VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਬਟਿਆਂ ’ਚ ਵੰਡੀਆਂ ਕੌਮਾਂ ( ਪੰਜਾਬੀ ਜਾਗਰਣ –– 1st December, 2024)

ਵਰਿੰਦਰ ਵਾਲੀਆ

ਬੰਗਲਾਦੇਸ਼ ਵਿਚ ਥਾਂ-ਥਾਂ ਨਫ਼ਰਤ ਦੇ ਭਾਂਬੜ ਮਚ ਰਹੇ ਹਨ। ਜਿਨ੍ਹਾਂ ਬੰਗਾਲੀਆਂ ਨੇ ਫ਼ਿਰਕਾਪ੍ਰਸਤੀ ਤੋਂ ਉੱਪਰ alt="" /> ਉੱਠ ਕੇ 1971 ਵਿਚ ਵੱਖਰੇ ਦੇਸ਼ ਦੀ ਸਿਰਜਣਾ ਕੀਤੀ ਸੀ, ਹੁਣ ਉਹ ਪੂਰੀ ਤਰ੍ਹਾਂ ਦੋ ਫ਼ਿਰਕਿਆਂ ਵਿਚ ਤਕਸੀਮ ਹੋ ਚੁੱਕੇ ਹਨ। ਪੂਰਬੀ ਪਾਕਿਸਤਾਨ ਦੇ ਬਾਸ਼ਿੰਦੇ ਖ਼ੁਦ ਨੂੰ ਪਹਿਲਾਂ ਬੰਗਾਲੀ ਤੇ ਬਾਅਦ ਵਿਚ ਹਿੰਦੂ ਜਾਂ ਮੁਸਲਮਾਨ ਸਮਝਦੇ ਸਨ। ਦੋਨਾਂ ਫ਼ਿਰਕਿਆਂ ਦੇ ਜਾਂਬਾਜ਼ ਲੜਾਕਿਆਂ ਨੇ ਆਜ਼ਾਦੀ ਲਈ ਸਾਂਝਾ ਖ਼ੂਨ ਡੋਲ੍ਹਿਆ ਜਿਸ ਦੀ ਬਦੌਲਤ ਦੁਨੀਆ ਦੇ ਨਕਸ਼ੇ ’ਤੇ ਬੰਗਲਾਦੇਸ਼ ਨਾਂ ਦਾ ਵੱਖਰਾ ਮੁਲਕ ਹੋਂਦ ਵਿਚ ਆਇਆ ਸੀ।

ਭੂਗੋਲਿਕ ਤੌਰ ’ਤੇ ਅਖੰਡ ਭਾਰਤ ਦਾ ਬੰਗਾਲ ਤੇ ਪੰਜਾਬ ਅੱਜ ਦੇ ਕਈ ਵੱਡੇ ਮੁਲਕਾਂ ਨਾਲੋਂ ਵੀ ਵੱਡੇ ਸੂਬੇ ਸਨ। ਬ੍ਰਿਟਿਸ਼ ਸਰਕਾਰ ਇਨ੍ਹਾਂ ਦੋਵਾਂ ਕੌਮਾਂ ਨੂੰ ਫ਼ਿਰਕੂ ਲੀਹਾਂ ’ਤੇ ਵੰਡ ਕੇ ਭਾਰਤ ਵਾਸੀਆਂ ਵਿਚ ਉੱਭਰ ਰਹੀ ਰਾਸ਼ਟਰੀ ਭਾਵਨਾ ਨੂੰ ਖੰਡਿਤ ਕਰਨ ਲਈ ਮਨਸੂਬੇ ਘੜ ਰਹੀ ਸੀ। ਬਦਨੀਅਤੀ ਨਾਲ ਘੜੀਆਂ ਨੀਤੀਆਂ-ਰਣਨੀਤੀਆਂ ਦਾ ਝਲਕਾਰਾ ਉੱਨੀਵੀਂ ਸਦੀ ਦੇ ਅਖ਼ੀਰ ਵਿਚ ਵੇਖਣ ਨੂੰ ਮਿਲ ਰਿਹਾ ਸੀ।

ਅਖੰਡ ਭਾਰਤ ਦੇ ਵਾਇਸਰਾਇ ਲਾਰਡ ਕਰਜ਼ਨ ਨੇ 1905 ਵਿਚ ਬੰਗਾਲ ਨੂੰ ਦੋ ਹਿੱਸਿਆਂ ਵਿਚ ਵੰਡਣ ਦਾ ਐਲਾਨ ਕਰ ਮਾਰਿਆ। ਇਕ ਘੱਟ ਗਿਣਤੀ ਮੁਸਲਮਾਨ ਆਬਾਦੀ ਵਾਲਾ ਪੱਛਮੀ ਬੰਗਾਲ ਤੇ ਦੂਜਾ ਘੱਟ ਗਿਣਤੀ ਹਿੰਦੂ ਆਬਾਦੀ ਵਾਲਾ ਪੂਰਬੀ ਬੰਗਾਲ। ਪੂਰਬੀ ਬੰਗਾਲ ਵਿਚ ਅਸਾਮ, ਉੜੀਸਾ, ਢਾਕਾ, ਚਿਟਗਾਓਂ ਤੇ ਰਾਜਸ਼ਾਹੀ ਦੇ ਜ਼ਿਲ੍ਹੇ ਸ਼ਾਮਲ ਸਨ। ਢਾਕਾ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ। ਦੂਜੇ ਖੰਡ ਵਿਚ ਬਿਹਾਰ (ਸਣੇ ਝਾਰਖੰਡ), ਅਜੋਕਾ ਪੱਛਮੀ ਬੰਗਾਲ ਸੀ ਤੇ ਕਲਕੱਤਾ ਇਸ ਦੀ ਰਾਜਧਾਨੀ ਬਣਿਆ। ਪੂਰਬੀ ਬੰਗਾਲ ਵਿਚ ਹਿੰਦੂ ਇਕ ਕਰੋੜ 30 ਲੱਖ ਤੇ ਮੁਸਲਮਾਨ ਪੌਣੇ ਦੋ ਕਰੋੜ ਤੋਂ ਵੱਧ ਸਨ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ ਉਸ ਵੇਲੇ ਮੁਸਲਮਾਨਾਂ ਦੀ ਗਿਣਤੀ ਮਹਿਜ਼ 90 ਲੱਖ ਸੀ ਤੇ ਹਿੰਦੂਆਂ ਦੀ ਆਬਾਦੀ ਚਾਰ ਕਰੋੜ 30 ਲੱਖ ਸੀ।

ਕਰਜ਼ਨ ਤੇ ਉਸ ਦੇ ਆਲ੍ਹਾ ਅਫ਼ਸਰਾਂ ਨੇ ਸ਼ਰੇਆਮ ਕਿਹਾ ਸੀ ਕਿ ਬੰਗਾਲ ਦਾ ਵਿਭਾਜਨ ਕਰ ਕੇ ਬ੍ਰਿਟਿਸ਼ ਸਰਕਾਰ ਨੇ ਮੁਸਲਮਾਨ ਕੌਮ ਨੂੰ ਉਹ ਕੁਝ ਦੇ ਦਿੱਤਾ ਹੈ ਜਾ ਉਨ੍ਹਾਂ ਨੂੰ ਮੁਗ਼ਲ ਕਾਲ ਵਿਚ ਵੀ ਨਸੀਬ ਨਾ ਹੋਇਆ। ਦਰਅਸਲ, ਬ੍ਰਿਟਿਸ਼ ਸਰਕਾਰ ਬੰਗਾਲ ’ਚ ਸਮਾਜਿਕ ਪਾੜਾ ਵਧਾ ਕੇ ਕ੍ਰਾਂਤੀ ਦੀ ਉੱਠ ਰਹੀ ਜਵਾਲਾ ਨੂੰ ਮੱਧਮ ਕਰਨਾ ਚਾਹੁੰਦੀ ਸੀ। ਬੰਗਾਲ ਦੇ ਲੋਕ ਸਭ ਤੋਂ ਵੱਧ ਪੜ੍ਹੇ-ਲਿਖੇ ਹੋਣ ਕਰਕੇ ਗੋਰਿਆਂ ਦੇ ਝਾਂਸੇ ਵਿਚ ਨਾ ਆਏ ਤੇ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਮੁੱਢੋਂ-ਸੁੱਢੋਂ ਰੱਦ ਕਰ ਦਿੱਤਾ।

ਗੋਪਾਲ ਕ੍ਰਿਸ਼ਨ ਗੋਖਲੇ ਨੇ ਕਰਜ਼ਨ ਦੀ ਔਰੰਗਜ਼ੇਬ ਨਾਲ ਤੁਲਨਾ ਕੀਤੀ। ਸਵਦੇਸ਼ੀ ਅੰਦੋਲਨ ਭੜਕ ਪਿਆ। ਇਸ ਲਹਿਰ ਤਹਿਤ ਇੰਗਲੈਂਡ ਤੋਂ ਦਰਾਮਦ ਹੋਣ ਵਾਲੇ ਕੱਪੜਿਆਂ ਅਤੇ ਹੋਰ ਵਸਤਾਂ ਦਾ ਬਾਈਕਾਟ ਹੋਣ ਲੱਗਾ। ਹਰ ਤਰ੍ਹਾਂ ਦੇ ਮਸਲੇ ਅਦਾਲਤਾਂ ਦੀ ਬਜਾਏ ਪਰੇ-ਪੰਚਾਇਤਾਂ ਵਿਚ ਸੁਣੇ ਜਾਣ ਲੱਗੇ। ਫ਼ਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਸਮੁੱਚੇ ਬੰਗਾਲੀਆਂ ਨੇ ‘ਬੰਗ-ਬੰਗ’ ਅੰਦੋਲਨ ਦਾ ਬਿਗਲ ਵਜਾਇਆ ਤਾਂ ਬ੍ਰਿਟਿਸ਼ ਸਰਕਾਰ ਲਈ ਵੱਡੀ ਆਫ਼ਤ ਖੜ੍ਹੀ ਹੋ ਗਈ। ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਬੰਗਾਲ ਵੰਡ ਦੇ ਵਿਰੋਧ ਵਿਚ ਲੰਬਾ ਗੀਤ ਲਿਖਿਆ। ਬੰਗਲਾ ਭਾਸ਼ਾ ਵਿਚ ਲਿਖੇ ਗੀਤ ,‘‘ਆਮਾਰ ਸ਼ੋਨਾਰ ਬੰਗਲਾ’’ 1905 ਵਿਚ ‘ਬੰਗਦਰਸ਼ਨ’ ਨਾਂ ਦੇ ਰਸਾਲੇ ਵਿਚ ਛਪਿਆ ਤਾਂ ਇਹ ਬੱਚੇ-ਬੱਚੇ ਦੀ ਜ਼ੁਬਾਨ ’ਤੇ ਆ ਗਿਆ।

ਇਸ ਗੀਤ ਦਾ ਖੁੱਲ੍ਹਾ ਅਨੁਵਾਦ ਇਸ ਪ੍ਰਕਾਰ ਹੈ,

‘‘ਮੇਰੇ ਸੋਨੇ ਜੇਹੇ ਬੰਗਾਲ, ਮੈਂ ਤੈਨੂੰ ਪਿਆਰ ਕਰਦਾ ਹਾਂ। ਤੇਰਾ ਅੰਬਰ, ਤੇਰੀ ਰੁਮਕਦੀ ਪੌਣ ਮੇਰੇ ਸਵਾਸਾਂ ਵਿਚ ਬੰਸਰੀ ਦੀਆਂ ਮਧੁਰ ਤਰੰਗਾਂ ਵਾਂਗ ਸੁਣਾਈ ਦਿੰਦੀ ਹੈ। ਓ ਮਾਂ! ਫੱਗਣ ਵਿਚ ਅੰਬਾਂ ਦੇ ਜੰਗਲ ’ਚੋਂ ਮਹਿਕ ਮੈਨੂੰ ਪਾਗਲ ਕਰ ਦਿੰਦੀ ਹੈ। ਕਿਆ ਵਿਸਮਾਦ ਹੈ! ਓ ਮਾਂ! ਹਾੜ ਵਿਚ ਪੱਕੇ ਧਾਨ ਦੇ ਲਹਿਲਹਾਂਦੇ ਖੇਤ ਮੈਨੂੰ ਮੰਦ-ਮੰਦ ਮੁਸਕਾਂਦੇ ਦਿਸਦੇ ਹਨ। ਕਿਆ ਤਲਿਸਮੀ ਆਂਚਲ ਵਿਛਿਆ ਹੈ! ਬਰਗਦ ਦੇ ਥੱਲੇ ਕਲ-ਕਲ ਕਰਦੀ ਨਦੀ ਦੇ ਸੁਹਾਵਣੇ ਕੰਢੇ ਮਾਂ ਤੇਰੇ ਮੁੱਖ ਦੀ ਵਾਣੀ ਮੇਰੇ ਕੰਨਾਂ ਵਿਚ ਸ਼ਹਿਦ ਘੋਲਦੀ ਜਾਪੇ। ਕਿਆ ਆਨੰਦ ਹੈ! ਮਾਂ ਜੇ ਤੇਰੇ ਚਿਹਰੇ ’ਤੇ ਉਦਾਸੀ ਆ ਜਾਂਦੀ ਤਾਂ ਮੇਰੀਆਂ ਅੱਖਾਂ ’ਚੋਂ ਨੀਰ ਵਹਿ ਤੁਰਦਾ।’’

ਟੈਗੋਰ ਦਾ ਇਹ ਗੀਤ ਵਿਸ਼ਾਲ ਬੰਗਾਲ ਦੀ ਆਤਮਾ ਦਾ ਅਨੁਵਾਦ ਹੈ। ਬੰਗਲਾਦੇਸ਼ ਦੀ ਆਜ਼ਾਦੀ ਦੇ ਅਗਲੇ ਵਰ੍ਹੇ 1972 ਵਿਚ ਇਸ ਗੀਤ ਦੀਆਂ ਪਹਿਲੀਆਂ 10 ਸਤਰਾਂ ਦੇਸ਼ ਦਾ ਰਾਸ਼ਟਰੀ ਤਰਾਨਾ ਬਣਾ ਲਿਆ ਗਿਆ। ਪੱਛਮੀ ਬੰਗਾਲ ਵਿਚ ਹੋਈਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਵੀ ‘ਸ਼ੋਨਾਰ ਬਾਂਗਲਾ’ (ਸੋਨੇ ਵਰਗਾ ਬੰਗਾਲ) ਬਣਾਉਣ ਦੇ ਨਾਅਰੇ ਲੱਗੇ। ਬੰਗਲਾਦੇਸ਼ ਵਿਚ ਤਾਂ ਹਰ ਸਰਕਾਰੀ ਸਮਾਗਮ ’ਤੇ ਇਹ ਗਾਇਆ ਹੀ ਜਾਂਦਾ ਹੈ। ਇਹ ਗੀਤ ਦਰਅਸਲ ਖੰਡ-ਖੰਡ ਹੋਏ ਬੰਗਾਲ ਨੂੰ ਅਖੰਡ ਬਣਾਉਣ ਲਈ ਪੁਲ਼ ਵਰਗਾ ਅਹਿਸਾਸ ਦਿੰਦਾ ਹੈ।

ਵਕਤ ਦੀਆਂ ਸੂਈਆਂ ਪੁੱਠੀਆਂ ਕਿਉਂ ਘੁੰਮਣ ਲੱਗ ਗਈਆਂ, ਇਸ ਦਾ ਜਵਾਬ ਤਵਾਰੀਖ਼ ਦੇ ਪੰਨਿਆਂ ’ਚੋਂ ਲੱਭਿਆ ਜਾ ਸਕਦਾ ਹੈ। ਅੰਗਰੇਜ਼ ਨੇ ਵੰਡ ਦੇ ਜਿਹੜੇ ਬੀਜ ਬੀਜੇ ਸਨ, ਉਸ ਦੀ ਕੌੜੀ ਫ਼ਸਲ ਅਜੋਕੀ ਪੀੜ੍ਹੀ ਵੱਢ ਰਹੀ ਹੈ। ਸਵਾ ਸੌ ਸਾਲ ਪਹਿਲਾਂ ਜਿਸ ਮਕਸਦ ’ਚ ਅੰਗਰੇਜ਼ ਕਾਮਯਾਬ ਨਾ ਹੋ ਸਕੇ, ਉਸ ਲਈ ਖਾਨਾਜੰਗੀ ਨੇ ਜ਼ਮੀਨ ਮੁਹੱਈਆ ਕੀਤੀ ਹੈ। ਭਾਰਤ ਦੀ ਤਕਸੀਮ ਤੋਂ ਬਾਅਦ ਜਦੋਂ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਹਾ ਨੇ ਰਾਸ਼ਟਰੀ ਭਾਸ਼ਾ ਉਰਦੂ ਹੋਣ ਦਾ ਐਲਾਨ ਕੀਤਾ ਤਾਂ ਸਮੁੱਚੇ ਬੰਗਾਲੀਆਂ ਨੇ ਜੇਹਾਦ ਛੇੜ ਦਿੱਤਾ ਸੀ।

ਬਾਰਾਂ ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਬਾਹਰ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤਾਂ ਇਹ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬਣ ਗਿਆ। ਮਾਂ-ਬੋਲੀ ਨੇ ਅਖੰਡ ਬੰਗਾਲ ਨੂੰ ਇਕ ਸੂਤਰ ਵਿਚ ਬੰਨ੍ਹੀ ਰੱਖਿਆ। ਬੰਗਲਾਦੇਸ਼ ਦੇ ਨਿਰਮਾਤਾ ਮੁਜੀਬ-ਉਰ-ਰਹਿਮਾਨ ਦੇ ਸਦਰ/ਪ੍ਰਧਾਨ ਮੰਤਰੀ ਹੁੰਦਿਆਂ ਵੀ ਹਿੰਦੂ-ਮੁਸਲਮਾਨ ਫ਼ਸਾਦ ਨਹੀਂ ਹੋਏ। ਸਿਤਮਜ਼ਰੀਫ਼ੀ ਦੇਖੋ, ਆਜ਼ਾਦੀ ਦੇ ਵਿਧਾਤਾ ਮੁਜੀਬ ਨੂੰ 1975 ਵਿਚ ਫ਼ੌਜ ਦੀ ਟੁਕੜੀ ਨੇ ਉਨ੍ਹਾਂ ਦੇ ਪਰਿਵਾਰ ਸਣੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਸ਼ੇਖ਼ ਹਸੀਨਾ ਦੋ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਰਹੀ। ਅਗਸਤ 2024 ਤੱਕ ਉਸ ਨੇ ਕੁੱਲ 19 ਸਾਲ ਹਕੂਮਤ ਕੀਤੀ। ਪੰਜ ਦਹਾਕਿਆਂ ਤੋਂ ਵੱਧ ਬੰਗਲਾਦੇਸ਼ ਵਿਚ ਸੰਪਰਦਾਇਕ ਦੰਗੇ ਤੇ ਸਾੜਫੂਕ ਨਹੀਂ ਹੋਈ। ਅੱਗ ਅੰਦਰੋ-ਅੰਦਰ ਸੁਲਗ ਜ਼ਰੂਰ ਰਹੀ ਸੀ। ਹਸੀਨਾ ਦੀ ਭਾਰਤ ਪ੍ਰਤੀ ਉਦਾਰਤਾ ਕੱਟੜਪੰਥੀਆਂ ਨੂੰ ਹਜ਼ਮ ਨਹੀਂ ਸੀ ਹੁੰਦੀ। ਪਾਕਿਸਤਾਨ 1971 ਵਿਚ ਹੋਈ ਨਮੋਸ਼ੀ ਭਰੀ ਹਾਰ ਦਾ ਬਦਲਾ ਲੈਣ ਲਈ ਹਮੇਸ਼ਾ ਤਾਕ ਵਿਚ ਰਹਿੰਦਾ ਸੀ। ਫ਼ਲਸਰੂਪ ਬੰਗਲਾਦੇਸ਼ ਵਿਚ ਅੱਜ ਇਸ ਦੇ ਰਾਸ਼ਟਰੀ ਤਰਾਨੇ ਦੀ ਭਾਵਨਾ ਦੇ ਐਨ ਵਿਰੁੱਧ ਘਟਨਾਵਾਂ ਵਾਪਰ ਰਹੀਆਂ ਹਨ। ਮੰਦਰਾਂ ਦੀ ਤੋੜ-ਫੋੜ ਹੋ ਰਹੀ ਹੈ। ਘੱਟ-ਗਿਣਤੀਆਂ ਦੇ ਬਾਸ਼ਿੰਦਿਆਂ ਨੂੰ ਕੁੱਟਿਆ ਤੇ ਲੁੱਟਿਆ ਜਾ ਰਿਹਾ ਹੈ।

ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਨੋਬਲ ਵਿਜੇਤਾ ਡਾ. ਮੁਹੰਮਦ ਯੂਨਸ ਅਜਿਹੀਆਂ ਖ਼ਬਰਾਂ ਨੂੰ ਭਾਰਤ ਦਾ ਪ੍ਰਾਪੇਗੰਡਾ ਕਹਿ ਕੇ ਦਰਕਿਨਾਰ ਕਰਦੇ ਹਨ ਤਾਂ ਹਰ ਸੰਵੇਦਨਸ਼ੀਲ ਵਿਅਕਤੀ ਦਾ ਸਿਰ ਸ਼ਰਮ ਨਾਲ ਝੁਕਦਾ ਹੈ। ਜਿਸ ਵਿਅਕਤੀ ਨੂੰ ਨੋਬਲ ਦਾ ਸ਼ਾਂਤੀ ਪੁਰਸਕਾਰ ਮਿਲਿਆ ਹੋਵੇ, ਉਸ ਦੇ ਰਾਜ ਵਿਚ ਨਿਰਦੋਸ਼ਾਂ ਦਾ ਖ਼ੂਨ ਡੁੱਲ੍ਹੇ, ਇਹ ਸਮਝ ਤੋਂ ਬਾਹਰ ਹੈ। ਮੰਨਿਆ ਕਿ ਯੂਨਸ ਦੀ ਸ਼ੇਖ਼ ਹਸੀਨਾ ਨਾਲ ਪੁਰਾਣੀ ਕਿੜ ਹੈ ਕਿਉਂਕਿ ਉਸ ਨੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਸੀ। ਪਰ ਉਸ ਦਾ ਬਦਲਾ ਲੈਣ ਲਈ ਬੇਦੋਸ਼ਿਆਂ ਦਾ ਖ਼ੂਨ ਡੋਲ੍ਹਣਾ ਵਾਜਬ ਨਹੀਂ ਹੈ।

ਜਦੋਂ ਭਾਰਤ ਦੀ ਤਕਸੀਮ ਹੋਈ ਸੀ ਤਾਂ ਉਹ ਸੱਤ ਸਾਲਾਂ ਦੇ ਸਨ। ਆਜ਼ਾਦੀ ਦੇ ਅੰਦੋਲਨ ਵਿਚ ਬੰਗਾਲੀਆਂ ਅਤੇ ਪੰਜਾਬੀਆਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ। ਡਾ. ਯੂਨਸ ਨੂੰ ਭਲੀਭਾਂਤ ਯਾਦ ਹੋਵੇਗਾ ਕਿ ਇਹ ਭਾਰਤ ਦੀ ਵੰਡ ਨਹੀਂ ਬਲਕਿ ਪੰਜਾਬ ਤੇ ਬੰਗਾਲ ਦੀ ਤਕਸੀਮ ਸੀ। ਲਹਿੰਦਾ ਪੰਜਾਬ ਨਵੇਂ ਬਣੇ ਪਾਕਿਸਤਾਨ ਵਿਚ ਚਲਾ ਗਿਆ ਸੀ।

ਆਜ਼ਾਦੀ ਦੇ ਐਲਾਨ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ’ਚ ਜਸ਼ਨ ਮਨਾਏ ਜਾ ਰਹੇ ਸਨ ਤਦ ਵਾਹਗਾ-ਅਟਾਰੀ ਸਰਹੱਦ ’ਤੇ ਫ਼ਿਰਕੂ ਫ਼ਸਾਦਾਂ ’ਚ ਮਾਰੇ ਗਏ ਲੱਖਾਂ ਲੋਕਾਂ ਕਾਰਨ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਅਣਗਿਣਤ ਘਰਾਂ ’ਚ ਸੱਥਰ ਵਿਛੇ ਹੋਏ ਸਨ। ਫ਼ਿਰਕੂ ਫ਼ਸਾਦ ਸਮੇਂ ਦੇ ਮੱਥੇ ’ਤੇ ਬਦਨੁਮਾ ਦਾਗ਼ ਹੁੰਦੇ ਹਨ ਜਿਨ੍ਹਾਂ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਬੰਗਾਲੀ ਫਿਰ ਵੰਡੇ ਗਏ ਤਾਂ ਬੰਗਲਾਦੇਸ਼ ‘ਸ਼ੋਨਾਰ ਬਾਂਗਲਾ’ ਨਹੀਂ ਰਹੇਗਾ। ਕੌਮੀ ਤਰਾਨਾ ਗਾਉਣ ਲੱਗਿਆਂ ਡਾ. ਯੂਨਸ ਨੂੰ ਇਸ ਭਾਵਨਾ ਨੂੰ ਵੀ ਆਤਮਸਾਤ ਕਰ ਲੈਣਾ ਚਾਹੀਦਾ ਹੈ।