ਯਾਦ ਆਇਆ ਕੌਮੀ ਸ਼ਾਇਰ ( ਪੰਜਾਬੀ ਜਾਗਰਣ –– 27th October, 2024)
ਵਰਿੰਦਰ ਵਾਲੀਆ
ਸ਼ਤਾਬਦੀ ਹੰਢਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਚੋਣ ਮੈਦਾਨ ਛੱਡ ਕੇ 32 ਸਾਲ ਪੁਰਾਣਾ ਇਤਿਹਾਸ ਦੁਹਰਾਇਆ ਹੈ। ਦਸੰਬਰ 1920 ਨੂੰ ਹੋਂਦ ਵਿੱਚ ਆਏ ਅਕਾਲੀ ਦਲ ਨੇ ਉਂਜ ਦੇਸ਼ ਤੇ ਕੌਮ ਖਾਤਰ ਸ਼ਾਂਤਮਈ ਅੰਦੋਲਨ ਕਰ ਕੇ ਸੁਨਹਿਰੀ ਇਤਿਹਾਸ ਰਚਿਆ ਸੀ। ਅਕਾਲੀਆਂ ਬਾਰੇ ਮਸ਼ਹੂਰ ਸੀ ਕਿ ਉਹ ਸਿਰਾਂ ‘ਤੇ ਕੱਫਣ ਬੰਨ੍ਹ ਕੇ ਘਰਾਂ ‘ਚੋਂ ਨਿਕਲਦੇ ਸਨ। ਮੌਤ ਦੇ ਖ਼ੌਫ਼ ਤੋਂ ਬੇਪਰਵਾਹ ਉਹ ਮੋਰਚਿਆਂ ‘ਚ ਆਖਰੀ ਦਮ ਤੱਕ ਡਟੇ ਰਹਿੰਦੇ। ‘ਅਕਾਲੀ’ ਸ਼ਬਦ ਦਾ ਮੂਲ ਅਕਾਲ ਹੈ, ਜਿਸ ਦੇ ਕੋਸ਼ਗਤ ਅਰਥ ਅਬਿਨਾਸੀ, ਕਾਲਰਹਿਤ ਤੇ ਮੌਤ ਦੇ ਭੈਅ ਤੋਂ ਮੁਕਤ ਹਨ।
ਛਾਤੀਆਂ ‘ਤੇ ਲੱਗੀਆਂ ਗੋਲੀਆਂ ਜਾਂ ਤਲਵਾਰਾਂ ਦੇ ਫੱਟਾਂ ਨੂੰ ਉਹ ਤਗ਼ਮਿਆਂ ਵਾਂਗ ਸਮਝਦੇ। ਅਕਾਲੀ ਸਫ਼ਾ ’ਚ ਅਜਿਹੇ ਜਾਂਬਾਜ਼ਾਂ ਨੂੰ ਸਰਦਾਰ ਤੇ ਪਿੱਠ ‘ਤੇ ਘਾਓ ਲੱਗਣ ਵਾਲਿਆਂ ਨੂੰ ਗ਼ਦਾਰ ਕਿਹਾ ਜਾਂਦਾ। ਸੰਨ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਅਕਾਲੀ ਦਲ ਵੱਲੋਂ ਕੀਤੇ ਗਏ ਬਾਈਕਾਟ ਬਾਰੇ ਕਈ ਤਰ੍ਹਾਂ ਦੀ ਚਰਚਾ ਕੀਤੀ ਜਾਂਦੀ ਹੈ। ਇੱਕ ਵਰਗ ਦਾ ਮੰਨਣਾ ਹੈ ਕਿ ਅਕਾਲੀ ਦਲ ਦਾ ਉਪਰੋਕਤ ਫ਼ੈਸਲਾ ਸਰਹੱਦ ਪਾਰ ਬੈਠੇ ਖਾੜਕੂਆਂ ਦੇ ਦਬਾਅ ਹੇਠ ਲਿਆ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਦਾ ਤਰਕ ਸੀ ਕਿ ਕੇਂਦਰ ਸਰਕਾਰ ਦੇ ਦਮਨਕਾਰੀ ਰਵੱਈਏ ਅਤੇ ਪੰਜਾਬ ਵਿੱਚ ਹੋ ਰਹੇ ਖ਼ੂਨ-ਖ਼ਰਾਬੇ ਕਾਰਨ ਚੋਣਾਂ ਦਾ ਨਿਰਪੱਖ ਹੋਣਾ ਸੰਭਵ ਨਹੀਂ ਸੀ। ਦਹਿਸ਼ਤ ਤੇ ਵਹਿਸ਼ਤ ਦੇ ਸਾਏ ਹੇਠ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਖਾੜਕੂ ਜਥੇਬੰਦੀਆਂ ਨੇ ਧਮਕੀਆਂ ਦਿੱਤੀਆਂ ਸਨ ਕਿ ਜੇ ਕਿਸੇ ਵੋਟਰ ਦੀ ਉਂਗਲ ‘ਤੇ ਸਿਆਹੀ ਦਾ ਨਿਸ਼ਾਨ ਵੇਖਿਆ ਗਿਆ ਤਾਂ ਉਸ ਨੂੰ ਵੱਢ ਦਿੱਤਾ ਜਾਵੇਗਾ। ਇਹ ਬੈਲਟ ਬਨਾਮ ਬੁਲੇਟ ਦਾ ਸਮਾਂ ਸੀ।
ਸਿੱਟੇ ਵਜੋਂ ਪੰਜਾਬ ਵਿੱਚ ਸਭ ਤੋਂ ਘੱਟ ਵੋਟਾਂ ਪੈਣ ਦਾ ਅਨੋਖਾ ਰਿਕਾਰਡ ਬਣਿਆ। ਕੁਝ ਜ਼ਿਲ੍ਹਿਆਂ ‘ਚ 13 ਫੀਸਦ ਵੋਟਾਂ ਹੀ ਪੈ ਸਕੀਆਂ। ਮਾਨਸਾ ਦੇ ਜੋਗਾ ਵਿਧਾਨ ਸਭਾ ਹਲਕੇ ਤੋਂ ਇੰਡੀਅਨ ਪੀਪਲਜ਼ ਫਰੰਟ (ਆਈਪੀਐਫ਼) ਦਾ ਸੁਰਜਨ ਸਿੰਘ ਜੋਗਾ ਮਹਿਜ਼ 394 ਵੋਟਾਂ ਲੈ ਕੇ ਵਿਧਾਇਕ ਚੁਣਿਆ ਗਿਆ ਸੀ। ਉਸਦੇ ਨਿਕਟ ਵਿਰੋਧੀ ਤੇਜਾ ਸਿੰਘ ਨੂੰ ਕੇਵਲ 299 ਵੋਟਾਂ ਹੀ ਹਾਸਲ ਹੋਈਆਂ ਸਨ। ਇਸ ਤੋਂ ਵੱਧ ਵੋਟਾਂ ਤਾਂ ਪੰਚਾਇਤ ਚੋਣਾਂ ‘ਚ ਪੈ ਜਾਂਦੀਆਂ ਹਨ।
ਇਹ ਚੋਣਾਂ ਜਮਹੂਰੀਅਤ ਦੀ ਖਿੱਲੀ ਜਾਂ ਧੱਜੀਆਂ ਉਡਾਉਣ ਵਾਲੀਆਂ ਸਨ।ਪੰਜਾਬੀਆਂ ਦੇ ਇੱਕ ਵਰਗ ਨੇ ਚੋਣਾਂ ਦਾ ਬਾਈਕਾਟ ਕਰਨ ਵਾਲੇ ਅਕਾਲੀ ਨੇਤਾਵਾਂ ਨੂੰ ਪਾਣੀ ਪੀ ਪੀ ਕੇ ਕੋਸਿਆ ਸੀ। ਉਨ੍ਹਾਂ ਦਾ ਤਰਕ ਸੀ ਕਿ ਜੇ ਅਕਾਲੀ ਚੋਣਾਂ ‘ਚ ਖੁੱਲ੍ਹ ਕੇ ਹਿੱਸਾ ਲੈਂਦੇ ਤਾਂ ਬੇਅੰਤ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਨਾ ਬਣਦੀ।
‘ਪੰਜਾਬ ਸਮਝੌਤੇ’ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਬਣੀ ਅਕਾਲੀ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਸੀ। ਅਜਿਹੇ ਵਿਸਫੋਟਕ ਤੇ ਤੇਜ਼ਾਬੀ ਸਿਆਸੀ ਮਾਹੌਲ ‘ਚ ਅਕਾਲੀ ਦਲ ਵੱਲੋਂ ਕੀਤੇ ਗਏ ਚੋਣਾਂ ਦੇ ਬਾਈਕਾਟ ਨੂੰ ਕੁਝ ਹੱੱਦ ਤਕ ਵਾਜਬ ਠਹਿਰਾਇਆ ਜਾ ਸਕਦਾ ਹੈ। ਇਸ ਦੇ ਉਲਟ 13 ਨਵੰਬਰ ਨੂੰ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੀਆਂ ਚਾਰ ਜ਼ਿਮਨੀ ਚੋਣਾਂ ‘ਚ ਹਿੱਸਾ ਨਾ ਲੈਣ ਦੇ ਫ਼ੈਸਲੇ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਇਆ ਜਾ ਸਕਦਾ। ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਤਰਕ ਦਿੱਤਾ ਗਿਆ ਕਿ ‘ਜਰਨੈਲ’ (ਸੁਖਬੀਰ ਸਿੰਘ ਬਾਦਲ, ਪ੍ਰਧਾਨ) ਦੀ ਗ਼ੈਰਹਾਜ਼ਰੀ ‘ਚ ਚੋਣ ਦੰਗਲ ਵਿਚ ਨਹੀਂ ਉਤਰਿਆ ਜਾ ਸਕਦਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਨਖ਼ਾ਼ਹੀਆ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਚੋਣਾਂ ਜਾਂ ਚੋਣ ਪ੍ਰਚਾਰ ਵਿਚ ਹਿੱਸਾ ਨਹੀਂ ਲੈ ਸਕਦੇ ਪਰ ਦੂਜਿਆਂ ‘ਤੇ ਕੋਈ ਰੋਕ-ਟੋਕ ਨਹੀਂ ਹੈ। ਇਸ ਬਿਆਨ ਨੇ ਅਕਾਲੀ ਦਲ ਨੂੰ ਹੋਰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ। ਵਿਰੋਧੀਆਂ ਨੇ ਨਿਸ਼ਾਨਾ ਸਾਧਦਿਆਂ ਤਨਜ਼ ਕੀਤਾ ਕਿ ਅਕਾਲੀ ਦਲ ਮੈਦਾਨ ‘ਚੋਂ ਪਿੱਠ ਦਿਖਾ ਕੇ ਭੱਜ ਗਿਆ ਹੈ।
ਅਕਾਲੀ ਦਲ ਲਈ ਇਹ ਖੁਦਕੁਸ਼ੀ ਕਰਨ ਵਰਗਾ ਫ਼ੈਸਲਾ ਜਾਪਦਾ ਹੈ। ਔਖੇ ਫ਼ੈਸਲੇ ਸੌਖਿਆਂ ਹੀ ਨਹੀਂ ਲਏ ਜਾਂਦੇ। ‘ਕੁਝ ਤੋਂ ਮਜਬੂਰੀਆਂ ਰਹੀ ਹੋਂਗੀ’ ਵਰਗੀ ਸਥਿਤੀ ‘ਚ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਨੂੰ ਅੱਕ ਚੱਬਣਾ ਪਿਆ ਹੈ। ਅਕਾਲੀ ਲੀਡਰਸ਼ਿਪ ਨੇ ਇਹ ਵੀ ਨਾ ਸੋਚਿਆ ਕਿ ਸਿੱਖ ਇਤਿਹਾਸ ‘ਚ ਖੁਦਕੁਸ਼ੀ ਕਰਨ ਨੂੰ ਪਾਪ ਮੰਨਿਆ ਜਾਂਦਾ ਹੈ। ਲੜ ਕੇ ਮਰਨ ਵਾਲਿਆਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ। ਸੰਨ 2015 ਦੇ ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ ਦੇ ਪੰਥਕ ਆਧਾਰ ਨੂੰ ਵੱਡਾ ਖੋਰਾ ਲੱਗਿਆ ਸੀ।
ਇਸ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ‘ਤੇ ਸਿੰਘ ਸਾਹਿਬਾਨ ਨੂੰ ਬੁਲਾਉਣ ਦੇ ਕਦਮ ਨੇ ਵੀ ਅਕਾਲੀ ਦਲ ਦੀ ਸਾਖ਼ ਨੂੰ ਵੱਡਾ ਖੋਰਾ ਲਗਾਇਆ ਸੀ। ਇਸ ਤੋਂ ਬਾਅਦ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਕੱਖੋਂ ਹੌਲਾ ਹੋ ਗਿਆ। ਅੱਜ ਸਥਿਤੀ ਇਹ ਆ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ‘ਘਰ’ ਦੀ ਸੀਟ ਗਿੱਦੜਬਾਹਾ ਤੋਂ ਵੀ ਚੋਣ ਲੜਨ ਤੋਂ ਮੁਨਕਰ ਹੋ ਗਿਆ ਹੈ। ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਭਤੀਜਾ ਮਨਪ੍ਰੀਤ ਬਾਦਲ ਕਈ ਵਾਰ ਜਿੱਤ ਕੇ ਕ੍ਰਮਵਾਰ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਬਣੇ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਗਿੱਦੜਬਾਹਾ ‘ਚ ਚੋਖਾ ਆਧਾਰ ਬਣਾਉਣ ਤੋਂ ਬਾਅਦ ਮਨਪ੍ਰੀਤ ਬਠਿੰਡਾ ਚਲੇ ਗਏ ਸਨ। ਹੁਣ ਉਹ ਭਾਜਪਾ ਦੀ ਟਿਕਟ ‘ਤੇ ਮੁੜ ਗਿੱਦੜਬਾਹਾ ਤੋਂ ਕਿਸਮਤ ਅਜ਼ਮਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਅਕਾਲੀ ਦਲ ‘ਚੋਂ ਆਪ ‘ਚ ਆਏ ਡਿੰਪੀ ਢਿੱਲੋਂ ਨਾਲ ਹੋਵੇਗਾ। ਸੰਨ 1995 ਤੋਂ ਬਾਅਦ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿਚ ਉਮੀਦਵਾਰ ਸਿਰ-ਧੜ ਦੀ ਬਾਜ਼ੀ ਲਗਾ ਰਹੇ ਹਨ। ਸੰਨ 1995 ‘ਚ ਗਿੱਦੜਬਾਹਾ ਨੇ ਅਕਾਲੀ ਦਲ ਦੀ ਮੁੜ-ਸੁਰਜੀਤੀ ਦਾ ਆਗਾਜ਼ ਕੀਤਾ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਵਾ ਕੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਾਈ ਸੀ। ਇਸ ਨਾਲ ਅਕਾਲੀ ਦਲ ‘ਚ ‘ਭਾਈ-ਭਤੀਜਾਵਾਦ’ ਨੂੰ ਅਰਥ ਮਿਲੇ ਸਨ। ਮਨਪ੍ਰੀਤ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਅਕਾਲੀ ਦਲ ਦੀ ਟਿਕਟ ‘ਤੇ ਲੋਕ ਸਭਾ ਮੈਂਬਰ ਚੁਣੇ ਗਏ ਸਨ। ਦਾਸ ਤੇ ਪਾਸ਼ (ਗੁਰਦਾਸ ਬਾਦਲ ਤੇ ਪ੍ਰਕਾਸ਼ ਬਾਦਲ) ਨੂੰ ਹਲਕੇ ‘ਚ ਰਾਮ-ਲਛਮਣ ਦੀ ਜੋੜੀ ਕਰਕੇ ਜਾਣਿਆ ਜਾਂਦਾ ਸੀ। ਇਸ ਤੋਂ ਬਾਅਦ ਦੂਜੇ ਟਕਸਾਲੀ ਆਗੂਆਂ ਨੂੰ ਪਰਿਵਾਰਵਾਦ ਵਧਾਉਣ ਦਾ ਸੁਨਹਿਰੀ ਅਵਸਰ ਮਿਲਿਆ ਸੀ।
ਜਵਾਈ, ਭਾਈ, ਨੂੰਹਾਂ-ਧੀਆਂ ਤੇ ਪੁੱਤਰਾਂ ਦਾ ਅਕਾਲੀ ਦਲ ‘ਚ ਬੋਲਬਾਲਾ ਹੋ ਗਿਆ। ਸਰਬੰਸ ਦਾਨੀ ਦੇ ਵਾਰਿਸ ਅਖਵਾਉਣ ਵਾਲੇ ਸ਼ੀਰਣੀਆਂ ਮੁੜ-ਮੁੜ ਆਪਣਿਆਂ ਨੂੰ ਵੰਡਣ ਲੱਗ ਪਏ। ਪੰਥਕ ਕਾਰਕੁਨਾਂ ਦੇ ਹਿੱਸੇ ਦਰੀਆਂ ਵਿਛਾਉਣ ਦਾ ਕਾਰਜ ਆਇਆ। ਚੰਦ ਪਰਿਵਾਰਾਂ ਨੇ ‘ਪੰਥ’ ‘ਤੇ ਕੁੰਡਲੀ ਮਾਰ ਲਈ ਸੀ। ਅਜਿਹਾ ਨਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਹੀ ‘ਘਰ’ ਤੋਂ ਪਿੱਠ ਦਿਖਾ ਕੇ ਭੱਜਣਾ ਨਾ ਪੈਂਦਾ।
ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਜ਼ਰੂਰ ਖੁੱਲ੍ਹ ਜਾਂਦੀਆਂ। ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਤਰਸਯੋਗ ਹਾਲਤ ਲਈ ‘ਫਸਲੀ ਬਟੇਰੇ’ ਵੀ ਜ਼ਿੰਮੇਵਾਰ ਹਨ, ਜੋ ਪੱਕੀ ਫਸਲ ਚੁਗ ਕੇ ਦੂਜਿਆਂ ਦੀ ਛੱਤਰੀ ‘ਤੇ ਬੈਠ ਗਏ ਲੱਗਦੇ ਹਨ। ਸੁਧਾਰ ਦਾ ਨਾਅਰਾ ਮਾਰਨ ਵਾਲੇ ਜੇ ਆਪਣੀ ਪੀੜ੍ਹੀ ਹੇਠ ਵੀ ਸੋਟਾ ਮਾਰ ਲੈਣ ਤਾਂ ਸਥਿਤੀ ਸੁਧਰਨ ਦੀ ਆਸ ਕੀਤੀ ਜਾ ਸਕਦੀ ਹੈ। ਚੋਣ ਮੈਦਾਨ ‘ਚੋਂ ਕਿਨਾਰਾ ਕਰਨ ਤੋਂ ਬਾਅਦ ਸ਼ਾਹ ਮੁਹੰਮਦ ਰਹਿ ਰਹਿ ਕੇ ਯਾਦ ਆਉਂਦਾ ਹੈ।
ਮੁਸਲਮਾਨ ਹੋਣ ਦੇ ਬਾਵਜੂਦ ਉਸਨੂੰ ਪੰਜਾਬੀਆਂ ਦੇ ਕੌਮੀ ਸ਼ਾਇਰ ਹੋਣ ਦਾ ਮਾਣ ਪ੍ਰਾਪਤ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਹੋਈ ਖ਼ਾਨਾਜੰਗੀ ਤੇ ਬੁਰਛਾਗਰਦੀ ਨੂੰ ਬੇਹੱਦ ਕਰੁਣਾਮਈ ਸ਼ਬਦਾਵਲੀ ‘ਚ ਚਿਤਰਿਆ ਹੈ। ਐਂਗਲੋ-ਸਿੱਖ ਲੜਾਈਆਂ ‘ਚ ਫੇਰੂ ਸ਼ਹਿਰ (ਫਿਰੋਜ਼ਸ਼ਾਹ) ਵਿਖੇ ਹੋਈ ਲਹੂ-ਵੀਹਵੀ ਜੰਗ ਦਾ ਮਾਰਮਿਕ ਵਰਨਣ ਪਾਠਕਾਂ ਦੇ ਦਿਲਾਂ ਨੂੰ ਝੰਜੋੜਦਾ ਹੈ।
ਡੋਗਰੇ ਕਮਾਂਡਰ ਲਾਲ ਸਿੰਘ ਤੇ ਤੇਜਾ ਸਿੰਘ ਈਸਟ ਇੰਡੀਆ ਕੰਪਨੀ ਨਾਲ ਮਿਲ ਕੇ ਰਣ-ਤੱਤੇ ‘ਚੋਂ ਭੱਜ ਗਏ ਸਨ। ਡੋਗਰੇ ਕਮਾਂਡਰਾਂ ਦੀ ਗ਼ਦਾਰੀ ਦੇ ਬਾਵਜੂਦ ਸਿੱਖ ਸੈਨਾ ਨੇ ਫ਼ਤਿਹ ਹਾਸਿਲ ਕੀਤੀ ਪਰ ਜਿੱਤ ਦਾ ਬਿਗਲ ਵਜਾਉਣ ਵਾਲੇ ਕਮਾਂਡਰ ਤਾਂ ਸਤਲੁਜ ਦਾ ਪੁਲ ਤੋੜ ਕੇ ਗੋਰਿਆਂ ਨਾਲ ਮਿਲ ਗਏ ਸਨ।
ਫ਼ਰੀਦਕੋਟ ਦੇ ਡੋਗਰੇ ਰਾਜਾ ਪਹਾੜ ਸਿੰਘ ਨੇ ਅੰਗਰੇਜ਼ਾਂ ਨੂੰ ਇਤਲਾਹ ਦਿੱਤੀ ਕਿ ਸਿੰਘ ਤਾਂ ਮੈਦਾਨ-ਏ-ਜੰਗ ਖਾਲੀ ਕਰ ਕੇ ਜਾ ਚੁੱਕੇ ਹਨ। ਕਮਾਂਡਰਾਂ (ਜਰਨੈਲਾਂ) ਦੀ ਗ਼ੈਰ-ਹਾਜ਼ਰੀ (ਗ਼ਦਾਰੀ) ਕਾਰਨ ਜਿੱਤੀ ਬਾਜ਼ੀ ਹਾਰ ਕੇ ਵੀ ਸਿੱਖ ਫ਼ੌਜੀਆਂ ਨੇ ਸੁਨਹਿਰੀ ਇਤਿਹਾਸ ਲਿਖ ਦਿੱਤਾ ਸੀ। ਤਵਾਰੀਖ਼ ਗਵਾਹ ਹੈ ਕਿ ਖ਼ਾਨਾਜੰਗੀ ਕਿਸੇ ਵੀ ਖ਼ਾਨਦਾਨ/ਜਮਾਤ ਦਾ ਖ਼ਾਨਾ ਖ਼ਰਾਬ ਕਰ ਦਿੰਦੀ ਹੈ। ਮੰਝਧਾਰ ‘ਚੋਂ ਕੱਢਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਆਸ ਦੀ ਕਿਰਨ ਹੋ ਸਕਦਾ ਹੈ।