VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦਹਿਸ਼ਤ ਦਾ ‘ਬੁਰਜ ਖ਼ਲੀਫ਼ਾ’ ( ਪੰਜਾਬੀ ਜਾਗਰਣ –– 10th November, 2024)

ਵਰਿੰਦਰ ਵਾਲੀਆ

ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ, ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦਾ ਸੇਵਾ ਮੁਕਤ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਜਾਵੇਦ ਨਾਸਿਰ 87 ਸਾਲ ਦੀ ਅਉਧ ਹੰਢਾ ਕੇ ਲਾਹੌਰ ਦੇ ਕਬਰਿਸਤਾਨ ਵਿਚ ਸਪੁਰਦ-ਏ-ਖ਼ਾਕ ਹੋ ਚੁੱਕਾ ਹੈ। ਦਹਿਸ਼ਤ ਤੇ ਵਹਿਸ਼ਤ ਦਾ ‘ਬੁਰਜ ਖ਼ਲੀਫ਼ਾ’ ਕਹੇ ਜਾਣ ਵਾਲਾ ਜਾਵੇਦ ਪਾਕਿਸਤਾਨ ਦਾ ਪਹਿਲਾ ਦਾੜ੍ਹੀ ਵਾਲਾ ‘ਚਾਰ ਸਿਤਾਰਾ’ ਲੈਫਟੀਨੈਂਟ ਜਨਰਲ ਸੀ ਜਿਸ ਦੀਆਂ ਲਬਾਂ ਮੌਲਵੀਆਂ ਵਾਂਗ ਕੁਤਰੀਆਂ ਹੋਈਆਂ ਸਨ। ਧਰਤੀ ਦਾ ਸਵਰਗ ਕਹੀ ਜਾਣ ਵਾਲੀ ਵਾਦੀ-ਏ-ਕਸ਼ਮੀਰ ਦੇ ਖ਼ੂਨ-ਖ਼ਰਾਬੇ ਲਈ ਜਾਵੇਦ ਹੀ ਜ਼ਿੰਮੇਵਾਰ ਸੀ। ਆਈਐੱਸਆਈ ਦੇ ਮੁਖੀ ਹੁੰਦਿਆਂ ਉਸ ਨੇ ਖ਼ਾਲਿਸਤਾਨ ਦੀ ਲਹਿਰ ਨੂੰ ਵੀ ਹੁਲਾਰਾ ਦਿੱਤਾ ਸੀ। ਸਾਕਾ ਨੀਲਾ ਤਾਰਾ ਤੋਂ ਬਾਅਦ ਸਰਹੱਦ ਪਾਰ ਕਰ ਕੇ ਗਏ ਸਿੱਖ ਨੌਜਵਾਨਾਂ ਨੂੰ ਹਥਿਆਰਬੰਦ ਟਰੇਨਿੰਗ ਦੇਣ ਵਿਚ ਉਸ ਨੇ ਵੱਡਾ ਯੋਗਦਾਨ ਪਾਇਆ। ਉਹ ਆਪਣੀ ਕਲਮ ਨੂੰ ਵੀ ਖ਼ਤਰਨਾਕ ਹਥਿਆਰ ਵਾਂਗ ਚਲਾਉਣ ਦਾ ਮਾਹਿਰ ਸੀ। ਪਾਕਿਸਤਾਨ ਤੇ ਵਿਦੇਸ਼ੀ ਅਖ਼ਬਾਰਾਂ ’ਚ ਉਸ ਨੇ ਸੈਂਕੜੇ ਲੇਖ ਲਿਖ ਕੇ ਕੱਟੜਪੰਥੀ ਮੁਸਲਮਾਨਾਂ ਨੂੰ ‘ਕਾਫ਼ਰਾਂ’ ਖ਼ਿਲਾਫ਼ ਜਹਾਦ ਛੇੜਨ ਲਈ ਪ੍ਰੇਰਦਾ ਸੀ। ਬੋਸਨੀਆ ਦੇ ਮੁਸਲਮਾਨਾਂ ਨੂੰ ਉਸ ਨੇ ਸਮੁੰਦਰੀ ਬੇੜਿਆਂ ਰਾਹੀਂ ਹਥਿਆਰ ਭੇਜੇ ਸਨ। ਇਹ ਮਾਮਲਾ ਕੌਮਾਂਤਰੀ ਪੱਧਰ ’ਤੇ ਉਛਲਿਆ ਸੀ।

ਹਕੂਮਤ ਦੀ ਵਾਗਡੋਰ ਮੀਆਂ ਨਵਾਜ਼ ਸ਼ਰੀਫ਼ ਦੇ ਹੱਥ ਆਈ ਤਾਂ ਉਸ ਨੇ ਜਾਵੇਦ ਨਾਸਿਰ ਨੂੰ ਘਰੋਂ ਬੁਲਾ ਕੇ ਫ਼ੌਜ ਦਾ ਮੁਖੀ ਬਣਨ ਦੀ ਪੇਸ਼ਕਸ਼ ਕੀਤੀ। ਸ਼ਰੀਫ਼ ਤੇ ਜਾਵੇਦ ਤਬਲੀਗੀ ਜਮਾਤ ਨਾਲ ਵਾਬਸਤਾ ਹੋਣ ਕਾਰਨ ਇਕ ਦੂਜੇ ਦੇ ਬੇਹੱਦ ਕਰੀਬੀ ਸਨ। ਜਾਵੇਦ ਨੇ ਨਵਾਜ਼ ਸ਼ਰੀਫ਼ ਦਾ ਸ਼ੁਕਰੀਆ ਅਦਾ ਕਰਦਿਆਂ ਆਰਮੀ ਚੀਫ ਬਣਨ ਦੀ ਪੇਸ਼ਕਸ਼ ਠੁਕਰਾ ਦਿੱਤੀ। ਜਾਵੇਦ ਨੇ ਆਜ਼ਿਜ਼ੀ ਵਿਚ ਕਿਹਾ ਕਿ ਹੁਣ ਉਸ ਨੇ ਆਖ਼ਰਤ (ਪਰਲੋਕ) ਦੀ ਤਿਆਰੀ ਲਈ ਬੰਦਗੀ ਕਰਨੀ ਹੈ। ਦੁਨੀਆ ਦੇ ਕੋਨੇ-ਕੋਨੇ ’ਚ ਤਬਲੀਗੀ ਮਰਕਜ਼ ਸਥਾਪਤ ਕਰ ਕੇ ਉਹ ਮੁਸਲਮਾਨਾਂ ਨੂੰ ਇਕ ਧਾਗੇ ’ਚ ਪਰੋਣ ਦਾ ਇੱਛੁਕ ਸੀ। ‘ਤਬਲੀਗ਼’ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ‘ਖ਼ੁਦਾ ਦਾ ਹੁਕਮ ਪਹੁੰਚਾਉਣਾ’ ਹੈ। ਤਬਲੀਗ਼ੀ, ਸ਼ਰੀਅਤ ਦੇ ਅਸੂਲਾਂ ਦੀ ਜਾਣਕਾਰੀ ਘਰ-ਘਰ ਦਿੰਦੇ ਹਨ। ਧਰਮ ਪਰਿਵਰਤਨ ਤੇ ਸ਼ੁੱਧੀਕਰਨ ਰਾਹੀਂ ਉਹ ਇਸਲਾਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਹਯਾਤੀ ਲਗਾ ਦਿੰਦੇ ਹਨ। ਪਾਕਿਸਤਾਨੀ ਫ਼ੌਜ ਦੇ ਆਲ੍ਹਾ ਅਫ਼ਸਰ ਜਿੱਥੇ ਸੇਵਾ ਮੁਕਤੀ ਤੋਂ ਬਾਅਦ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਬਸਰ ਕਰਦੇ ਹਨ, ਜਾਵੇਦ ਨੇ ਬੇਹੱਦ ਸਾਦਗੀ ਵਾਲਾ ਜੀਵਨ ਬਿਤਾਇਆ।

ਰਿਟਾਇਰਮੈਂਟ ਉਪਰੰਤ ਉਸ ਨੇ ਸਾਥੀ ਫ਼ੌਜੀ ਜਰਨੈਲਾਂ ਵਾਂਗ ਮੁਰੱਬੇ ਅਲਾਟ ਕਰਵਾਉਣ ਤੋਂ ਵੀ ਕੋਰੀ ਨਾਂਹ ਕਰ ਦਿੱਤੀ ਸੀ। ਮਸਜਿਦਾਂ ’ਚ ਉਹ ਦੂਜੇ ਤਬਲੀਗ਼ੀਆਂ ਵਾਂਗ ਦਰੀਆਂ ’ਤੇ ਬੈਠ ਕੇ ਦੀਨ ਦੀ ਬਾਤ ਪਾਉਂਦਾ। ਸੇਵਾ ਮੁਕਤੀ ਵੇਲੇ ਮਿਲੇ ਪੈਸਿਆਂ ’ਚੋਂ ਵੱਡੀ ਰਕਮ ਉਸ ਨੇ ਆਪਣੇ ਦੀਨੀ ਭਾਈਆਂ ਨੂੰ ਜ਼ਕਾਤ ਦੇ ਤੌਰ ’ਤੇ ਦੇ ਦਿੱਤੀ ਸੀ। ਹਰ ਗੱਲ ‘ਲਾ ਇਲਾਹਾ ਇੱਲਲਾਹ ਮੁਹੰਮਦੁਰ ਰਸੂਲੱਲਾਹ’ ਕਲਮਾ ਪੜ੍ਹ ਕੇ ਕਰਦਾ ਸੀ। ਪੱਕਾ ਨਮਾਜ਼ੀ ਹੋਣ ਦੇ ਬਾਵਜੂਦ ਪਾਕਿਸਤਾਨ ਇਵੈਕੁਈ ਪ੍ਰਾਪਰਟੀਜ਼ ਟਰੱਸਟ ਦੇ ਸਦਰ ਹੁੰਦਿਆਂ ਉਸ ਨੇ ਖ਼ਾਲਸਾ ਪੰਥ ਦੀ ਤ੍ਰੈਸ਼ਤਾਬਦੀ ਵੇਲੇ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦਾ ਗਠਨ ਕਰ ਕੇ ਪਾਕਿਸਤਾਨਦੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥ ਲੈ ਲਿਆ ਸੀ।

ਕਿਬਲੇ ਵੱਲ ਮੂੰਹ ਕਰ ਕੇ ਨਮਾਜ਼ ਅਦਾ ਕਰਨ ਵਾਲੇ ਦੀਨਦਾਰ ਨੂੰ ਜਦੋਂ ਪੀਐੱਸਜੀਪੀਸੀ ਦਾ ਬਾਨੀ ਪ੍ਰਧਾਨ ਬਣਾਇਆ ਗਿਆ ਤਾਂ ਸਿੱਖਾਂ ਦੀ ਮੁੱਖਧਾਰਾ ਵਿਚ ਜ਼ਬਰਦਸਤ ਰੋਹ ਉੱਠਿਆ ਸੀ। ਪਾਕਿਸਤਾਨ ਦੇ ਗੁਰਧਾਮਾਂ ਦਾ ਪ੍ਰਬੰਧ ਖੁੱਸ ਜਾਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੱਡਾ ਝਟਕਾ ਸੀ। ਪਾਕਿਸਤਾਨ ਗੁਰਦੁਆਰਾ ਕਮੇਟੀ ਬਣਨ ਦੇ ਰੋਸ ਵਜੋਂ ਸ਼ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਜਥਿਆਂ ’ਤੇ ਰੋਕ ਲਗਾ ਦਿੱਤੀ। ਦੇਸ਼-ਵਿਦੇਸ਼ ’ਚ ਵਸਦੇ ਗਰਮ ਦਲੀ ਸਿੱਖ ਸੰਸਥਾਵਾਂ ਲਈ ਇਹ ‘ਵੱਡੀ ਜਿੱਤ’ ਸੀ। ਉਹ ਜਾਵੇਦ ਨਾਸਿਰ ਦਾ ਕੋਟਿ-ਕੋਟਿ ਧੰਨਵਾਦ ਕਰ ਰਹੇ ਸਨ। ਕਸੀਦੇ ਪੜ੍ਹ ਰਹੇ ਸਨ। ਸੋਹਲੇ ਗਾ ਰਹੇ ਸਨ। ਸ਼ਰੋਮਣੀ ਕਮੇਟੀ ਵੱਲੋਂ ਜਥਿਆਂ ਦੇ ਬਾਈਕਾਟ ਤੋਂ ਬਾਅਦ ਕਈ ਨਾਮ-ਧਰੀਕ ‘ਪੰਥਕ’ ਜਥੇਬੰਦੀਆਂ ਨੇ ਜਥੇ ਭੇਜਣੇ ਸ਼ੁਰੂ ਕਰ ਦਿੱਤੇ।

ਐੱਸਜੀਪੀਸੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਆਈਐੱਸਆਈ ਦਾ ਸਾਬਕਾ ਮੁਖੀ ਜਾਵੇਦ ਨਾਸਿਰ ਪੀਐੱਸਜੀਪੀਸੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਫ਼ਾਰਗ ਨਹੀਂ ਹੋਵੇਗਾ, ਜਥੇ ਨਹੀਂ ਭੇਜੇ ਜਾਣਗੇ। ਆਖ਼ਰ ਪਾਕਿਸਤਾਨ ਦੇ ਹਾਕਮਾਂ ਨੂੰ ਸਮਝ ਆਈ ਤੇ ਉਨ੍ਹਾਂ ਨੇ ਜਾਵੇਦ ਨਾਸਿਰ ਦੀ ਥਾਂ ਉੱਥੋਂ ਦੇ ਇਕ ਸਿੱਖ ਸ਼ਾਮ ਸਿੰਘ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕਰ ਕੇ ਮਸਲਾ ਠੰਢਾ ਕਰ ਲਿਆ। ਜਾਵੇਦ ਨਾਸਿਰ ਦੇ ਗੁਰਦੁਆਰਾ ਕਮੇਟੀ ਪ੍ਰਧਾਨ ਹੁੰਦਿਆਂ ਪਾਕਿਸਤਾਨ ਨੇ ਗੁਰਧਾਮਾਂ ਦੇ ਨਵੀਨੀਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਸਨ। ਲੱਖਾਂ ਰੁਪਏ ਖ਼ਰਚ ਕਰ ਕੇ ਸਚਿੱਤਰ ਰੰਗਦਾਰ ਕਿਤਾਬਚੇ ਛਪਵਾਏ ਗਏ। ਇਸ ਕਿਤਾਬਚੇ ਵਿਚ ਖੰਡਰਾਤ ਹੋ ਰਹੇ ਗੁਰਦੁਆਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਤੇ ਦੂਜੇ ਪਾਸੇ ਨਵੀਨੀਕਰਨ ਤੋਂ ਬਾਅਦ ਦੇ ਗੁਰਧਾਮਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ।

ਇਸ ’ਚ ਨਿਰਮੂਲ ਦੋਸ਼ ਲਗਾਇਆ ਗਿਆ ਸੀ ਕਿ ਦੇਸ਼ ਦੀ ਤਕਸੀਮ ਤੋਂ ਬਾਅਦ ਪਾਕਿਸਤਾਨ ’ਚ ਰਹਿ ਗਏ ਗੁਰਧਾਮਾਂ ਦਾ ਪ੍ਰਬੰਧ ਸ਼ਰੋਮਣੀ ਕਮੇਟੀ ਹਵਾਲੇ ਹੋਣ ਕਾਰਨ ਸਾਰਾ ਚੜ੍ਹਾਵਾ ਭਾਰਤ ਜਾ ਰਿਹਾ ਸੀ ਜਦਕਿ ਇਤਿਹਾਸਕ ਸਿੱਖ ਇਮਾਰਤਾਂ ਖ਼ਸਤਾ ਹੋ ਰਹੀਆਂ ਸਨ। ਕਿਤਾਬਚੇ ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਸਾਰਾ ਚੜ੍ਹਾਵਾ ਸਿੱਖ ਧਰੋਹਰਾਂ ਦੀ ਸ਼ਾਨ ਬਹਾਲ ਕਰਨ ’ਤੇ ਖ਼ਰਚਿਆ ਜਾਣ ਲੱਗਾ ਹੈ। ਇਸ ਤੋਂ ਇਲਾਵਾ ਹਕੂਮਤ-ਏ-ਪਾਕਿਸਤਾਨ ਇਤਿਹਾਸਕ ਸਿੱਖ ਅਸਥਾਨਾਂ ਦੀ ਸਾਂਭ-ਸੰਭਾਲ ਲਈ ਕਰੋੜਾਂ ਰੁਪਏ ਖ਼ਰਚ ਰਹੀ ਹੈ। ਗੁਰਧਾਮਾਂ ਦੇ ਸੁੰਦਰੀਕਰਨ ਤੋਂ ਬਾਅਦ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਤੇ ਸਿੱਖਾਂ ਵੱਲੋਂ ਜਾਵੇਦ ਦੇ ਗੁਣਗਾਣ ਕੀਤੇ ਜਾ ਰਹੇ ਸਨ।

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਵਿਸਾਖੀ ਸਣੇ ਭਾਰਤ ਤੋਂ ਸਾਲ ’ਚ ਚਾਰ ਜਥੇ ਪਾਕਿਸਤਾਨ ਦੇ ਗੁਰਧਾਮਾਂ ਦੀ ਜ਼ਿਆਰਤ ਕਰਨ ਜਾਂਦੇ ਹਨ। ਸਾਬਕਾ ਆਈਐੱਸਆਈ ਮੁਖੀ ਨੇ ਪਾਕਿਸਤਾਨ ਸਰਕਾਰ ਨੂੰ ਜਚਾਇਆ ਸੀ ਕਿ ਇਨ੍ਹਾਂ ਜਥਿਆਂ ’ਚ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਮੁਲਾਜ਼ਮ ਵੀ ਸ਼ਾਮਲ ਹੁੰਦੇ ਹਨ। ਪਾਕਿਸਤਾਨ ਦੇ ਗੁਰਧਾਮਾਂ ਦਾ ਪ੍ਰਬੰਧ ਵੱਖਰੀ ਕਮੇਟੀ ਹੱਥ ਆ ਗਿਆ ਤਾਂ ਇਨ੍ਹਾਂ ’ਤੇ ‘ਰਾਅ’ ਜਾਂ ਇੰਟੈਲੀਜੈਂਸ ਬਿਊਰੋ ਦੀ ਬਜਾਏ ਆਈਐੱਸਆਈ ਦਾ ਬੋਲਬਾਲਾ ਹੋ ਜਾਵੇਗਾ। ਜਾਵੇਦ ਨਾਸਿਰ ਦੀ ਮਨਸ਼ਾ ਦਾ ਖ਼ੁਲਾਸਾ ਉਸ ਵੱਲੋਂ ਪਾਕਿਸਤਾਨ ਦੇ ਮਕਬੂਲ ਅਖ਼ਬਾਰ ਸਮੂਹ ਜੰਗ ਤੇ ਜੀਓ ਟੀਵੀ ਦੇ ਮਾਲਕ ਮੀਰ ਸ਼ਕੀਲ ਉਰ ਰਹਿਮਾਨ ਖ਼ਿਲਾਫ਼ ਅਕਤੂਬਰ 2002 ਵਿਚ ਕੀਤੇ ਕ੍ਰਿਮੀਨਲ ਕੇਸ ਵਿਚ ਹੋਇਆ।

ਜੰਗ ਗਰੁੱਪ ਦੇ ਇੰਗਲਿਸ਼ ਅਖ਼ਬਾਰ ‘ਦਿ ਨਿਊਜ਼’ ਵਿਚ ਖ਼ਬਰ ਛਪੀ ਸੀ ਕਿ ਆਈਐੱਸਆਈ ਦੇ ਮੁਖੀ ਹੁੰਦਿਆਂ ਜਾਵੇਦ ਨਾਸਿਰ ਨੇ ਕਰੋੜਾਂ ਰੁਪਏ ਡਕਾਰ ਲਏ ਤੇ ਉਹ ਵਿਦੇਸ਼ ਭੱਜ ਗਿਆ ਹੈ। ਜਾਵੇਦ ਨੇ ਮਾਣਹਾਨੀ ਦਾ ਕੇਸ ਕਰਨ ਦੀ ਬਜਾਏ ਐਂਟੀ ਟੈਰੇਰਿਸਟ ਕੋਰਟ ਵਿਚ ਮੁਕੱਦਮਾ ਦਰਜ ਕਰਵਾਇਆ। ਇਸ ਕੇਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਸਾਰੀ ਹਯਾਤੀ ਸ਼ੀਸ਼ੇ ਵਾਂਗ ਸਾਫ਼ ਹੈ। ਪਟੀਸ਼ਨ ’ਚ ਉਸ ਨੇ ਮੀਰ ਨੂੰ ਅੱਤਵਾਦੀ ਤੋਂ ਵੀ ਵੱਧ ਖ਼ਤਰਨਾਕ ਗਰਦਾਨਿਆ ਸੀ। ਉਸ ਨੇ ਕਿਹਾ ਕਿ ਗੋਲ਼ੀ ਦਾ ਜ਼ਖ਼ਮ ਭਰ ਜਾਂਦਾ ਹੈ ਪਰ ਕਲਮ ਨਾਲ ਦਿੱਤੇ ਜ਼ਖ਼ਮਾਂ ’ਤੇ ਕਦੇ ਅੰਗੂਰ ਨਹੀਂ ਆਉਂਦਾ। ਆਪਣੀ ਪਟੀਸ਼ਨ ’ਚ ਉਸ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਸ ਨੇ ਸਿੱਖ ਕੌਮ ਦਾ ਦਿਲ ਜਿੱਤ ਕੇ ਆਈਐੱਸਆਈ ਦਾ ਪ੍ਰਭਾਵ ਵਧਾਇਆ ਸੀ। ਪਰ ‘ਦਿ ਨਿਊਜ਼’ ਦੀ ਖ਼ਬਰ ਨੇ ਉਸ ਦਾ ਅਕਸ ਖ਼ਰਾਬ ਕੀਤਾ ਹੈ।

ਲਾਹੌਰ ਵਿਖੇ ਕਸ਼ਮੀਰੀ ਵਾਲਦੈਨ ਘਰ 22 ਦਸੰਬਰ 1936 ਨੂੰ ਜਨਮਿਆ ਜਾਵੇਦ 17 ਅਕਤੂਬਰ 2024 ਨੂੰ ਫ਼ੌਤ ਹੋ ਗਿਆ। ਉਸ ਦੇ ਜਨਾਜ਼ੇ ਵਿਚ ਮੁੱਲਾਂ-ਮੌਲਵੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ‘ਮਰਦ-ਏ-ਮੁਜਾਹਿਦ’ ਕਹੇ ਜਾਣ ਵਾਲੇ ਦੇ ਇੰਤਕਾਲ ਦੀ ਖ਼ਬਰ ‘ਨਵਾਏ ਵਕਤ’ ਤੋਂ ਇਲਾਵਾ ਪਾਕਿ ਦੇ ਕਿਸੇ ਹੋਰ ਅਖ਼ਬਾਰ ਨੇ ਨਾ ਛਾਪੀ। ਜਹਾਦ ਦੀ ਫੈਕਟਰੀ ਚਲਾਉਣ ਵਾਲੇ ਜਾਵੇਦ ਬਾਰੇ ਭਾਰਤ ਦਾ ਮੀਡੀਆ ਵੀ ਸ਼ਾਂਤ ਰਿਹਾ ਜਿਸ ਦੇ ਐਂਕਰ ਪਾਣੀ ਪੀ-ਪੀ ਕੇ ਪਾਕਿਸਤਾਨ ਨੂੰ ਕੋਸਣ ਲਈ ਕੋਈ ਮੌਕਾ ਨਹੀਂ ਖੁੰਝਾਉਂਦੇ।