VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸਿੱਖ ਤਵਾਰੀਖ਼ ਦਾ ਸੂਹਾ ਲਾਲ ( ਪੰਜਾਬੀ ਜਾਗਰਣ –– 5th January, 2025)

ਵਰਿੰਦਰ ਵਾਲੀਆ

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਪੂਰਵ-ਸੰਧਿਆ ਦੇ ਅਵਸਰ ’ਤੇ ਦਸਮੇਸ਼ ਪਿਤਾ ਨੂੰ ‘ਬਾਦਸ਼ਾਹ ਦਰਵੇਸ਼’ ਕਹਿਣ ਵਾਲੇ ਅਰਬੀ ਅਤੇ ਫ਼ਾਰਸੀ ਦੇ ਮਹਾਨ ਬਾਣੀਕਾਰ ਭਾਈ ਨੰਦ ਲਾਲ ਗੋਯਾ (1633-1713) ਦੀ ਸਿਮਰਤੀ ਦਾ ਸਿਮਰਨ ਕਰਨਾ ਬਣਦਾ ਹੈ। ਨਾਨਕਪੰਥੀਆਂ ਨੇ ਜਿਵੇਂ ਭਾਈ ਗੁਰਦਾਸ ਦੀ ਬਾਣੀ ਨੂੰ ‘ਆਦਿ-ਗ੍ਰੰਥ’ ਦੀ ਕੁੰਜੀ ਕਹਿ ਕੇ ਸਨਮਾਨਿਆ, ਤਿਵੇਂ ਭਾਈ ਨੰਦ ਲਾਲ ਦੀ ਬਾਣੀ ਨੂੰ ‘ਦਸਮ-ਗ੍ਰੰਥ’ ਦੀ ਚਾਬੀ ਹੋਣ ਦਾ ਮਾਣ ਦਿੱਤਾ ਹੈ। ਇਸੇ ਕਰਕੇ ਦੋਨਾਂ ਬਾਣੀਕਾਰਾਂ ਦੀ ਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀਆਂ ਵੱਲੋਂ ਅਮੂਮਨ ਗਾਈ ਜਾਂਦੀ ਹੈ।

ਭਾਈ ਸਾਹਿਬ, ਕਲਗੀਆਂ ਵਾਲੇ ਦੇ 52 ਕਵੀਆਂ ’ਚੋਂ ਇਕ ਸਨ। ਆਪ ਦੀ ਰਚਨਾ ‘ਬੰਦਗੀ ਨਾਮਹ’ ਦੇ 497 ਸ਼ਿਅਰ ਪੜ੍ਹ ਕੇ ਗੁਰੂ ਸਾਹਿਬ ਨਿਹਾਲ ਹੋ ਗਏ ਸਨ ਤੇ ਇਸ ਗ੍ਰੰਥ ਦਾ ਸਿਰਲੇਖ ‘ਜ਼ਿੰਦਗੀਨਾਮਹ’ ਰੱਖਣ ਦਾ ਹੁਕਮ ਕੀਤਾ। ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਜੀ ਦੀ ਵਰੋਸਾਈ ਅਨੰਦਾਂ ਦੀ ਨਗਰੀ ਵਿਚ ਜਦੋਂ ਆਪ ਦਾ ਕਲਮ ਹੋਇਆ ਸੀਸ ਪਰਤਿਆ ਸੀ ਤਾਂ ਉਸ ਧਰਤੀ ’ਤੇ ਕਲਮਾਂ ਦੇ ਕਾਫ਼ਲੇ ਨੇ ਕਿਆਮ ਕੀਤਾ ਸੀ। ਗੁਰੂ ਗੋਬਿੰਦ ਸਿੰਘ ਦੀ ਸ਼ਮਸ਼ੀਰ ਮਿਆਨ ’ਚੋਂ ਨਿਕਲੀ ਤਾਂ ਅਸਮਾਨ ’ਤੇ ਬਿਜਲੀ ਕੜਕੀ। ਖ਼ਾਲਸਾ ਪੰਥ ਦੀ ਸਾਜਨਾ ਉਪਰੰਤ ਬੀਰਰਸ ਦਾ ਝਰਨਾ ਫੁੱਟਿਆ। ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੇ ਜੈਕਾਰਿਆਂ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਕਾਂਬਾ ਛਿੜਿਆ ਤੇ ਦਿੱਲੀ ਤਖ਼ਤ ਡੋਲਿਆ ਸੀ। ਬਾਈਧਾਰ ਦੇ ਰਾਜਿਆਂ ਦੇ ਸਿੰਘਾਸਣ ਵੀ ਡੋਲ ਪਏ।

ਖੰਡੇ-ਬਾਟੇ ਦੀ ਪਹੁਲ ਛਕਣ ਤੋਂ ਬਾਅਦ ਆਪਣੇ ਵਤਨ ਦੇ ਰਖਵਾਲਿਆਂ ਖ਼ਿਲਾਫ਼ ਆਪਣਿਆਂ ਨੇ ਹੀ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਪਹਾੜੀਆਂ ਤੇ ਜੰਗਲਾਂ ਵਿਚ ਗਿੱਦੜ ਹੁਆਂਕਦੇ ਸਨ, ਓਥੇ ਸ਼ੇਰਾਂ ਦੀ ਦਹਾੜ ਸੁਣ ਕੇ ਪਹਾੜੀ ਰਾਜਿਆਂ ਨੇ ਮੁਗ਼ਲਾਂ ਨਾਲ ਹੱਥ ਮਿਲਾ ਲਿਆ ਸੀ। ਜਦੋਂ ਆਪਣੇ ਹੀ ਦਗਾ ਦੇ ਗਏ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਉਦਾਸੀ ਛਾ ਗਈ। ਗਜ਼ਨੀ (ਅਫ਼ਗਾਨਿਸਤਾਨ) ਵਿਚ ਛੱਜੂ ਰਾਮ ਆਂਗ੍ਰਿਸ਼ ਖ਼ੱਤਰੀ ਦੇ ਘਰ ਜਨਮੇ ਨੰਦ ਲਾਲ ਜੀ ਦੀ ਬਾਕਮਾਲ ਕਲਮ ਗੁਰੂ ਜੀ ਦੇ ਕੌਤਕਾਂ ਨੂੰ ਕਲਮਬੱਧ ਕਰ ਰਹੀ ਸੀ। ਅਨੰਦਪੁਰ ਨਗਰੀ ਦੇ ਕਣ-ਕਣ ਨੂੰ ਉਹ ਮਸਤਕ ਨਾਲ ਲਾਉਣਾ ਲੋਚਦੇ।

ਉਹ ਕਹਿੰਦੇ ਕਿ ਅਨੰਦਪੁਰ ਦੇ ਰਾਹ ਦੀ ਧੂੜ ਸੰਗਤ ਦੇ ਲੋਇਣਾਂ ਲਈ ਇਲਾਹੀ ਸੁਰਮਾਂ ਹੈ ਜੋ ਹਰ ਰਾਉ ਅਤੇ ਰੰਕ ਦੀ ਅਜ਼ਮਤ ਵਿਚ ਇਜ਼ਾਫ਼ਾ ਕਰਨ ਵਾਲਾ ਹੈ। ਗੁਰੂ ਦੇ ਦਰਬਾਰ ਦੀ ਧੂੜ ਨੂੰ ਸੈਂਕੜੇ ਤਾਜਾਂ ਦੇ ਤੁਲ ਕਹਿੰਦਿਆਂ ਭਾਈ ਸਾਹਿਬ ਫੁਰਮਾਉਂਦੇ ਹਨ ਕਿ ਉਹ ਗੁਨਾਹਗਾਰ ਹੋਣ ਜੇ ਉਨ੍ਹਾਂ ਦਾ ਦਿਲ ਦਸਮੇਸ਼ ਪਿਤਾ ਦੇ ਚਰਨਾਂ ਦੀ ਧੂੜ ਦੀ ਬਜਾਏ ਕਿਸੇ ਤਾਜ-ਤਖ਼ਤ ਦੀ ਲਾਲਸਾ ਕਰੇ। ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਲਾ-ਮਹਲਾ ਦੇ ਅਵਸਰ ’ਤੇ ਮਹਲੇ ਚੜ੍ਹੇ ਗੁਰਦੇਵ ਦੇ ਰੂਹਾਨੀ ਰੂਪ ਦਾ ਵਰਣਨ ਆਪ ਦੀ ਗ਼ਜ਼ਲ ਦੇ ਇਕ ਬੰਦ ’ਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ ‘‘ਜ਼ਹੇ ਪਿਚਕਾਰੀਏ, ਪਰ ਜ਼ਾਅਫ਼ਰਾਨੀ।।

ਕਿ ਹਰ ਬੇਰੰਗੋ ਰਾ, ਖ਼ੁਸ਼ ਰੰਗੋ ਰੂ ਕਰਦਾ।।’’ (ਕੇਸਰ ਭਰੀ ਪਿਚਕਾਰੀ ਦਾ ਕਿਆ ਕਹਿਣਾ! ਗੁਰਦੇਵ ਨੇ ਹਰੇਕ ਬਦਰੰਗ ਚਿਹਰੇ ਨੂੰ ਖ਼ੁਸ਼ਰੰਗ ਬਣਾ ਦਿੱਤਾ)।

ਭਾਈ ਨੰਦ ਲਾਲ ਜਦੋਂ ਅਨੰਦਪੁਰ ਨਗਰੀ ਜਾਂ ਬਾਦਸ਼ਾਹ ਦਰਵੇਸ਼ ਦੇ ਕਸੀਦੇ ਲਿਖਦੇ-ਪੜ੍ਹਦੇ ਤਾਂ ਗਦਗਦ ਹੋ ਜਾਂਦੇ। ਉਹ ਕਹਿੰਦੇ ਕਿ ਕਲਗੀਧਰ ਦੇ ਸ਼ਿਅਰਾਂ ਦੇ ਸੁਆਦ ਤੋਂ ਚੰਗੇਰਾ ਹੋਰ ਕੋਈ ਸੁਆਦ ਹੋ ਹੀ ਨਹੀਂ ਸਕਦਾ। ‘ਅਨੰਦਪੁਰ ਦੀ ਗਲੀ’ ਅਨੁਵਾਨ ਵਾਲੀ ਨਗਰੀ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਉਨ੍ਹਾਂ ਨੇ ਅਨੰਦਪੁਰ ਸਾਹਿਬ ਦੇ ਕੂਚੇ ਦਾ ਸਿਰਾ ਵੇਖ ਲਿਆ ਹੈ। ਜਦ ਤੋਂ ਸਾਡਾ ਤੇਰੀ ਗਲੀ ਘੁੰਮਣਾ ਆਮ ਹੋਇਆ ਹੈ, ਮੈਂ ਸਭ ਤੋਂ ਚੰਗੇ ਸੁਰਗ ਦੇ ਬਾਗ਼ ਠੁਕਰਾ ਦਿੱਤੇ ਹਨ। ਮੈਂ ਕੀ ਦੱਸਾਂ ਕਿ ਤੇਰੇ ਬਿਨਾਂ ਮੇਰੇ ਦਿਲ ਦੀ ਹਾਲਤ ਕੀ ਹੈ! ਇਹ ਤਾਂ ਉਸ ਦੀਵੇ ਵਾਂਗ ਹੈ ਜਿਸ ਨੂੰ ਹਮੇਸ਼ਾ ਸੜਨਾ ਤੇ ਪਿਘਲਣਾ ਪੈਂਦਾ ਹੈ।’’

ਭਾਈ ਨੰਦ ਲਾਲ ਦੀਆਂ ਰਚਨਾਵਾਂ ’ਚ ਗੁਰੂ ਜੀ ਪ੍ਰਤੀ ਸ਼ਰਧਾ ਦੀ ਕੋਈ ਸੀਮਾ ਨਹੀਂ ਹੈ। ਸ਼ਾਹੀ ਫ਼ੌਜਾਂ ਨੇ ਜਦੋਂ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਘੱਤਿਆ ਤਾਂ ਗੁਰੂ ਜੀ ਨੇ ਭਾਈ ਸਾਹਿਬ ਸਮੇਤ ਆਪਣੇ ਦਰਬਾਰ ਦੇ ਕਵੀਆਂ ਨੂੰ ਉੱਥੋਂ ਜਾਣ ਲਈ ਕਿਹਾ। ਗੁਰੂ ਜੀ ਦਾ ਵਿਚਾਰ ਸੀ ਕਿ ਕਿਲ੍ਹੇ ਵਿਚ ਦੇਗ-ਤੇਗ ਦੇ ਧਨੀ ਰਹਿਣ ਤੇ ਕਵੀ ਆਪਣੀਆਂ ਕਲਮਾਂ ਰਾਹੀਂ ਬਾਹਰ ਰਹਿ ਕੇ ਇਨਕਲਾਬ ਦਾ ਹੋਕਰਾ ਦੇਣ। ਗੁਰੂ ਜੀ ਦੇ ਹੁਕਮ ਦੀ ਤਾਮੀਲ ਹਿੱਕਾਂ ’ਤੇ ਪੱਥਰ ਰੱਖ ਕੇ ਹੋਈ। ਜਦ ਵਿਛੋੜੇ ਦਾ ਪ੍ਰਕਰਨ ਤੁਰਿਆ ਤਾਂ ਗੁਰਸਿੱਖਾਂ ਨੇ ਸਵਾਲ ਪੁੱਛਿਆ ਕਿ ਸੂਰਜ ਚੰਦ ਕਿਉਂ ਘੁੰਮਦੇ ਹਨ ਤਾਂ ਭਾਈ ਨੰਦ ਲਾਲ ਨੇ ਗ਼ਜ਼ਲ ਰਾਹੀਂ ਉੱਤਰ ਦਿੱਤਾ ਕਿ ਇਹ ਕਲਗੀਧਰ ਦੀ ਪਰਿਕਰਮਾ ਕਰ ਰਹੇ ਹਨ। ਇਹ ਉਸ ਦਾਤੇ ਦਾ ਅਹਿਸਾਨ ਹੈ ਕਿ ਇਹ ਦੋਹਾਂ ਜਹਾਨਾਂ ਨੂੰ ਰੋਸ਼ਨੀ ਬਖ਼ਸ਼ਣਯੋਗ ਬਣਾ ਦਿੰਦਾ ਹੈ। ਜਿੱਧਰ ਵੀ ਵੇਖੋ, ਉਸ ਦੇ ਹੁਸਨ ਜਮਾਲ ਦਾ ਅਲੌਕਿਕ ਜਲਵਾ ਮਿਲਦਾ ਹੈ। ਅਨੰਦਪੁਰ ਦੀ ਧਰਤੀ ਸੁਰਗਾਂ ਨੂੰ ਮਾਤ ਪਾਉਂਦੀ। ਤਾਰਿਆਂ ਦੀ ਛਾਂ ਕਵੀ ਦਰਬਾਰ ਹੁੰਦਾ ਤਾਂ 52 ਕਵੀ ਆਪਣਾ ਕਲਾਮ ਪੜ੍ਹਦੇ। ਕਾਇਨਾਤ ਸਰੋਤਾ ਬਣ ਬਹਿੰਦੀ। ਚੰਨ ਤਾਰੇ ਦਾਦ ਦਿੰਦੇ। ਚੋਆਂ ਦੇ ਜਲ-ਤਰੰਗ ਨਾਲ ਜੰਗਲ-ਬੇਲਾ ਠੁਮਰੀ ਗਾਉਂਦਾ। ਅੰਬਰ ਤੋਂ ਫੁੱਲ-ਪੱਤੀਆਂ ਦੀ ਵਰਖਾ ਹੁੰਦੀ।

ਇਸ ਧਰਤੀ ’ਤੇ ਪੌਰਾਣਿਕ ਸਾਹਿਤ ਦਾ ਖ਼ੂਬ ਤਰਜਮਾ ਹੋਇਆ। ਜੋਤ ਨਾਲ ਜੋਤਾਂ ਜਗੀਆਂ। ਮਸ਼ਾਲਾਂ ਬਲੀਆਂ। ਰਣਜੀਤ ਨਗਾਰਾ ਵੱਜਿਆ। ਧਰਮ ਯੁੱਧ ਦਾ ਸੰਖ ਪੂਰਿਆ ਗਿਆ। ਕਿਆ ਕਰਿਸ਼ਮਾ ਸੀ ਕਿ ਖੰਡੇ-ਬਾਟੇ ਦੀ ਪਹੁਲ ਛਕਣ ਤੋਂ ਬਾਅਦ ਕੋਈ ਇਕ ਸਵਾ ਲੱਖ ਬਣ ਕੇ ਜ਼ਾਲਮਾਂ ਨੂੰ ਲਲਕਾਰਦਾ। ਦੂਜਿਆਂ ਖ਼ਾਤਰ ਸੀਸ ਤਲੀ ’ਤੇ ਰੱਖ ਲੈਂਦਾ। ਇਹ ਤਾਂ ਰੱਬ ਦਾ ਆਪਣਾ ਰੈਣ-ਬਸੇਰਾ ਸੀ। ਮੁਲਤਾਨ ਤਾਂ ਭਾਈ ਨੰਦ ਲਾਲ ਦਾ ਕਲਬੂਤ ਗਿਆ ਸੀ, ਰੂਹ ਤਾਂ ਉਹ ਅਨੰਦਪੁਰ ਹੀ ਛੱਡ ਗਏ ਸਨ। ਗਜ਼ਨੀ ਦੇ ਜੰਮ-ਪਲ ਹੋਣ ਕਰਕੇ ਆਪ ਕੋਲ ਅਰਬੀ-ਫ਼ਾਰਸੀ ਦੇ ਸ਼ਬਦਾਂ ਦਾ ਭਰਪੂਰ ਖ਼ਜ਼ਾਨਾ ਸੀ। ਇਨ੍ਹਾਂ ਭਾਸ਼ਾਵਾਂ ਦਾ ਸ਼ਾਇਦ ਹੀ ਕੋਈ ਅਲੰਕਾਰ ਹੋਵੇਗਾ ਜਿਹੜਾ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ਼ ਵਿਚ ਨਹੀਂ ਵਰਤਿਆ।

ਆਪ ਫੁਰਮਾਉਂਦੇ ਹਨ, ‘‘ਤਖ਼ਤ ਬਾਲਾ ਜ਼ੇਰਿ ਗੁਰੂ ਗੋਬਿੰਦ ਸਿੰਘ।। ਲਾ-ਮਕਾਨ ਸੈਰਿ ਗੁਰੂ ਗੋਬਿੰਦ ਸਿੰਘ’’ (ਤਮਾਮ ਨੌਂ ਅੰਬਰ ਤੇ ਪਤਾਲ ਦਸਮੇਸ਼ ਪਿਤਾ ਦੇ ਬਿਰਾਜਮਾਨ ਹੋਣ ਵਾਸਤੇ ਤਖ਼ਤ ਹਨ)। ਗੁਰੂ ਜੀ ਹਰ ਮਰਤਬੇ ਤੋਂ ਕਿਤੇ ਉੱਚੇ ਹਨ। ਉਹ ਲੋਕ-ਪਰਲੋਕ ਵਿਚ ਪ੍ਰਵਾਨ ਹਨ। ਗੁਰੂ ਜੀ ਦੇ ਦਰਸ਼ਨਾਂ ਨਾਲ ਸਾਧ ਸੰਗਤ ਦੇ ਦਿਲਾਂ ਅੰਦਰ ਫੁਲਵਾੜੀ ਖਿੜਦੀ ਹੈ। ਆਪ ਘਟ ਘਟ ਵਿਚ ਸਮਾਏ ਹੋਏ ਹਨ ਤੇ ਹਰੇਕ ਅੱਖ ਦਾ ਪ੍ਰਕਾਸ਼ ਹਨ, ‘‘ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿਘ।। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ।।’’ ਮੁਲਤਾਨ ਪਹੁੰਚ ਕੇ ਭਾਈ ਨੰਦ ਨਾਲ ਬਿਰਹੇ ਦੀ ਅੱਗ ਵਿਚ ਤੜਪਦੇ ਹਨ। ਉਹ ਕਹਿੰਦੇ ਹਨ ਕਿ ਆਪਣੇ ਮੁਰਸ਼ਦ ਦੇ ਵਿਛੋੜੇ ਕਾਰਨ ਉਨ੍ਹਾਂ ਦਾ ਸੀਨਾ ਕਬਾਬ ਹੋ ਚੁੱਕਾ ਹੈ। ਉਹ ‘ਆਪਣਾ ਸੂਰਜ ਵਰਗਾ ਮੁਖੜਾ’ ਜਲਦੀ ਦਿਖਾਉਣ ਲਈ ਗੁਰੂ ਜੀ ਦੇ ਹਾੜੇ ਘੱਤਦੇ ਹਨ। ਹੰਝੂ ਕੇਰ ਰਹੀਆਂ ਅੱਖਾਂ ਦਾ ਇਲਾਜ ਉਹ ਗੁਰੂ ਜੀ ਦੇ ਦੀਦਾਰ ’ਚੋਂ ਲੱਭਦੇ ਹਨ। ਉਹ ਕਹਿੰਦੇ ਹਨ ਕਿ ਜਾਨ ਤਾਂ ਕੇਵਲ ਗੁਰੂ ਜੀ ਤੋਂ ਵਾਰਨ ਲਈ ਹੀ ਹੈ।

ਭਾਈ ਸਾਹਿਬ ਦੀਆਂ ਰਚਨਾਵਾਂ ‘ਦੀਵਾਨ-ਏ-ਗੋਯਾ’, ‘ਜ਼ਿੰਦਗੀਨਾਮਾ’, ‘ਤੌਸੀਫ਼-ਓ-ਸਨਾ’, ‘ਗੰਜਨਾਮਾ’, ‘ਦਸਤੂਰ-ਉਲ-ਇਨਸ਼ਾ’, ‘ਅਰੂਜ਼-ਉਲ-ਅਲਫ਼ਾਜ਼’, ‘ਰਹਿਤਨਾਮਾ’ ਅਤੇ ‘ਤਨਖ਼ਾਹਨਾਮਾ’ ਆਦਿ ਨੂੰ ਸਿੱਖ ਪੰਥ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਕਲਗੀਧਰ ਦੇ ਚਰਨ-ਕੰਵਲਾਂ ਨਾਲ ਜੇਕਰ ਪ੍ਰੀਤ ਕਰਨੀ ਸਿੱਖਣੀ ਹੋਵੇ ਤਾਂ ਭਾਈ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਬੇਹੱਦ ਜ਼ਰੂਰੀ ਹੈ। ਭਾਵੇਂ ਗੋਬਿੰਦ ਸਿੰਘ ਦੀ ਮਹਾਨ ਸ਼ਖ਼ਸੀਅਤ ਨੂੰ ਬਿਆਨ ਕਰਨ ਲਈ ਦੁਨੀਆ ਦੀ ਕੋਈ ਵੀ ਭਾਸ਼ਾ ਊਣੀ ਹੈ, ਫਿਰ ਵੀ ਭਾਈ ਨੰਦ ਲਾਲ ਦੇ ਗ੍ਰੰਥਾਂ ’ਚੋਂ ਡੁੱਲ੍ਹ-ਡੁੱਲ੍ਹ ਪੈਂਦੀ ਸ਼ਰਧਾ ਪ੍ਰੇਮ-ਭਗਤੀ ਦਾ ਸਿਖ਼ਰ ਹੈ। ਉਹ ਜਿਸ ਪਾਸੇ ਵੀ ਵੇਖਦੇ, ਉਨ੍ਹਾਂ ਨੂੰ ਹਰ ਪਾਸੇ ਗੁਰੂ ਗੋਬਿੰਦ ਸਿੰਘ ਦਿਖਾਈ ਦਿੰਦੇ ਸਨ। ਗੁਰੂ ਜੀ ਵੀ ਭਾਈ ਸਾਹਿਬ ਨੂੰ ਆਪਣੀ ਹਿੱਕ ਨਾਲ ਲਾ ਕੇ ਦੁਲਾਰਦੇ ਸਨ।

ਇਕ ਕਥਾ ਅਨੁਸਾਰ ਅਨੰਦਪੁਰ ਦੇ ਰਮਣੀਕ ਜੰਗਲ ਵਿਚ ਗੁਜ਼ਰਦਿਆਂ ਗੁਰੂ ਜੀ ਨੇ ਸਹਿਜ ਸੁਭਾਅ ਪੁੱਛਿਆ, ‘ਭਾਈ ਨੰਦ ਲਾਲ ਜੀ, ਤੁਸੀਂ ਇਸ ਸੰਸਾਰ ਵਿਚ ਕਿਉਂ ਆਏ ਹੋ? ਭਾਈ ਸਾਹਿਬ ਨੇ ਤੁਰੰਤ ਜਵਾਬ ਦਿੱਤਾ, ‘ਸੱਚੇ ਪਾਤਸ਼ਾਹ, ਤੁਹਾਡੇ ਪਿਆਰ ਦੀ ਸਿੱਕ ਮੈਨੂੰ ਇੱਥੇ ਖਿੱਚ ਲਿਆਈ ਹੈ। ਬਹਾਦਰਸ਼ਾਹ ਦੇ ਕਿਤਾਬ-ਨਾਮੇ ’ਚੋਂ ਪ੍ਰਾਪਤ ਔਰੰਗਜ਼ੇਬ ਨੂੰ ਲਿਖੀ ‘ਫ਼ਤਹਿ ਦੀ ਚਿੱਠੀ’ (ਜ਼ਫ਼ਰਨਾਮਾ) ਦੀਆਂ ਹਕਾਇਤਾਂ ਨੂੰ ਤਰਤੀਬ ਦੇ ਕੇ ਭਾਈ ਸਾਹਿਬ ਨੇ ਕਈ ਉਤਾਰੇ ਕਰ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਹਾਸਲ ਕੀਤੀਆਂ।