VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਬੋਲ-ਕਬੋਲ ਤੇ ਬਦਲਾਖੋਰੀ ( ਪੰਜਾਬੀ ਜਾਗਰਣ –– 22nd December, 2024)

ਵਰਿੰਦਰ ਵਾਲੀਆ

ਸਿੱਖ ਸੰਗਤ ਜਿੱਥੇ ਸਫ਼ਰ-ਏ-ਸ਼ਹਾਦਤ ਦੀ ਹਮਸਫ਼ਰ ਬਣੀ ਪੋਹ ਦੀਆਂ ਅਕਹਿ ਤੇ ਅਸਹਿ ਗਾਥਾਵਾਂ ਨੂੰ ਯਾਦ ਕਰ ਰਹੀ ਹੈ, ਓਥੇ ਹੀ ਸਾਡੇ ਧਾਰਮਿਕ ਰਹਿਬਰਾਂ ਦੇ ਮੂੰਹੋਂ ਨਿਕਲੇ ਬੋਲ-ਕਬੋਲ ਤੇ ਖ਼ਾਨਾਜੰਗੀ ਸਮੁੱਚੀ ਕੌਮ ਲਈ ਸ਼ਰਮਿੰਦਗੀ ਦਾ ਬਾਇਸ ਬਣ ਰਹੇ ਹਨ। ਸ਼ਹੀਦੀ ਪੰਦਰਵਾੜੇ ਦੌਰਾਨ ਕਈ ਨਾਨਕ ਨਾਮਲੇਵਾ ਸਬਜ਼ੀ/ਦਾਲ ਨੂੰ ਤੜਕਾ ਤੱਕ ਨਹੀਂ ਲਾਉਂਦੇ ਤੇ ਭੁੰਜੇ ਸੌਣ ਨੂੰ ਤਰਜੀਹ ਦਿੰਦੇ ਹਨ। ਪੋਹ ਦੇ ਮਹੀਨੇ ਲੜੀ ਗਈ ਅਸਾਵੀਂ ਜੰਗ ਨੂੰ ਯਾਦ ਕਰਦਿਆਂ ਸਿੱਖ ਸੰਗਤ ਕਰੁਣਾ ਦੇ ਡੂੰਘੇ ਪਾਣੀਆਂ ਵਿਚ ਉਤਰੀ ਹੁੰਦੀ ਹੈ। ਅਜਿਹੇ ਵਕਤ ਖ਼ਾਨਾਜੰਗੀ ਸਾਡੇ ਰਹਿਬਰਾਂ ਦੀ ਗ਼ੈਰ-ਸੰਜੀਦਗੀ ਦਾ ਅਹਿਸਾਸ ਕਰਵਾਉਂਦੀ ਹੈ। ਸਿੱਖ ਧਰਮ ਵਿਚ ਬਾਣੀ ਤੇ ਬਾਣੇ ਦੇ ਸੁਮੇਲ ਦਾ ਖ਼ਾਸ ਮਹਾਤਮ ਹੈ। ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਵਾਲਿਆਂ ਦੇ ਮੁਖਾਰਬਿੰਦ ’ਚੋਂ ਧੁਰ ਕੀ ਬਾਣੀ ਹੀ ਝਰਦੀ ਸੋਂਹਦੀ ਹੈ।

ਮੂੰਹੋਂ ਨਿਕਲੇ ਮੰਦੜੇ ਬੋਲ ਤਾਂ ਕਮਾਨੋਂ ਨਿਕਲੇ ਉਨ੍ਹਾਂ ਤੀਰਾਂ ਦੀ ਭਾਂਤੀ ਹੁੰਦੇ ਹਨ ਜਿਹੜੇ ਮੁੜ ਕੇ ਭੱਥੇ ਦਾ ਸ਼ਿੰਗਾਰ ਨਹੀਂ ਬਣਦੇ। ਅਫ਼ਸੋਸ! ਗਾਲੀ-ਗਲੋਚ ਕਰਨੀ ਸੱਭਿਅਕ ਵਿਅਕਤੀ ਦੀ ਨਿਸ਼ਾਨੀ ਨਹੀਂ ਹੁੰਦੀ। ਉੱਘੇ ਲੇਖਕ ਤੇ ਕਾਲਮ ਨਵੀਸ ਖ਼ੁਸ਼ਵੰਤ ਸਿੰਘ ਅਨੁਸਾਰ ਦੁਨੀਆ ਦੇ ਮੁਕਾਬਲੇ ਗਾਲ੍ਹਾਂ ਦਾ ਸਭ ਤੋਂ ਵੱਡਾ ਸ਼ਬਦਕੋਸ਼ ਪੰਜਾਬੀਆਂ ਦੀ ਮਲਕੀਅਤ ਹੈ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਤਰਕ ਦੇਣ ਕਿ ਇਹ ਮਲਵਈ ਜਾਂ ਮਝੈਲ ਲਹਿਜ਼ਾ ਹੈ ਤਾਂ ਅਜਿਹਾ ਤਰਕ ਸਮਝ ਤੋਂ ਬਾਹਰ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਉਂਜ ਵੀ ਵਕੀਲ ਹਨ ਤੇ ਉਨ੍ਹਾਂ ਨੂੰ ਅਪਸ਼ਬਦ ਬੋਲਣ ਨਾਲ ਪੈਦਾ ਹੋਣ ਵਾਲੀਆਂ ਕਾਨੂੰਨੀ ਪੇਚੀਦਗੀਆਂ ਦਾ ਇਲਮ ਹੋਣਾ ਚਾਹੀਦਾ ਸੀ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਧਾਨ ਮਹਿਲਾ ਕਮਿਸ਼ਨ ਦੇ ਸਾਹਮਣੇ ਖ਼ੁਦ ਪੇਸ਼ ਹੋਣ ਲਈ ਮਜਬੂਰ ਹੋਇਆ ਹੋਵੇ।

ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਮਹਿਲਾ ਕਮਿਸ਼ਨ ਕੋਲ ਦਰਖ਼ਾਸਤ ਦਰਜ ਕਰਵਾ ਕੇ ਕਿਹਾ ਕਿ ਧਾਮੀ ਦੀ ਗ਼ਲਤੀ ਮਾਫ਼ ਕਰਨਯੋਗ ਨਹੀਂ ਹੈ। ਬੀਬੀ ਬਾਰੇ ਮੰਦੜੇ ਬੋਲ ਬੋਲਣ ਵੇਲੇ ਧਾਮੀ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦਾ ਮਹਾਵਾਕ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਵੀ ਚੇਤੇ ਨਾ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਚ-ਦੁਮਾਲੜੇ ਵਾਲੇ ਰਹੇ ਹਨ ਜਿਹੜੇ ਖ਼ੁਦ ਨੂੰ ਪੋਪ ਤੋਂ ਘੱਟ ਨਹੀਂ ਸਨ ਸਮਝਦੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਪਣੀ ਪੁਸਤਕ ‘ਪੰਥ ਸੇਵਕ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ’ ਵਿਚ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਬਾਰੇ ਲਿਖਿਆ ਕਿ ਉਹ ਅਜਿਹੇ ਨਿਡਰ ਪ੍ਰਧਾਨ ਸਨ ਜਿਹੜੇ ਬਰਤਾਨਵੀ ਸਾਮਰਾਜ ਦੀਆਂ ਅਦਾਲਤਾਂ ਵਿਚ ਪੇਸ਼ ਹੋਣ ਤੋਂ ਕੋਰੀ ਨਾਂਹ ਕਰ ਦਿੰਦੇ ਸਨ।

ਨਿਸ਼ਚੇ ਹੀ ਅਪਸ਼ਬਦ ਬੋਲਣ ਕਰਕੇ ਧਾਮੀ ਨੂੰ ਮਹਿਲਾ ਕਮਿਸ਼ਨ ਵਿਚ ਪੇਸ਼ੀ ਭੁਗਤਣੀ ਪਈ ਜਿਸ ਨਾਲ ਇਸ ਉਪਾਧੀ ਨੂੰ ਵੱਟਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੀ 2020 ਵਿਚ ਆਈ ਸ਼ਤਾਬਦੀ ਧੜਿਆਂ ਵਿਚ ਵੰਡੇ ਹੋਣ ਕਰਕੇ ਪੂਰੇ ਜਾਹੋ-ਜਲਾਲ ਨਾਲ ਨਹੀਂ ਮਨਾਈ ਗਈ। ਹੁਣ ਸ਼੍ਰੋਮਣੀ ਗੁਰਦੁਆਰਾ ਐਕਟ ਦੀ 2025 ਵਿਚ ਆਉਣ ਵਾਲੀ ਸ਼ਤਾਬਦੀ ਵੀ ਕਾਵਾਂ-ਰੌਲੀ ਦੀ ਭੇਟ ਚੜ੍ਹਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਵਿਚ ‘ਮਿੰਨੀ ਸਿੱਖ ਪਾਰਲੀਮੈਂਟ’ ਹੋਣ ਦਾ ਮਾਣ ਹਾਸਲ ਹੈ। ਮਹਾਨ ਸੰਸਥਾ ਦੀ ਬਰੂਹਾਂ ਨੇੜੇ ਢੁੱਕੀ ਸ਼ਤਾਬਦੀ ਵੇਲੇ ਇਸ ਦੇ ਪ੍ਰਧਾਨ ਦਾ ਵਿਵਾਦਾਂ ਵਿਚ ਘਿਰੇ ਹੋਣਾ ਬੇਹੱਦ ਅਫ਼ਸੋਸਨਾਕ ਹੈ। ਐਡਵੋਕੇਟ ਧਾਮੀ ਨੂੰ ਮਿੱਠ ਬੋਲੜੀ ਸ਼ਖ਼ਸੀਅਤ ਵਜੋਂ ਸਤਿਕਾਰਿਆ ਜਾਂਦਾ ਸੀ। ਹੁਣ ਉਨ੍ਹਾਂ ਦੇ ਇਕ ਬੋਲ-ਕਬੋਲ ਨੇ ਦੁੱਧ ਵਿਚ ਕਾਂਜੀ ਘੋਲਣ ਵਰਗਾ ਕੰਮ ਕੀਤਾ ਹੈ।

ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ 72 ਘੰਟਿਆਂ ਅੰਦਰ ਬੁਲਾਈ ਗਈ ਹੰਗਾਮੀ ਮੀਟਿੰਗ ਵਿਚ ਘਰੇਲੂ ਕਲੇਸ਼ ਨੂੰ ਬਹਾਨਾ ਬਣਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰਨ ਤੋਂ ਬਾਅਦ ਕਈ ਪ੍ਰਸ਼ਨ ਉੱਠਣੇ ਸੁਭਾਵਿਕ ਸਨ। ਲੋਕ ਪੁੱਛਦੇ ਹਨ ਕਿ ਬੀਬੀ ਜਗੀਰ ਕੌਰ ਖ਼ਿਲਾਫ਼ ਅਪਸ਼ਬਦ ਬੋਲਣ ਦਾ ਮੁੱਦਾ ਹੰਗਾਮੀ ਮੀਟਿੰਗ ਵਿਚ ਨਾ ਉਠਾਏ ਜਾਣਾ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਹੈ। ਦੂਜੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਅੱਤਲ ਕੀਤੇ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹੋਂ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਮੀਟਿੰਗ ਦੌਰਾਨ ਤੈਸ਼ ਵਿਚ ਬੋਲੇ ਅਪਸ਼ਬਦ ਨੇ ਵੀ ਕਾਫ਼ੀ ਤੂਲ ਫੜੀ ਰੱਖੀ। ਕੁਝ ਸਕਿੰਟਾਂ ਦੀ ਵਾਇਰਲ ਹੋਈ ਉਨ੍ਹਾਂ ਦੀ ਵੀਡੀਓ ਕਲਿੱਪ ਨੇ ਮੀਰੀ-ਪੀਰੀ ਦੇ ਮਹਾਨ ਮਰਕਜ਼ ’ਤੇ ਹੁੰਦੀਆਂ ਮੀਟਿੰਗਾਂ ਦੇ ਪੱਧਰ ਨੂੰ ਵੀ ਜੱਗ ਜ਼ਾਹਰ ਕੀਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਹੁਣ ਤੱਕ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਜਥੇਦਾਰ ਹਨ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਉਪਰੋਕਤ ਵੀਡੀਓ ਕਲਿੱਪ ਉਨ੍ਹਾਂ ਦੀ ਕਿਰਦਾਰਕੁਸ਼ੀ ਦੀ ਮਨਸ਼ਾ ਨਾਲ ਵਾਇਰਲ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਪੂਰੀ ਵੀਡੀਓ ਜਨਤਕ ਕੀਤੀ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਉਹ ਤੈਸ਼ ਵਿਚ ਕਿਉਂ ਆਏ ਸਨ। ਕਾਰਨ ਕੁਝ ਵੀ ਹੋਣ, ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਬੋਲੇ ਅਪਸ਼ਬਦਾਂ ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਪੰਥ ਦੇ ਰਹਿਬਰ ਗਲੀਆਂ-ਕੂਚਿਆਂ ਵਿਚ ਬਾਹਾਂ ਕੁੰਜ ਕੇ ਲੜਨ-ਝਗੜਨ ਤੇ ਲਲਕਾਰੇ ਮਾਰਨ ਵਾਲੇ ਆਮ ਲੋਕ ਨਹੀਂ ਹੁੰਦੇ। ਮਰਿਆਦਾ ਦਾ ਜੇ ਉਹ ਖ਼ਿਆਲ ਨਹੀਂ ਰੱਖਣਗੇ ਤਾਂ ਫਿਰ ਕੌਣ ਰੱਖੇਗਾ?

ਪੰਜਾਬੀ ਦੇ ਆਦਿ ਕਵੀ ਸੂਫ਼ੀ-ਸੰਤ ਬਾਬਾ ਫ਼ਰੀਦ ਜੀ ਫੁਰਮਾਉਂਦੇ ਹਨ, ‘‘ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।। ਹਿਆਉ ਨ ਕੈਹੀ ਚਾਹਿ ਮਾਣਕ ਸਭ ਅਮੋਲਵੇ।।’’ ਗੁਰੂ ਨਾਨਕ ਸਾਹਿਬ ਦਾ ਮਹਾਵਾਕ, ‘‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’’ ਵੀ ਨਿਮਰ ਸੁਭਾਅ ਦੇ ਮਹਾਤਮ ਨੂੰ ਦਰਸਾਉਂਦਾ ਹੈ। ਸੋਸ਼ਲ ਮੀਡੀਆ ’ਤੇ ਆਮ ਲੋਕ ਭਾਂਤ-ਭਾਂਤ ਦੀਆਂ ਟਿੱਪਣੀਆਂ ਕਰ ਰਹੇ ਹਨ। ਮੰਦੜੇ ਬੋਲਾਂ ਕਰਕੇ ਪੰਥਿਕ ਆਗੂਆਂ ਨੂੰ ਟਰੌਲ ਕੀਤਾ ਜਾ ਰਿਹਾ ਹੈ। ਲੋਕ ਕਹਿੰਦੇ ਹਨ ਕਿ ਗਾਲ੍ਹਾਂ/ਅਪਸ਼ਬਦਾਂ ਦਾ ਦੁੱਖ ਨਹੀਂ, ਦੁੱਖ ਬਸ ਇਸ ਗੱਲ ਦਾ ਹੈ ਕਿ ਇਹ ਧਰਮੀ ਅਖਵਾਉ

ਣ ਵਾਲੇ ਬੰਦਿਆਂ ਦੇ ਮੂੰਹੋਂ ਨਿਕਲੀਆਂ ਹਨ। ਸਿਆਣੇ ਕਹਿੰਦੇ ਹਨ ਕਿ ਬੁਰੇ ਵਕਤ ਵੇਲੇ ਮੁਸੀਬਤਾਂ ਇਕੱਲੀਆਂ-ਕਾਰੀਆਂ ਨਹੀਂ ਬਲਕਿ ਝੁੰਡ ਬਣਾ ਕੇ ਬਹੁੜਦੀਆਂ ਹਨ। ਸਦੀਆਂ ਪੁਰਾਣੀਆਂ ਸਿੱਖ ਸੰਸਥਾਵਾਂ ਤੇ ਇਨ੍ਹਾਂ ਦੇ ਨੇਤਾਵਾਂ ’ਤੇ ਮੰਡਰਾ ਰਹੇ ਖ਼ਤਰੇ ਦੇ ਬੱਦਲ ਉਕਤ ਬਾਤ ਨੂੰ ਦਰੁਸਤ ਠਹਿਰਾ ਰਹੇ ਹਨ। ਦੋ ਦਸੰਬਰ ਨੂੰ ਨਿਮਾਣੇ ਸਿੱਖ ਵਜੋਂ ਅਕਾਲੀ ਸਰਕਾਰਾਂ ਵੇਲੇ ਹੋਏ ਬੱਜਰ ਗੁਨਾਹ ਝੋਲੀ ਵਿਚ ਪੁਆ ਕੇ ਤਨਖ਼ਾਹ ਭੁਗਤਣ ਤੋਂ ਬਾਅਦ ਸੁਖਬੀਰ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਲਾਂ ਖ਼ਤਮ ਹੋ ਜਾਣੀਆਂ ਚਾਹੀਦੀਆਂ ਸਨ। ਬੌਧਿਕ ਕੰਗਾਲੀ ਵਾਲੇ ਸਲਾਹਕਾਰਾਂ ਦੀ ਵਜ੍ਹਾ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਲਝਣ ਦੀ ਬਜਾਏ ਹੋਰ ਉਲਝ ਰਹੀਆਂ ਹਨ। ਅਕਾਲ ਤਖ਼ਤ ਦੀ ਫ਼ਸੀਲ ਤੋਂ ਸੁਣਾਏ ਹੁਕਮਨਾਮੇ ’ਤੇ ਫੁੱਲ ਚੜ੍ਹਾ ਕੇ ਜੇ ਅਕਾਲੀ ਦਲ ਦੀ ਕੋਰ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਅੰਦਰ ਪ੍ਰਵਾਨ ਕਰ ਲਿਆ ਹੁੰਦਾ ਤਾਂ ਸਿੱਖ ਸੰਗਤ ਉਨ੍ਹਾਂ ਨੂੰ ਪਲਕਾਂ ’ਤੇ ਬਿਠਾ ਸਕਦੀ ਸੀ। ਉਹ ਗੁਆਚੀ ਹੋਈ ਪੰਥਿਕ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਲੈ ਸਕਦੇ ਸਨ। ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰਨ ਦੇ ਫ਼ੈਸਲੇ ਨੇ ਸੁਖਬੀਰ ਦੇ ਵਿਰੋਧੀਆਂ ਨੂੰ ਇਕ ਹੋਰ ਮੁੱਦਾ ਫੜਾ ਦਿੱਤਾ ਹੈ।

ਐਡਵੋਕੇਟ ਧਾਮੀ ਨੂੰ ਛੱਡਣ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਟੰਗਣ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਹੋਇਆ ਹੈ। ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਚੋਬਦਾਰ ਦੀ ਡਿਊਟੀ ਨਿਭਾ ਰਹੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਜਾਨਲੇਵਾ ਹਮਲੇ ਨੂੰ ਪਾਰਟੀ ਸਫ਼ਾਂ ਤੋਂ ਉੱਪਰ ਉੱਠ ਕੇ ਬਹੁਤਿਆਂ ਨੇ ਨਿੰਦਿਆ ਸੀ। ਅੱਤਵਾਦੀ ਪਿਛੋਕੜ ਵਾਲੇ ਹਮਲਾਵਰ ਨਰੈਣ ਸਿੰਘ ਚੌੜਾ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਕਿਸੇ ‘ਲੋੜ ਤੋਂ ਵੱਧ ਵਫ਼ਾਦਾਰ ਅਕਾਲੀ’ ਨੇ ਉਸ ਦੀ ਦਸਤਾਰ ਲਾਹ ਕੇ ਨਵਾਂ ਵਿਵਾਦ ਛੇੜ ਦਿੱਤਾ। ਇਸ ‘ਵਫ਼ਾਦਾਰ’ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਬਣੇ ਮਾਹੌਲ ਨੂੰ ਉਲਟ ਦਿਸ਼ਾ ਵੱਲ ਤੋਰ ਦਿੱਤਾ। ਗ਼ਲਤੀ-ਦਰ-ਗ਼ਲਤੀ ਅਕਾਲੀ ਦਲ ਨੂੰ ਮਹਿੰਗੀ ਪੈ ਰਹੀ ਹੈ। ਚੰਗਾ ਹੋਵੇ ਜੇ ਅਕਾਲੀ ਲੀਡਰਸ਼ਿਪ ਹੁਣ ‘ਚੰਗੇ ਦੁਸ਼ਮਣਾਂ’ ਨੂੰ ਕਲਾਵੇ ਵਿਚ ਲੈ ਕੇ ਆਪਣਾ ਖੁੱਸਿਆ ਪੰਥਿਕ ਵੱਕਾਰ ਬਹਾਲ ਕਰਨ ਦੀ ਕੋਸ਼ਿਸ਼ ਕਰੇ।