ਰਾਜ ਨਹੀਂ, ਸੇਵਾ ਦਾ ਵੇਲਾ ( ਪੰਜਾਬੀ ਜਾਗਰਣ –– 8th December, 2024)
ਵਰਿੰਦਰ ਵਾਲੀਆ
ਅਕਾਲੀ-ਭਾਜਪਾ ਸਰਕਾਰ ਵੇਲੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਦੇਣ ਵਾਲੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਰਾਜ-ਭਾਗ ਵੇਲੇ ਉਨ੍ਹਾਂ ਦਾ ਜਨਮ ਦਿਨ ਉਤਕੰਠਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਅੱਜ ਇਹ ਦਿਨ ‘ਰਾਜ’ ਨਹੀਂ ਬਸ ‘ਸੇਵਾ’ ਨੂੰ ਹੀ ਸਮਰਪਿਤ ਹੈ। ਉਨ੍ਹਾਂ ਦੇ ਫ਼ਰਜ਼ੰਦ ਸੁਖਬੀਰ ਸਿੰਘ ਬਾਦਲ ਅਤੇ ਕਈ ਸਾਬਕਾ ਟਕਸਾਲੀ ਅਕਾਲੀ ਮੰਤਰੀ ਅਕਾਲ ਤਖ਼ਤ ਵੱਲੋਂ ਲਾਈ ਤਨਖ਼ਾਹ ਭੁਗਤਣ ’ਚ ਮਸਰੂਫ਼ ਹਨ।
ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿੰਦਗੀ ਦੇ ਕਈ ਹੁਨਾਲ-ਸਿਆਲ ਵੇਖੇ ਸਨ। ਧਰਮ-ਨਿਰਪੱਖ ਸਮਝੇ ਜਾਂਦੇ ਬਾਦਲ ਨੇ ਕਦੇ ਵੀ ਤੱਤਾ ਨਾਅਰਾ ਦੇ ਕੇ ਫ਼ਿਰਕਾਪ੍ਰਸਤੀ ਨਹੀਂ ਸੀ ਫੈਲਾਈ। ਅਲਬੱਤਾ, ਕੱਟੜ ਵਿਚਾਰਧਾਰਾ ਵਾਲੇ ਉਨ੍ਹਾਂ ’ਤੇ ਸਿੱਖੀ ਨੂੰ ‘ਵੇਚ’ ਕੇ ਸੱਤਾ ਵਿਚ ਬਣੇ ਰਹਿਣ ਦਾ ਇਲਜ਼ਾਮ ਲਾਉਂਦੇ ਰਹੇ। ਲੰਬਾ ਸਮਾਂ ਪਹਿਲਾਂ ਜਨਸੰਘ ਤੇ ਫਿਰ ਭਾਜਪਾ ਨਾਲ ਨਹੁੰ-ਮਾਸ’ ਦਾ ਰਿਸ਼ਤਾ ਜੋੜ ਕੇ ਉਨ੍ਹਾਂ ਨੇ ਸੂਬੇ ਵਿਚ ਹਿੰਦੂ-ਸਿੱਖ ਭਾਈਚਾਰੇ ਵਿਚ ਦੁਫਾੜ ਨਹੀਂ ਪੈਣ ਦਿੱਤਾ। ਜਨਮ ਅਸ਼ਟਮੀ ’ਤੇ ਮੁਕਟ ਪਾਉਣ ਜਾਂ ਹਵਨ ਵਿਚ ਸ਼ਾਮਲ ਹੋਣ ਲੱਗਿਆਂ ਉਹ ਆਪਣੇ ਆਲੋਚਕਾਂ ਦੀ ਪਰਵਾਹ ਨਹੀਂ ਸਨ ਕਰਦੇ। ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰਜ਼ ’ਤੇ ਹਕੂਮਤ ਕਰਨ ਦਾ ਦਾਅਵਾ ਕਰਦੇ ਸਨ।ਆਪਣੇ ਰਾਜ-ਭਾਗ ਦੌਰਾਨ ਉਨ੍ਹਾਂ ਨੇ ਮਹਾਰਾਜੇ ਦੀ ‘ਖ਼ਾਲਸਾ ਸਰਕਾਰ’ ਵਾਂਗ ਹਰ ਫ਼ਿਰਕੇ ਦੇ ਸ਼ਰਧਾ ਧਾਮ ਲਈ ਖੁੱਲ੍ਹ ਕੇ ਸਰਕਾਰੀ ਫੰਡ ਮੁਹੱਈਆ ਕਰਵਾਏ ਸਨ।

ਮਰਹੂਮ ਬਾਦਲ ਦੇ ਨਾਂ ਨਾਲ ਕਈ ਵਾਰ ‘ਪਹਿਲਾ’ ਜੁੜਦਾ ਹੈ। ਵੀਹ ਸਾਲ ਦੀ ਉਮਰ ਵਿਚ ਦੇਸ਼ ਦੇ ਉਹ ਪਹਿਲੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸਨ। ਜਦੋਂ 1970 ਵਿਚ ਉਹ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਉਮਰ ਸਿਰਫ਼ 43 ਸਾਲ ਸੀ। ਉਸ ਵੇਲੇ ਦੇਸ਼ ਦੇ ਉਹ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ। ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਇਹ ਸੇਵਾ ਪੰਜ ਵਾਰ ਮਿਲੀ। ਉਹ ਪੰਜਾਬ ਦੇ ਪਹਿਲੇ ਸਿਆਸਤਦਾਨ ਸਨ ਜਿਹੜੇ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਮੁੱਖ ਮੰਤਰੀ ਰਹੇ। ਜਦੋਂ ਉਨ੍ਹਾਂ ਨੇ 2017 ਵਿਚ 90 ਸਾਲ ਦੀ ਉਮਰ ਵਿਚ ਦੂਜੀ ਪਾਰੀ ਖ਼ਤਮ ਕੀਤੀ ਤਾਂ ਉਹ ਉਸ ਸਮੇਂ ਦੇਸ਼ ਦੇ ਸਭ ਤੋਂ ਵੱਧ ਉਮਰ ਦਰਾਜ਼ ਮੁੱਖ ਮੰਤਰੀ ਸਨ।
ਸਭ ਤੋਂ ਵੱਧ ਵਾਰ ਵਿਧਾਇਕ ਚੁਣੇ ਗਏ ਮਰਹੂਮ ਬਾਦਲ ਨੇ ਪਹਿਲੀ ਵਾਰ 1957 ਤੇ ਆਖ਼ਰੀ ਵਾਰ 2022 ਵਿਚ ਚੋਣ ਹਾਰੀ ਸੀ। ਪਚਾਨਵੇਂ ਸਾਲ ਵਿਚ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਵੀ ਉਹ ਦੇਸ਼ ਦੇ ਸਭ ਤੋਂ ਵਡੇਰੀ ਉਮਰ ਵਾਲੇ ਸਿਆਸਤਦਾਨ ਸਨ। ਖ਼ੈਰ, ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੇ ਜਨਤਕ ਤੌਰ ’ਤੇ ਮੰਨਿਆ ਸੀ ਕਿ ਆਪਣੇ ਬਜ਼ੁਰਗ ਪਿਤਾ ਨੂੰ ਆਖ਼ਰੀ ਵਾਰ ਚੋਣ ਅਖਾੜੇ ਵਿਚ ਉਤਾਰਨਾ ਉਨ੍ਹਾਂ ਦੀ ਭੁੱਲ ਸੀ ਜਿਸ ਦਾ ਉਨ੍ਹਾਂ ਨੂੰ ਹਮੇਸ਼ਾ ਪਛਤਾਵਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੀ 2020 ਵਿਚ ਮਨਾਈ ਗਈ ਸ਼ਤਾਬਦੀ ਵੇਲੇ ਉਨ੍ਹਾਂ ਦੀ ਉਮਰ 93 ਸਾਲ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜਨਮ ਤੋਂ ਸੱਤ ਸਾਲ ਬਾਅਦ ਪੈਦਾ ਹੋਣ ਵਾਲੇ ਸਰਦਾਰ ਬਾਦਲ ਪਾਰਟੀ ਦੀ ਸ਼ਤਾਬਦੀ ਵੇਲੇ ਸਭ ਤੋਂ ਵੱਡੀ ਉਮਰ ਵਾਲੇ ਟਕਸਾਲੀ ਨੇਤਾ ਸਨ।
ਅਕਾਲੀ ਦਲ ਵਿਚ ਅਜਿਹਾ ਕੋਈ ਟਕਸਾਲੀ ਨਹੀਂ ਜਿਸ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੱਧ ਕੈਦ ਕੱਟੀ ਹੋਵੇ। ਉਨ੍ਹਾਂ ਦਾ ਸਿਆਸੀ ਸਫ਼ਰ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਰਿਹਾ ਹੈ। ਐਮਰਜੈਂਸੀ ਵਿਚ ਅਕਾਲ ਤਖ਼ਤ ਵੱਲੋਂ ਲੱਗੇ ਮੋਰਚੇ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਕਰਕੇ ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਅੱਖਾਂ ਵਿਚ ਰੜਕਦੇ ਰਹੇ। ਬਾਕੀ ਪ੍ਰਧਾਨ ਮੰਤਰੀਆਂ ਨਾਲ ਉਨ੍ਹਾਂ ਦੇ ਸੁਖਾਵੇਂ ਰਿਸ਼ਤੇ ਰਹੇ। ਜਨਤਕ ਸਮਾਰੋਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਸਤਿਕਾਰ ਦਿੰਦੇ ਵੇਖੇ ਗਏ।
ਆਪਣੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਨੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਸੁੰਗੜਦੀਆਂ ਦੇਖੀਆਂ। ਸੰਤਾਲੀ ਵਿਚ 20 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਪੰਜ ਦਰਿਆਵਾਂ ਦੇ ਵਿਸ਼ਾਲ ਸੂਬੇ ਨੂੰ ‘ਲਹਿੰਦਾ ਪੰਜਾਬ’ ਤੇ ‘ਚੜ੍ਹਦਾ ਪੰਜਾਬ’ ਵਿਚ ਤਕਸੀਮ ਹੁੰਦਿਆਂ ਤੱਕਿਆ। ਆਜ਼ਾਦੀ ਤੋਂ ਕੁਝ ਸਾਲ ਬਾਅਦ ਪੰਜਾਹਵਿਆਂ ਤੇ ਸੱਠਵਿਆਂ ਵਿਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਤੋਂ ਬਾਅਦ ਦੁਫਾੜ ਹੋਏ ਸੂਬੇ ਨੂੰ ਹੋਰ ਛੋਟਾ ਹੁੰਦਾ ਵੇਖਿਆ। ਫਿਰ ਹਰਿਆਣਾ ਤੇ ਹਿਮਾਚਲ ਵਿਚ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਅਤੇ ਅੰਤਰਰਾਜੀ ਦਰਿਆਈ ਪਾਣੀਆਂ ’ਚੋਂ ਬਣਦਾ ਹਿੱਸਾ ਲੈਣ ਲਈ ਮੋਰਚਿਆਂ ਵਿਚ ਹਿੱਸਾ ਲੈਂਦਾ ਦੇਖਿਆ। ਪੰਜਾਬ ਵਿਚ ਆਈ ਹਰੀ ਕਰਾਂਤੀ ਨਾਲ ਆਈ ਹਰਿਆਵਲ ਤੇ ਫਿਰ ਦੇਸ਼ ਦੇ ਸਭ ਤੋਂ ਵੱਧ ਖ਼ੁਸ਼ਹਾਲ ਸੂਬੇ ਵਿਚ ਨਕਸਲਵਾਦ ਦਾ ਉਭਾਰ ਤੱਕਿਆ।
ਕਾਲੇ ਦੌਰ ਦੌਰਾਨ ਨਿਰਦੋਸ਼ਾਂ ਦਾ ਖ਼ੂਨ ਡੁੱਲ੍ਹਦਾ ਵੇਖਿਆ। ਸਾਕਾ ਨੀਲਾ ਤਾਰਾ ਤੇ ਦਿੱਲੀ ਦੰਗੇ ਵਰਗੀਆਂ ਹਿਰਦੇਵੇਧਕ ਘਟਨਾਵਾਂ ਵਾਪਰੀਆਂ। ਆਪ੍ਰੇਸ਼ਨ ‘ਕਾਲੀ ਗਰਜ’ ਵੀ ਉਨ੍ਹਾਂ ਦੇ ਕਾਲ ਵਿਚ ਵਾਪਰਿਆ। ਉਮਰ ਦੀ ਸੰਧਿਆ ਵੇਲੇ ਸ਼੍ਰੋਮਣੀ ਅਕਾਲੀ ਦਲ ‘ਨਾ ਤਿੰਨਾਂ ਵਿਚ ਤੇ ਨਾ ਤੇਰਾਂ ਵਿਚ’ ਸਿਮਟਦਾ ਵੇਖਿਆ। ਪਾਕਿਸਤਾਨ ਨਾਲ ਜੰਗਾਂ ਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦਾ ਸੁੰਗੜਦਾ ਘੇਰਾ ਵੀ ਉਨ੍ਹਾਂ ਨੇ ਮਹਿਸੂਸ ਕੀਤਾ। ਦੇਸ਼ ਤੇ ਕੌਮ ਖ਼ਾਤਰ ਸਿਰ-ਧੜ ਦੀ ਬਾਜ਼ੀ ਲਾਉਣ ਵਾਲੀ ਪਾਰਟੀ ਦਾ ਅਜਿਹਾ ਹਸ਼ਰ ਕਿਉਂ ਹੋਇਆ, ਇਸ ਦੀ ਪੜਚੋਲ ਕਰਨ ਦਾ ਸ਼ਾਇਦ ਉਨ੍ਹਾਂ ਕੋਲ ਬਹੁਤਾ ਵਕਤ ਨਹੀਂ ਸੀ।
ਅਕਾਲੀ ਸਰਕਾਰਾਂ ਵੇਲੇ ਵਿਕਾਸ ਹੋਇਆ, ਇਸ ਨੂੰ ਕੋਈ ਝੁਠਲਾ ਨਹੀਂ ਸਕਦਾ। ਇਸ ਦੇ ਨਾਲ-ਨਾਲ ਕਈ ਬੱਜਰ ਗ਼ਲਤੀਆਂ ਨਾਲ ਵਿਨਾਸ਼ ਹੋਇਆ, ਇਸ ਨੂੰ ਵੀ ਭਲਾ ਕੌਣ ਭੁਲਾ ਸਕਦਾ ਹੈ! ਤੇਰਾਂ ਅਪ੍ਰੈਲ 1978 ਨੂੰ ਸਿੱਖ-ਨਿਰੰਕਾਰੀ ਖ਼ੂਨੀ ਕਾਂਡ ਵਿਚ ਫੌਜਾ ਸਿੰਘ ਦੀ ਅਗਵਾਈ ਵਾਲੇ ਅਖੰਡ ਕੀਰਤਨੀ ਜਥੇ ਦੇ 13 ਸਿੰਘ ਮਾਰੇ ਗਏ ਸਨ, ਉਦੋਂ ਸੂਬੇ ਵਿਚ ਬਾਦਲ ਸਰਕਾਰ ਸੀ। ਇਸ ਕਾਂਡ ਤੋਂ ਬਾਅਦ ਪੰਜਾਬ ਵਿਚ ਬੇਤਹਾਸ਼ਾ ਖ਼ੂਨ ਵਹਿ ਤੁਰਿਆ ਸੀ। ਝੂਠੇ ਹੋਣ ਜਾਂ ਸੱਚੇ, ਪੁਲਿਸ ਮੁਕਾਬਲਿਆਂ ਵਿਚ ਅਣਗਿਣਤ ਨੌਜਵਾਨ ਮਾਰੇ ਗਏ ਸਨ। ਨਕਸਲਬਾੜੀ ਲਹਿਰ ਵੇਲੇ ਵੀ ਤਾਂ ਅਜਿਹੇ ਕਈ ਪੁਲਿਸ ਮੁਕਾਬਲੇ ਹੋਏ ਸਨ ਜਦੋਂ ਬਾਦਲ ਦੀ ਹੀ ਸਰਕਾਰ ਸੀ।
ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡਾਂ ਨੇ ਵੀ ਸਮੇਂ ਦੀ ਬਾਦਲ ਸਰਕਾਰ ਦੀ ਭਰੋਸੇਯੋਗਤਾ ਨੂੰ ਚਿੱਬ ਪਾਏ ਸਨ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਉਣ ਵਿਚ ਰਹੀ ਉਨ੍ਹਾਂ ਦੀ ਭੂਮਿਕਾ ਕਾਰਨ ਮਰਨ ਉਪਰੰਤ ‘ਫ਼ਖ਼ਰ-ਏ-ਕੌਮ’ ਦੀ ਉਪਾਧੀ ਵਾਪਸ ਲੈਣ ਕਾਰਨ ਉਨ੍ਹਾਂ ਦਾ ਜਨਮ ਦਿਨ ਉਸ ਜੋਸ਼-ਖ਼ਰੋਸ਼ ਨਾਲ ਨਹੀਂ ਮਨਾਇਆ ਜਾ ਸਕੇਗਾ ਜਿਸ ਦੇ ਉਹ ਲੰਬਾ ਸਮਾਂ ਹੱਕਦਾਰ ਰਹੇ ਸਨ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਵਿੱਢੇ ਸੰਘਰਸ਼ ਵਿਚ ਭਾਵੇਂ ਉਨ੍ਹਾਂ ਨੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ ਸੀ, ਫਿਰ ਵੀ ਪੰਥ ਨੇ ਉਨ੍ਹਾਂ ਕੋਲੋਂ ਦੂਰੀ ਬਣਾ ਲਈ ਸੀ।
ਪੰਜਾਬ ਦੇ ਲੋਕ ਸਮਝਦੇ ਸਨ ਕਿ ਸ਼ੁਰੂ ਵਿਚ ਬਾਦਲਾਂ ਨੇ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਪਰ ਅਵਾਮੀ ਰੋਹ ਭਾਂਪਦਿਆਂ ਭਾਜਪਾ ਨਾਲੋਂ ‘ਨਹੁੰ-ਮਾਸ’ ਦਾ ਰਿਸ਼ਤਾ ਤੋੜ ਲਿਆ ਸੀ। ਦੂਜਾ ਸਭ ਤੋਂ ਵੱਡਾ ਦੋਸ਼ ਪਰਿਵਾਰਵਾਦ ਦਾ ਸੀ। ਅਕਾਲੀ ਦਰਅਸਲ ਸਰਬੰਸਦਾਨੀ ਦੀ ਵਿਰਾਸਤ ਦਾ ਵਾਰਿਸ ਹੋਣ ਦਾ ਦਮ ਭਰਦੇ ਸਨ। ਇਹ ਵਿਚਾਰਧਾਰਾ ਦਾ ਵੱਡਾ ਅਪਵਾਦ ਸੀ। ਸੰਨ 1995 ਵਿਚ ਅਕਾਲੀ ਦਲ ਦੀ ਡਾਇਮੰਡ ਜੁਬਲੀ ਦੇ ਅਵਸਰ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਮਕਬੂਲ ਇਤਿਹਾਸਕਾਰ ਜੇਐੱਸ ਗਰੇਵਾਲ ਕੋਲੋਂ ‘ਅਕਾਲੀਆਂ ਦੇ 75 ਸਾਲ’ ਨਾਂ ਦੀ ਪੁਸਤਕ ਲਿਖਵਾਈ ਸੀ।
ਇਸ ਕਿਤਾਬ ਦੇ ਦੂਜੇ ਚੈਪਟਰ ਨੂੰ ਜੇ ਉਨ੍ਹਾਂ ਨੇ ਨੀਝ ਨਾਲ ਪੜ੍ਹਿਆ ਹੁੰਦਾ ਤਾਂ ਅਕਾਲੀ ਦਲ ਦੀ ਦਸ਼ਾ ਤੇ ਦਿਸ਼ਾ ਅੱਜ ਵਾਲੀ ਨਹੀਂ ਹੋਣੀ ਸੀ। ‘ਸਿੱਖ ਪਰੰਪਰਾ ਦਾ ਇਤਿਹਾਸਕ ਪਿਛੋਕੜ’ ਦੇ ਪੰਨਾ 15 ਦੀਆਂ ਸਤਰਾਂ ’ਚੋਂ ਡੂੰਘੀਆਂ ਰਮਜ਼ਾਂ ਨੂੰ ਸਮਝਿਆ ਜਾ ਸਕਦਾ ਹੈ, ‘‘ਅਕਾਲੀਆਂ ਦੀ ਇਹ ਧਾਰਨਾ ਕਿ ਉਹ ਸਮੁੱਚੇ ਪੰਥ ਦੇ ਪ੍ਰਤੀਨਿਧ ਹਨ, ਇਸ ਦਾ ਸਬੰਧ ਬਹੁਤ ਹੱਦ ਤੱਕ ‘ਗੁਰੂ-ਪੰਥ’ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ ਜਿਸ ਦੀਆਂ ਜੜ੍ਹਾਂ ਗੁਰੂ ਨਾਨਕ ਸਾਹਿਬ ਦੇ ਆਪਣਾ ਉਤਰਾਧਿਕਾਰੀ ਥਾਪਣ ਦੇ ਫ਼ੈਸਲੇ ਵਿਚ ਲੱਭੀਆਂ ਜਾ ਸਕਦੀਆਂ ਹਨ। ਉਨ੍ਹਾਂ ਆਪਣੀ ਗੱਦੀ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਸਿੱਖ ਨੂੰ ਸੌਂਪ ਦਿੱਤੀ ਸੀ।’’ ਕਾਸ਼! ਸੁਨਹਿਰੀ ਵਿਰਸੇ ਦੀ ਸਮੇਂ-ਸਮੇਂ ਪਹਿਰੇਦਾਰੀ ਕੀਤੀ ਹੁੰਦੀ ਤਾਂ ਚੋਬਦਾਰ ਦੀ ਵੇਸ਼-ਭੂਸ਼ਾ ਵਿਚ ਕਿਸੇ ਨੂੰ ਪਹਿਰੇਦਾਰੀ ਕਰਨ ਦੀ ਲੋੜ ਹੀ ਨਾ ਪੈਂਦੀ।