ਸਾਂਝਾ ਪੁਲ਼ ਬਣੀ ਤਵਾਰੀਖ਼ੀ ਗੈਲਰੀ ( ਪੰਜਾਬੀ ਜਾਗਰਣ –– 2nd January, 2025)
ਵਰਿੰਦਰ ਵਾਲੀਆ
ਆਜ਼ਾਦੀ ਦੇ 77 ਸਾਲਾਂ ਬਾਅਦ ਲਹਿੰਦੇ ਪੰਜਾਬ ਦੀ ਸਰਕਾਰ ਨੇ ਲਾਹੌਰ ਸਥਿਤ ਇਤਿਹਾਸਕ ਪੁਣਛ ਹਾਊਸ ’ਚ ਬਣੀ ਭਗਤ ਸਿੰਘ ਗੈਲਰੀ ਨੂੰ ਸੈਲਾਨੀਆਂ ਲਈ ਖੋਲ੍ਹ ਕੇ ਆਖ਼ਰ ਸ਼ਹੀਦ-ਏ-ਆਜ਼ਮ ਦੀ ਅਦੁੱਤੀ ਕੁਰਬਾਨੀ ’ਤੇ ਮੋਹਰ ਲਾ ਹੀ ਦਿੱਤੀ ਹੈ। ਇਸ ਕਦਮ ਨਾਲ ਪਾਕਿਸਤਾਨ ਦੀਆਂ ਖੱਬੇ-ਪੱਖੀ ਪੰਜਾਬੀ ਤਨਜ਼ੀਮਾਂ ਨੇ ‘ਅੱਧੀ ਜੰਗ’ ਜਿੱਤ ਲਈ ਹੈ ਜੋ ਲੰਬੇ ਸਮੇਂ ਤੋਂ ਲਾਹੌਰ ਦੇ ਫੁਆਰਾ (ਸ਼ਾਦੀਮਾਨ) ਚੌਕ ਦਾ ਨਾਂ ‘ਭਗਤ ਸਿੰਘ ਚੌਕ’ ਰੱਖਣ ਲਈ ਜਦੋਜਹਿਦ ਕਰਦੀਆਂ ਆ ਰਹੀਆਂ ਸਨ।
ਪੁਣਛ ਹਾਊਸ ਉਹੀ ਜਗ੍ਹਾ ਹੈ ਜਿੱਥੇ ਆਜ਼ਾਦੀ ਸੰਗਰਾਮ ਦੇ ਚੱਲਦਿਆਂ ਭਗਤ ਸਿੰਘ ਤੇ ਉਸ ਦੇ ਸਾਥੀਆਂ ’ਤੇ ਮੁਕੱਦਮਾ ਚੱਲਿਆ ਸੀ। ਇਸ ਗੈਲਰੀ ਵਿਚ ਸ਼ਹੀਦ-ਏ-ਆਜ਼ਮ ਦੀ ਜ਼ਿੰਦਗੀ ਅਤੇ ਆਜ਼ਾਦੀ ਸੰਘਰਸ਼ ਨਾਲ ਸਬੰਧਤ ਤਵਾਰੀਖ਼ੀ ਦਸਤਾਵੇਜ਼ ਰੱਖੇ ਗਏ ਹਨ, ਜਿਨ੍ਹਾਂ ਵਿਚ ਤਸਵੀਰਾਂ, ਚਿੱਠੀਆਂ, ਅਖ਼ਬਾਰ ਅਤੇ ਹੋਰ ਯਾਦਗਾਰੀ ਲੇਖ ਸ਼ਾਮਲ ਹਨ। ਸ਼ਾਦੀਮਾਨ ਚੌਕ ਸੈਂਟਰਲ ਜੇਲ੍ਹ ਦੀ ਥਾਂ ਬਣਿਆ ਹੈ ਜਿੱਥੇ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 23 ਮਾਰਚ 1931 ਨੂੰ ਰਾਤੋ-ਰਾਤ ਫਾਂਸੀ ’ਤੇ ਲਟਕਾ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਤਲੁਜ (ਹੁਸੈਨੀਵਾਲਾ) ਦਰਿਆ ਦੇ ਕਿਨਾਰੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਭਾਰਤ ਵਾਸੀਆਂ ਨੂੰ ਜਦੋਂ ਇਸ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਹੁਸੈਨੀਵਾਲਾ ਵੱਲ ਵਹੀਰਾਂ ਘੱਤ ਦਿੱਤੀਆਂ ਤੇ ਬਸਤੀਵਾਦੀ ਪੁਲਿਸ ਅਧਿਕਾਰੀ ਅੱਧ-ਜਲੀਆਂ ਦੇਹਾਂ ਓਥੇ ਛੱਡ ਕੇ ਨੌਂ ਦੋ ਗਿਆਰਾਂ ਹੋ ਗਏ ਸਨ। ਜਮਹੂਰੀ ਹੱਕਾਂ ਲਈ ਲੜਨ ਵਾਲੀਆਂ ਪਾਕਿਸਤਾਨੀ ਤਨਜ਼ੀਮਾਂ ਨੇ ਸ਼ਾਦੀਮਾਨ ਚੌਕ ਦਾ ਨਾਂ ਬਦਲਣ ਲਈ ਲਾਹੌਰ ਹਾਈ ਕੋਰਟ ਵਿਚ ਮੁਕੱਦਮਾ ਵੀ ਦਾਇਰ ਕੀਤਾ ਸੀ। ਹਾਈ ਕੋਰਟ ’ਚੋਂ ਕੇਸ ਜਿੱਤਣ ਤੋਂ ਬਾਅਦ ਜਦੋਂ ਲਾਹੌਰ ਦੀ ਸਥਾਨਕ ਸਰਕਾਰ ਨੇ ਸ਼ਾਦੀਮਾਨ ਚੌਕ ਦਾ ਨਾਂ ਬਦਲਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਇਕ ਸੇਵਾ ਮੁਕਤ ਫ਼ੌਜੀ ਅਧਿਕਾਰੀ ਤਾਰਿਕ ਮਜੀਦ ਨੇ ਇਸ ਫ਼ੈਸਲੇ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ। ਉਸ ਦਾ ਥੋਥਾ ਤਰਕ ਇਹ ਸੀ ਕਿ ਭਗਤ ਸਿੰਘ ਆਜ਼ਾਦੀ ਸੰਗਰਾਮੀਆ ਨਹੀਂ ਬਲਕਿ ਅਪਰਾਧੀ/ਅੱਤਵਾਦੀ ਸੀ ਜਿਸ ਨੇ ਬਰਤਾਨਵੀ ਸਰਕਾਰ ਦੇ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਸੀ।
ਸਰਦਾਰ ਭਗਤ ਸਿੰਘ ਫਾਊਂਡੇਸ਼ਨ ਦੇ ਸਦਰ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਸ਼ਾਦੀਮਾਨ ਚੌਕ ਦਾ ਨਾਂ ਨਾ ਬਦਲਣ ਕਰਕੇ ਹਾਈ ਕੋਰਟ ਵਿਚ ਲਾਹੌਰ ਦੀ ਸਥਾਨਕ ਸਰਕਾਰ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ ਜਿਸ ਦੀ ਅਗਲੀ ਤਰੀਕ 17 ਜਨਵਰੀ ਹੈ। ਪਾਕਿਸਤਾਨੀ ਪੰਜਾਬ ਦੇ ਮਕਬੂਲ ਲੇਖਕਾਂ ਤੇ ਕਵੀਆਂ ਨੇ ਵੀ ਮਜ਼ਾਹਰੇ ਕਰ ਕੇ ਸ਼ਾਦੀਮਾਨ ਚੌਕ ’ਚ ਭਗਤ ਸਿੰਘ ਦਾ ਬੁੱਤ ਲਗਾਉਣ ਦੀ ਮੰਗ ਕੀਤੀ ਹੈ।
ਨਾਵਲਕਾਰ ਇਲਿਆਸ ਘੁੰਮਣ ਤੇ ਲੋਕ ਕਵੀ ਬਾਬਾ ਨਜਮੀ ਨੇ ਕਿਹਾ ਕਿ ਭਗਤ ਸਿੰਘ ਪਾਕਿਸਤਾਨ ਤੇ ਭਾਰਤ ਦਰਮਿਆਨ ਸਾਂਝਾ ਪੁਲ ਹੈ ਜਿਸ ਨੇ ਆਜ਼ਾਦੀ ਲਹਿਰ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਉਹ ਦੋਨਾਂ ਮੁਲਕਾਂ ਦਾ ਸਾਂਝਾ ਨਾਇਕ ਹੈ ਜਿਸ ਨੂੰ ਧਰਮ ਦੀਆਂ ਵਲਗਣਾਂ ਵਿਚ ਮਹਿਦੂਦ ਨਹੀਂ ਕੀਤਾ ਜਾ ਸਕਦਾ। ਸ਼ਹੀਦ ਸਾਂਝੇ ਹੁੰਦੇ ਹਨ। ਹਿੰਦੂ, ਸਿੱਖ ਤੇ ਮੁਸਲਮਾਨਾਂ ਨੇ ਆਜ਼ਾਦੀ ਖ਼ਾਤਰ ਸਾਂਝਾ ਖ਼ੂਨ ਵਹਾਇਆ ਸੀ। ਮੁਜ਼ਾਹਰੇ ਦੀ ਅਗਵਾਈ ਕਰਦਿਆਂ ਬਾਬਾ ਨਜਮੀ ਨੇ ਆਪਣੀ ਕਵਿਤਾ ਦੀਆਂ ਸਤਰਾਂ ‘‘ਸਾਡੇ ਹੁੰਦਿਆਂ ਮਰ ਨਹੀਂ ਸਕਦਾ, ਭਗਤ ਸਿੰਘ ਦਾ ਨਾਂ। ਕੋਈ ਵੀ ਨੀਵਾਂ ਕਰ ਨਹੀਂ ਸਕਦਾ, ਭਗਤ ਸਿੰਘ ਦਾ ਨਾਂ’’ ਸੁਣਾ ਕੇ ਸ਼ਹੀਦ-ਏ-ਆਜ਼ਮ ਨੂੰ ਆਪਣੀ ਅਕੀਦਤ ਪੇਸ਼ ਕੀਤੀ।
ਮੁਜ਼ਾਹਰਾਕਾਰੀ ਇਕ ਆਵਾਜ਼ ਵਿਚ , ‘‘ਰਾਜਾ ਪੋਰਸ ਪੰਜਾਬੀ, ਕਰਤਾਰ ਸਿੰਘ ਸਰਾਭਾ ਪੰਜਾਬੀ, ਦੁੱਲਾ ਭੱਟੀ ਪੰਜਾਬੀ, ਅਸੀਂ ਸਾਰੇ ਪੰਜਾਬੀ’’ ਆਦਿ ਨਾਅਰੇ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਅਣਵੰਡੇ ਪੰਜਾਬ ਦੀ ਸਾਂਝੀ ਤਵਾਰੀਖ਼ ਹੈ ਜਿਸ ਨੂੰ ਮੁਲਕ ਦੀ ਤਕਸੀਮ ਵੀ ਵੰਡ ਨਾ ਸਕੀ। ਪੰਜ ਆਬ ਵੰਡੇ ਗਏ ਪਰ ਸ਼ਹੀਦ ਨਹੀਂ ਵੰਡੇ ਜਾ ਸਕਦੇ। ਸਰਦਾਰ ਭਗਤ ਸਿੰਘ ਦੀ ਜਨਮ ਭੋਇੰ ਵੀ ਲਹਿੰਦਾ ਪੰਜਾਬ ਸੀ ਤੇ ਉਸ ਨੇ ਅੰਤਿਮ ਸਾਹ ਵੀ ਇਸ ਮਿੱਟੀ ਵਿਚ ਹੀ ਲਿਆ ਸੀ। ਇਸ ਲਈ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾ ਕੇ ਸ਼ਾਦੀਮਾਨ ਸਿੱਖ ਚੌਕ ਨਹੀਂ ਬਣ ਜਾਵੇਗਾ। ਉਨ੍ਹਾਂ ਦਾ ਖ਼ਿਆਲ ਹੈ ਕਿ ਸ਼ਹੀਦ ਦੇ ਨਾਂ ’ਤੇ ਬਣੇ ਚੌਕ ਨੂੰ ਦੇਖਣ ਦੁਨੀਆ ਭਰ ਦੇ ਸੈਲਾਨੀ ਆਉਣਗੇ ਜਿਸ ਨਾਲ ਇਲਾਕੇ ਦੀ ਕਾਇਆਕਲਪ ਹੋ ਜਾਵੇਗੀ। ਪੰਜਾਬ ਤੇ ਪੰਜਾਬੀ ਹਿਤੈਸ਼ੀਆਂ ਨੇ ਪੁਣਛ ਹਾਊਸ ਵਿਚ ਬਣੀ ਗੈਲਰੀ ਸੈਲਾਨੀਆਂ ਲਈ ਖੋਲ੍ਹਣ ਦਾ ਸਵਾਗਤ ਕਰਦਿਆਂ ਸੂਬਾ ਸਰਕਾਰ ਦੀ ਸਰਾਹਣਾ ਕੀਤੀ ਹੈ।
ਆਜ਼ਾਦੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਅਲਪ-ਸੰਖਿਅਕਾਂ ਨਾਲ ਜੁੜੀਆਂ ਅਣਗਿਣਤ ਯਾਦਗਾਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ। ਕੱਟੜਪੰਥੀਆਂ ਨੇ ਤਾਂ ਸਭ ਤੋਂ ਵੱਡੇ ਇਮਾਰਤਸਾਜ਼ (ਸਿਵਲ ਇੰਜੀਨੀਅਰ) ਅਤੇ ਦਾਨੀ ਪੁਰਖ ਰਾਏ ਬਹਾਦੁਰ ਸਰ ਗੰਗਾ ਰਾਮ (13 ਅਪ੍ਰੈਲ 1851-10 ਜੁਲਾਈ 1927) ਦੇ ਬੁੱਤ ਨੂੰ ਵੀ ਤੋੜ ਦਿੱਤਾ ਸੀ ਜਿਸ ਨੇ ਲਾਹੌਰ ਦਾ ਨਾਂ ਦੁਨੀਆ ਭਰ ਵਿਚ ਮਸ਼ਹੂਰ ਕੀਤਾ ਸੀ। ਲਾਹੌਰ ਦਾ ਖ਼ੂਬਸੂਰਤ ਜਨਰਲ ਪੋਸਟ ਆਫਿਸ, ਐਟੀਚਨ ਕਾਲਜ, ਮਾਇਓ ਸਕੂਲ ਆਫ ਆਰਟਸ ਤੇ ਸਰ ਗੰਗਾ ਰਾਮ ਹਸਪਤਾਲ ਆਦਿ ਉਨ੍ਹਾਂ ਦੀ ਇਮਾਰਤਸਾਜ਼ੀ ਦਾ ਅਨੂਠਾ ਨਮੂਨਾ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਸਰ ਗੰਗਾ ਰਾਮ ਦੇ ਬੁੱਤ ਨੂੰ ਤੋੜਨ ਵੇਲੇ ਪੁਲਿਸ ਦੀ ਗੋਲ਼ੀਬਾਰੀ ਵਿਚ ਜ਼ਖ਼ਮੀ ਹੋਏ ਮੁਜ਼ਾਹਰਾਕਾਰੀਆਂ ਨੂੰ ਵੀ ਸਰ ਗੰਗਾ ਰਾਮ ਹਸਪਤਾਲ ਵਿਚ ਹੀ ਦਾਖ਼ਲ ਕਰਵਾਇਆ ਗਿਆ ਸੀ। ਲਹਿੰਦੇ ਪੰਜਾਬ ਦੇ ਇਕ ਹੋਰ ਮਹਾਨ ਸਪੂਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਕਿਲ੍ਹੇ ਤੇ ਬਾਦਸ਼ਾਹੀ ਮਸਜਿਦ ਨੇੜੇ ਬਣੀ ਸਮਾਧੀ ਨੂੰ ਵੀ ਕੱਟੜਪੰਥੀਆਂ ਨੇ ਕਈ ਵਾਰ ਨਿਸ਼ਾਨਾ ਬਣਾਇਆ ਸੀ। ਘੋੜ-ਸਵਾਰ ਮਹਾਰਾਜਾ ਰਣਜੀਤ ਸਿੰਘ ਦੇ ਨੌਂ ਫੁੱਟ ਉੱਚੇ ਤਾਂਬੇ ਦੇ ਬੁੱਤ ਦੀ ਤਿੰਨ ਦਸੰਬਰ 2021 ਨੂੰ ਕੱਟੜਪੰਥੀ ਜਮਾਤ ਤਹਿਰੀਕ-ਏ-ਲਬਾਇਕ ਨੇ ਤੋੜ-ਫੋੜ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਇਕ ਧਰਮ ਨਿਰਪੱਖ ਰਾਜਾ ਸੀ ਜਿਸ ਦੇ ਦਰਬਾਰ ਵਿਚ ਮੁਸਲਮਾਨਾਂ ਕੋਲ ਵੱਡੇ ਅਹੁਦੇ ਸਨ।
ਕਤਲੋਗਾਰਤ ਤੋਂ ਅੱਕ-ਥੱਕ ਕੇ ਲਾਹੌਰੀਆਂ ਨੇ ਹੀ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨ ਦਾ ਸੱਦਾ ਦਿੱਤਾ ਸੀ। ਪੰਜਾਬੀ ਦੇ ਲੋਕ ਕਵੀ ਸ਼ਾਹ ਮੁਹੰਮਦ ਨੇ ਆਪਣੇ ‘ਜੰਗਨਾਮਾ’ ਕਿੱਸੇ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਵਿਚ ਕਸੀਦੇ ਪੜ੍ਹਦਿਆਂ ਕਿਹਾ ਸੀ, ‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ, ਨਿਵਾਇ ਗਿਆ। ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ। ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ।’’ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਮਹਾਰਾਜੇ ਨੇ ਆਪਣੀ ਧਰਮ-ਨਿਰਪੱਖਤਾ ਕਾਰਨ ਹੀ ਲੰਬਾ ਸਮਾਂ ਰਾਜ ਕੀਤਾ ਸੀ। ਪਰ ਪਾਕਿਸਤਾਨ ਵਿਚ ਅੱਤਵਾਦ ਦਾ ਬੋਲਬਾਲਾ ਹੋਣ ਕਾਰਨ ਓਥੇ ਗ਼ੈਰ-ਮੁਸਲਮਾਨਾਂ ਨੂੰ ਕਾਫ਼ਰ ਸਮਝਿਆ ਜਾਂਦਾ ਹੈ।
ਕਾਇਦੇ ਆਜ਼ਮ ਮੁਹੰਮਦ ਅਲੀ ਜਿਨਹਾ ਵੱਲੋਂ ਘੱਟ ਗਿਣਤੀ ਸਮੁਦਾਇਆਂ ਨਾਲ ਕੀਤੇ ਗਏ ਵਾਅਦਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੰਨ 1999 ਵਿਚ ਬਣੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਦੇ ਕਈ ਗੁਰਧਾਮਾਂ ਦੇ ਸੁੰਦਰੀਕਰਨ ਲਈ ਭਾਵੇਂ ਕਾਫ਼ੀ ਪੈਸਾ ਲਗਾਇਆ ਗਿਆ ਹੈ, ਫਿਰ ਵੀ ਅਜਿਹੇ ਕਈ ਗੁਰਦੁਆਰੇ ਹਨ ਜਿੱਥੇ ਬਾਹੂਬਲੀਆਂ ਨੇ ਕਬਜ਼ੇ ਕੀਤੇ ਹੋਏ ਹਨ। ਅਜਿਹੀ ਹਿਮਾਕਤ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਵੀ ਹੋਈ ਸੀ। ਮਾਲ ਵਿਭਾਗ ਦੇ ਰਿਕਾਰਡ ਦੀ ਨੀਝ ਨਾਲ ਪੜਤਾਲ ਕੀਤੀ ਜਾਵੇ ਤਾਂ ਅਲਪ ਸੰਖਿਅਕਾਂ ਨਾਲ ਸਬੰਧਤ ਅਣਗਿਣਤ ਇਤਿਹਾਸਕ ਥਾਵਾਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਜਿਨ੍ਹਾਂ ’ਤੇ ਸਥਾਨਕ ਸਰਕਾਰ ਦੀ ਮਿਲੀਭੁਗਤ ਨਾਲ ਕਬਜ਼ੇ ਹੋਏ ਹਨ। ਲਾਹੌਰ ਤੇ ਹੋਰਨਾਂ ਸ਼ਹਿਰਾਂ ਵਿਚ ਸਥਿਤ ਮੰਦਰਾਂ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨਾਲ ਕੀਤੀ ਗਈ ਬੇਹੁਰਮਤੀ ਦੀਆਂ ਘਟਨਾਵਾਂ ਵੀ ਸੁਰਖੀਆਂ ਬਣਦੀਆਂ ਰਹੀਆਂ ਹਨ।
ਹਿੰਦੂ, ਸਿੱਖਾਂ, ਈਸਾਈਆਂ ਤੇ ਇੱਥੋਂ ਤੱਕ ਕਿ ਅਹਿਮਦੀ ਮੁਸਲਮਾਨਾਂ ਦੀਆਂ ਧੀਆਂ-ਭੈਣਾਂ ਨਾਲ ਜਬਰਦਸਤੀ ਦੀਆਂ ਘਟਨਾਵਾਂ ਵੀ ਆਮ ਵਰਤਾਰਾ ਹਨ। ਫ਼ਿਰਕਾਪ੍ਰਸਤੀ ਕਾਰਨ ਹੀ ਘੱਟ ਗਿਣਤੀਆਂ ਦੇ ਲੋਕਾਂ ਨੇ ਵੱਡੇ ਪੱਧਰ ’ਤੇ ਹਿਜਰਤ ਕੀਤੀ ਹੈ। ਇਸੇ ਲਈ ਲਾਹੌਰ ਸਥਿਤ ਪੁਣਛ ਹਾਊਸ ਵਿਚ ਬਣੀ ਭਗਤ ਸਿੰਘ ਦੇ ਨਾਂ ’ਤੇ ਗੈਲਰੀ ਨੂੰ ਸੈਲਾਨੀਆਂ ਲਈ ਖੋਲ੍ਹਣ ਦੇ ਫ਼ੈਸਲੇ ਨੂੰ ਪੁਰੇ ਦੀ ਤਾਜ਼ਾ ਹਵਾ ਦਾ ਬੁੱਲਾ ਸਮਝਿਆ ਜਾ ਰਿਹਾ ਹੈ। ਇਸ ਸਮਾਰਕ ਨੂੰ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਸਾਂਝੇ ਪੁਲ ਦਾ ਪ੍ਰਤੀਕ ਸਮਝਿਆ ਜਾਵੇਗਾ।