ਨਾਬਰੀ ਦਾ ਪ੍ਰਤੀਕ ਦੁੱਲਾ ਭੱਟੀ ( ਪੰਜਾਬੀ ਜਾਗਰਣ –– 12th January, 2025)
ਵਰਿੰਦਰ ਵਾਲੀਆ
ਲੋਹੜੀ ਦਾ ਤਿਉਹਾਰ ਪੰਜਾਬ ਦੀ ਅਣਖ ਤੇ ਆਬਰੂ ਨਾਲ ਜੁੜਿਆ ਹੋਇਆ ਹੈ। ਇਸ ਦਿਨ ਲੋਹੜੀ ਬਾਲ ਕੇ ਪੰਜਾਬ ਦੇ ਬੱਬਰ ਸ਼ੇਰ, ਰਾਏ ਅਬਦੁੱਲਾ ਖਾਂ ਭੱਟੀ (ਦੁੱਲਾ ਭੱਟੀ) ਨੂੰ ਯਾਦ ਕੀਤਾ ਜਾਂਦਾ ਹੈ। ਉਸ ਦਾ ਜਨਮ ਰਾਵੀ ਤੇ ਝਨਾਅ ਦਰਿਆਵਾਂ ਵਿਚਕਾਰ ਪੈਂਦੇ ਸਾਂਦਲ ਬਾਰ ਵਿਚ ਸੰਨ 1547 ਵਿਚ ਹੋਇਆ ਸੀ। ਸਾਂਦਲ ਬਾਰ ਦਾ ਨਾਂ ਦੁੱਲੇ ਦੇ ਬਾਬੇ ਬਿਜਲ ਸਾਂਦਲ ਖਾਂ ਭੱਟੀ ਕਰਕੇ ਪਿਆ ਸੀ ਜਿਸ ਨੇ ਮੱਧਕਾਲ ਵੇਲੇ ਪੰਜਾਬ ਦੀਆਂ ਫ਼ਸਲਾਂ ਤੇ ਨਸਲਾਂ ਬਚਾਉਣ ਲਈ ਮੁਗ਼ਲ ਹਕੂਮਤ ਖ਼ਿਲਾਫ਼ ਐਲਾਨ-ਏ-ਜੰਗ ਦਾ ਬਿਗਲ ਵਜਾਇਆ ਸੀ। ਦੁੱਲਾ ਭੱਟੀ ਦੇ ਦਾਦਾ, ਪਿਉ ਅਤੇ ਉਨ੍ਹਾਂ ਦੇ ਸਾਥੀ ਧਾੜਵੀਆਂ ਦੀਆਂ ਪੁੱਠੀਆਂ ਖੱਲਾਂ ਲਾਹੁਣ ਤੋਂ ਬਾਅਦ ਉਨ੍ਹਾਂ ਵਿਚ ਘਾਹ-ਫੂਸ ਭਰ ਕੇ ਲਾਹੌਰ ਦੀ ਚਬੁਰਜੀ ’ਤੇ ਲਟਕਾਇਆ ਗਿਆ ਸੀ ਤਾਂ ਜੋ ਕੋਈ ਬਗ਼ਾਵਤ ਦਾ ਖ਼ਾਬ ਵੀ ਨਾ ਲੈ ਸਕੇ।

ਦੁੱਲਾ ਭੱਟੀ ਆਪਣੇ ਅੱਬੂ ਜਾਨ ਦੀ ਮੌਤ ਤੋਂ ਚਾਰ ਕੁ ਮਹੀਨੇ ਬਾਅਦ ਜੰਮਿਆ ਸੀ। ਦੁੱਲੇ ਦੇ ਜਨਮ ਤੋਂ ਚਾਰ ਸਦੀਆਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ। ਦੇਸ਼ ਵੰਡ ਨਾਲ ਪੰਜ ਪਾਣੀਆਂ ਦਾ ਦੇਸ਼ ਕਿਹਾ ਜਾਣ ਵਾਲਾ ਖ਼ੁਸ਼ਹਾਲ ਸੂਬਾ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਵਿਚ ਵੰਡਿਆ ਗਿਆ। ਦਰਿਆ ਵੀ ਵੰਡੇ ਗਏ ਪਰ ਦੁੱਲਾ ਭੱਟੀ ਤਕਸੀਮ ਨਾ ਹੋ ਸਕਿਆ। ਉਸ ਦੀ ਵੀਰ-ਗਾਥਾ ਰਾਵੀ ਦੇ ਆਰ-ਪਾਰ ਅੱਜ ਵੀ ਗਾਈ ਜਾਂਦੀ ਹੈ। ਆਜ਼ਾਦੀ ਦੀ ਜੰਗ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਹੀ ਪਾਇਆ ਸੀ। ਸਭ ਤੋਂ ਵੱਧ ਫਾਹੇ ਲਾਏ ਜਾਣ ਵਾਲੇ ਵੀ ਪੰਜਾਬੀ ਸਨ। ਕੁਰਬਾਨੀ ਦੇ ਇਸ ਜਜ਼ਬੇ ਪਿੱਛੇ ਦੁੱਲਾ ਭੱਟੀ, ਉਸ ਦੇ ਪਿਤਾ ਤੇ ਬਾਬੇ ਦੀ ਸ਼ਹਾਦਤ ਸੀ।
ਲੋਕਧਾਰਾ ਅਨੁਸਾਰ ਦੁੱਲੇ ਦੇ ਵੱਡ-ਵਡੇਰੇ ਮੂਲ ਰੂਪ ਵਿਚ ਰਾਜਸਥਾਨ ਦੇ ਜੈਸਲਮੇਰ ਖੇਤਰ ਦੇ ਵਸਨੀਕ ਸਨ। ਸੋਲਵੀਂ ਸਦੀ ਵਿਚ ਇਨ੍ਹਾਂ ਭੱਟੀ ਰਾਜਪੂਤਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਰੇਗਿਸਤਾਨ ਤੋਂ ਪਲਾਇਨ ਕਰ ਕੇ ਪੰਜਾਬ ਵੱਲ ਕੂਚ ਕਰਨਾ ਪਿਆ ਸੀ। ਆਖ਼ਰ ਉਹ ਪੰਜਾਬ ਦੀ ਜ਼ਰਖ਼ੇਜ਼ ਭੂਮੀ ’ਤੇ ਆਣ ਵਸੇ। ਇਸ ਮਿੱਟੀ ਦਾ ਖਮੀਰ ਹੀ ਐਸਾ ਸੀ ਜਿਸ ’ਚੋਂ ਸੂਰਮੇ ਪੈਦਾ ਹੁੰਦੇ ਸਨ। ਰਾਵੀ ਤੇ ਝਨਾਅ ਦੁਆਲੇ ਅਣਗਿਣਤ ਪ੍ਰੀਤ ਕਹਾਣੀਆਂ ਤੇ ਵੀਰ-ਗਾਥਾਵਾਂ ਰਚੀਆਂ ਗਈਆਂ। ਇਨ੍ਹਾਂ ਦਰਿਆਵਾਂ ਦੇ ਪਾਣੀਆਂ ਨੇ ਆਪਣੇ ਕੰਢੇ ਵਸਣ ਵਾਲਿਆਂ ਨੂੰ ਦਰਿਆਦਿਲ ਬਣਾ ਦਿੱਤਾ। ਦੁੱਲੇ ਦੀ ਮਾਂ ਨੇ ਉਸ ਨੂੰ ਗੁੜ੍ਹਤੀ ਸਾਣ ਚੜ੍ਹੀ ਤਲਵਾਰ ਦੇ ਪਾਣੀ ਦੀ ਦਿੱਤੀ ਸੀ। ਉਸ ਦੀਆਂ ਰਗਾਂ ਵਿਚ ਦਾਦੇ ਸਾਂਦਲ ਤੇ ਪਿਤਾ ਫ਼ਰੀਦ ਦਾ ਖ਼ੂਨ ਦੌੜ ਰਿਹਾ ਸੀ। ਲਾਹੌਰ ਦੇ ਮਿਆਣੀ ਸਾਹਿਬ ਦੇ ਕਬਰਿਸਤਾਨ ਵਿਚ ਉਸ ਦੀ ਸਮਾਧੀ ਹੈ।
ਜਦ ਵੀ ਕਿਧਰੇ ਨਸਲਾਂ ਤੇ ਫ਼ਸਲਾਂ ਸੰਭਾਲਣ ਦੀ ਗੱਲ ਤੁਰਦੀ ਹੈ ਤਾਂ ਕਬਰ ’ਚ ਸੁੱਤਾ ਦੁੱਲਾ ਅੰਗੜਾਈ ਲੈਂਦਾ ਪ੍ਰਤੀਤ ਹੁੰਦਾ ਹੈ। ਪਿੰਡੀ ਭੱਟੀਆਂ (ਲਾਹੌਰ ਤੋਂ 110 ਕਿੱਲੋਮੀਟਰ ਦੂਰ) ਵਿਚ ਭਾਵੇਂ ਉਸ ਦੇ ਵਿਰਾਸਤੀ ਘਰ ਨੂੰ ਸੰਭਾਲਿਆ ਨਹੀਂ ਗਿਆ, ਫਿਰ ਵੀ ਉਸ ਨੇ ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਦਿਲਾਂ ਵਿਚ ਪੱਕਾ ਘਰ ਬਣਾਇਆ ਹੋਇਆ ਹੈ। ਨਾਬਰ, ਅੱਖਾਂ ਮੁੰਦ ਕੇ ਉਸ ਨੂੰ ਦਿਲ ਅੰਦਰੋਂ ਲੱਭ ਹੀ ਲੈਂਦੇ ਹਨ। ਉਹ ਅਚੇਤ ਰੂਪ ਵਿਚ ਸਾਂਦਲ ਬਾਰ ਦੇ ਖੇਤ-ਖਲਿਆਣ ਗਾਹ ਆਉਂਦੇ ਹਨ। ਉਨ੍ਹਾਂ ਨੂੰ ਪੰਜਾਬ ਦੇ ਅਣਖੀ ਪੁੱਤਰ ਦੁੱਲੇ ਦੀ ਹੇਕ ਸੁਣਾਈ ਦਿੰਦੀ ਪ੍ਰਤੀਤ ਹੁੰਦੀ ਹੈ,
‘‘ਮੈਂ ਪੁੱਤ ਹਾਂ ਬੱਗੇ ਸ਼ੇਰ ਦਾ, ਮੇਰੀ ਸ਼ੇਰਾਂ ਵਰਗੀ ਤੋਰ/ਜੰਮਣਾ ਤੇ ਮਰ ਜਾਵਣਾ, ਉੱਡਣਾ ਪਿੰਜਰੇ ’ਚੋਂ ਭੌਰ।’’
ਦੁੱਲਾ ਭੱਟੀ ਦੇ ਜੀਵਨ ’ਤੇ ਕਈ ਕਿੱਸੇ-ਕਹਾਣੀਆਂ ਤੇ ਲੋਕ ਗੀਤ ਪੜ੍ਹਨ-ਸੁਣਨ ਨੂੰ ਮਿਲਦੇ ਹਨ। ਉਸ ’ਤੇ ਅਣਗਿਣਤ ਨਾਟਕ ਲਿਖੇ ਗਏ ਤੇ ਕਈ ਫੀਚਰ ਫਿਲਮਾਂ ਬਣੀਆਂ। ਸਾਰਿਆਂ ਨੇ ਉਸ ਨੂੰ ਨਾਬਰੀ ਦੇ ਪ੍ਰਤੀਕ ਵਜੋਂ ਉਭਾਰਿਆ। ਅਕਬਰ ਦੀ ਮੁਗ਼ਲ ਹਕੂਮਤ ਨੇ ਜਦੋਂ ਕਾਸ਼ਤਕਾਰਾਂ ’ਤੇ ਲਗਾਨ ਲਗਾਇਆ ਤਾਂ ਇਸ ਦੇ ਖ਼ਿਲਾਫ਼ ਜ਼ਬਰਦਸਤ ਵਿਦਰੋਹ ਉੱਠਿਆ। ਜਿਹੜੇ ਜਜ਼ੀਆ ਨਹੀਂ ਦਿੰਦੇ ਸਨ, ਉਨ੍ਹਾਂ ’ਤੇ ਜ਼ੁਲਮ ਢਾਹੇ ਜਾਂਦੇ।
ਪਿੰਡੀ ਭੱਟੀਆਂ ਅਣਵੰਡੇ ਪੰਜਾਬ ਦੇ ਕਿਸਾਨੀ ਅੰਦੋਲਨ ਦਾ ਪਹਿਲਾ ਮਰਕਜ਼ ਬਣ ਕੇ ਉੱਭਰਿਆ। ਪਾਕਿਸਤਾਨ ਦੇ ਅਦੀਬ ਨਜਮ ਹੁਸੈਨ ਸਯਦ ਨੇ ਨਾਟਕ, ‘ਤਖ਼ਤ ਲਾਹੌਰ’ ਵਿਚ ਦੁੱਲੇ ਦੀ ਦੀਦਾ-ਦਲੇਰੀ ਬਾਰੇ ਲਿਖਿਆ ਹੈ,
‘‘ਮੈਂ ਹਾਂ ਗ਼ੈਰ ਚਗੱਤਿਆ, ਮੇਰੀ ਮਨ ਮਰਜ਼ੀ ਮੇਰੀ ਹੱਦ। ਜਦ ਤੱਕ ਤਖ਼ਤ ਲਾਹੌਰ ਹੈ, ਮੈਨੂੰ ਹੋਰ ਨਾ ਕੁਝ ਵੀ ਸੱਦ।’’
ਮੁਗ਼ਲਾਂ ਤੋਂ ਬੇਪਰਵਾਹ ਦੁੱਲਾ ਲਲਕਾਰਦਾ ਹੈ ਕਿ ਜਿੰਨੀ ਦੇਰ ਤਖ਼ਤ ਲਾਹੌਰ ਜ਼ੁਲਮ ਕਰਦਾ ਰਹੇਗਾ, ਉਹ ਰਾਵੀ ਵਿਚ ਆਈ ਕਾਂਗ ਵਾਂਗ ਹਾਕਮ ਦਾ ਸਿੰਘਾਸਣ ਰੋੜ੍ਹ ਕੇ ਲੈ ਜਾਵੇਗਾ। ਪੰਜਾਬੀ ਦਾ ਸੂਫ਼ੀ ਕਵੀ, ਸ਼ਾਹ ਹੁਸੈਨ (1538-1599) ਦੁੱਲੇ ਤੋਂ ਨੌਂ ਸਾਲ ਵੱਡਾ ਸੀ। ਜਦੋਂ ਸ਼ਾਹ ਹੁਸੈਨ ਦਾ ਜਮਾਤੀ, ਲਾਹੌਰ ਦਾ ਕੋਤਵਾਲ ਅਲੀ, ਦੁੱਲੇ ਤੇ ਉਸ ਦੇ ਧਾੜਵੀਆਂ ਨੂੰ ਸ਼ਾਹੀ ਕਿਲ੍ਹੇ ਦੇ ਸਾਹਮਣੇ ਦਿੱਲੀ ਦਰਵਾਜ਼ੇ ’ਤੇ ਫਾਹੇ ਲਾਉਣ ਲੱਗਾ ਤਾਂ ਉਹ ਇਸ ਕਾਰੇ ਦਾ ਚਸ਼ਮਦੀਦ ਗਵਾਹ ਸੀ। ਸ਼ਾਹੀ ਸੈਨਾ, ਹਕੂਮਤ ਦੇ ਏਲਚੀਆਂ ਜਾਂ ਮੁਕਦਮਾਂ ਨੂੰ ਧਾੜੇ ਮਾਰ ਕੇ ਲੁੱਟਣ ਤੋਂ ਬਾਅਦ ਲੁੱਟਿਆ ਮਾਲ ਗ਼ਰੀਬਾਂ ਵਿਚ ਵੰਡਣ ਵਾਲੇ ਦੁੱਲੇ ਨੂੰ ਪੰਜਾਬ ਦੇ ਰੌਬਿਨਹੁੱਡ ਹੋਣ ਦਾ ਮਾਣ ਮਿਲਿਆ। ਉਸ ਦੇ ਧਾੜਿਆਂ ਦੀ ਪ੍ਰਸ਼ੰਸਾ ਕਰਦਿਆਂ ਉਸ ਨੇ ਲਿਖਿਆ ਸੀ,
‘‘ਕਹੇ ਹੁਸੈਨ ਫ਼ਕੀਰ ਸਾਈਂ ਦਾ, ਤਖ਼ਤ ਨਾ ਮਿਲਦੇ ਮੰਗੇ।’’
ਭਾਵ, ਤਖ਼ਤ ਨੂੰ ਮੰਗਿਆਂ ਨਹੀਂ ਬਲਕਿ ਜੰਗ ਕਰ ਕੇ ਹਾਸਲ ਕੀਤਾ ਜਾ ਸਕਦਾ ਹੈ।
ਅੰਮ੍ਰਿਤਸਰ ਦੇ ਜੰਮਪਲ ਅਣਗੌਲੇ ਕਵੀ ਕਿਸ਼ਨ ਸਿੰਘ ਆਰਿਫ਼ (1836-1904) ਨੇ ਦੁੱਲਾ ਭੱਟੀ ਦੇ ਕਿੱਸੇ ਨੂੰ ਬੜੇ ਮਾਰਮਿਕ ਅੰਦਾਜ਼ ਵਿਚ ਲਿਖਿਆ ਹੈ। ਇਸ ਕਿੱਸੇ ਦੇ ਪਾਠ ਨਾਲ ਦੁੱਲੇ ਦੀ ਬਾਗ਼ੀਆਨਾ ਫ਼ਿਤਰਤ ਦੇ ਕਾਰਨਾਂ ਦਾ ਪਤਾ ਚੱਲਦਾ ਹੈ। ਕਿੱਸੇ ਦੀ ਸ਼ੁਰੂਆਤ ਸਾਂਦਲ ਬਾਰ ਦੇ ਕਾਵਿਕ ਸਿਰਨਾਵੇਂ ਨਾਲ ਹੁੰਦੀ ਹੈ। ਫਿਰ ਉਹ ਉਸ ਦੇ ਰਾਠ ਹੋਣ ਦੇ ਪਿਛੋਕੜ ਦੀ ਚਰਚਾ ਕਰਦਾ ਲਿਖਦਾ ਹੈ,
‘‘ਘਰ ਰਾਠਾਂ ਦੇ ਰਾਠ ਹੀ ਹੋਣਾ ਪੈਦਾ, ਇਹ ਤਾਂ ਜੰਮਿਆ ਵਾਰ ਐਤਵਾਰ ਪਿਆਰੇ।’’
ਆਰਿਫ਼ ਦੇ ਕਿੱਸੇ ਅਨੁਸਾਰ ਐਤਵਾਰ ਵਾਲੇ ਦਿਨ ਹੀ ਅਕਬਰ ਦੇ ਘਰ ਸਲੀਮ ਨੇ ਜਨਮ ਲਿਆ ਸੀ ਜੋ ਸਰੀਰਕ ਤੌਰ ’ਤੇ ਕਮਜ਼ੋਰ ਸੀ। ਕਿਸੇ ਨਜੂਮੀ ਨੇ ਉਸ ਨੂੰ ਮਸ਼ਵਰਾ ਦਿੱਤਾ ਕਿ ਕਿਸੇ ਰਾਜਪੂਤ ਔਰਤ ਦੀ ਤਲਾਸ਼ ਕੀਤੀ ਜਾਵੇ ਜਿਸ ਨੇ ਐਤਵਾਰ ਨੂੰ ਹੀ ਬੱਚੇ ਨੂੰ ਜਨਮ ਦਿੱਤਾ ਹੋਵੇ। ਅਹਿਲਕਾਰਾਂ ਨੇ ਲੰਬੀ ਜਦੋਜਹਿਦ ਤੋਂ ਬਾਅਦ ਦੁੱਲੇ ਦੀ ਮਾਂ ਲੱਧੀ ਨੂੰ ਤਲਾਸ਼ ਕੇ ਅਕਬਰ ਦੇ ਦਰਬਾਰ ਵਿਚ ਪੇਸ਼ ਕੀਤਾ ਜਿਸ ਨੇ ਸਲੀਮ ਨੂੰ ਆਪਣਾ ਸੀਰ ਪਿਲਾਉਣ ਦੀ ਹਾਮੀ ਭਰ ਦਿੱਤੀ।
ਦੁੱਲਾ ਤੇ ਸਲੀਮ ਲੱਧੀ ਦਾ ਸੀਰ ਪੀ ਕੇ ਗੱਭਰੂ ਹੋਏ। ਤੀਰ-ਅੰਦਾਜ਼ੀ ਮੁਕਾਬਲੇ ਵਿਚ ਦੁੱਲੇ ਦਾ ਤੀਰ ਅੱਗੇ ਜਾ ਕੇ ਡਿੱਗਿਆ ਤਾਂ ਅਕਬਰ ਨੂੰ ਲੱਧੀ ’ਤੇ ਸ਼ੱਕ ਹੋਇਆ ਜਿਸ ਦੇ ਖਾਵੰਦ ਦੀ ਮੌਤ ਦੇ ਪਰਵਾਨੇ ’ਤੇ ਉਸ ਨੇ ਦਸਤਖ਼ਤ ਕੀਤੇ ਸਨ। ਲੱਧੀ ਨੇ ਅੱਲ੍ਹਾ ਤਾਅਲਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਸਫ਼ਾਈ ਦਿੱਤੀ ਕਿ ਉਸ ਨੇ ਅਜਿਹੀ ਬੇਈਮਾਨੀ ਨਹੀਂ ਕੀਤੀ। ਇਹ ਤਾਂ ਬਾਪ-ਬਾਬੇ ਦੇ ਖ਼ੂਨ ਦਾ ਕੌਤਿਕ ਸੀ ਜਾਂ ਪਿੰਡੀ ਭੱਟੀਆਂ ਦੀ ਮਿੱਟੀ ਦੀ ਕਰਾਮਾਤ ਸੀ ਜਿਸ ਨੇ ਦੁੱਲੇ ਨੂੰ ਬਾਹੂਬਲੀ ਬਣਾਇਆ ਸੀ। ਇਹ ਸੁਣ ਕੇ ਅਕਬਰ ਲੱਧੀ ਨੂੰ ਮਾਫ਼ ਕਰਦਾ ਹੋਇਆ ਤਾਕੀਦ ਕਰਦਾ ਹੈ ਕਿ ਦੁੱਲੇ ਨੂੰ ਚੰਗੀ ਤਾਲੀਮ ਦੇਵੇ ਤਾਂ ਜੋ ਉਹ ਗ਼ਲਤ ਸੰਗਤ ’ਚ ਪੈ ਕੇ ਬਾਪ-ਦਾਦੇ ਵਾਂਗ ਨਾਬਰ ਨਾ ਬਣੇ। ਆਰਿਫ਼ ਲਿਖਦਾ ਹੈ,
‘‘ਜਾ ਲਧੀਏ ਕੀਤਾ ਮੁਆਫ਼ ਤੈਨੂੰ, ਐਪਰ ਦੁੱਲੇ ਨੂੰ ਖ਼ੂਬ ਪੜ੍ਹਾਵਣਾ ਜੇ
ਖੋਟੇ ਲੋਕਾਂ ਦੇ ਵਿਚ ਨਾ ਬਹਿਣ ਦੇਣਾ, ਖ਼ੂਬ ਅਦਬ-ਅਦਾਬ ਸਿਖਾਵਣਾ ਜੇ।
ਏਹਦੇ ਬਾਪ ਦਾਦੇ ਜਹੇ ਉਜੱਡ ਜੇਹੜੇ ਜਿਨ੍ਹਾਂ ਆਪਣੇ ਸੀਸ ਗਵਾਵਣਾ ਜੇ।
ਜੇ ਦੁੱਲਾ ਇਲਮ ’ਚੋਂ ਹੁਸ਼ਿਆਰ ਹੋਵੇ, ਫਿਰ ਇਸ ਨੂੰ ਅਸਾਂ ਬੁਲਾਵਣਾ ਜੇ।’’
ਅਕਬਰ ਦੀ ਤਾਕੀਦ ’ਤੇ ਅਮਲ ਕਰਦਿਆਂ ਲੱਧੀ ਨੇ ਦੁੱਲੇ ਨੂੰ ਆਲਮ-ਫ਼ਾਜ਼ਲ ਬਣਾਉਣ ਦੀ ਲੱਖ ਕੋਸ਼ਿਸ਼ ਕੀਤੀ। ਐਪਰ ਉਹ ਗੁਲੇਲਾਂ ਨਾਲ ਔਰਤਾਂ ਦੇ ਘੜੇ ਤੋੜਦਾ ਰਿਹਾ। ਅੱਕ-ਥੱਕ ਕੇ ਉਨ੍ਹਾਂ ਦੁੱਲੇ ਨੂੰ ਤਾਅਨਾ ਮਾਰਿਆ ਕਿ ਜੇ ਇੰਨਾ ਹੀ ਬਲਵਾਨ ਏ ਤਾਂ ਆਪਣੇ ਬਾਪ-ਦਾਦੇ ਦੀ ਮੌਤ ਦਾ ਬਦਲਾ ਲੈ ਕੇ ਦਿਖਾ ਜਿਨ੍ਹਾਂ ਨੂੰ ਮੁਗ਼ਲ ਹਕੂਮਤ ਨੇ ਸ਼ਰੇਆਮ ਫਾਹੇ ਟੰਗਿਆ ਸੀ। ਮਾਂ ਨੇ ਇਹ ਗੱਲ ਦੁੱਲੇ ਤੋਂ ਲੁਕਾਈ ਹੋਈ ਸੀ। ਉਸ ਦੀ ਜ਼ਿੱਦ ’ਤੇ ਮਾਂ ਨੇ ਤਫ਼ਸੀਲ ਨਾਲ ਸਾਰੀ ਦਾਸਤਾਨ ਸੁਣਾਈ। ਦੁੱਲੇ ਦਾ ਖ਼ੂਨ ਖੌਲ ਪਿਆ। ਉਸ ਨੇ ਸਭ ਤੋਂ ਪਹਿਲਾਂ ਧਾੜਾ ਨਾਨਕੇ ਪਿੰਡ ਚੁੰਡਰਾ ਮਾਰਿਆ ਜਿਨ੍ਹਾਂ ਨੇ ਮੁਗ਼ਲ ਹਕੂਮਤ ਤੋਂ ਡਰਦਿਆਂ ਉਸ ਦੀ ਵਿਧਵਾ ਮਾਂ ਦੀ ਬਣਦੀ ਮਦਦ ਨਹੀਂ ਸੀ ਕੀਤੀ।
ਬਾਪ-ਦਾਦੇ ਦੇ ਹਥਿਆਰ ਸਾਥੀ ਧਾੜਵੀਆਂ ਵਿਚ ਵੰਡ ਕੇ ਉਸ ਨੇ ਅਕਬਰ ਦੀ ਹਕੂਮਤ ਨਾਲ ਜਾ ਮੱਥਾ ਲਾਇਆ। ਅਕਬਰ ਨੂੰ ਲੋਕ ਸ਼ਿਕਾਇਤ ਕਰਦੇ, ‘‘ਪਿੰਡੀ ਵਿਚ ਉਹ ਬਾਦਸ਼ਾਹ ਹੋਏ ਬੈਠਾ, ਦਿਲ ਰਤੀ ਨਾ ਖ਼ੌਫ਼ ਸਰਕਾਰ ਦਾ ਏ।’’ ਆਖ਼ਰ ਧੋਖੇ ਨਾਲ ਦੁੱਲੇ ਨੂੰ ਕੈਦ ਕਰ ਕੇ ਉਸ ਨੂੰ ਫਾਹੇ ਲਾ ਦਿੱਤਾ ਗਿਆ। ਉਸ ਦੀ ਸ਼ਹਾਦਤ ਕਿਆਮਤ ਤੱਕ ਪੰਜਾਬੀਆਂ ਦਾ ਖ਼ੂਨ ਗਰਮਾਉਂਦੀ ਰਹੇਗੀ।