ਜਿਸ ਕਉ ਰਾਖੈ ਸਿਰਜਨਹਾਰੁ ( ਪੰਜਾਬੀ ਜਾਗਰਣ –– 5th December, 2024)
ਵਰਿੰਦਰ ਵਾਲੀਆ
ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਚੋਬਦਾਰ ਦੀ ਸੇਵਾ ਨਿਭਾ ਰਹੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਸਰਹੱਦੀ ਸੂਬੇ ਦੇ ਅਮਨ ਨੂੰ ਲਾਂਬੂ ਲਾਉਣ ਦੇ ਮਨਸੂਬੇ ਵਜੋਂ ਵੇਖਿਆ-ਵਿਚਾਰਿਆ ਜਾ ਰਿਹਾ ਹੈ। ਹਮਲਾਵਰ ਨਰੈਣ ਸਿੰਘ ਚੌੜਾ ਦੇ ਅਪਰਾਧਕ ਪਿਛੋਕੜ ਨੂੰ ਵੇਖ ਕੇ ਕਿਆਸੇ ਲਗਾਏ ਜਾ ਰਹੇ ਹਨ ਕਿ ਉਸ ਦੀਆਂ ਤਾਰਾਂ ਪਾਕਿਸਤਾਨ ਸਣੇ ਵਿਦੇਸ਼ਾਂ ’ਚ ਸ਼ਰਨ ਲਈ ਬੈਠੇ ਖ਼ਾਲਿਸਤਾਨੀਆਂ ਨਾਲ ਜ਼ਰੂਰ ਜੁੜੀਆਂ ਹੋ ਸਕਦੀਆਂ ਹਨ।
ਡੇਰਾ ਬਾਬਾ ਨਾਨਕ ਦਾ ਵਸਨੀਕ ਚੌੜਾ ਖ਼ਾਲਿਸਤਾਨ ਲਹਿਰ ਦੇ ਮੁੱਢਲੇ ਆਗੂਆਂ ’ਚੋਂ ਇਕ ਹੈ ਜੋ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸੰਪਰਕ ’ਚ ਰਿਹਾ ਹੈ। ਉਸ ਨੇ ਦੋ ਦਹਾਕੇ ਪਹਿਲਾਂ 2004 ’ਚ ਚੰਡੀਗੜ੍ਹ ਦੀ ਜੇਲ੍ਹ ਬ੍ਰੇਕ ’ਚ ਮੁੱਖ ਭੂਮਿਕਾ ਨਿਭਾ ਕੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ’ਚ ਸ਼ਾਮਲ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਭਿਓਰਾ ਤੇ ਉਨ੍ਹਾਂ ਦੇ ਲਾਂਗਰੀ ਦੇਵ ਸਿੰਘ ਨੂੰ ਸੁਰੰਗ ਰਾਹੀਂ ਭੱਜਣ ’ਚ ਇਮਦਾਦ ਕੀਤੀ ਸੀ।

ਪੁਲਿਸ ਜਾਂਚ ਅਨੁਸਾਰ ਨਰੈਣ ਸਿੰਘ ਚੌੜਾ ਨੇ ਬੁੜੈਲ ਜੇਲ੍ਹ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਦੀਆਂ ਤਾਰਾਂ ’ਤੇ ਮੋਟਰਸਾਈਕਲ ਦੀ ਚੇਨ ਸੁੱਟ ਕੇ ਜੇਲ੍ਹ ਦੀ ਬੱਤੀ ਗੁੱਲ ਕਰ ਦਿੱਤੀ ਸੀ। ਬੱਤੀ ਮੁੜ ਬਹਾਲ ਹੋਣ ਤੋਂ ਪਹਿਲਾਂ ਬੇਅੰਤ ਸਿੰਘ ਕਤਲ ਕੇਸ ’ਚ ਸਜ਼ਾ ਭੁਗਤ ਰਹੇ ਦੋਸ਼ੀ ਸੁਰੰਗ ਰਾਹੀਂ ਭੱਜਣ ’ਚ ਕਾਮਯਾਬ ਹੋ ਗਏ ਸਨ। ਇਹ ਸੁਰੰਗ ਜੇਲ੍ਹ ਦੀ ਚੱਕੀ ਹੇਠਾਂ ਢਾਈ ਫੁੱਟ ਚੌੜੀ ਤੇ 14 ਫੁੱਟ ਡੂੰਘੀ ਪੁੱਟੀ ਗਈ ਸੀ। ਇਸ ਸੁਰੰਗ ਨੂੰ ਪੁੱਟਣ ਲਈ ਲੰਬਾ ਸਮਾਂ ਲੱਗਿਆ ਸੀ। ਦੋਸ਼ੀਆਂ ਨੇ ਪੁੱਟੀ ਗਈ ਮਿੱਟੀ ਨੂੰ 40 ਬੋਰੀਆਂ ’ਚ ਭਰ ਕੇ ਅਲਮਾਰੀਆਂ ਪਿੱਛੇ ਲੁਕਾ ਦਿੱਤਾ ਸੀ। ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਚੌੜਾ ਸੀ ਜੋ ਹਵਾਰਾ ਤੇ ਉਸ ਦੇ ਸਾਥੀਆਂ ਦੀ ਮੁਲਾਕਾਤ ਲਈ ਅਕਸਰ ਜੇਲ੍ਹ ਜਾਇਆ ਕਰਦਾ ਸੀ। ਖ਼ਾਲਿਸਤਾਨ ਲਹਿਰ ’ਤੇ ਉਸ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ ਜਿਨ੍ਹਾਂ ਦੀ ਸਮੇਂ-ਸਮੇਂ ਚਰਚਾ ਹੁੰਦੀ ਰਹੀ। ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਉਸ ਦੀ ਨਿੱਜੀ ਕਿੜ ਸੀ ਕਿਉਂਕਿ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਉਸ ’ਤੇ ਕਈ ਅਪਰਾਧਕ ਕੇਸ ਦਰਜ ਕੀਤੇ ਗਏ ਸਨ।
ਇਸ ਹਮਲੇ ਵੇਲੇ ਜੇ ਸੁਖਬੀਰ ਦਾ ਪਰਸਨਲ ਸਕਿਉਰਿਟੀ ਅਫ਼ਸਰ (ਪੀਐੱਸਓ) ਜਸਬੀਰ ਸਿੰਘ ਮੁਸਤੈਦੀ ਨਾ ਦਿਖਾਉਂਦਾ ਤਾਂ ਇਹ ਹਮਲਾ ਜਾਨਲੇਵਾ ਹੋ ਸਕਦਾ ਸੀ। ਚਰਨ-ਕੁੰਡ (ਚਰਨ-ਗੰਗਾ) ’ਚ ਪੈਰ ਧੋ ਕੇ ਚੌੜਾ ਸੁਖਬੀਰ ਬਾਦਲ ਦੇ ਬੇਹੱਦ ਨੇੜੇ ਪਹੁੰਚਿਆ ਤਾਂ ਉਸ ਨੇ ਡੱਬ ’ਚੋਂ ਕੱਢ ਕੇ ਪਿਸਤੌਲ ਦਾ ਘੋੜਾ ਦੱਬ ਦਿੱਤਾ। ਪੀਐੱਸਓ ਨੇ ਗੋਲ਼ੀ ਚੱਲਣ ਤੋਂ ਪਹਿਲਾਂ ਉਸ ਨੂੰ ਪਿੱਛੇ ਧੱਕ ਕੇ ਉਸ ਦੀ ਬਾਂਹ ਉੱਪਰ ਕਰ ਦਿੱਤੀ ਤੇ ਚੌੜੇ ਦਾ ਨਿਸ਼ਾਨਾ ਖੁੰਝ ਗਿਆ। ਗੁਰਬਾਣੀ ਦੇ ਮੁੱਖਵਾਕ, ‘‘ਜਿਸ ਕਉ ਰਾਖੈ ਸਿਰਜਨਹਾਰੁ।। ਜਨ ਕਾ ਰਾਖਾ ਸੋਈ।।’’ ਅਨੁਸਾਰ ਨਿਮਾਣੇ ਸਿੱਖ ਵਜੋਂ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਨੂੰ ਗੁਰੂ ਰਾਮਦਾਸ ਨੇ ਹੱਥ ਦੇ ਕੇ ਬਚਾ ਲਿਆ। ਗੋਲ਼ੀ ਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ ਪਰ ਸੇਵਾਦਾਰ ਦਾ ਨੀਲਾ ਬਾਣਾ ਪਾਈ ਤੇ ਹੱਥ ’ਚ ਬਰਛਾ ਫੜੀ ਸੁਖਬੀਰ ਅਡੋਲ ਦਿਖਾਈ ਦਿੱਤੇ।
ਇਸ ਘਟਨਾ ਮਗਰੋਂ ਸੁਖਬੀਰ ਤੇ ਉਨ੍ਹਾਂ ਦੇ ਸਾਥੀ ਅਕਾਲੀ ਨੇਤਾਵਾਂ ਨੇ ਬਾਕਾਇਦਗੀ ਨਾਲ ਲੰਗਰ ਹਾਲ ਵਿਖੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਨਿਭਾਈ। ਸੋਸ਼ਲ ਮੀਡੀਆ ’ਤੇ ਜਿਹੜੇ ਲੋਕ ਚੋਬਦਾਰ ਦੀ ਸੇਵਾ ਨਿਭਾ ਰਹੇ ਸੁਖਬੀਰ ’ਤੇ ਤੰਜ ਕੱਸ ਰਹੇ ਸਨ, ਉਨ੍ਹਾਂ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਇਸ ਨੂੰ ਕਾਇਰਤਾ ਵਾਲਾ ਹਮਲਾ ਕਿਹਾ। ਅਜਿਹਾ ਹਮਲਾ 25 ਅਪ੍ਰੈਲ 1983 ਨੂੰ ਜਲੰਧਰ ਰੇਂਜ ਦੇ ਡੀਆਈਜੀ ਅਵਤਾਰ ਸਿੰਘ ਅਟਵਾਲ ’ਤੇ ਉਦੋਂ ਹੋਇਆ ਸੀ ਜਦੋਂ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਆ ਰਹੇ ਸਨ। ਪੌੜੀਆਂ ਚੜ੍ਹਦਿਆਂ ਉਨ੍ਹਾਂ ਦੇ ਹੱਥ ਚੜ੍ਹਾਏ ਗਏ ਪ੍ਰਸ਼ਾਦ ਦਾ ਡੂਨਾ ਸੀ ਜਦੋਂ ਤਿੰਨ ਹਥਿਆਰਬੰਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਪਰਿਸਰ ’ਚ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਖ਼ਾਲਿਸਤਾਨੀਆਂ ਦੇ ਹੌਸਲੇ ਬੁਲੰਦ ਹੋ ਗਏ ਸਨ।
ਰਸੂਲ ਹਮਜ਼ਾਤੋਵ ਨੇ ‘ਮੇਰਾ ਦਾਗਿਸਤਾਨ’ ਵਿਚ ਲਿਖਿਆ ਹੈ ਕਿ ਜੇ ਤੁਸੀਂ ਬੀਤੇ ’ਤੇ ਗੋਲ਼ੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਸ ’ਚ ਕੋਈ ਸ਼ੱਕ ਨਹੀਂ ਕਿ ਬੀਤੇ ਵਿਚ ਝੂਠੇ ਪਰਚਿਆਂ ਤੇ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੀ ਚੀਸ ਅਜੇ ਵੀ ਮੱਠੀ ਨਹੀਂ ਪਈ। ਸਿੱਖਾਂ ਦੇ ਇਕ ਵਰਗ ਦੀ ਸਾਂਝੀ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤਰ੍ਹਾਂ-ਤਰ੍ਹਾਂ ਦੀਆਂ ਖ਼ੁਫ਼ੀਆ ਏਜੰਸੀਆਂ ਸਥਿਤੀ ਸੁਲਝਾਉਣ ਦੀ ਬਜਾਏ ਉਲਝਾਉਣ ਵਿਚ ਯਕੀਨ ਰੱਖਦੀਆਂ ਹਨ। ਵਲੂੰਧਰੀ ਹੋਈ ਮਾਨਸਿਕਤਾ ’ਤੇ ਮੱਲ੍ਹਮ ਲਗਾ ਕੇ ਉਨ੍ਹਾਂ ਨੂੰ ਬੇਗ਼ਾਨਗੀ ਦੇ ਅਹਿਸਾਸ ’ਚੋਂ ਬਾਹਰ ਕੱਢਿਆ ਜਾ ਸਕਦਾ ਸੀ। ਹੁਣ ਵੀ ਪੰਜਾਬ ਇਸ ਵੇਲੇ ਗੈਂਗਵਾਰ ’ਚੋਂ ਗੁਜ਼ਰ ਰਿਹਾ ਹੈ।
ਅੱਤਵਾਦ ਵੱਖ-ਵੱਖ ਰੂਪਾਂ ਵਿਚ ਸਾਹਮਣੇ ਆ ਰਿਹਾ ਹੈ। ਅਮਨ ਤੇ ਕਾਨੂੰਨ ਦੀ ਵਿਗੜੀ ਸਥਿਤੀ ਸੂਬੇ ਦੇ ਵਿਕਾਸ ਵਿਚ ਰੋੜੇ ਅਟਕਾ ਰਹੀ ਹੈ। ਸਿਆਸੀ ਵਲਗਣਾਂ ਤੋਂ ਉੱਪਰ ਉੱਠ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ’ਤੇ ਹੋਇਆ ਹਮਲਾ ਬੁਰੇ ਦਿਨਾਂ ਦੀ ਆਹਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਅੱਤਵਾਦ ਦੀ ਮਾਰ ਝੱਲਣ ਜੋਗਾ ਨਹੀਂ ਰਹਿ ਗਿਆ। ਪਹਿਲਾਂ ਹੀ ਇਸ ਨੇ ਵੱਡਾ ਸੰਤਾਪ ਭੋਗਿਆ ਹੈ।
ਅੱਤਵਾਦ ਨੇ ਅੱਸੀਵਿਆਂ ਤੇ ਨੱਬੇਵਿਆਂ ਵਿਚ ਪੰਜਾਬੀ ਦਾ ਵੱਡਾ ਘਾਣ ਕੀਤਾ ਸੀ। ਕਾਲੇ ਦਿਨਾਂ ਦੌਰਾਨ ਬਾਹਰਲੇ ਸਨਅਤਕਾਰ ਇੱਥੇ ਨਿਵੇਸ਼ ਕਰਨ ਤੋਂ ਤ੍ਰਹਿੰਦੇ ਸਨ। ਸੂਰਜ ਢਲਦਿਆਂ ਹੀ ਸੁੰਨਸਾਨ ਪਸਰ ਜਾਂਦੀ ਸੀ। ਪੰਜਾਬ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਕਈ ਹੋਰ ਦੇਸ਼ਾਂ ਵਿਚ ਹਾਲੇ ਵੀ ‘ਸਲੀਪਰ ਸੈੱਲ’ ਮੌਜੂਦ ਹਨ। ਉਹ ਆਪਣੇ ਹੀ ਸੂਬੇ ਦੇ ਅਮਨ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਰਹਿੰਦੇ ਹਨ। ਗਰਮ ਦਲੀਏ ਬੇਅਦਬੀ ਤੇ ਮਰਿਆਦਾ ਦਾ ਮੁੱਦਾ ਉੱਚੀ ਸੁਰ ਵਿਚ ਚੁੱਕਦੇ ਆਏ ਹਨ।
ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਸਿਰ-ਮੱਥੇ ਸਵੀਕਾਰ ਕਰ ਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਸੇਵਾਦਾਰ ਦੇ ਬਾਣੇ ਵਿਚ ਪਹਿਰੇਦਾਰੀ ਕਰਨ ਵਾਲੇ ’ਤੇ ਜਾਨਲੇਵਾ ਹਮਲਾ ਬੇਅਦਬੀ ਦੇ ਦਾਇਰੇ ਵਿਚ ਨਹੀਂ ਆਉਂਦਾ? ਸੋਸ਼ਲ ਮੀਡੀਆ ’ਤੇ ਹੀ ਨਰੈਣ ਸਿੰਘ ਚੌੜਾ ਦੀ ਟਿੱਪਣੀ ਵਾਇਰਲ ਹੋਈ ਸੀ ਕਿ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਬਿਨ ਮੰਗੀ ਮਾਫ਼ੀ ਤੇ ਬੇਅਦਬੀ ਕਾਂਡ ਦੇ ਮਾਮਲੇ ’ਚ ਅਕਾਲ ਤਖ਼ਤ ਭਾਵੇਂ ‘ਦਾਗ਼ੀ ਤੇ ਬਾਗ਼ੀ’ ਅਕਾਲੀਆਂ ਨੂੰ ਮਾਫ਼ ਕਰ ਦੇਵੇ ਪਰ ਸਿੱਖ ਸੰਗਤ ਉਨ੍ਹਾਂ ਨੂੰ ਕਦੇ ਦੋਸ਼-ਮੁਕਤ ਨਹੀਂ ਮੰਨੇਗੀ। ਕੀ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਖ਼ਸ਼ਿੰਦ ਹੋਣ ਦੀ ਮਹਾਨ ਪਿਰਤ ਨੂੰ ਚੁਣੌਤੀ ਨਹੀਂ ਦੇ ਰਹੇ?
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਨਲੇਵਾ ਹਮਲੇ ਦੀ ਘਟਨਾ ਨੂੰ ਘੋਰ ਅਪਰਾਧ ਗਰਦਾਨਦੇ ਹੋਏ ਕਿਹਾ ਕਿ ਚੌੜੇ ਵਰਗੇ ਅਨਸਰਾਂ ਦੀ ਥਾਂ ਜੇਲ੍ਹ ਦੀ ਚੱਕੀ ਹੈ। ਸਾਬਕਾ ਲੋਕ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਮੰਗ ਕੀਤੀ ਕਿ ਇਸ ਕਾਂਡ ਦੀ ਜਾਂਚ ਐੱਨਆਈਏ ਨੂੰ ਦੇ ਦੇਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਰਘਬੀਰ ਸਿੰਘ ਨੇ ਇਸ ਨੂੰ ਸੁਖਬੀਰ ਸਿੰਘ ਬਾਦਲ ਨਹੀਂ, ਸ੍ਰੀ ਦਰਬਾਰ ਸਾਹਿਬ ਦੀ ਪਹਿਰੇਦਾਰੀ ਕਰ ਰਹੇ ਚੋਬਦਾਰ ’ਤੇ ਹਮਲਾ ਕਰਾਰ ਦਿੱਤਾ ਹੈ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਅੱਤ ਨਿੰਦਣਯੋਗ ਹਮਲਾ ਕਹਿ ਕੇ ਨਿੰਦਿਆ ਹੈ। ਸਾਬਕਾ ਅਕਾਲੀ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰਾਂ ਅਕਾਲੀਆਂ ਤੇ ਅਕਾਲੀ ਦਲ ਨੂੰ ਖ਼ਤਮ ਕਰਨ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਨੇ ਸੁਖਬੀਰ ’ਤੇ ਹੋਏ ਹਮਲੇ ਨੂੰ ਡੂੰਘੀ ਸਾਜ਼ਿਸ਼ ਦੱਸਿਆ ਹੈ। ਹਾਲੇ ਤੱਕ ਇਕ ਵੀ ਸਿਆਸੀ ਜਮਾਤ ਜਾਂ ਕਿਸੇ ਗਰਮ ਖਿਆਲੀ ਤਨਜ਼ੀਮ ਦੇ ਨੇਤਾ ਨੇ ਇਸ ਹਮਲੇ ਦੀ ਹਮਾਇਤ ਨਹੀਂ ਕੀਤੀ। ਦੋ ਦਸੰਬਰ ਨੂੰ ਜਦੋਂ ਅਕਾਲ ਤਖ਼ਤ ਦੀ ਫ਼ਸੀਲ ਤੋਂ ਅਕਾਲੀ ਨੇਤਾਵਾਂ ਨੂੰ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਸਨ ਤਾਂ ਲੋਕ ਇਸ ਨੂੰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਅੰਤ ਸਮਝ ਰਹੇ ਸਨ।
ਸੁਖਬੀਰ ਨੂੰ ਜਾਨੋਂ ਮਾਰਨ ਆਏ ਚੌੜਾ ਨੂੰ ਕੀ ਪਤਾ ਸੀ ਕਿ ਉਸ ਦਾ ਨਿਸ਼ਾਨਾ ਖੁੰਝਣ ਪਿੱਛੋਂ ਸਿੱਖ ਸੰਗਤ ਉਨ੍ਹਾਂ ਪ੍ਰਤੀ ਅੰਤਾਂ ਦੀ ਹਮਦਰਦੀ ਦਿਖਾਏਗੀ। ਇਸ ਮੰਦਭਾਗੀ ਘਟਨਾ ਨੇ ਸੁਖਬੀਰ ਦਾ ਸਿਆਸੀ ਕੱਦ ਉੱਚਾ ਕੀਤਾ ਹੈ। ਚੋਬਦਾਰ ਦੀ ਸੇਵਾ ਨਿਭਾਉਂਦਿਆਂ ਉਹ ਸ਼ਾਂਤ ਚਿੱਤ ਰਹਿ ਕੇ ਜਾਪ ਕਰਦੇ ਦਿਖਾਈ ਦਿੱਤੇ ਤੇ ਉਨ੍ਹਾਂ ਅੰਦਰਲਾ ਭਾਵਨਾਵਾਂ ਦਾ ਹੜ੍ਹ ਅੱਖਾਂ ’ਚੋਂ ਨੀਰ ਬਣ ਕੇ ਨਹੀਂ ਸੀ ਟਪਕਿਆ। ਉਨ੍ਹਾਂ ਦੀ ਸਰੀਰਕ ਭਾਸ਼ਾ ਕਹਿ ਰਹੀ ਸੀ ਕਿ ਉਹ ਸਮੁੰਦਰ ’ਚ ਆਏ ਤੂਫ਼ਾਨ ਵੇਲੇ ਵੀ ਕਿਸ਼ਤੀ ਕਿਨਾਰੇ ’ਤੇ ਲਾਉਣ ਵਾਲਾ ਮਲਾਹ ਬਣਨ ਦੀ ਕਾਬਲੀਅਤ ਰੱਖਦਾ ਹੈ।