ਕਿਤੇ ਅੱਖਾਂ ਛਲਕ ਨਾ ਪੈਣ ! ( ਪੰਜਾਬੀ ਜਾਗਰਣ –– 20th October, 2024)
ਵਰਿੰਦਰ ਵਾਲੀਆ
‘‘ਹੁਣ ਦੇਸ਼ ਦਾ ਕਾਨੂੰਨ ‘ਅੰਧਾ’ (ਅੰਨ੍ਹਾ) ਨਹੀਂ ਰਿਹਾ-ਨਿਆਂ ਦੀ ਦੇਵੀ ਦੀਆਂ ਅੱਖਾਂ ਤੋਂ ਪੱਟੀ ਹਟੀ। ਸੁਪਰੀਮ ਕੋਰਟ ਵਿਚ ਜੱਜਾਂ ਦੀ ਲਾਇਬ੍ਰੇਰੀ ਵਿਚ ਲੱਗੀ ਨਿਆਂ ਦੀ ਦੇਵੀ ਦੇ ਇਕ ਹੱਥ ਤਰਾਜ਼ੂ ਤੇ ਦੂਸਰੇ ਵਿਚ ਤਲਵਾਰ ਦੀ ਥਾਂ ਭਾਰਤੀ ਸੰਵਿਧਾਨ।’’ ਸੁਰਖੀਆਂ ਬਣੀ ਇਸ ਖ਼ਬਰ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਸੇਵਾ ਮੁਕਤੀ ਤੋਂ ਪਹਿਲਾਂ ਸਿਖਰਲੀ ਅਦਾਲਤ ਦੇ ਮੁੱਖ ਜੱਜ ਡੀਵਾਈ ਚੰਦਰਚੂੜ ਨੇ ਦੇਸ਼ ਦੀ ਕਾਨੂੰਨ-ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਲਈ ਇਹ ਕਦਮ ਚੁੱਕਿਆ ਹੈ।
ਆਦਿਕਾਲ ਤੋਂ ਪੀੜਤ ਇਨਸਾਫ਼ ਲੈਣ ਖ਼ਾਤਰ ਅਦਾਲਤਾਂ ਦੇ ਚੱਕਰ ਕੱਟਦੇ ਆਏ ਹਨ। ਅੰਤਾਂ ਦੀ ਖੱਜਲ-ਖੁਆਰੀ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੂੰ ਅਦਾਲਤਾਂ ’ਚੋਂ ਇਨਸਾਫ਼ ਨਹੀਂ ਮਿਲਦਾ ਤਾਂ ਉਹ ਨਿਆਂ ਦੀ ਦੇਵੀ ਦੀਆਂ ਅੱਖਾਂ ’ਤੇ ਬੰਨ੍ਹੀ ਸਿਆਹ ਪੱਟੀ ਨੂੰ ਦੋਸ਼ ਦਿੰਦੇ ਆਏ ਹਨ। ਹੇਠਲੀ ਅਦਾਲਤ ਵਿਚ ਇਨਸਾਫ਼ ਨਹੀਂ ਮਿਲਦਾ ਤਾਂ ਉਹ ‘ਉੱਪਰਲੀ ਅਦਾਲਤ’ (ਰੱਬ) ’ਤੇ ਟੇਕ ਰੱਖਦੇ ਹਨ। ਮੁਨਸਫ਼ਾਂ, ਜੱਜਾਂ, ਆਦਿਲ, ਅਦਲੀ, ਮੁਫ਼ਤੀ, ਨਿਆਂਕਾਰ ਅਤੇ ਜੱਜਾਂ ’ਤੇ ਪੱਖਪਾਤੀ ਹੋਣ ਦੇ ਦੋਸ਼ ਵੀ ਪ੍ਰਾਚੀਨ ਕਾਲ ਤੋਂ ਹੀ ਲੱਗਦੇ ਆਏ ਹਨ। ਇਤਿਹਾਸ ਤੇ ਮਿਥਿਹਾਸ ਵਿਚ ਅਜਿਹੀਆਂ ਅਣਗਿਣਤ ਉਦਾਹਰਨਾਂ ਹਨ।

ਭਾਈ ਗੁਰਦਾਸ ਜੀ ਦੀ ਇਕ ਵਾਰ ਵਿਚ ਮੁਨਸਫ਼ਾਂ ਦੇ ਰਿਸ਼ਵਤਖੋਰ ਹੋਣ ਦਾ ਹਵਾਲਾ ਮਿਲਦਾ ਹੈ, ‘‘ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹਕ ਗਵਾਈ।’’ ਰਾਹਤ ਇੰਦੌਰੀ ਦਾ ਸ਼ਿਅਰ ਹੈ, ‘‘ਇਨਸਾਫ਼ ਜ਼ਾਲਿਮੋਂ ਕੀ ਹਿਮਾਇਤ ਮੇਂ ਜਾਏਗਾ, ਯੇ ਹਾਲ ਹੈ ਤੋ ਕੌਨ ਅਦਾਲਤ ਜਾਏਗਾ?’’ ਅਜਿਹੀਆਂ ਅਣਗਿਣਤ ਉਦਾਹਰਨਾਂ ਹਨ ਜਦੋਂ ਪੀੜਤ ਦੇ ਮਰ-ਮੁੱਕ ਜਾਣ ਤੋਂ ਬਾਅਦ ਫ਼ੈਸਲੇ ਆਉਂਦੇ ਹਨ। ਸੁਰਜੀਤ ਪਾਤਰ ਦੀਆਂ ਰਚਨਾਵਾਂ ਵਿਚ ਅਜਿਹੀ ਬੇਇਨਸਾਫ਼ੀ ਦਾ ਜ਼ਿਕਰ ਮਿਲਦਾ ਹੈ, ‘‘ਏਨਾ ਉੱਚਾ ਤਖ਼ਤ ਸੀ ਅਦਲੀ ਰਾਜੇ ਦਾ/ਮਜ਼ਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ।’’...‘‘ਇਸ ਅਦਾਲਤ ਵਿਚ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ/ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ।’’
ਅਕਸਰ ਕਿਹਾ ਜਾਂਦਾ ਹੈ ਕਿ ਇਨਸਾਫ਼ ’ਚ ਦੇਰੀ ਇਨਸਾਫ਼ ਨਾ ਦੇਣ ਦੇ ਤੁੱਲ ਹੈ। ਰੋਮਨ ਤੇ ਯੂਨਾਨ ’ਚ ਆਦਿਕਾਲ ਤੋਂ ਅੱਖਾਂ ’ਤੇ ਕਾਲੀ ਪੱਟੀ ਬੰਨ੍ਹੀ ਪ੍ਰਤਿਮਾ, ਜਿਸ ਦੇ ਇਕ ਹੱਥ ਤਰਾਜ਼ੂ ਤੇ ਦੂਜੇ ਵਿਚ ਤਲਵਾਰ ਹੈ, ਇਨਸਾਫ਼ ਦੇ ਪ੍ਰਤੀਕ ਵਜੋਂ ਮੰਨੀ ਜਾਂਦੀ ਰਹੀ ਹੈ। ਅੱਖਾਂ ’ਤੇ ਕਾਲੀ ਪੱਟੀ ਦਾ ਅਰਥ ਇਹ ਸੀ ਕਿ ਇਨਸਾਫ਼ ਦੀ ਦੇਵੀ ਅੱਖਾਂ ਮੁੰਦ ਕੇ ਇਨਸਾਫ਼ ਕਰਦੀ ਹੈ। ਭਾਵ, ਉਹ ਕਿਸੇ ਵੱਡੇ, ਛੋਟੇ ਤੇ ਅਮੀਰ-ਗ਼ਰੀਬ ਨੂੰ ਬਰਾਬਰ ਸਮਝ ਕੇ ਫ਼ੈਸਲਾ ਕਰਦੀ ਹੈ। ਦੋਨਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਨਿਰਪੱਖਤਾ ਨਾਲ ਸੁਣਿਆ ਜਾਂਦਾ। ਜਿਸ ਦੀ ਦਲੀਲ ’ਚ ਵਜ਼ਨ ਹੁੰਦਾ, ਉਸ ਦੇ ਹੱਕ ’ਚ ਫ਼ੈਸਲਾ ਸੁਣਾਇਆ ਜਾਂਦਾ ਸੀ। ਦੂਜੇ ਹੱਥ ’ਚ ਤਲਵਾਰ ਦਾ ਮਤਲਬ ਅਥਾਰਟੀ ਹੁੰਦਾ।
ਇਹ ਵੱਖਰੀ ਗੱਲ ਹੈ ਕਿ ਸਦੀਆਂ ਤੱਕ ‘ਨਿਆਂ ਦੀ ਦੇਵੀ’ ਦੀ ਪ੍ਰਤੀਨਿਧਤਾ ਕਰਨ ਵਾਲੀ ਇਕ ਵੀ ਮਹਿਲਾ ਜੱਜ ਨਹੀਂ ਸੀ ਬਣੀ। ਵੀਹਵੀਂ ਤੇ ਇੱਕੀਵੀਂ ਸਦੀ ’ਚ ਔਰਤਾਂ ਨੂੰ ਭਾਵੇਂ ਜੱਜ ਬਣਨ ਦਾ ਮਾਣ ਜ਼ਰੂਰ ਹਾਸਲ ਹੋਇਆ ਪਰ ਮਰਦਾਂ ਦੇ ਮੁਕਾਬਲੇ ਅਜੇ ਵੀ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਪੱਛਮੀ ਦੇਸ਼ਾਂ ਵਿਚ ਇਨਸਾਫ਼ ਦੇਣ ਲਈ ਢੁੱਕਵੀਂ ਪ੍ਰਣਾਲੀ ਬਣਾਉਣ ਦਾ ਢੌਂਗ ਰਚਾਉਣ ਦੇ ਬਾਵਜੂਦ ਲੋਕਾਂ ਨਾਲ ਸਰਾਸਰ ਧੱਕਾ ਹੁੰਦਾ ਰਿਹਾ। ਸੱਤਾ ਤੇ ਸੱਚ ਦਰਮਿਆਨ ਖ਼ੂਬ ਖੜਕਦੀ ਰਹੀ। ਇਸ ਦੀ ਪੁਖਤਾ ਉਦਾਹਰਨ ਇਟਲੀ ਦੇ ਮਹਾਨ ਖਗੋਲ ਤੇ ਭੌਤਿਕ ਵਿਗਿਆਨੀ ਗੈਲੀਲੀਓ ਗੈਲਿਲੀ (15 ਜਨਵਰੀ 1564-8 ਜਨਵਰੀ 1642) ਦੀ ਹੈ ਜਿਸ ਨੂੰ ਉਸ ਦੀ ਮੌਤ ਦੇ 300 ਸਾਲਾਂ ਬਾਅਦ ਕੈਥੋਲਿਕ ਚਰਚ ਨੇ ਨਿਰਦੋਸ਼ ਗਰਦਾਨਿਆ ਸੀ।
ਦੂਰਬੀਨ ਦੀ ਖੋਜ ਕਰਨ ਵਾਲੇ ਗੈਲੀਲੀਓ ਨੇ ਇਕ ਸਦੀ ਪਹਿਲਾਂ ਪੈਦਾ ਹੋਏ ਖਗੋਲ ਵਿਗਿਆਨੀ ਨਿਕੋਲਸ ਕਾਪਰਨਿਕਸ ਦੇ ਸਿਧਾਂਤ ਦੀ ਤਾਈਦ ਕੀਤੀ ਸੀ ਕਿ ਬ੍ਰਹਿਮੰਡ ਦੇ ਕੇਂਦਰ ਵਿਚ ਧਰਤੀ ਦੀ ਬਜਾਏ ਸੂਰਜ ਹੈ। ਦੋਵੇਂ ਖਗੋਲ ਵਿਗਿਆਨੀਆਂ ਦਾ ਮੰਨਣਾ ਸੀ ਕਿ ਧਰਤੀ ਤੇ ਹੋਰ ਉਪਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ। ਇਹ ਖੋਜ ਬਾਈਬਲ ਦੇ ਤੱਥਾਂ ਨੂੰ ਝੁਠਲਾਉਂਦੀ ਸੀ ਜਿਸ ’ਚ ਲਿਖਿਆ ਸੀ ਕਿ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ। ਇਨ੍ਹਾਂ ਵਿਗਿਆਨੀਆਂ ਨੇ ਅਰਸਤੂ ਦੀ ਖੋਜ ਨੂੰ ਵੀ ਰੱਦ ਕੀਤਾ ਸੀ ਜਿਸ ਨੇ ਲਿਖਿਆ ਸੀ ਕਿ ਸੂਰਜ ਧਰਤੀ ਦੀ ਪਰਿਕਰਮਾ ਕਰਦਾ ਹੈ। ਚਰਚ ਨਾਲ ਮੱਥਾ ਲਾਉਣ ਲਈ ਗੈਲੀਲੀਓ ਨੂੰ ਤਾਉਮਰ ਘਰ ’ਚ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਗਈ। ਸਮੇਂ ਦੇ ਮੁਨਸਫ਼ਾਂ ਨੇ ਉਸ ਨੂੰ ਈਸ਼ਨਿੰਦਾ ਦਾ ਦੋਸ਼ੀ ਪਾਇਆ ਸੀ।
ਸਜ਼ਾ ਤੋਂ ਬਚਣ ਲਈ ਉਸ ਨੂੰ ਮਾਫ਼ੀ ਮੰਗਣ ਲਈ ਕਿਹਾ ਗਿਆ। ਗੈਲੀਲੀਓ ਨੇ ਮਨ੍ਹਾ ਕਰ ਦਿੱਤਾ। ਸੋਲਵੀਂ ਸਦੀ ’ਚ ਗੈਲੀਲੀਓ ਨਜ਼ਰਬੰਦੀ ਦੌਰਾਨ ਰੱਬ ਨੂੰ ਪਿਆਰਾ ਹੋ ਗਿਆ। ਇਸ ਦੇ ਤਿੰਨ ਸੌ ਸਾਲਾਂ ਬਾਅਦ 1992 ’ਚ ਸਮੇਂ ਦੇ ਪੋਪ ਨੇ ਉਸ ਨੂੰ ਨਿਰਦੋਸ਼ ਐਲਾਨਿਆ। ਉਸ ਨੂੰ ਵਿਗਿਆਨ ਦੇ ਸੰਤ ਹੋਣ ਦਾ ਮਾਣ ਮਿਲਿਆ। ਗੈਲੀਲੀਓ ਨੂੰ ਦੋਸ਼ੀ ਤੇ ਫਿਰ ਨਿਰਦੋਸ਼ ਹੋਣ ਦੇ ਫ਼ੈਸਲਿਆਂ ਵੇਲੇ ਵੀ ਨਿਆਂ ਦੀ ਪ੍ਰਤਿਮਾ ਦੀਆਂ ਅੱਖਾਂ ’ਤੇ ਕਾਲੀ ਪੱਟੀ ਬੰਨ੍ਹੀ ਹੋਈ ਸੀ। ਇਸੇ ਤਰ੍ਹਾਂ ਆਦਿਲਾਂ/ਮੁਫ਼ਤੀਆਂ ਵੱਲੋਂ ਸੂਫ਼ੀ ਸੰਤ ਮਨਸੂਰ ਨੂੰ ਅਨਲਹੱਕ (ਮੈਂ ਖ਼ੁਦਾ ਹਾਂ) ਦਾ ਨਾਅਰਾ ਲਾਉਣ ਕਰਕੇ ਸਜ਼ਾ-ਏ-ਮੌਤ ਹੋਈ ਸੀ।
ਈਸਾ ਮਸੀਹ ਦੀ ਆਮਦ ਤੋਂ ਪਹਿਲਾਂ ਯੂਨਾਨ ਦੇ ਮਹਾਨ ਦਾਰਸ਼ਨਿਕ ਸੁਕਰਾਤ (469 ਈਸਵੀ ਪੂਰਵ-399 ਈਸਵੀ ਪੂਰਵ) ਨਾਲ ਕਿਹੜੀ ਘੱਟ ਬੀਤੀ ਸੀ। ਸੁਕਰਾਤ ਦਾ ਕਸੂਰ ਬਸ ਇੰਨਾ ਸੀ ਕਿ ਉਹ ਲੀਕ ਤੋਂ ਹਟ ਕੇ ਸੋਚਦਾ ਸੀ। ਤਰਕ ਉਸ ਦਾ ਗਹਿਣਾ ਸੀ। ਉਸ ਨੇ ਡਟ ਕੇ ਯੂਨਾਨੀ ਦੇਵੀ/ਦੇਵਤਿਆਂ ਖ਼ਿਲਾਫ਼ ਭੜਾਸ ਕੱਢੀ। ਅੰਧ ਭਗਤਾਂ ਤੇ ਸੱਤਾਧਾਰੀਆਂ ਨੂੰ ਪਾਣੀ ਪੀ-ਪੀ ਕੇ ਕੋਸਿਆ। ਸੁਕਰਾਤ ਕਹਿੰਦਾ ਕਿ ਮਿਥਿਹਾਸਕ ਦੇਵੀ/ਦੇਵਤਿਆਂ ਦੇ ਨਾਂ ’ਤੇ ਸਮੇਂ ਦੇ ਹਾਕਮ ਅਵਾਮ ਦਾ ਸ਼ੋਸ਼ਣ ਕਰ ਰਹੇ ਹਨ। ਹਾਕਮਾਂ ਨੇ 501 ਜੱਜਾਂ ਦਾ ਵੱਡਾ ਬੈਂਚ ਬਣਾਇਆ। ਸੁਕਰਾਤ ਦੇ ਹੱਕ ’ਚ 220 ਤੇ ਵਿਰੋਧ ’ਚ 220 ਜੱਜ ਭੁਗਤੇ। ਫ਼ੈਸਲੇ ਅਨੁਸਾਰ ਸੁਕਰਾਤ ਨੂੰ ਏਥਨਜ਼ ਛੱਡ ਕੇ ਜਾਣ ਜਾਂ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਕਿਹਾ ਗਿਆ। ਸੁਕਰਾਤ ਆਪਣੇ ਤਰਕ ’ਤੇ ਅਡਿੱਗ ਸੀ। ਆਖ਼ਰ ਉਸ ਨੂੰ ਜ਼ਹਿਰ ਦਾ ਪਿਆਲਾ ਪਿਆ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਸੁਣਾਈ ਗਈ। ਸੁਕਰਾਤ ਨੇ ਮੁਸਕਰਾ ਕੇ ਕਿਹਾ, ‘‘ਮੈਂ ਜਾਹਲਾਂ ਕੋਲੋਂ ਜਿੰਦ ਦੀ ਭੀਖ ਨਹੀਂ ਮੰਗ ਸਕਦਾ। ਉਹ ਮੈਨੂੰ ਸਰੀਰਕ ਤੌਰ ’ਤੇ ਤਾਂ ਮਾਰ ਸਕਦੇ ਹਨ ਪਰ ਮੇਰੀ ਸੋਚ ਨੂੰ ਨਹੀਂ।’’ ਇਹ ਫ਼ੈਸਲਾ ਸੁਣਾਉਂਦਿਆਂ ਵੀ ‘ਨਿਆਂ ਮੂਰਤੀ’ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਸੀ।
ਏਸ਼ੀਅਨ ਦੇਸ਼ਾਂ ਵਿਚ ਵੀ ਮੁਫ਼ਤੀਆਂ, ਮੌਲਵੀਆਂ ਤੇ ਸਰਬਰਾਹਾਂ ਨੇ ਘੱਟ ਨਹੀਂ ਗੁਜ਼ਾਰੀ। ਈਸ਼ਨਿੰਦਾ ਦੇ ਨਾਂ ’ਤੇ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਆਦਿ ’ਚ ਅਣਗਿਣਤ ਫ਼ਤਵੇ ਜਾਰੀ ਹੋਏ ਹਨ। ਪਾਕਿਸਤਾਨ ਦਾ ਨਾਂ ਇਸ ਫ਼ਰਹਿਸਤ ’ਚ ਸਭ ਤੋਂ ਉੱਪਰ ਹੈ। ਆਜ਼ਾਦੀ ਤੋਂ ਪਹਿਲਾਂ ਸਿੱਖ ਧਰਮ ਦੇ ਤਖ਼ਤ ਤੇ ਗੁਰਧਾਮ ਵੀ ਗੋਰਿਆਂ ਦੇ ਥਾਪੇ ਸਰਬਰਾਹਾਂ ਦੇ ਹਵਾਲੇ ਸਨ। ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਕਾਂਡ ਪਿੱਛੋਂ ਅਕਾਲ ਬੁੰਗਾ (ਅਕਾਲ ਤਖ਼ਤ) ਦੇ ਸਰਬਰਾਹ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਤਖ਼ਤ ’ਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਸੀ। ਅੰਗਰੇਜ਼ਾਂ ਦੇ ਹੱਥਠੋਕੇ ਪੁਜਾਰੀਆਂ ਨੇ ਤਾਂ ਬਜਬਜਘਾਟ ’ਤੇ ਸ਼ਹੀਦ ਹੋਣ ਵਾਲਿਆਂ ਨੂੰ ਵੀ ਸਿੱਖ ਮੰਨਣ ਤੋਂ ਇਨਕਾਰ ਕਰਦਿਆਂ ‘ਹੁਕਮਨਾਮਾ’ ਜਾਰੀ ਕੀਤਾ ਸੀ।
ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਜਦੋਂ ਤਖ਼ਤਾਂ ਤੇ ਗੁਰਧਾਮਾਂ ਦਾ ਪ੍ਰਬੰਧ ਅਕਾਲੀ ਸੁਰ ਵਾਲਿਆਂ ਦੇ ਹੱਥ ਆਇਆ ਤਾਂ ਉਕਤ ‘ਹੁਕਮਨਾਮਾ’ ਵਾਪਸ ਲੈ ਲਿਆ ਗਿਆ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮੇਂ ਤੋਂ ਪਹਿਲਾਂ ਫਾਂਸੀ ਦੇ ਤਖ਼ਤੇ ’ਤੇ ਲਟਕਾਉਣ ਤੇ ਉਨ੍ਹਾਂ ਦਾ ਹੜਬੜਾਹਟ ’ਚ ਸਤਲੁਜ ਕਿਨਾਰੇ ਸਸਕਾਰ ਕਰਨ ਵੇਲੇ ਵੀ ਨਿਆਂ ਦੀ ਮੂਰਤੀ ਹਰ ਅਦਾਲਤ ’ਚ ਮੂਕ ਦਰਸ਼ਕ ਬਣ ਕੇ ਖੜ੍ਹੀ ਸੀ। ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਬਣਦੀ ਸਜ਼ਾ ਨਾ ਮਿਲਣੀ ਜਾਂ ਰਾਮ ਰਹੀਮ ਵਰਗਿਆਂ ਨੂੰ ਵਾਰ-ਵਾਰ ਫਰਲੋ ਮਿਲ ਜਾਣ ਵੇਲੇ ਵੀ ਨਿਆਂ ਦੀ ਦੇਵੀ ਹਾਜ਼ਰ ਸੀ।
ਹੁਣ ਇਸ ਦਾ ਬਸਤੀਵਾਦੀ ਸਰੂਪ ਬਦਲਿਆ ਗਿਆ ਹੈ। ਗਾਊਨ ਦੀ ਥਾਂ ਸਾੜ੍ਹੀ ਬੰਨ੍ਹੀ ਗਈ ਹੈ। ਸਦੀਆਂ ਬਾਅਦ ਇਸ ਦੀਆਂ ਅੱਖਾਂ ਖੁੱਲ੍ਹੀਆਂ ਹਨ। ਅੱਖਾਂ ਤੋਂ ਪੱਟੀ ਖੋਲ੍ਹਣਾ ਤੇ ਉਸ ਦੇ ਹੱਥ ’ਚ ਸੰਵਿਧਾਨ ਫੜਾ ਦੇਣ ਨਾਲ ਕੀ ਸਭ ਕੁਝ ਕਾਨੂੰਨ ਮੁਤਾਬਕ ਚੱਲੇਗਾ। ਅੱਖਾਂ ’ਚ ਘੱਟਾ ਪਾਉਣ ਵਾਲੇ ਵਕੀਲ ਜਦੋਂ ਤੱਕ ਰਹਿਣਗੇ, ਉਦੋਂ ਤੱਕ ਇਨਸਾਫ਼ ਦੀ ਤਵੱਕੋ ਕਰਨੀ ਦੂਰ ਦੀ ਕੌਡੀ ਲੱਗਦੀ ਹੈ। ਮੁਨਸਫ਼ਾਂ ਦੇ ਕਿਰਦਾਰ ’ਚ ਫ਼ਰਕ ਨਾ ਪਿਆ ਤਾਂ ਨਿਆਂ ਦੀ ਦੇਵੀ ਦੀਆਂ ਖੁੱਲ੍ਹੀਆਂ ਅੱਖਾਂ ਛਲਕਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।