‘ਆ ਗਿਆ ਫੇਰ ਅਕਾਲੀ ਜੇ’ ( ਪੰਜਾਬੀ ਜਾਗਰਣ –– 15th December, 2024)
ਵਰਿੰਦਰ ਵਾਲੀਆ
ਬਾਣੀ ਪੜ੍ਹਦੇ ਮਕਤਲ ਵੱਲ ਵਹੀਰਾਂ ਘੱਤੀ ਜਾ ਰਹੇ ਸਿਰਲੱਥ ਅਕਾਲੀ ਯੋਧਿਆਂ ਬਾਰੇ ਚੋਖਾ ਸਾਹਿਤ ਉਪਲਬਧ ਹੈ। ਪਰ ਹੱਥਾਂ ਵਿਚ ਕਲਮਾਂ ਫੜੀ ਸੀਸ ਕਲਮ ਕਰਵਾਉਣ ਵਾਲਿਆਂ ਬਾਰੇ ਵਿਰਲੇ-ਟਾਵੇਂ ਹਵਾਲੇ ਮਿਲਦੇ ਹਨ। ਦੇਸ਼ ਤੇ ਕੌਮ ਖ਼ਾਤਰ ਲਾਸਾਨੀ ਕੁਰਬਾਨੀਆਂ ਦੇਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੀ ਹੋਂਦ ਦੇ 105ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਅਵਸਰ ’ਤੇ ਉਨ੍ਹਾਂ ਪੰਜ ਕਕਾਰਾਂ ਦੇ ਧਾਰਨੀ ਜਾਂਬਾਜ਼ਾਂ ਨੂੰ ਯਾਦ ਕਰਨਾ ਬਣਦਾ ਹੈ ਜਿਨ੍ਹਾਂ ਦੀ ਕਲਮ ਕਟਾਰ ਦੀ ਧਾਰ ਤੋਂ ਵੀ ਤਿੱਖੀ ਸੀ। ਇਹੀ ਕਾਰਨ ਸੀ ਕਿ ਬਰਤਾਨਵੀ ਸਰਕਾਰ ਨੇ ਲੋਕਾਈ ਦੀ ਪੀੜਾ ਨੂੰ ਜ਼ੁਬਾਨ ਦੇਣ ਵਾਲਾ ਸਾਰਾ ਸਾਹਿਤ ਜ਼ਬਤ ਕਰ ਲਿਆ ਸੀ। ‘ਜ਼ਬਤ-ਸ਼ੁਦਾ ਪੰਜਾਬੀ ਕਵਿਤਾ-ਇਕ ਆਲੋਚਨਾਤਮਕ ਅਧਿਐਨ’ ਵਿਚ ਡਾ. ਪ੍ਰੀਤਮ ਸਿੰਘ ਕੈਂਬੋ ਨੇ ਉਸ ਸਾਹਿਤ ਨੂੰ ਸੰਭਾਲਣ ਦਾ ਵੱਡਾ ਉਪਰਾਲਾ ਕੀਤਾ ਜੋ ਉਸ ਸਮੇਂ ਦਾ ਦਰਪਣ ਹੈ।

ਗੁਰਧਾਮਾਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸੰਗਰਾਮੀਏ ਮੂਲ ਰੂਪ ਵਿਚ ਕਵੀ ਜਾਂ ਸਾਹਿਤਕਾਰ ਨਹੀਂ ਸਨ। ਉਨ੍ਹਾਂ ਦੀਆਂ ਨਜ਼ਮਾਂ ਤੇ ਗੀਤ ਦਿਲ ਸਾਗਰ ’ਚੋਂ ਨਿਕਲਦੇ ਅਣਘੜੇ ਮਾਣਕ-ਮੋਤੀ ਸਨ। ਉਨ੍ਹਾਂ ਦੇ ਅੰਦਰੋਂ ਉੱਠਦਾ ਲਾਵਾ ਸ਼ਬਦਾਂ ਵਿਚ ਢਲ ਜਾਂਦਾ। ਇਹ ਸਾਹਿਤ ਆਜ਼ਾਦੀ ਦੇ ਪਰਵਾਨਿਆਂ ਦੇ ਅੰਤਹਕਰਨ ਵੱਲ ਖੁੱਲ੍ਹਦੀ ਖਿੜਕੀ ਹੈ। ਇਸ ਦਸਤਾਵੇਜ਼ੀ ਕਾਰਜ ਨੇ ਟਕਸਾਲੀ ਅਕਾਲੀਆਂ ਦੀ ਸੱਚੀ-ਸੁੱਚੀ ਭਾਵਨਾ ਨੂੰ ਪ੍ਰਸਤੁੱਤ ਕੀਤਾ ਹੈ। ਗੁਰਦੁਆਰਾ ਸੁਧਾਰ ਲਹਿਰ ਵਿਚ ਜੂਝਦਿਆਂ ਅਕਾਲੀਆਂ ਵਿਚ ਰਾਸ਼ਟਰਵਾਦੀ ਭਾਵਨਾ ਉਤਪੰਨ ਹੋਈ। ਅਕਾਲੀ ਆਪਣੀ ਧੁਨ ਦੇ ਪੱਕੇ ਸਨ। ਇਬਾਦਤੀ ਜਿਊੜਿਆਂ ਦੇ ਤੱਤੇ ਲਹੂ ਨਾਲ ਲਿਖੀ ਇਬਾਰਤ ਹੀ ਤਾਂ ਹੈ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ।
ਰਾਜੇ-ਮਹਾਰਾਜੇ ਤੇ ਸ਼ਾਹੀ ਘਰਾਣੇ ਤਾਂ ਬਸ ਭਰਮ ਦਾ ਸ਼ਿਕਾਰ ਸਨ ਕਿ ਵਿਰਾਸਤੀ ਇਮਾਰਤਾਂ ਨੂੰ ਸੋਨੇ ਦੇ ਪੱਤਰਿਆਂ ਵਿਚ ਮੜ੍ਹ ਕੇ ਉਨ੍ਹਾਂ ਨੇ ਹੀ ਸੁਨਹਿਰੀ ਇਤਿਹਾਸ ਲਿਖਿਆ ਸੀ। ਨਾਮਿਲਵਰਤਣ ਲਹਿਰ ਵੇਲੇ ਪੰਜਾਬ ਦੀ ਅਕਾਲੀ ਲਹਿਰ ਨੇ ਬ੍ਰਿਟਿਸ਼ ਸਰਕਾਰ ਨੂੰ ਵਖ਼ਤ ਪਾਇਆ ਹੋਇਆ ਸੀ। ਪੰਜਾਬ ’ਚੋਂ ਧੜਾਧੜ ਅਖ਼ਬਾਰ ਨਿਕਲਣੇ ਸ਼ੁਰੂ ਹੋਏ ਜਿਨ੍ਹਾਂ ਵਿਚ ਬਾਗ਼ੀ ਸੁਰ ਵਾਲਾ ਸਾਹਿਤ ਛਪਣ ਲੱਗਾ ਜਿਸ ਕਾਰਨ ਬ੍ਰਿਟਿਸ਼ ਸਰਕਾਰ ਤਿਲਮਿਲਾ ਉੱਠੀ ਸੀ। ਇਸ ਤੋਂ ਪਹਿਲਾਂ ਗ਼ਦਰੀ ਬਾਬਿਆਂ ਨੇ ਗ਼ਦਰ ਨਾਂ ਦਾ ਅਖ਼ਬਾਰ ਸ਼ੁਰੂ ਕਰ ਕੇ ਆਜ਼ਾਦੀ ਸੰਗਰਾਮੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਸੀ। ਅਖ਼ਬਾਰ ਧਰਮ-ਨਿਰਪੱਖ ਤੇ ਅਫ਼ਿਰਕੂ ਸੀ। ਇਨ੍ਹਾਂ ’ਚ ਛਪੀਆਂ ਕਵਿਤਾਵਾਂ ਦੀ ਅਪੀਲ ਸਮੂਹਿਕ ਸੀ। ਗ਼ਦਰੀ ਬਾਬੇ ਆਪਣੀਆਂ ਕਵਿਤਾਵਾਂ ਰਾਹੀਂ ਦੇਸ਼ ਵਾਸੀਆਂ ਨੂੰ ਆਜ਼ਾਦੀ ਲਈ ਜਾਗਰਿਤ ਕਰ ਰਹੇ ਸਨ।
ਖ਼ੂਨ ਨੂੰ ਉਬਾਲਾ ਦੇਣ ਵਾਲੀਆਂ ਸੱਤ ਨਜ਼ਮਾਂ ‘ਗ਼ਦਰ ਗੂੰਜ’ ਦੇ ਨਾਮ ਹੇਠ ਛਪੀਆਂ ਤਾਂ ਇਹ ਭਾਰਤ ਵਾਸੀਆਂ ਦੀ ਜ਼ੁਬਾਨ ’ਤੇ ਚੜ੍ਹ ਗਈਆਂ। ਬ੍ਰਿਟਿਸ਼ ਸਰਕਾਰ ਗ਼ਦਰੀਆਂ ਦੀ ਕਲਮ ਤੋਂ ਭੈਅ ਖਾਣ ਲੱਗੀ। ਇਹੀ ਕਾਰਨ ਹੈ ਕਿ ਜਦੋਂ ਗੁਰਦੁਆਰਾ ਲਹਿਰ ਵੇਲੇ ਅਕਾਲੀਆਂ ਨੇ ਕਲਮ ਚੁੱਕੀ ਤਾਂ ਇਸ ਨੇ ਆਜ਼ਾਦੀ ਦੀ ਲਹਿਰ ਨੂੰ ਵੀ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ ਸੀ। ਡਾ. ਕੈਂਬੋ ਅਨੁਸਾਰ ਅਕਾਲੀ ਲਹਿਰ ਭਾਵੇਂ ਧਾਰਮਿਕ ਅਤੇ ਸੁਧਾਰਕ ਲਹਿਰ ਸੀ ਪਰ ਇਸ ਦਾ ਸਰੂਪ ਰਾਜਸੀ ਹੋ ਨਿੱਬੜਿਆ। ਸਾਮਰਾਜ ਦੇ ਧਰਮ ਵਿਚ ਦਖ਼ਲ ਦੇਣ ਤੇ ਇਸ ਵੱਲੋਂ ਕੀਤੇ ਜਾਂਦੇ ਅੱਤਿਆਚਾਰ ਨੇ ਇਸ ਨੂੰ ਅੰਗਰੇਜ਼ ਵਿਰੋਧੀ ਲਹਿਰ ਬਣਾ ਦਿੱਤਾ ਸੀ। ਫਲਸਰੂਪ ਬਹੁਤ ਸਾਰੀ ਪੰਜਾਬੀ ਕਵਿਤਾ ਸਰਕਾਰ ਦੀਆਂ ਨਜ਼ਰਾਂ ਵਿਚ ਬਗ਼ਾਵਤੀ ਸੁਰ ਵਾਲੀ ਸਮਝੀ ਗਈ ਤੇ ਇਸ ਨੂੰ ਜ਼ਬਤ ਕਰ ਲਿਆ ਗਿਆ। ਸੰਸਾਰ ਦੀ ਪਹਿਲੀ ਜੰਗ ਖ਼ਤਮ ਹੋਣ ਪਿੱਛੋਂ ਵਿਸ਼ਵ ਭਰ ਵਿਚ ਇਨਕਲਾਬੀ ਲਹਿਰਾਂ ਦਾ ਝੱਖੜ ਝੁੱਲ ਪਿਆ ਸੀ। ਆਜ਼ਾਦੀ ਲਈ ਆਲਮੀ ਤੇ ਖੇਤਰੀ ਲਹਿਰਾਂ ਦਾ ਜਨਮ ਹੋਇਆ ਸੀ।
ਸਿੱਖ ਲੀਗ ਦਾ ਦੂਜਾ ਇਜਲਾਸ ਅਕਤੂਬਰ 1920 ਈਸਵੀ ਵਿਚ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਆਜ਼ਾਦੀ ਸੰਗਰਾਮ ਨੂੰ ਹੁਲਾਰਾ ਦੇਣ ਲਈ ਲੀਗ ਨੇ ਨਾ ਮਿਲਵਰਤਣ ਦਾ ਮਤਾ ਪਾਸ ਕਰ ਦਿੱਤਾ। ਇਸ ਵਿਚ ਕਾਂਗਰਸ ਦੇ ਸਿਰਕੱਢ ਆਗੂ ਵੀ ਸ਼ਾਮਲ ਹੋਏ। ਆਜ਼ਾਦੀ ਦੇ ਘੋਲ ਵਿਚ ਹਿੱਸਾ ਪਾਉਣ ਖ਼ਾਤਰ ‘ਅਕਾਲੀ’ ਅਖ਼ਬਾਰ ਸ਼ੁਰੂ ਹੋਇਆ। ਪਹਿਲੇ ਅੰਕ ਵਿਚ ਸੁਤੰਤਰਤਾ ਸੰਗਰਾਮੀਏ ਗਿਆਨੀ ਹੀਰਾ ਸਿੰਘ ਨੇ ਆਪਣੀ ਕਵਿਤਾ, ‘ਆ ਗਿਆ ਫੇਰ ਅਕਾਲੀ ਜੇ’ ਪ੍ਰਕਾਸ਼ਿਤ ਕੀਤੀ ਜਿਸ ਦੀਆਂ ਕੁਝ ਪੰਕਤੀਆਂ ਇਸ ਪ੍ਰਕਾਰ ਹਨ ;
ਅੱਖਾਂ ਖੋਲ੍ਹੋ ਢਿੱਲੜ ਵੀਰੋ, ਆ ਗਿਆ ਫੇਰ ਅਕਾਲੀ ਜੇ।
ਝੰਡਾ ਫੜਿਆ ਹੱਥ ਸੱਚ ਦਾ, ਜੋਤ ਮਾਰਦੀ ਲਾਲੀ ਜੇ।
ਅੱਖੀਂ ਵੇਖ ਬੇਅਦਬੀ ਹੁੰਦੀ, ਬੀਰ ਨਾ ਕਦੀ ਸਹਾਰ ਸਕੇ।
ਜਿਸ ਨੇ ਸੀਸ ਤਲੀ ’ਤੇ ਧਰਿਆ, ਉਸ ਨੂੰ ਕੋਈ ਨਾ ਮਾਰ ਸਕੇ।
ਜੀਊਂਦੇ ਹੋਣ ਅਕਾਲੀ ਵਰਗੇ, ਕੌਮ ਕਦੀ ਨਾ ਹਾਰ ਸਕੇ।
ਨਾ ਕੋਈ ਉਸ ਦਾ ਕਾਲਜ ਖੋਹੇ, ਨਾ ਕੋਈ ਖੋਹ ਦਰਬਾਰ ਸਕੇ।
ਇਕ ਅਕਾਲੀ ਬਾਝੋਂ ਯਾਰੋ, ਬਣ ਗਈ ਕੌਮ ਪਰਾਲੀ ਜੇ।
ਅਕਾਲੀ ਅਖ਼ਬਾਰ ਦੇ ਸੰਪਾਦਕਾਂ ਦੀ ਗ੍ਰਿਫ਼ਤਾਰੀ ਤੇ ਜ਼ਮਾਨਤਾਂ ਦਾ ਦੌਰ ਚੱਲਿਆ। ਇਸ ਅਖ਼ਬਾਰ ਦੇ ਢਾਈ ਸਾਲ ਦੇ ਸਮੇਂ ਅੰਦਰ ਘੱਟੋ-ਘੱਟ ਦਸ-ਬਾਰਾਂ ਸੰਪਾਦਕ ਕੈਦ ਹੋਏ। ਬ੍ਰਿਟਿਸ਼ ਸਰਕਾਰ ਵੱਲੋਂ ਅਕਾਲੀਆਂ ਖ਼ਿਲਾਫ਼ ਦਮਨਚੱਕਰ ਸ਼ੁਰੂ ਹੋਇਆ। ਅਕਾਲੀ ਲਹਿਰ ਦੀ ਕਵਿਤਾ ਦਾ ਸਭ ਤੋਂ ਅਹਿਮ ਤੱਤ ਜਬਰ ’ਤੇ ਸਬਰ ਦਾ ਪ੍ਰਗਟਾਵਾ ਹੈ। ਕਵੀ ਨੇ ਸਿੱਖਾਂ ਅੰਦਰ ਜਬਰ ਸਹਿਣ ਦੇ ਜਜ਼ਬੇ ਦੀ ਮਾਰਮਿਕ ਤਸਵੀਰ ਖਿੱਚੀ ਹੈ : ਵਾਂਗ ਕਸਤੂਰੀ ਦੇ ਸਾੜ ਸਾਨੂੰ, ਜੱਗ ਅੰਦਰ ਮੁਸ਼ਕ ਹੁੱਲ ਜਾਵੇ/ ਜ਼ੁਲਮ ਤੇ ਪਾਪੀਆਂ ਸਬਰ ਸਾਡਾ, ਅੱਜ ਤੱਕੜੀ ਅਦਲ ਦੀ ’ਤੇ ਤੁਲ ਜਾਵੇ। ਇਸੇ ਤਰ੍ਹਾਂ ਪੁਲਿਸ ਵੱਲੋਂ ਅਕਾਲੀ ਕਾਰਕੁੰਨਾਂ ’ਤੇ ਤਸ਼ੱਦਦ ਢਾਹੁਣ ਤੇ ਉਨ੍ਹਾਂ ਨੂੰ ਜ਼ਲੀਲ ਕਰਨ ਦੀਆਂ ਕਾਰਵਾਈਆਂ ਨੂੰ ਸ਼ਰਫ਼ ਇੰਜ ਬਿਆਨ ਕਰਦਾ ਹੈ :
ਪੁਲਸ ਰੋਕਣਾ ਜਾਂਦੇ ਅਕਾਲੀਆਂ ਨੂੰ, ਗਾਲ੍ਹ ਇਕ-ਇਕ ਸਾਹੇ ਹਜ਼ਾਰ ਦੇਣੀ/
ਠੁੱਢ ਮਾਰਨੇ ਹੇਠੋਂ ਤੇ ਹੁੱਜ ਉੱਤੋਂ, ਧੱਕੇ ਮਾਰ ਕੇ ਪੱਗ ਉਤਾਰ ਦੇਣੀ।
ਜ਼ੁਲਮੋ-ਸਿਤਮ ਦਾ ਵਰਣਨ ਕਰਦਿਆਂ ਇਕ ਕਵੀ ਕਹਿੰਦਾ ਹੈ, ਜੀਉਂਦੇ ਪਕੜ ਕੇ ਅੱਗ ’ਚ ਜਲਾਂਵਦੇ ਨੇ,ਮਾਸ ਸੀਖਾਂ ਦੇ ਨਾਲ ਟੰਗਾਵਦੇ ਨੇ।
ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਵਿਚ ਅਸਹਿ ਤੇ ਅਕਹਿ ਜ਼ੁਲਮ ਦਾ ਵਰਣਨ ਕਰਦਿਆਂ ਇਕ ਹੋਰ ਕਵੀ ਕਹਿੰਦਾ ਹੈ, ਨੰਗੇ ਧੜ ਤੇ ਕੇਸਾਂ ਨੂੰ ਬੰਨ੍ਹ ਰੱਸੇ, ਤੇਰੇ ਸਿੰਘ ਬ੍ਰਿਛਾਂ ਨਾਲ ਲਟਕਦੇ ਨੇ/ ਛੁਰੀ ਜਬਰ ਦੀ ਫੜੀ ਹੈ ਪਾਪੀਆਂ ਨੇ, ਸਿੰਘ ਬੱਕਰੇ ਵਾਂਗ ਲਟਕਦੇ ਨੇ। ਬਾਣੀ ਪੜ੍ਹਦਿਆਂ ਅਕਾਲੀ ਸਿੰਘਾਂ ’ਤੇ ਡਾਂਗਾਂ ਵਰ੍ਹਾਉਣੀਆਂ ਆਮ ਗੱਲ ਸੀ। ਇਸ ਦੇ ਬਾਵਜੂਦ ਅਕਾਲੀ ਸ਼ਾਂਤਮਈ ਰਹਿ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਰਹੇ,
ਤੈਨੂੰ ਮਾਣ ਹੈ ਜਾਬਰਾ ਗੋਲ਼ੀਆਂ ’ਤੇ, ਜੇਲ੍ਹਾਂ ਚੱਕੀਆਂ ਤੇ ਤੇਜ਼ ਕਾਤੀਆਂ ’ਤੇ।
ਸਾਨੂੰ ਮਾਣ ਹੈ ਸਬਰ ਦੀ ਤੇਗ ਉੱਤੇ, ਤੀਰ ਝਲਣੇ ਵਾਲੀਆਂ ਛਾਤੀਆਂ ’ਤੇ।
ਅਕਾਲੀ ਨਿਰਸੰਦੇਹ ਇਕ ਧਾਰਮਿਕ ਲਹਿਰ ਸੀ ਪਰ ਬਰਤਾਨਵੀ ਸਾਮਰਾਜ
ਦੇ ਅੰਨ੍ਹੇ ਤਸ਼ੱਦਦ ਨੇ ਇਸ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜ ਦਿੱਤਾ ਸੀ।
ਗੁਰਧਾਮਾਂ ਦੇ ਨਾਲ-ਨਾਲ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੀਸ ਤਲੀ ’ਤੇ ਰੱਖ ਲਏ ਸਨ।
ਗਲੀ ਅਸੀਂ ਪਿਆਰੇ ਦੀ ਜਾਵਣਾ ਹੈ, ਲੋੜ ਤਲੀ ਤੇ ਸੀਸ ਕਟਾਵਣੇ ਦੀ।
ਜਿੰਦ ਜਾਨ ਨੂੰ ਵਾਰ ਸਵਰਾਜ ਲੈਣਾ, ਲੋੜ ਨਹੀਂ ਕੁਲੀ ਕਹਾਵਣੇ ਦੀ।
ਡੈਮਫੂਲ ਕਾਲਾ ਲੋਕ ਕੀ ਹੁੰਦਾ? ਲੋੜ ਕੀ ਸਾਨੂੰ ਠੁੱਡੇ ਖਾਵਣੇ ਦੀ?
ਰਾਸ਼ਟਰੀ ਭਾਵਨਾ ਨਾਲ ਲਬਰੇਜ਼ ਭਗਵਾਨ ਸਿੰਘ ਦੀ ਕਵਿਤਾ ਆਤਮਸਾਤ ਕਰੋ,
ਜਰਮਨ ਜਰਮਨਾਂ ਦਾ, ਰੂਸ ਰੂਸੀਆਂ ਦਾ, ਅਰਬ ਅਰਬਾਂ ਦਾ, ਈਰਾਨ ਈਰਾਨੀਆਂ ਦਾ। ਜਿਵੇਂ ਅਹਿਲ ਅਮਰੀਕਾ ਅਮਰੀਕਣਾਂ ਦਾ, ਚੀਨ ਚੀਨੀਆਂ, ਜਾਪਾਨ ਜਾਪਾਨੀਆਂ ਦਾ। ਪਿਆਰੇ ਪ੍ਰੀਤਮ, ਕੁਦਰਤੀ ਸ਼ਾਨ ਵਾਲਾ, ਹਿੰਦੁਸਤਾਨ ਸਾਡਾ, ਹਿੰਦੁਸਤਾਨੀਆਂ ਦਾ।
ਉਸ ਸਮੇਂ ਅਕਾਲੀ ਬਣਨਾ ਮੌਤ ਨੂੰ ਆਵਾਜ਼ਾਂ ਮਾਰਨ ਦੇ ਤੁੱਲ ਸੀ। ਅਕਾਲੀ ਦਲ ਰਸਾਤਲ ਵੱਲ ਉਦੋਂ ਗਿਆ ਜਦੋਂ ਗੁਰਧਾਮਾਂ ਦੇ ਜੀ-ਹਜ਼ੂਰੀਏ, ਸਰਕਾਰਾਂ-ਦਰਬਾਰਾਂ ਦੇ ਜੀ-ਹਜ਼ੂਰੀਏ ਬਣ ਗਏ। ਜ਼ਬਤ-ਸ਼ੁਦਾ ਅਕਾਲੀ ਸਾਹਿਤ ਦਾ ਪਾਠ ਕਰਦਿਆਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਪੰਥ ਦੀ ਵਾਗਡੋਰ ਸੰਭਾਲੀ ਬੈਠੇ ਨੇਤਾਵਾਂ ਵਿਚ ਜੇ ਅਜਿਹਾ ਜਜ਼ਬਾ ਦੋ-ਚਾਰ ਰੱਤੀਆਂ ਵੀ ਹੁੰਦਾ, ਸ਼੍ਰੋਮਣੀ ਅਕਾਲੀ ਦਲ ਦੀ ਦਿਸ਼ਾ ਅਤੇ ਦਸ਼ਾ ਅੱਜ ਹੋਰ ਹੋਣੀ ਸੀ।