ਪਰਉਪਕਾਰੀ ਦਾ ਵਿਛੋੜਾ ( ਪੰਜਾਬੀ ਜਾਗਰਣ –– 13th October, 2024)
ਵਰਿੰਦਰ ਵਾਲੀਆ
ਟਾਟਾ ਸਮੂਹ ਨੂੰ ਆਲਮੀ ਬਰਾਂਡ ਬਣਾਉਣ ਵਾਲੇ ਦਿੱਗਜ ਸਨਅਤਕਾਰ, ਰਤਨ ਟਾਟਾ ਦੇ ਦੇਹਾਂਤ ਨਾਲ ਰਾਸ਼ਟਰ ਦੀ ਮਜ਼ਬੂਤ ਨੀਂਹ ’ਚੋਂ ਇਕ ਪੱਕੀ ਇੱਟ ਮਨਫ਼ੀ ਹੋ ਗਈ ਹੈ। ਇਹ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਹ ਧਨਾਢ ਵਪਾਰੀ ਤੋਂ ਕਿਤੇ ਵੱਡੇ ਪਰਉਪਕਾਰੀ ਸਨ ਜਿਸ ਦਾ ਕੋਈ ਸਾਨੀ ਨਹੀਂ ਹੈ। ਤਿਰੰਗੇ ਵਿਚ ਲਿਪਟੀ ਭਾਰਤ ਦੇ ਅਨਮੋਲ ਰਤਨ ਦੀ ਦੇਹ ਨੂੰ ਸਸਕਾਰ ਲਈ ਜਦੋਂ ਮੁੰਬਈ ਦੇ ਵਰਲੀ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ ਤਾਂ ਉਮੜੇ ਜਨਸੈਲਾਬ ’ਚ ਹਰ ਵਰਗ ਦਾ ਸ਼ਖ਼ਸ ਨਮ ਅੱਖਾਂ ਨਾਲ ਹਾਜ਼ਰ ਸੀ।

ਮਹਿਬੂਬ ਰਾਮਪੁਰੀ ਦੀਆਂ ਸਤਰਾਂ ਸ਼ਾਇਦ ਉਨ੍ਹਾਂ ਦੇ ਵਿਦਾ ਹੋਣ ਦੇ ਮੰਜ਼ਰ ਲਈ ਬੇਹੱਦ ਢੁੱਕਵੀਆਂ ਹਨ : ‘ਮੌਤ ਉਸ ਕੀ ਹੈ ਕਰੇ ਜਿਸ ਕਾ ਜ਼ਮਾਨਾ ਅਫ਼ਸੋਸ, ਯੂੰ ਤੋ ਦੁਨੀਆ ਮੇਂ ਸਭੀ ਆਏ ਹੈਂ ਮਰਨੇ ਕੇ ਲੀਏ।’
ਇਹ ਦੁਨੀਆ ਰੈਣ-ਬਸੇਰਾ ਹੈ। ਜੀਵਨ ਯਾਤਰਾ ਸੰਪੂਰਨ ਕਰ ਕੇ ਹਰ ਕਿਸੇ ਨੇ ਪਰਲੋਕ ਸਿਧਾਰ ਜਾਣਾ ਹੁੰਦਾ ਹੈ। ਅਜਿਹੇ ਲੋਕ ਵਿਰਲੇ-ਟਾਵੇਂ ਹੁੰਦੇ ਨੇ ਜੋ ਵਿਦਾਈ ਦੇ ਬਾਵਜੂਦ ਦਿਲਾਂ ’ਚੋਂ ਨਹੀਂ ਨਿਕਲਦੇ। ਰਤਨ ਟਾਟਾ ਦਾਨਾ ਸੀ ਤੇ ਦਾਨੀ ਵੀ। ਉਹ ਅਡਾਨੀਆਂ-ਅੰਬਾਨੀਆਂ ਵਾਂਗ ਦੁਨੀਆ ਦਾ ਸਭ ਤੋਂ ਅਮੀਰ ਬਣਨ ਦੀ ਚੂਹਾ-ਦੌੜ ਵਿਚ ਕਦੇ ਨਹੀਂ ਸੀ ਪੈਂਦਾ। ਉਹ ਠੰਢੇ ਚੁੱਲ੍ਹਿਆਂ ਤੇ ਭੱਠ ਵਰਗਾ ਜੀਵਨ ਬਤੀਤ ਕਰ ਰਹੇ ਲੋਕਾਂ ਬਾਰੇ ਸੋਚਦਾ। ਅਜਿਹਾ ਦਰਦੀਲਾ ਅਹਿਸਾਸ ਉਸ ਨੂੰ ਕਲਯੁੱਗ ਦਾ ਸੰਤ ਹੋਣ ਦੀ ਉਪਾਧੀ ਬਖ਼ਸ਼ਦਾ ਸੀ। ਵੱਡੀਆਂ-ਵੱਡੀਆਂ ਲਗਜ਼ਰੀ ਗੱਡੀਆਂ ਦਾ ਸ਼ੌਕ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ। ਲੰਬੇ ਚੋਲੇ ਪਾਉਣ ਵਾਲੇ ਅਖੌਤੀ ਸਾਧਾਂ ਦੀ ਉਹ ਦਹਿਲੀਜ਼ ਨਾ ਟੱਪਦਾ।
ਅਮਰੀਕਾ ਤੋਂ ਪੜ੍ਹ ਕੇ ਵਤਨ ਮੁੜੇ ਟਾਟਾ ਨੂੰ ਜਦੋਂ ਜਮਸ਼ੇਦਨਗਰ ਦੇ ਟਾਟਾ ਸਟੀਲ ਪਲਾਂਟ ਵਿਚ ਨੌਕਰੀ ਕਰਨੀ ਪਈ ਤਾਂ ਉਸ ਨੇ ਆਮ ਕਾਮੇ ਵਾਂਗ ਹੱਡ-ਭੰਨਵੀਂ ਮਿਹਨਤ ਕੀਤੀ। ‘ਟਾਟਾ ਸਾਹਿਬ’ ਦੀ ਪੂਛ ਲਾਂਭੇ ਰੱਖ ਕੇ ਉਹ ਕਾਮਿਆਂ ਨਾਲ ਡੌਰਮਿਟਰੀ ਵਿਚ ਹੀ ਸੌਂਦੇ। ਕਤਾਰ ਵਿਚ ਲੱਗ ਕੇ ਖਾਣਾ ਲੈਂਦੇ। ਲੋਹੇ ਦੇ ਪਲਾਂਟ ਨੇ ਰਤਨ ਟਾਟਾ ਨੂੰ ਲੋਹ-ਪੁਰਸ਼ ਵਿਚ ਢਾਲ ਦਿੱਤਾ। ਕੰਮ ’ਤੇ ਜਾਣ ਲੱਗਿਆਂ ਉਨ੍ਹਾਂ ਨੂੰ ਕਾਰ ਦੀ ਬਜਾਏ ਸਾਈਕਲ ਮਿਲਿਆ ਪਰ ਉਹ ਪੈਦਲ ਚੱਲਣਾ ਪਸੰਦ ਕਰਦੇ।
ਉਨ੍ਹਾਂ ਦੇ ਪੁਰਖੇ ਈਰਾਨ-ਫਾਰਸ ਤੋਂ ਸਮੇਂ ਦੀ ਹਾਕਮ-ਸ਼੍ਰੇਣੀ ਦਾ ਤਸ਼ੱਦਦ ਝੱਲਦੇ ਹੋਏ ਭਾਰਤ ਆਏ ਸਨ। ਦਮਨ-ਚੱਕਰ ਨੇ ਉਨ੍ਹਾਂ ਨੂੰ ਹੋਰ ਬਲਵਾਨ ਬਣਾ ਦਿੱਤਾ ਸੀ। ਨਵੀਂ ਧਰਤੀ ’ਤੇ ਜੜ੍ਹਾਂ ਲਾਉਣੀਆਂ ਕੋਈ ਆਸਾਨ ਨਹੀਂ ਹੁੰਦੀਆਂ। ਪਾਰਸੀਆਂ ਨੇ ਅੰਤਾਂ ਦਾ ਮੁੜ੍ਹਕਾ ਵਹਾ ਕੇ ਉਹ ਮੁਕਾਮ ਹਾਸਲ ਕੀਤਾ ਜਿਸ ’ਤੇ ਦੇਸ਼ ਵਾਸੀ ਅੱਜ ਵੀ ਰਸ਼ਕ ਕਰਦੇ ਹਨ। ਅੰਤਾਂ ਦੀ ਮਿਹਨਤ-ਮੁਸ਼ੱਕਤ ਨੇ ਪਾਰਸੀਆਂ ਨੂੰ ਪਾਰਸ ਬਣਾ ਦਿੱਤਾ। ਉਹ ਲੋਹੇ ਨੂੰ ਛੋਹੰਦੇ ਤਾਂ ਉਹ ਸੋਨਾ ਬਣ ਜਾਂਦਾ। ਰਤਨ ਟਾਟਾ ਦੇ ਖ਼ੂਨ ਵਿਚ ਮਿਹਨਤ ਸੀ, ਸਾਹਸ ਸੀ। ਵਰਕਰਾਂ ਦੇ ਅੰਗ-ਸੰਗ ਰਹਿ ਕੇ ਉਸ ਨੂੰ ਆਮ ਆਦਮੀ ਦੀ ਜੀਵਨ-ਸ਼ੈਲੀ ਨਾਲ ਮੁਹੱਬਤ ਹੋ ਗਈ। ਗੀਟਿਆਂ-ਪੱਥਰਾਂ ਨਾਲ ਘਿਸਰਦਾ ਹੋਇਆ ਇਹ ਰਤਨ ਅਜਿਹਾ ਚਮਕਿਆ ਕਿ ਉਹ ਸਨਅਤ ਦੀ ਦੁਨੀਆ ਦਾ ਧਰੂ ਤਾਰਾ ਬਣ ਗਿਆ।

ਇੱਕੀ ਸਾਲ ਚੇਅਰਮੈਨ ਹੁੰਦਿਆਂ ਉਸ ਨੇ ਟਾਟਾ ਸਮੂਹ ਦੀ ਆਮਦਨ ਵਿਚ ਚਾਲ਼ੀ ਫ਼ੀਸਦ ਵਾਧਾ ਕੀਤਾ। ਸੌ ਦੇਸ਼ਾਂ ਵਿਚ ਸੌ ਕੰਪਨੀਆਂ ਸਥਾਪਤ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਟਾਟਾ ਲੂਣ ਤੋਂ ਲੈ ਕੇ ਜਹਾਜ਼ਰਾਨੀ ਤੱਕ ਟਾਟਾ ਦੀ ਪੈਂਠ ਸੀ। ਭਾਰਤ ਮਾਤਾ ਦਾ ਇਹ ਅਮੁੱਲਾ ਰਤਨ ਟਾਟਾ ਸਮੂਹ ਨੂੰ ਤੀਹ ਲੱਖ ਕਰੋੜ ਤੋਂ ਪਾਰ ਲੈ ਗਿਆ। ਭਾਰਤ ਦੀ ਕੁੱਲ ਜੀਡੀਪੀ ਵਿਚ ਟਾਟਾ ਸਮੂਹ ਦਾ ਯੋਗਦਾਨ ਚਾਰ ਫ਼ੀਸਦ ਹੈ। ਟਾਟਾ ਸਮੂਹ ਦੇਸ਼ ਨੂੰ ਲਗਪਗ 50 ਹਜ਼ਾਰ ਕਰੋੜ ਆਮਦਨ ਕਰ ਦਿੰਦਾ ਹੈ ਜੋ ਹਿਮਾਚਲ, ਅਸਾਮ, ਓਡੀਸ਼ਾ ਤੇ ਗੋਆ ਦੇ ਕੁੱਲ ਇਨਕਮ ਟੈਕਸ ਤੋਂ ਵੀ ਵੱਧ ਹੈ।
ਡੇਢ ਸੌ ਸਾਲ ਪੁਰਾਣੇ ਟਾਟਾ ਸਮੂਹ ਨੂੰ ਸੱਤ ਸਮੁੰਦਰ ਪਾਰ ਲੈ ਜਾਣਾ ਰਤਨ ਟਾਟਾ ਦੇ ਹਿੱਸੇ ਆਇਆ ਹੈ। ਟਾਟਾ ਸਮੂਹ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦੇ ਬਾਵਜੂਦ ਰਤਨ ਟਾਟਾ ਨੇ ਕਦੇ ਫੂੰ-ਫਾਂ ਨਹੀਂ ਦਿਖਾਈ। ਉਨ੍ਹਾਂ ਨੂੰ ਸਾਦਾ ਜੀਵਨ ਪਸੰਦ ਸੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਕ ਵਾਰ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ। ਗਡਕਰੀ ਦੇ ਬੰਗਲੇ ਦਾ ਰਾਹ ਭੁੱਲਣ ਕਾਰਨ ਰਤਨ ਟਾਟਾ ਨੇ ਉਨ੍ਹਾਂ ਨੂੰ ਫੋਨ ਕੀਤਾ। ਗਡਕਰੀ ਨੇ ਉਨ੍ਹਾਂ ਨੂੰ ਆਪਣੇ ਡਰਾਈਵਰ ਨਾਲ ਗੱਲ ਕਰਵਾਉਣ ਲਈ ਕਿਹਾ। ਰਤਨ ਟਾਟਾ ਨੇ ਕਿਹਾ ਕਿ ਉਹ ਤਾਂ ਖ਼ੁਦ ਕਾਰ ਚਲਾ ਕੇ ਆ ਰਹੇ ਹਨ।
ਤਾਜ ਹੋਟਲ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੀ ਰਤਨ ਟਾਟਾ ਖ਼ੁਦ ਕਾਰ ਚਲਾ ਕੇ ਵਾਰਦਾਤ ਵਾਲੀ ਜਗ੍ਹਾ ’ਤੇ ਪੁੱਜੇ ਸਨ। ਤਿੰਨ ਰਾਤਾਂ ਤੇ ਤਿੰਨ ਦਿਨ ਉਹ ਹੋਟਲ ਦੇ ਬਾਹਰ ਸੁਰੱਖਿਆ ਦਸਤਿਆਂ ਨਾਲ ਖੜ੍ਹੇ ਰਹੇ। ਇਕ ਸਮੇਂ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਲੋੜ ਪਈ ਤਾਂ ਹੋਟਲ ਨੂੰ ਲਾਂਬੂ ਲਾ ਦਿਉ ਪਰ ਇਕ ਵੀ ਅੱਤਵਾਦੀ ਬਚ ਕੇ ਨਿਕਲਣਾ ਨਹੀਂ ਚਾਹੀਦਾ। ਤਾਜ ਹੋਟਲ ਦੇ ਮੁਲਾਜ਼ਮਾਂ ਨੇ ਆਪਣੀ ਜਾਨ ’ਤੇ ਖੇਡ ਕੇ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਇਮਦਾਦ ਕੀਤੀ। ਰਤਨ ਟਾਟਾ ਨੂੰ ਜਦੋਂ ਕਿਸੇ ਨੇ ਹੈਰਾਨ ਹੁੰਦਿਆਂ ਕਿਹਾ ਕਿ ਤਾਜ ਹੋਟਲ ਦੇ ਮੁਲਾਜ਼ਮ ਆਪਣੀਆਂ ਜਾਨਾਂ ਬਚਾ ਕੇ ਬਾਹਰ ਵੀ ਦੌੜ ਸਕਦੇ ਸਨ। ਪਰ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ? ਰਤਨ ਟਾਟਾ ਨੇ ਜਵਾਬ ਦਿੱਤਾ ਕਿ ਭਰਤੀ ਵੇਲੇ ਉਨ੍ਹਾਂ ਦੀ ਰਾਸ਼ਟਰੀ ਭਾਵਨਾ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਚੰਗੀ ਤਰ੍ਹਾਂ ਪਰਖਿਆ ਜਾਂਦਾ ਹੈ। ਹਮਲੇ ਤੋਂ ਬਾਅਦ ਰਤਨ ਟਾਟਾ ਨੇ ਕੁਰਬਾਨ ਹੋਏ ਮੁਲਾਜ਼ਮਾਂ ਤੇ ਮਹਿਮਾਨਾਂ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਬਹੁ-ਮੰਜ਼ਿਲੀ ਸਮਾਰਕ ਬਣਵਾਇਆ। ਉਹ ਹਰ ਪੀੜਤ ਦੇ ਘਰ ਦਿਲਾਸਾ ਦੇਣ ਲਈ ਪੁੱਜੇ। ਹਰ ਮ੍ਰਿਤਕ ਦੇ ਪਰਿਵਾਰ ਨੂੰ ਰਿਟਾਇਰਮੈਂਟ ਦੀ ਉਮਰ ਤੱਕ ਤਨਖ਼ਾਹ ਜਾਂਦੀ ਰਹੀ। ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨੌਕਰੀ ਸ਼ੁਰੂ ਕੀਤੀ ਸੀ, ਉਨ੍ਹਾਂ ਨੂੰ ਵੀ ਪੁਰਾਣੇ ਮੁਲਾਜ਼ਮਾਂ ਜਿੰਨਾ ਹੀ ਮੁਆਵਜ਼ਾ ਦਿੱਤਾ ਗਿਆ।
ਮਹਾਨ ਕਦਰਾਂ-ਕੀਮਤਾਂ ਨੂੰ ਪਰਣਾਇਆ ਰਤਨ ਟਾਟਾ ਭਰੋਸਗੀ ਦਾ ਦੂਜਾ ਨਾਂ ਸੀ। ਉਨ੍ਹਾਂ ਲਈ ਰਾਸ਼ਟਰੀ ਹਿੱਤ ਵਪਾਰ ਤੋਂ ਕਿਤੇ ਉੱਪਰ ਸਨ। ਸਹਿਜ ਹੋ ਕੇ ਸੰਕਟ ਨੂੰ ਨਜਿੱਠਣਾ ਰਤਨ ਟਾਟਾ ਨੂੰ ਖ਼ੂਬ ਆਉਂਦਾ ਸੀ। ਹਾਰਵਰਡ ਯੂਨੀਵਰਸਿਟੀ ਨੇ ‘ਕਰਾਇਸਸ ਮੈਨੇਜਮੈਂਟ’ ਨੂੰ ਸਮਝਣ ਲਈ ਇਕ ਸਰਵੇਖਣ ਟੀਮ ਤਾਜ ਹੋਟਲ ਭੇਜੀ ਸੀ। ਇਸ ਸਟੱਡੀ ਮੁਤਾਬਕ ਰਤਨ ਟਾਟਾ ਨੇ ਆਪਣੇ ਵਰਕਰਾਂ ਨਾਲ ਭਰੋਸੇ ਦਾ ਰਿਸ਼ਤਾ ਕਾਇਮ ਕੀਤਾ ਹੋਇਆ ਸੀ ਜਿਸ ਕਰਕੇ ਉਹ ਆਖ਼ਰੀ ਦਮ ਤੱਕ ਵਰ੍ਹਦੀਆਂ ਗੋਲ਼ੀਆਂ ਦੇ ਬਾਵਜੂਦ ਆਪਣੇ ਕਰਤੱਵ ਨੂੰ ਨਿਭਾਉਂਦੇ ਰਹੇ।
ਟਾਟਾ ਦੇ ਅਲਵਿਦਾ ਹੋਣ ਤੋਂ ਬਾਅਦ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਰੋਸੇ ਦਾ ਮਜ਼ਬੂਤ ਥੰਮ੍ਹ ਡਿੱਗ ਪਿਆ ਹੈ। ਟਾਟਾ ਸਮੂਹ ਵਿਚ ਲੱਖਾਂ ਮੁਲਾਜ਼ਮ ਕੰਮ ਕਰਦੇ ਹਨ। ਸਾਰੇ ਰਤਨ ਟਾਟਾ ਨੂੰ ਤਹਿ ਦਿਲੋਂ ਮੁਹੱਬਤ ਕਰਦੇ ਸਨ। ਉਹ ਅਕਸਰ ਕਿਹਾ ਕਰਦੇ ਕਿ ਜੇ ਤੇਜ਼ ਚੱਲਣਾ ਹੈ ਤਾਂ ਇਕੱਲੇ ਚੱਲੋ ਪਰ ਜੇ ਦੂਰ ਤੱਕ ਚੱਲਣਾ ਹੈ ਤਾਂ ਦੂਜਿਆਂ ਨੂੰ ਨਾਲ ਲੈ ਕੇ ਚੱਲੋ। ਇਸ ਦੇ ਬਾਵਜੂਦ ‘ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ’ ਕਹਿਣ ਵਾਲੇ ਰਤਨ ਟਾਟਾ ਵਿਆਹ ਦੇ ਬੰਧਨ ਵਿਚ ਨਾ ਬੱਝ ਸਕੇ। ਇਕੱਲੇ ਹੀ ਕਾਫ਼ਲੇ ਵਾਂਗ ਲੰਬਾ ਸਫ਼ਰ ਤਹਿ ਕਰ ਕੇ ਛਿਆਸੀ ਸਾਲ ਦੀ ਉਮਰ ਵਿਚ ਵਿਦਾ ਹੋ ਗਏ।
ਸਾਰੀ ਹਯਾਤੀ ਉਹ ਸ਼ਬਦਾਂ ਦੀ ਮਰਿਆਦਾ ਦਾ ਖ਼ਿਆਲ ਰੱਖਦੇ ਰਹੇ। ਨੈਤਿਕ ਕਦਰਾਂ-ਕੀਮਤਾਂ ਦੀ ਚਾਰਦੀਵਾਰੀ ਵਿਚ ਖ਼ੁਦ ਨੂੰ ਕੈਦ ਰੱਖਦੇ। ਲਛਮਣ ਰੇਖਾ ਟੱਪਣ ਬਾਰੇ ਖਾਬ ਵੀ ਨਾ ਲੈਂਦੇ। ਇਨਸਾਨਾਂ ਤੇ ਬੇਜ਼ੁਬਾਨਾਂ ਨੂੰ ਇੱਕੋ ਜਿੰਨਾ ਪਿਆਰ ਕਰਦੇ। ਪਾਲਤੂ ਕੁੱਤਿਆਂ ਟੀਟੋ ਤੇ ਟੈਂਗੋ ਨੂੰ ਅੰਤਾਂ ਦਾ ਮੋਹ ਕਰਦੇ। ਟੈਂਗੋ ਦੇ ਬਿਮਾਰ ਹੋਣ ਕਾਰਨ ਉਨ੍ਹਾਂ ਨੇ ਬਰਮਿੰਘਮ ਪੈਲੇਸ ਵਿਚ ਮਿਲਣ ਵਾਲੇ ‘ਲਾਈਫ ਟਾਈਮ ਅਚੀਵੈਂਟ ਐਵਾਰਡ’ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਿੰਸ ਚਾਰਲਸ ਨੂੰ ਇਸ ਫ਼ੈਸਲੇ ਕਾਰਨ ਹੈਰਾਨੀ ਜ਼ਰੂਰ ਹੋਈ ਪਰ ਉਸ ਨੇ ਰਤਨ ਟਾਟਾ ਨੂੰ ਦੁਨੀਆ ਦਾ ਸਭ ਤੋਂ ਵੱਧ ਸੰਵੇਦਨਸ਼ੀਲ ਤੇ ਦਿਆਲੂ ਵਿਅਕਤੀ ਕਿਹਾ।
ਰਤਨ ਟਾਟਾ ਨੂੰ 2008 ਵਿਚ ਪਦਮ ਵਿਭੂਸ਼ਣ ਤੇ 2000 ਵਿਚ ਪਦਮ ਭੂਸ਼ਨ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ‘ਭਾਰਤ ਰਤਨ’ ਖਿਤਾਬ ਦੇਣ ਲਈ ਜਦੋਂ ਰਾਸ਼ਟਰੀ ਪੱਧਰ ’ਤੇ ਲਹਿਰ ਉੱਠੀ ਤਾਂ ਉਨ੍ਹਾਂ ਨੇ ਇਸ ਨੂੰ ਤੁਰੰਤ ਬੰਦ ਕਰਨ ਲਈ ਸਨਿਮਰ ਬੇਨਤੀ ਕੀਤੀ। ਲੋਕਾਂ ਦੇ ਦਿਲਾਂ ਵਿਚ ਅਮਿੱਟ ਛਾਪ ਛੱਡਣ ਵਾਲੇ ਸ਼ਖ਼ਸ ਨੂੰ ਮੀਡੀਆ ਦੀਆਂ ਸੁਰਖੀਆਂ ਵਿਚ ‘ਅਲਵਿਦਾ! ਭਾਰਤ ਦੇ ਅਨਮੋਲ ਰਤਨ’ ਲਿਖ ਕੇ ਵਡਿਆਇਆ ਗਿਆ ਹੈ। ਦੇਸ਼ ਵਾਸੀਆਂ ਨੇ ਰਤਨ ਟਾਟਾ ਨੂੰ ਕਦੋਂ ਦਾ ਭਾਰਤ ਰਤਨ ਦਿੱਤਾ ਹੋਇਆ ਹੈ। ਕੇਂਦਰ ਸਰਕਾਰ ਹੁਣ ਇਸ ਦਾ ਰਸਮੀ ਐਲਾਨ ਕਰ ਕੇ ਖ਼ੁਦ ਨੂੰ ਸਨਮਾਨਤ ਕਰ ਸਕਦੀ ਹੈ।