਰਾਗ ਹੈ ਏਹੀ ਹੈ ਵ੍ਰਿੰਦਗਾਨ ਏਹੀ ਹੈ ਸਮੂਹ-ਗਾਨ।’’ ਇਸ ਤ੍ਰਾਸਦੀ ਨੂੰ ਸਮਝਣ ਲਈ ਹਾਕਮਾਂ ਕੋਲ ਕੋਈ ਵਿਹਲ ਨਹੀਂ ਹੈ। ਪੈਲੀਆਂ ਨੂੰ ਕਿਤਾਬਾਂ ਵਾਂਗ ਪੜ੍ਹਨ ਵਾਲਿਆਂ ਦਾ ਰੁਖ਼ ਬੇਗਾਨੀਆਂ ਧਰਤੀਆਂ ਵੱਲ ਹੈ। ਪਰਵਾਸੀ ਭਾਰਤੀਆਂ ਵੱਲੋਂ ਖ਼ਾਲੀ ਕੀਤੀਆਂ ਥਾਵਾਂ ਨੂੰ ਪਰਵਾਸੀ ਪੁਰ ਕਰ ਰਹੇ ਹਨ। ਪੰਜਾਬ ਦਾ ਸੰਸਕ੍ਰਿਤਕ ਮੁਹਾਂਦਰਾ ਬਦਲ ਨਹੀਂ ਰਿਹਾ, ਬਲਕਿ ਬਦਲ ਚੁੱਕਾ ਹੈ। ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਬਚਾਉਣ ਖ਼ਾਤਰ ਸਿਆਸੀ ਜਮਾਤਾਂ ਅਵੇਸਲੀਆਂ ਹਨ। ਉਨ੍ਹਾਂ ਲਈ ਸਿਆਸੀ ਮੁਫ਼ਾਦ ਸਭ ਤੋਂ ਉੱਪਰ ਹਨ। ਹਰ ਸਿਆਸੀ ਜਮਾਤ ਦੀ ਅੰਦਰੂਨੀ ਖਿੱਚੋਤਾਣ ਨੇ ਪੰਜਾਬ ਦੀ ਤਾਣੀ ਹੋਰ ਉਲਝਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਹਾਸ਼ੀਏ ’ਤੇ ਜਾਣਾ ਮੰਦਭਾਗਾ ਹੈ। ਖੇਤਰੀ ਪਾਰਟੀਆਂ ਆਪੋ-ਆਪਣੇ ਖੇਤਰ ਦੀ ਨੁਮਾਇੰਦਗੀ ਕਰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਜਿਸ ਨੇ ਦੇਸ਼ ਅਤੇ ਕੌਮ ਖ਼ਾਤਰ ਲਾਸਾਨੀ ਕੁਰਬਾਨੀਆਂ ਦਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੀ ਅਜੋਕੀ ਤਰਸਯੋਗ ਹਾਲਤ ਲਈ ਇਸ ਦੀ ਲੀਡਰਸ਼ਿਪ ਨੂੰ ‘ਕਲੀਨ ਚਿੱਟ’ ਨਹੀਂ ਦਿੱਤੀ ਜਾ ਸਕਦੀ। ਸੱਤਾ ਦਾ ਸੁੱਖ ਮਾਣਦਿਆਂ ਜਦੋਂ ਨੇਤਾ ਅਸਲ ਮੁੱਦਿਆਂ ਤੋਂ ਭਟਕ ਜਾਣ ਤਾਂ ਲੋਕ ਬੇਮੁੱਖ ਹੋਣ ਲੱਗਿਆਂ ਸਮਾਂ ਨਹੀਂ ਗੁਆਉਂਦੇ। ਅਕਾਲੀ ਆਪਣੀ ਜ਼ਮੀਨ ਨਾ ਗੁਆਉਂਦੇ ਤਾਂ ਅਸਲੋਂ ਨਵੀਂ ‘ਆਮ ਆਦਮੀ ਪਾਰਟੀ’ ਸੱਤਾ ਵਿਚ ਕਿਵੇਂ ਆਉਂਦੀ? ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਤੋਂ ਖ਼ਫ਼ਾ ਸਨ। ਵੋਟਰ ਤਾਂ ਭਗਵਾਨ ਹੁੰਦਾ ਹੈ, ਉਸ ਦੀ ਪੂਜਾ ਵਿਚ ਕੋਈ ਕਮੀ-ਪੇਸ਼ੀ ਸੱਤਾਧਾਰੀਆਂ ਨੂੰ ਮਹਿੰਗੀ ਪੈ ਸਕਦੀ ਹੈ। ਬਚਾਅ ਵਿਚ ਹੀ ਬਚਾਅ ਹੁੰਦਾ ਹੈ। ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਉਨ੍ਹਾਂ ਦੇ ਦਿਲਾਂ ’ਤੇ ਵੀ ਰਾਜ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਨੇ ਆਪਣੀਆਂ ਗ਼ਲਤੀਆਂ ਤੋਂ ਬਹੁਤਾ ਸਿੱਖਿਆ ਨਹੀਂ ਜਾਪਦਾ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਇਸ ਦੇ ਉਲਟ ਸ਼ਾਮ ਨੂੰ ਘਰ ਵਾਪਸ ਆਇਆਂ ਜੇ ਅਗਲੇ ਦਿਨ ਸਵੇਰੇ ਫਿਰ ਭੁੱਲ ਜਾਵੇ ਤਾਂ ਉਸ ਨੂੰ ਭੁਲੱਕੜ ਨਹੀਂ ਤਾਂ ਹੋਰ ਕੀ ਕਹੋਗੇ। ਦੋ ਦਸੰਬਰ 2024 ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਸਾਰੀਆਂ ਭੁੱਲਾਂ ਨੂੰ ਨਿਮਾਣੇ ਸਿੱਖ ਵਜੋਂ ਝੋਲੀ ਪੁਆ ਕੇ ਤਨਖ਼ਾਹ ਲਵਾਈ ਸੀ। ਤਨਖ਼ਾਹ ਭੁਗਤਦਿਆਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਵੀ ਹੋਇਆ ਜਿਸ ਵਿਚ ਉਹ ਵਾਲ-ਵਾਲ ਬਚ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨਾਲ ਸੰਗਤ ਦੀ ਹਮਦਰਦੀ ਵੀ ਜੁੜੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪਟੜੀ ’ਤੇ ਵਾਪਸ ਆਉਣ ਦੇ ਆਸਾਰ ਪੈਦਾ ਹੋ ਗਏ ਸਨ। ਲੇਕਿਨ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਬਜਾਏ ਇਕਤਰਫ਼ਾ ਭਰਤੀ ਦੇ ਐਲਾਨ ਨੇ ਅਕਾਲੀ ਦਲ ਲਈ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਤਰ੍ਹਾਂ ਕਰਨ ਨਾਲ ਅਕਾਲੀ ਲੀਡਰਸ਼ਿਪ ਨੇ ਪੈਰ ’ਤੇ ਕੁਹਾੜਾ ਨਹੀਂ ਮਾਰਿਆ ਸਗੋਂ ਕੁਹਾੜਾ ਸਿੱਧਾ ਰੱਖ ਕੇ ਉਸ ’ਤੇ ਪੈਰ ਮਾਰਿਆ ਹੈ। ਅਜਿਹੇ ਹਾਲਤ ’ਚ ਪੰਜਾਬ ਦਾ ਅਸਲ ਖੈਰ ਖਵਾਹ ਵਾਰਿਸ ਕੌਣ ਬਣੇਗਾ, ਇਹ ਤਾਂ ਸਮਾਂ ਹੀ ਦੱਸੇਗਾ।