VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸ਼ਤਾਬਦੀਆਂ ਦਾ ਲੇਖਾ-ਜੋਖਾ ( ਪੰਜਾਬੀ ਜਾਗਰਣ –– 24th November, 2024)

ਵਰਿੰਦਰ ਵਾਲੀਆ

ਸਬਰ-ਸੰਤੋਖ, ਸੰਜਮੀ, ਸਿਰੜੀ ਤੇ ਸਾਹਸੀ ਬੀਬੀਆਂ ’ਚ ਮਾਤਾ ਗੁਜਰੀ ਜੀ ਦਾ ਮੁਕਾਮ ਸਭ ਤੋਂ ਉੱਪਰ ਹੈ ਜਿਨ੍ਹਾਂ ਦੀ ਕੁਰਬਾਨੀ ਨੇ ਸਿੱਖੀ ਦੀ ਤਕਦੀਰ ਤੇ ਤਸਵੀਰ ਬਦਲਣ ’ਚ ਅਹਿਮ ਯੋਗਦਾਨ ਪਾਇਆ ਸੀ। ਆਪ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਜੀ ਦੇ ਮਹਿਲ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਦਾਦੀ ਸਨ। ਦੁਨੀਆ ਦੇ ਇਤਿਹਾਸ ’ਚ ਆਪ ਜੇਹੀ ਸਰਬੰਸਦਾਨੀ ਮਾਤਾ ਦਾ ਕੋਈ ਸਾਨੀ ਨਹੀਂ ਦਿਸਦਾ। ਅਫ਼ਸੋਸ! ਆਪ ਜੀ ਦੀ ਚੌਥੀ ਜਨਮ ਸ਼ਤਾਬਦੀ ਵੇਲੇ ਸੰਗਤ ਦਾ ਉਹ ਜਨ-ਸੈਲਾਬ ਨਹੀਂ ਉਮੜ ਸਕਿਆ ਜਿਹੋ ਜਿਹਾ ਸੰਨ 1969 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ’ਤੇ ਦੇਖਣ ਨੂੰ ਮਿਲਿਆ ਸੀ।

ਇਸ ਦਾ ਮੁੱਖ ਕਾਰਨ ਪੰਥਿਕ ਖਾਨਾਜੰਗੀ ਹੈ। ਜਦੋਂ ਅਖੰਡ ਸ਼ਕਤੀ ਖੰਡ-ਖੰਡ ਹੁੰਦੀ ਹੈ ਤਾਂ ਤਿੱਥ-ਤਿਉਹਾਰ ਮਨਾਉਣ ਦਾ ਚਾਅ ਵੀ ਊਣਾ ਰਹਿ ਜਾਂਦਾ ਹੈ। ਦਰਅਸਲ, ਪਿਛਲੇ 25 ਸਾਲਾਂ ’ਚ ਆਈਆਂ ਅਹਿਮ ਸਿੱਖ ਸ਼ਤਾਬਦੀਆਂ ’ਚ ਰਵਾਇਤੀ ਜਾਹੋ-ਜਲਾਲ ਦਿਖਾਈ ਨਹੀਂ ਦਿੱਤਾ। ਸੰਨ ਸੋਲਾਂ ਸੌ ਨੜਿੱਨਵੇਂ ਦੀ ਵਿਸਾਖੀ ਦੇ ਅਵਸਰ ’ਤੇ ਕ੍ਰਾਂਤੀ ਦੇ ਬੀਅ ਬੀਜਣ ਵਾਲੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਣਾ ਹੋਈ ਸੀ।

ਖ਼ਾਲਸੇ ਦੀ 1999 ’ਚ ਮਨਾਈ ਜਾਣ ਵਾਲੀ ਤ੍ਰੈਸ਼ਤਾਬਦੀ ਤੋਂ ਪਹਿਲਾਂ ਹੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਧੜੇਬੰਦੀ ਖਾਨਾਜੰਗੀ ’ਚ ਬਦਲ ਗਈ। ਤ੍ਰੈਸ਼ਤਾਬਦੀ ਦੀਆਂ ਤਿਆਰੀਆਂ ਤੋਂ ਵੱਧ ਸੁਰਖੀਆਂ ਬਾਦਲ-ਟੌਹੜਾ ਦੀ ਖਿੱਚੋਤਾਣ ਨੇ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸਨ। ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਨ। ਦੋਨਾਂ ਦੀ ਚਾਂਦਮਾਰੀ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਵੀ ਆ ਗਏ ਸਨ। ਇਕੱਤੀ ਦਸੰਬਰ 1998 ਨੂੰ ਅਕਾਲ ਤਖ਼ਤ ਦੇ ਲੈਟਰਹੈੱਡ ’ਤੇ ਜਾਰੀ ਕੀਤੇ ਹੁਕਮਨਾਮੇ ’ਚ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਆਦੇਸ਼ ਦਿੱਤਾ ਸੀ ਕਿ ਉਹ 15 ਅਪ੍ਰੈਲ 1999 ਤੱਕ ਸ਼ਾਂਤ ਰਹਿਣ ਤਾਂ ਜੋ ਖ਼ਾਲਸਾ ਸਿਰਜਣਾ ਦੀ ਤ੍ਰੈਸ਼ਤਾਬਦੀ ਰਵਾਇਤੀ ਜਾਹੋ-ਜਲਾਲ ਨਾਲ ਮਨਾਈ ਜਾ ਸਕੇ।

ਹੁਕਮਨਾਮੇ ਦੀ ਇਬਾਰਤ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।’’ ਨਾਲ ਸ਼ੁਰੂ ਹੋਈ ਸੀ। ਹੁਕਮਨਾਮੇ ’ਚ ਸਪਸ਼ਟ ਲਿਖਿਆ ਸੀ ਕਿ ਅਕਾਲੀ ਦਲ ਦੇ ਸਿਰਮੌਰ ਲੀਡਰਾਂ ਦੇ ਆਪਸੀ ਹਿੱਤ ਸੁਰੱਖਿਅਤ ਰੱਖਣ ਦੀ ਬਜਾਏ ਕੌਮ ਦੇ ਹਿੱਤਾਂ ਦੀ ਸੁਰੱਖਿਆ ਕੀਤੀ ਜਾਵੇ। ਇਸ ਦਾ ਅਸਰ ਇਹ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਨੂੰ ਹੀ ਘਰ ਤੋਰਨ ਦਾ ‘ਹੁਕਮ’ ਦੇ ਦਿੱਤਾ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮੋਹਣ ਸਿੰਘ ਨੂੰ ਨਵਾਂ ਜਥੇਦਾਰ ਥਾਪਣ ਦਾ ਫ਼ੈਸਲਾ ਹੋ ਗਿਆ। ਉਨ੍ਹਾਂ ਨੇ ਇਹ ਸੇਵਾ ਲੈਣ ਤੋਂ ਇਸ ਲਈ ਨਾਂਹ ਕਰ ਦਿੱਤੀ ਕਿ ਹੈੱਡ ਗ੍ਰੰਥੀ ਦੀ ਉਪਾਧੀ ਜਥੇਦਾਰ ਅਕਾਲ ਤਖ਼ਤ ਤੋਂ ਵੱਡੀ ਹੁੰਦੀ ਹੈ।

ਉਨ੍ਹਾਂ ਤਰਕਹੀਣ ਦਲੀਲ ਦਿੱਤੀ ਕਿ ‘ਮੈਂ ਦਾਦੇ (ਗੁਰੂ ਰਾਮਦਾਸ ਜੀ) ਦੀ ਤਾਬਿਆ ਛੱਡ ਕੇ ਪੋਤੇ (ਗੁਰੂ ਹਰਗੋਬਿੰਦ ਸਾਹਿਬ) ਦੀ ਸੇਵਾ ’ਚ ਕਿਉਂ ਜਾਵਾਂ?’ ਫਲਸਰੂਪ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਧਰਮ ਸੰਕਟ ਪੈਦਾ ਹੋ ਗਿਆ ਸੀ। ਕਾਹਲੀ ’ਚ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਅਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਅੰਮ੍ਰਿਤਸਰ ਦੇ ਸਰਕਟ ਹਾਊਸ ਪੁੱਜੇ ਜਿੱਥੇ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਗਿਆਨੀ ਪੂਰਨ ਸਿੰਘ ਨੂੰ ਕਾਹਲੀ ’ਚ ਜਥੇਦਾਰ ਥਾਪਣ ਦਾ ਫ਼ੈਸਲਾ ਕੀਤਾ ਗਿਆ। ਸਿੱਖਾਂ ਦੀ ਸਰਬਉੱਚ ਉਪਾਧੀ ਲਈ ਪਹਿਲਾਂ ਸਰਕਟ ਹਾਊਸ ’ਚ ਕਦੇ ਫ਼ੈਸਲਾ ਨਹੀਂ ਸੀ ਹੋਇਆ।

ਖ਼ੈਰ, ਜਿਸ ਤਰ੍ਹਾਂ ਗਿਆਨੀ ਪੂਰਨ ਸਿੰਘ ਦੀ ਤਾਜਪੋਸ਼ੀ ਦਾ ਐਲਾਨ ਹੋਇਆ ਸੀ, ਉਸੇ ਤਰਜ਼ ’ਤੇ ਉਨ੍ਹਾਂ ਨੇ ਰਵਾਇਤਾਂ ਦੇ ਉਲਟ ਹੁਕਮਨਾਮੇ ਜਾਰੀ ਕੀਤੇ। ਇਨ੍ਹਾਂ ’ਚ ਇਕ ਵਿਵਾਦਤ ਹੁਕਮਨਾਮਾ ਹਜ਼ੂਰ ਸਾਹਿਬ ਜਾਂਦਿਆਂ ਗੁਣਾ ਤੋਂ ਫੈਕਸ ਰਾਹੀਂ ਜਾਰੀ ਕਰ ਕੇ ਤਤਕਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਨੂੰ ਪੰਥ ’ਚੋਂ ਛੇਕਣ ਦਾ ਸੀ। ਇਸ ਮਗਰੋਂ ਵਿਵਾਦਤ ਹੁਕਮਨਾਮਿਆਂ/ਆਦੇਸ਼ਾਂ ਦੀ ਝੜੀ ਲੱਗ ਗਈ। ਇਨ੍ਹਾਂ ਹੁਕਮਨਾਮਿਆਂ ਰਾਹੀਂ ਦੂਜੇ ਤਖ਼ਤਾਂ ਦੇ ਸਿੰਘ ਸਾਹਿਬਾਨ ਨੂੰ ਵੀ ਪੰਥ ’ਚ ਛੇਕ ਦਿੱਤਾ ਗਿਆ ਜੋ ਉਨ੍ਹਾਂ ਨਾਲ ਬੈਠ ਕੇ ਹੁਕਮਨਾਮੇ ਜਾਰੀ ਕਰਿਆ ਕਰਦੇ ਸਨ।

ਸਿੱਖ ਪੰਥ ਦੀ ਤ੍ਰੈਸ਼ਤਾਬਦੀ ਵੇਲੇ ਸ਼੍ਰੋਮਣੀ ਕਮੇਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਪਾਕਿਸਤਾਨ ਸਰਕਾਰ ਨੇ 1999 ’ਚ ਵੱਖਰੀ ‘ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਣਾਉਣ ਦਾ ਐਲਾਨ ਕਰ ਦਿੱਤਾ। ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਦਾ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਜਾਵੇਦ ਨਾਸਿਰ ਇਸ ਦਾ ਬਾਨੀ ਪ੍ਰਧਾਨ ਬਣ ਬੈਠਾ। ਤ੍ਰੈਸ਼ਤਾਬਦੀ ਤੋਂ ਬਾਅਦ 31 ਅਗਸਤ 2004 ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਵਸ ਮਨਾਇਆ ਗਿਆ ਤਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਰਾਜ ਪੱਧਰੀ ਸਮਾਗਮ ’ਤੇ ਆਏ ਮੁੱਖ ਮਹਿਮਾਨ ਤਤਕਾਲੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਮਹਿਸੂਸ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਫ਼ਤਿਹ ਬੁਲਾਉਣੀ ਤਾਂ ਦੂਰ, ਇਕ-ਦੂਜੇ ਵੱਲ ਤੱਕਿਆ ਵੀ ਨਹੀਂ ਸੀ। ਅਬਦੁਲ ਕਲਾਮ ਨੇ ਮੰਚ ’ਤੇ ਦੋਨਾਂ ਦੇ ਹੱਥ ਫੜ ਕੇ ਮਿਲਾਏ ਸਨ। ਇਹ ਤਸਵੀਰ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਛਪੀ ਸੀ।

ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦਾ 500 ਸਾਲਾ ਜਨਮ ਦਿਨ ਅੰਮ੍ਰਿਤਸਰ ਦੇ ਨਗਰ ਕੱਥੂਨੰਗਲ ’ਚ ਮਨਾਇਆ ਗਿਆ ਤਾਂ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ , ਦਿਲਜੀਤ ਸਿੰਘ ਬਿੱਟੂ ਤੇ ਗੁਰਜਤਿੰਦਰ ਸਿੰਘ ਮਾਨ ’ਤੇ ਬਾਦਲ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਖ਼ੂਬ ਡਾਂਗਾਂ ਵਰ੍ਹਾਈਆਂ ਸਨ। ਮਾਨ ਦੇ ਬੇਟੇ ਇਮਾਨ ਸਿੰਘ ਮਾਨ ਨੇ ਆਪਣੇ ਪਿਤਾ ਉੱਪਰ ਲੇਟ ਕੇ ਉਨ੍ਹਾਂ ਦਾ ਬਚਾਅ ਕੀਤਾ ਸੀ। ਕਈ ਗੁਰੂਆਂ ਨੂੰ ਗੁਰਗੱਦੀ ’ਤੇ ਬਿਠਾਉਣ ਵਾਲੇ ਬਾਬਾ ਬੁੱਢਾ ਜੀ ਦੀ ਇਸ ਸ਼ਤਾਬਦੀ ਦੀਆਂ ਛਪੀਆਂ ਖ਼ਬਰਾਂ ’ਚ ਝੜਪ ਨੂੰ ਵੱਧ ਥਾਂ ਮਿਲੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ 3 ਜੁਲਾਈ 2006 ਨੂੰ ਮਨਾਈ ਗਈ ਚੌਥੀ ਸ਼ਤਾਬਦੀ ਵੇਲੇ ਹਰਿਮੰਦਰ ਸਾਹਿਬ ਸਥਿਤ ਮੰਜੀ ਸਾਹਿਬ ਵਿਖੇ ਹੋਏ ਮੁੱਖ ਸਮਾਗਮ ’ਚ ਖ਼ੂਨੀ ਝੜਪ ਦੇਖਣ ਨੂੰ ਮਿਲੀ। ਸਿਮਰਨਜੀਤ ਸਿੰਘ ਮਾਨ ਬਿਨਾਂ ਬੁਲਾਏ ਜਦੋਂ ਤਕਰੀਰ ਲਈ ਮਾਇਕ ’ਤੇ ਗਏ ਤਾਂ ਉਨ੍ਹਾਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅੱਗੇ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਹੋਈ ਹਿੰਸਕ ਝੜਪ ’ਚ ਮਾਨ ਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀਆਂ ਦਸਤਾਰਾਂ ਲਹਿ ਗਈਆਂ ਸਨ। ਦੇਸ਼ ਤੇ ਕੌਮ ਖ਼ਾਤਰ ਲਾਸਾਨੀ ਕੁਰਬਾਨੀਆਂ ਕਰਨ ਵਾਲੀ ਸਿੱਖਾਂ ਦੀ ਸ਼੍ਰੋਮਣੀ ਸਿਆਸੀ ਤੇ ਧਾਰਮਿਕ ਪਾਰਟੀ ਅਕਾਲੀ ਦਲ ਦੀ 2020 ’ਚ ਆਈ ਸ਼ਤਾਬਦੀ ਵੀ ਬਸ ਰਗੜਿਆਂ-ਝਗੜਿਆਂ ’ਚ ਹੀ ਬੀਤ ਗਈ ਸੀ।

ਹੁਣ ਮਾਤਾ ਗੁਜਰੀ ਜੀ ਦੀ ਚੌਥੀ ਸ਼ਤਾਬਦੀ ਵੇਲੇ ਵੀ ਆਲਮੀ ਪੱਧਰ ’ਤੇ ਸਮਾਗਮ ਨਹੀਂ ਉਲੀਕੇ ਜਾ ਸਕੇ। ਇਸ ਵੇਲੇ ਅਕਾਲੀ ਦਲ ਲਈ ਸ਼ਾਇਦ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ਨਾਲ ਨੱਥੀ ਤਨਖ਼ਾਹੀਆ ਟੈਗ ਨੂੰ ਹਟਾਉਣਾ ਮੁਸ਼ਕਲ ਜਾਪ ਰਿਹਾ ਹੈ। ਮਾਤਾ ਜੀ ਦੀ ਹਯਾਤੀ ਦਾ ਤਸੱਵਰ ਕਰਦਿਆਂ ਹੀ ਅੱਖਾਂ ’ਚੋਂ ਨੀਰ ਵਹਿ ਤੁਰਦਾ ਹੈ। ਸੰਸਾਰ ਦੀ ਉਹ ਕਿਹੜੀ ਔਰਤ ਹੈ ਜਿਸ ਨੇ ਆਪਣੇ ਪਤੀ ਦਾ ਕਲਮ ਹੋਇਆ ਸੀਸ ਪ੍ਰਾਪਤ ਕਰ ਕੇ ਭੁੱਬਾਂ ਨਾ ਮਾਰੀਆਂ ਹੋਣ। ਮਾਤਾ ਜੀ ਨੇ ਇਸ ਅਣਹੋਣੀ ਘਟਨਾ ਨੂੰ ਵੀ ਰੱਬ ਦਾ ਭਾਣਾ ਮੰਨ ਕੇ ਸੀ ਨਹੀਂ ਸੀ ਉਚਰੀ।

ਨੌਂ ਸਾਲ ਦੀ ਉਮਰ ’ਚ ਜਦੋਂ ਉਨ੍ਹਾਂ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਆਪਣੇ ਗੁਰੂ ਪਿਤਾ ਨੂੰ ਤਿਲਕ-ਜੰਞੂ ਦੀ ਰਾਖੀ ਲਈ ਸੀਸ ਅਰਪਿਤ ਕਰਨ ਲਈ ਕਿਹਾ ਸੀ ਤਾਂ ਮਾਤਾ ਦਾ ਸਿਰ ਉੱਚਾ ਹੋਇਆ ਸੀ। ਜ਼ੁਲਮ ਨੂੰ ਜੜ੍ਹੋਂ ਪੁੱਟਣ ਲਈ ਜਦੋਂ ਉਨ੍ਹਾਂ ਦੇ ਲਾਡਲੇ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ ਤਾਂ ਮਾਤਾ ਕੋਲੋਂ ਚਾਅ ਸੰਭਾਲਿਆ ਨਹੀਂ ਸੀ ਜਾ ਰਿਹਾ।

ਠੰਢੇ ਬੁਰਜ ’ਚ ਤਿੰਨ ਦਿਨ ਮਾਤਾ ਜੀ ਨੇ ਆਪਣੇ ਪੋਤਿਆਂ-ਬਾਬਾ ਫ਼ਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਨੂੰ ਚੜ੍ਹਦੀ ਕਲਾ ਦਾ ਸਬਕ ਪੜ੍ਹਾਇਆ ਤਾਂ ਹੀ ਉਹ ਨੀਹਾਂ ’ਚ ਚਿਣ ਹੋ ਕੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰ ਗਏ। ਸਰਬੰਸਦਾਨੀ ਮਾਤਾ ਦੇ ਸ਼ਤਾਬਦੀ ਵਰ੍ਹੇ ਦੌਰਾਨ ਅਜਿਹੀ ਯਾਦਗਾਰ ਉਸਾਰਨੀ ਚਾਹੀਦੀ ਹੈ ਜਿਸ ਨੂੰ ਵੇਖ ਕੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਮਹਿਸੂਸ ਕਰ ਸਕਣ।