VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਤਵਾਰੀਖ਼ੀ ਫ਼ੈਸਲਾ ( ਪੰਜਾਬੀ ਜਾਗਰਣ –– 3rd December, 2024)

ਵਰਿੰਦਰ ਵਾਲੀਆ

ਸਦੀ ਹੰਢਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੀ ਤਵਾਰੀਖ਼ ਵਿਚ ਦੋ ਦਸੰਬਰ, 2024 ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦਿਨ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਅਜਿਹੀਆਂ ਕੁਝ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਜਿਨ੍ਹਾਂ ਨੇ ਕਈਆਂ ਨੂੰ ਹੈਰਾਨ ਤੇ ਕਈਆਂ ਨੂੰ ਪਰੇਸ਼ਾਨ ਕਰ ਦਿੱਤਾ। ਅਕਾਲ ਤਖ਼ਤ ਦੇ ਇਤਿਹਾਸ ਵਿਚ ਪੰਥ-ਪ੍ਰਸਤਾਂ ਨੂੰ ਮਰਨ ਉਪਰੰਤ ਸਨਮਾਨਯੋਗ ਉਪਾਧੀਆਂ ਬਖ਼ਸ਼ਿਸ਼ ਕੀਤੇ ਜਾਣ ਦੀਆਂ ਕਈ ਉਦਾਹਰਨਾਂ ਹਨ। ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮਰਨ ਉਪਰੰਤ ਫ਼ਖ਼ਰ-ਏ-ਕੌਮ ਦੀ ਵੱਕਾਰੀ ਉਪਾਧੀ ਵਾਪਸ ਲਈ ਹੋਵੇ। ਇਸ ਸਨਮਾਨ ਦਾ ਐਲਾਨ ਜਿਸ ਫ਼ਸੀਲ ਤੋਂ ਕੀਤਾ ਗਿਆ ਸੀ, ਉਸੇ ਤੋਂ ਅੱਜ ਪੰਜ ਸਿੰਘ ਸਾਹਿਬਾਨ ਨੇ ਮਨਸੂਖ਼ ਕਰਨ ਦਾ ਹੁਕਮ ਸੁਣਾਇਆ ਹੈ।

ਇਹ ਵੀ ਇਕ ਇਤਫ਼ਾਕ ਹੈ ਕਿ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਾਅਦ ਵਿਚ ਸਰਪ੍ਰਸਤ ਰਹੇ ਪ੍ਰਕਾਸ਼ ਸਿੰਘ ਦੇ 97ਵੇਂ ਜਨਮ ਦਿਨ ਤੋਂ ਛੇ ਦਿਨ ਪਹਿਲਾਂ ਅਜਿਹਾ ਫ਼ੈਸਲਾ ਆਇਆ ਹੈ। ਵਿਡੰਬਣਾ ਦੇਖੋ, ਦੇਸ਼ ਦੀ ਸਭ ਤੋਂ ਪੁਰਾਣੀ ਧਾਰਮਿਕ ਤੇ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ 14 ਦਸੰਬਰ ਨੂੰ 105ਵੇਂ ਵਰ੍ਹੇ ਵਿਚ ਪ੍ਰਵੇਸ਼ ਕਰੇਗਾ। ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਦੀ 1999 ਵਿਚ ਮਨਾਈ ਗਈ ਤ੍ਰੈਸ਼ਤਾਬਦੀ ਤੋਂ ਖ਼ਾਨਾਜੰਗੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਜਿਸ ਕਰਕੇ 2020 ਵਿਚ ਆਈ ਇਸ ਦੀ ਸ਼ਤਾਬਦੀ ਵਿਚ ਰਵਾਇਤੀ ਜਾਹੋ-ਜਲਾਲ ਨਜ਼ਰ ਨਹੀਂ ਆਇਆ। ਸਜ਼ਾ ਸੁਣਾਉਣ ਵੇਲੇ ਵ੍ਹੀਲ ਚੇਅਰ ’ਤੇ ਹੱਥ ਜੋੜੀ ਬੈਠੇ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਪੁਰਾਣੇ ਕੈਬਨਿਟ ਸਾਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਸਾਬਕਾ ਮੈਂਬਰ ਆਜ਼ਜੀ ’ਚ ਖੜ੍ਹੇ ਸਨ।

ਸ੍ਰੀ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਿਵਾਦਤ ਮਾਫ਼ੀ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਲਾਵਾ ਪਿਛਲੀਆਂ ਦੋ ਅਕਾਲੀ ਸਰਕਾਰਾਂ ਵੇਲੇ ਹੋਏ ਬੱਜਰ ਪੰਥਿਕ ਗੁਨਾਹਾਂ ਕਰਕੇ ਤਲਬ ਕੀਤਾ ਹੋਇਆ ਸੀ। ਜਥੇਦਾਰਾਂ ਦੇ ਸਵਾਲਾਂ ’ਚ ਗਰਜ ਸੀ, ਸੁਖਬੀਰ ਸਿੰਘ ਬਾਦਲ ਭਰੜਾਈ ਆਵਾਜ਼ ਵਿਚ ਜਵਾਬ ਦੇ ਰਹੇ ਸਨ। ਜਥੇਦਾਰ ਕਹਿ ਰਹੇ ਸਨ ਕਿ ਹਜ਼ਾਰ ਅਕਾਲੀ ਦਲ ਅਕਾਲ ਤਖ਼ਤ ਦੀ ਸਿਰਜਣਾ ਨਹੀਂ ਕਰ ਸਕਦਾ ਜਦਕਿ ਅਕਾਲ ਤਖ਼ਤ ਸੌ ਅਕਾਲੀ ਦਲ ਪੈਦਾ ਕਰ ਸਕਦਾ ਹੈ। ਸਤਾਰਾਂ ਸਾਲਾਂ ਵਿਚ ਸਮਾਂ ਬਦਲ ਚੁੱਕਾ ਸੀ। ਇਕ ਉਹ ਸਮਾਂ ਸੀ ਜਦੋਂ ਤਤਕਾਲੀ ਸਿੰਘ ਸਾਹਿਬਾਨ ’ਤੇ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ‘ਦਬਾਅ’ ਪਾਇਆ ਗਿਆ ਸੀ। ਡੇਰਾ ਮੁਖੀ ਦੇ ਪੱਤਰ ਵਿਚ ਮਨਮਰਜ਼ੀ ਦੇ ਸ਼ਬਦ ਜੋੜੇ ਜਾਣ ਦਾ ਵੀ ਦੋਸ਼ ਸੀ। ਉਨ੍ਹਾਂ ’ਚੋਂ ਇਕ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੇ ‘ਜ਼ਮੀਰ’ ਦੀ ਆਵਾਜ਼ ਸੁਣ ਕੇ ਉਪਰੋਕਤ ਦਬਾਅ ਦਾ ਭਾਂਡਾ ਭੰਨਿਆ ਸੀ।

ਜਦੋਂ ਗਿਆਨੀ ਗੁਰਮੁਖ ਸਿੰਘ ’ਤੇ ਸੱਤਾ ਦਾ ਦਾਬਾ ਵੱਜਿਆ ਤਾਂ ਉਨ੍ਹਾਂ ਨੇ ‘ਪਹਿਲੀ ਤਨਖ਼ਾਹ’ ਉੱਤੇ ‘ਨੌਕਰੀ’ ਕਰਨ ਨੂੰ ਤਰਜੀਹ ਦਿੱਤੀ। ਅਹੁਦਾ ਬਹਾਲ ਰੱਖਣ ਲਈ ਉਨ੍ਹਾਂ ਨੂੰ ਉਸ ਮੁਖਾਰਬਿੰਦ ’ਤੇ ਤਾਲਾ ਲਾਉਣ ਦੀ ਹਦਾਇਤ ਮਿਲੀ ਜਿਸ ’ਚੋਂ ਉਨ੍ਹਾਂ ਨੇ ਜ਼ਮੀਰ ’ਚੋਂ ਨਿਕਲੇ ਬੋਲ ਬੋਲੇ ਸਨ। ਸੱਤਾ ਦੇ ਨਸ਼ੇ ’ਚ ਸ਼੍ਰੋਮਣੀ ਕਮੇਟੀ ਨੇ ਰਾਮ ਰਹੀਮ ਨੂੰ ਮਾਫ਼ੀ ਦਿੱਤੇ ਜਾਣ ਦੇ ਫ਼ੈਸਲੇ ਨੂੰ ਵਾਜਬ ਠਹਿਰਾਉਣ ਲਈ ਮੋਟੀ ਰਕਮ ਖ਼ਰਚ ਕੇ ਵੱਖ-ਵੱਖ ਅਖ਼ਬਾਰਾਂ ਵਿਚ ਪੂਰੇ ਪੰਨੇ ਦੇ ਇਸ਼ਤਿਹਾਰ ਵੀ ਦਿੱਤੇ ਸਨ। ਸੰਗਤ ਵਿਚ ਉੱਠੇ ਰੋਹ ਤੋਂ ਬਾਅਦ ਰਾਮ ਰਹੀਮ ਨੂੰ ਦਿੱਤੀ ਗਈ ਮਾਫ਼ੀ ਵਾਲਾ ਹੁਕਮਨਾਮਾ ਵਾਪਸ ਲੈਣ ਦਾ ਐਲਾਨ ਹੋਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਸੀ ਕਿ ਬਿਨਾਂ ਮੰਗਿਆਂ ਕਿਸੇ ਨੂੰ ਮਾਫ਼ ਕਰਨ ਦਾ ਜਲਦਬਾਜ਼ੀ ’ਚ ਹੁਕਮਨਾਮਾ ਜਾਰੀ ਕੀਤਾ ਹੋਵੇ। ਇਹ ਵੀ ਪਹਿਲੀ ਦਫ਼ਾ ਸੀ ਕਿ ਸਿੰਘ ਸਾਹਿਬਾਨ ਨੂੰ ਮਜਬੂਰ ਹੋ ਕੇ ਹੁਕਮਨਾਮਾ ਵਾਪਸ ਲੈਣਾ ਪਿਆ ਹੋਵੇ।

ਪੰਥ ਹਮੇਸ਼ਾ ਇਰਾਦੇ ਦੇ ‘ਮਜ਼ਬੂਤ ਜਥੇਦਾਰਾਂ’ ਨੂੰ ਸਤਿਕਾਰਦਾ ਤੇ ‘ਮਜਬੂਰ ਜਥੇਦਾਰਾਂ’ ਨੂੰ ਨਕਾਰਦਾ ਆਇਆ ਹੈ। ਅੱਜ ਦੇ ਹੁਕਮਨਾਮੇ ਵਿਚ ਅਕਾਲ ਤਖ਼ਤ ਦੇ ਤਤਕਾਲੀ ‘ਮਜਬੂਰ’ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਖ਼ਿਲਾਫ਼ ਵੀ ਸਖ਼ਤ ਫ਼ੈਸਲੇ ਲਏ ਗਏ ਹਨ। ਗਿਆਨੀ ਗੁਰਮੁਖ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਤੋਂ ਬਦਲ ਕੇ ਕਿਤੇ ਬਾਹਰ ਲਾਉਣ ਦਾ ਆਦੇਸ਼ ਜਾਰੀ ਹੋਇਆ ਹੈ। ਜਿੰਨੀ ਦੇਰ ਦੋਨੋਂ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਖਿਮਾ ਯਾਚਨਾ ਨਾ ਕਰਨ, ਓਨੀ ਦੇਰ ਉਨ੍ਹਾਂ ਤੋਂ ਸੰਗਤ ਨੂੰ ਦੂਰੀ ਬਣਾਉਣ ਲਈ ਆਦੇਸ਼ ਜਾਰੀ ਹੋਇਆ ਹੋਇਆ ਹੈ। ਗਿਆਨੀ ਗੁਰਬਚਨ ਸਿੰਘ ਕੋਲੋਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਹੁਕਮ ਹੋਇਆ ਹੈ।

ਇਹ ਵੀ ਵਿਡੰਬਣਾ ਹੈ ਕਿ ‘ਮਾਫ਼ੀ’ ਦੇਣ ਵਾਲੇ ਸਿੰਘ ਸਾਹਿਬਾਨ ਮਾਫ਼ੀ ਮੰਗਣ ਲਈ ਖ਼ੁਦ ਪੇਸ਼ ਹੋਣਗੇ। ਉੱਚ ਅਹੁਦਿਆਂ ’ਤੇ ਬੈਠੇ ਲੋਕ ਭੁੱਲ ਜਾਂਦੇ ਹਨ ਕਿ ਹਰੇਕ ਉੱਚਾਈ ਦੀ ਨਿਵਾਣ ਹੁੰਦੀ ਹੈ। ਅੰਬਰੋਂ ਟੁੱਟੇ ਤਾਰਿਆਂ ਵੱਲ ਭਲਾ ਕੌਣ ਵੇਖਦਾ ਹੈ? ਗੁਰਬਾਣੀ ਦਾ ਮਹਾਵਾਕ ਹੈ, ‘‘ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ।। ਜਿਸ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।।’’ ਚਿਰੋਕਣੀ ਉਡੀਕੀ ਜਾ ਰਹੀ ਮੀਟਿੰਗ ਤੋਂ ਪਹਿਲਾਂ ਕਈ ਤਰ੍ਹਾਂ ਦੇ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਸਨ। ਕਈ ਟਿੱਪਣੀਆਂ ਦਾ ਸਿੰਘ ਸਾਹਿਬਾਨ ਨੇ ਗੰਭੀਰ ਨੋਟਿਸ ਲਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖ਼ਾਹੀਆ ਤੱਕ ਕਰਾਰ ਦਿੱਤਾ ਗਿਆ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਰਨਾ ਨੇ ਅਕਾਲ ਤਖ਼ਤ ਵੱਲੋਂ ਬੁਲਾਈ ਗਈ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਨੂੰ ‘ਇੱਜੜ’ ਕਹਿ ਕੇ ਸਿੰਘ ਸਾਹਿਬਾਨ ਦੀ ਤੌਹੀਨ ਕੀਤੀ ਸੀ।

ਅੱਜ ਦੇ ਹੁਕਮਨਾਮੇ ’ਚ ਸਿੰਘ ਸਾਹਿਬਾਨ ਨੇ ਹਰ ਤਰ੍ਹਾਂ ਦੇ ਆਲੋਚਕ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਧੜੇ ਵਾਲੇ ਅਕਾਲੀ ਦਲ ਨੂੰ ਉਨ੍ਹਾਂ ਨੇ ‘ਦਾਗ਼ੀ’ ਤੇ ਸੁਧਾਰ ਲਹਿਰ ਵਾਲਿਆਂ ਨੂੰ ‘ਬਾਗ਼ੀ ਤੇ ਦਾਗ਼ੀ’ ਕਿਹਾ। ਉਨ੍ਹਾਂ ਕਿਹਾ ਕਿ ਬਾਗ਼ੀ ਧੜੇ ਦੇ ਕਈ ਅਕਾਲੀ ਨੇਤਾ ਸੱਤਾ ਦਾ ਆਨੰਦ ਮਾਣਦੇ ਰਹੇ ਤੇ ਹਰ ਗੁਨਾਹ ’ਚ ਸ਼ਾਮਲ ਰਹੇ। ਪਰ ਅਕਾਲੀ ਦਲ ਦੀ ਸੰਕਟ ਦੀ ਘੜੀ ’ਚ ਉਸ ਦਾ ਸਾਥ ਛੱਡ ਗਏ। ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 40 ਤੋਂ ਵੱਧ ਆਗੂਆਂ ਕੋਲੋਂ ਪੰਥਿਕ ਗੁਨਾਹਾਂ ਵਿਚ ਸ਼ਰੀਕ ਹੋਣ ਦਾ ਕਬੂਲਨਾਮਾ ਲਿਆ। ਇਨ੍ਹਾਂ ਵਿੱਚੋਂ ਇਕ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਕਿ ਰਾਮ ਰਹੀਮ ਨੂੰ ਮਾਫ਼ੀ ਦੇਣ ਨਾਲ ਭਾਈਚਾਰਕ ਸਾਂਝ ਵਧੇਗੀ। ਖ਼ੈਰ, ਸਾਰੇ ‘ਦਾਗ਼ੀ ਤੇ ਬਾਗ਼ੀ’ ਅਕਾਲੀ ਨੇਤਾਵਾਂ ਨੇ ਨਿਮਾਣੇ ਸਿੱਖਾਂ ਵਜੋਂ ਅਕਾਲ ਤਖ਼ਤ ਦੇ ਫ਼ੈਸਲੇ ਅੱਗੇ ਸੀਸ ਨਿਵਾਇਆ।

ਇਹ ਵੱਖਰੀ ਗੱਲ ਹੈ ਕਿ ਧਾਰਮਿਕ ਸਜ਼ਾ ਆਸ ਨਾਲੋਂ ਕਿਤੇ ਸਖ਼ਤ ਹੈ। ‘ਦਾਗ਼ੀ ਅਕਾਲੀ’ ਨੇਤਾਵਾਂ ਨੂੰ ਤਨਖ਼ਾਹ ਭੁਗਤਣ ਵੇਲੇ ਸੇਵਾਦਾਰਾਂ ਵਾਲੇ ਚੋਲੇ ਪਾਉਣ ਤੇ ਉਨ੍ਹਾਂ ਵਾਂਗ ਹੱਥਾਂ ’ਚ ਬਰਛੇ ਫੜ ਕੇ ਰੱਖਣ ਦਾ ਹੁਕਮ ਸੁਣਾਇਆ ਗਿਆ। ਉਨ੍ਹਾਂ ਦੇ ਗਲਾਂ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਰਚਿਤ ਸ਼ਲੋਕ ‘‘ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ।। ਹਮ ਅਪਰਾਧੀ ਤੁਮ ਬਖਸਾਤੇ।। ਜਿਸੁ ਪਾਪੀ ਕਉ ਮਿਲੈ ਨ ਢੋਈ।। ਸ਼ਰਣਿ ਆਵੈ ਤਾਂ ਨਿਰਮਲੁ ਹੋਈ।।’’ ਵਾਲੀਆਂ ਤਖ਼ਤੀਆਂ ਪਾਈਆਂ ਗਈਆਂ। ਇਸ ਤੋਂ ਪਹਿਲਾਂ ਪੰਜ ਦਸੰਬਰ 1988 ਨੂੰ ਜਾਰੀ ਹੁਕਮਨਾਮੇ ਵਿਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਅਕਾਲ ਤਖ਼ਤ ਦੇ ਸੱਜੇ ਹੱਥ ਦੇ ਥਮਲੇ ਨਾਲ ਬੰਨ੍ਹ ਕੇ ਪੰਜ ਵਾਰ ਮੂਲ ਮੰਤਰ ਦਾ ਪਾਠ, ਉਪਰੰਤ ਦੋ ਚੌਪਾਈ ਸਾਹਿਬ ਦੇ ਪਾਠ ਕਰਾਏ ਜਾਣ ਦਾ ਹੁਕਮ ਹੋਇਆ ਸੀ। ਉਨ੍ਹਾਂ ਦੇ ਗਲ ’ਚ ਵੀ ‘‘ਮੈਂ ਪਾਪੀ ਤੂੰ ਬਖਸ਼ਣਹਾਰ’’ ਦੀ ਤਖ਼ਤੀ ਲਟਕਾਈ ਗਈ ਸੀ। ਅਕਾਲੀ ਏਕਤਾ ਖ਼ਾਤਰ ਸਾਰੇ ਅਕਾਲੀ ਧੜਿਆਂ ਦੇ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣ ਦਾ ਹੁਕਮ ਤਤਕਾਲੀ ਜਥੇਦਾਰ ਪ੍ਰੋ. ਦਰਸ਼ਨ ਸਿੰਘ ਤੇ ਚਾਰ ਹੋਰ ਸਿੰਘ ਸਾਹਿਬਾਨ ਨੇ ਕੀਤਾ ਸੀ।

ਬਰਨਾਲਾ ਵੱਲੋਂ ਏਕਤਾ ਖ਼ਾਤਰ ਅਸਤੀਫ਼ਾ ਨਾ ਦੇਣ ਕਾਰਨ ਉਨ੍ਹਾਂ ਨੂੰ ਸਖ਼ਤ ਸਜ਼ਾ ਲਾਈ ਗਈ ਸੀ। ਇਹ ਵੱਖਰੀ ਗੱਲ ਹੈ ਕਿ ਇਕ ਸਮਾਂ ਅਜਿਹਾ ਆਇਆ ਜਦੋਂ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਇਸ ਵਾਰ ‘ਦਾਗ਼ੀ’ ਅਕਾਲੀਆਂ ਨੂੰ ਵਾਸ਼ਰੂਮ ਤੱਕ ਸਾਫ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਹੈ। ਖ਼ੈਰ, ਧਾਰਮਿਕ ਸਜ਼ਾ ਮਗਰੋਂ ਪੰਥਿਕ ਏਕਤਾ ਦੇ ਸੰਕੇਤ ਜ਼ਰੂਰ ਮਿਲੇ ਹਨ। ਬਿਖਰੀ ਹੋਈ ਪੰਥਿਕ ਸ਼ਕਤੀ ਨੂੰ ਇਕੱਠਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੰਗਠਿਤ ਕਰਨ ਲਈ ਵੱਡੇ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕਰਨ ਦੀ ਹਦਾਇਤ ਹੋਈ ਹੈ।