ਪਿੰਡ ਉਦਾਸ ਹਨ ! ( ਪੰਜਾਬੀ ਜਾਗਰਣ –– 6th October, 2024)
ਵਰਿੰਦਰ ਵਾਲੀਆ
ਸਰਪੰਚੀ ਖ਼ਾਤਰ ਥਾਂ-ਥਾਂ ਚੱਲ ਰਹੀਆਂ ਗੋਲ਼ੀਆਂ ਤੇ ਲੱਖਾਂ-ਕਰੋੜਾਂ ਦੀਆਂ ਲੱਗ ਰਹੀਆਂ ਬੋਲੀਆਂ ਨੇ ਜਮਹੂਰੀ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਮੁੱਢ-ਕਦੀਮ ਤੋਂ ਪੰਚਾਂ-ਸਰਪੰਚਾਂ ਦੀ ਚੋਣ ਮਾਣ-ਮਰਿਆਦਾ ਨਾਲ ਜੁੜੀ ਹੋਈ ਸੀ। ਪੰਚ-ਪ੍ਰਧਾਨੀ ਨੂੰ ਤਾਂ ਦਰਗਾਹ ਵਿਚ ਮਾਣ ਹਾਸਲ ਹੁੰਦਾ ਸੀ। ਸੇਵਾ ਭਾਵਨਾ ਵਾਲੇ ਦਾਨੇ-ਬੀਨੇ ਲੋਕਾਂ ਨੂੰ ਨੁਮਾਇੰਦੇ ਚੁਣਿਆ ਜਾਂਦਾ ਸੀ। ਚੁਣੇ ਹੋਏ ਲੋਕ ਨੁਮਾਇੰਦੇ ਸਹੀ ਮਾਅਨਿਆਂ ਵਿਚ ‘ਰਾਜ ਨਹੀਂ ਸੇਵਾ’ ਨੂੰ ਸਮਰਪਿਤ ਹੁੰਦੇ ਸਨ। ‘ਧੱਕੇ’ ਨਾਲ ‘ਸੇਵਾ’ ਖੋਹੀ ਨਹੀਂ ਸੀ ਜਾਂਦੀ। ਝਗੜੇ-ਝੇੜੇ ਨਿਪਟਾਉਣ ਲਈ ਪਿੰਡ ਦੀ ਲਾਲ ਲਕੀਰ ਟੱਪਣ ਦੀ ਲੋੜ ਨਹੀਂ ਸੀ ਪੈਂਦੀ। ਪਰ੍ਹੇ-ਪੰਚਾਇਤਾਂ ਵਿਚ ਸੰਗੀਨ ਤੋਂ ਸੰਗੀਨ ਝਗੜਾ ਨਿਪਟ ਜਾਂਦਾ ਸੀ। ਇਹ ਸਮਾਂ ਸੀ ਜਦੋਂ ਪੰਚਾਂ ਵਿਚ ਪਰਮੇਸ਼ਵਰ ਵਸਦਾ ਸੀ। ‘ਪੰਚਾਂ ਦਾ ਕਿਹਾ ਸਿਰ-ਮੱਥੇ, ਪਰਨਾਲਾ ਓਥੇ ਦਾ ਓਥੇ’ ਵਰਗੇ ਅਖਾਣ ਬਾਅਦ ਵਿਚ ਹੀ ਘੜੇ ਗਏ ਸਨ। ਪੰਚਾਂ ਦੇ ਫ਼ੈਸਲੇ ਅੱਗੇ ਸਾਰਾ ਪਿੰਡ ਸੀਸ ਨਿਵਾਉਂਦਾ ਸੀ।

ਗੁਰਬਾਣੀ ਦਾ ਮਹਾਵਾਕ ਵੀ ਪੰਚ-ਪ੍ਰਧਾਨੀ ਦੇ ਮਹਾਤਮ ਨੂੰ ਦਰਸਾਉਂਦਾ ਹੈ-ਪੰਚ ਪਰਵਾਣ ਪੰਚ ਪਰਧਾਨ।। ਪੰਚੇ ਪਾਵਹਿ ਦਰਗਹਿ ਮਾਨੁ।। ਪੰਚੇ ਸੋਹਹਿ ਦਰਿ ਰਾਜਾਨੁ।। ਪੰਚਾ ਕਾ ਗੁਰੁ ਏਕੁ ਧਿਆਨੁ।। ਸਿੱਖ ਪੰਥ ਵਿਚ ਪੰਚ ਪ੍ਰਧਾਨੀ ਦੀ ਮਰਿਆਦਾ ਦਸਵੀਂ ਜੋਤ ਤੱਕ ਬਾਕਾਇਦਗੀ ਨਾਲ ਚੱਲਦੀ ਰਹੀ। ਖੰਡੇ ਦੀ ਪਹੁਲ ਛਕਾਉਣ ਤੋਂ ਬਾਅਦ ਮਰਦ ਅਗੰਮੜੇ ਨੇ ਪੰਜ ਪਿਆਰਿਆਂ ਕੋਲੋਂ ਖ਼ੁਦ ਖੰਡੇ-ਬਾਟੇ ਦਾ ਅੰਮਿ੍ਰਤ ਛਕ ਕੇ ਜਮਹੂਰੀਅਤ ਦੀ ਨੀਂਹ ਰੱਖੀ ਸੀ। ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਦਸਮੇਸ਼ ਪਿਤਾ ਨੇ ਸਦੀਆਂ ਪੁਰਾਣੀ ਗੁਰੂ-ਚੇਲੇ ਦੀ ਪ੍ਰਥਾ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰ ਕੇ ਲੋਕਤੰਤਰ ਨੂੰ ਨਵੇਂ ਅਰਥ ਦਿੱਤੇ ਸਨ। ਭਾਈ ਗੁਰਦਾਸ ਜੀ 41ਵੀਂ ਵਾਰ ਵਿਚ ਇਸ ਦਾ ਵਖਿਆਨ ਕਰਦੇ ਹਨ : ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ।। ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।।
ਗੁਰਬਾਣੀ ਦੀ ਲੋਅ ਵਿਚ ਪੰਚ ਪ੍ਰਣਾਲੀ ਅੱਜ ਵੀ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹੈ। ਔਰੰਗਜ਼ੇਬ ਪਾਸ ਜ਼ਫ਼ਰਨਾਮਾ ਪਹੁੰਚਾਉਣ ਲਈ ਵੀ ‘ਖ਼ਾਲਸਾ ਪੰਚਾਇਤ’ ਦੇ ਪੰਜ ਸਿੰਘਾਂ ਨੂੰ ਚੁਣਿਆ ਗਿਆ ਸੀ। ਸਮੇਂ ਨੇ ਕਰਵਟ ਲਈ। ਸਦੀਆਂ ਪੁਰਾਣੀ ਇਹ ਮਹਾਨ ਪਰੰਪਰਾ ਵੀ ਅਛੂਤੀ ਨਾ ਰਹੀ। ਮੁਤਵਾਜ਼ੀ ਜਥੇਦਾਰਾਂ ਦਾ ਚੁਣੇ ਜਾਣਾ ਇਸ ਦੀ ਪੁਖਤਾ ਉਦਾਹਰਨ ਹੈ। ਦਰਅਸਲ, ਜਮਹੂਰੀਅਤ ਦੀਆਂ ਜੜ੍ਹਾਂ ਪੰਚਾਇਤੀ ਚੋਣ-ਪ੍ਰਣਾਲੀ ਵਿਚ ਪਈਆਂ ਹਨ। ਭਾਰਤ, ਖ਼ਾਸ ਤੌਰ ’ਤੇ ਪੰਜਾਬ ਦੀ ਰੂਹ ਪਿੰਡਾਂ ’ਚ ਵਸਦੀ ਹੈ। ਪਿੰਡਾਂ ਦੀ ਵਸੋਂ ਵੰਨ-ਸੁਵੰਨੀ, ਮਿੱਸੀ ਤੇ ਵਿਜਾਤੀ ਹੋਣ ਦੇ ਬਾਵਜੂਦ ਲੋਕ ਸਾਂਝੇ ਸਾਹ ਲੈਂਦੇ ਰਹੇ ਹਨ। ਵੱਖ-ਵੱਖ ਜਾਤੀਆਂ ਤੇ ਨਸਲਾਂ ਵਿਚ ਤਕਸੀਮ ਹੋਣ ਦੇ ਬਾਵਜੂਦ ਪਿੰਡਾਂ ਵਾਲੇ ਸਾਂਝੀ ਸੱਭਿਆਚਾਰਕ ਬੁਣਤੀ ਵਿਚ ਬੁਣੇ ਹੋਏ ਪ੍ਰਤੀਤ ਹੁੰਦੇ ਸਨ। ਕਿਸੇ ਫੁਲਕਾਰੀ ਦੇ ਵੰਨ-ਸੁਵੰਨੇ ਫੁੱਲ-ਪੱਤੀਆਂ ਵਾਂਗ।
ਪੰਜਾਬ ਦਾ ਮੁਹਾਂਦਰਾ ਵਿਦੇਸ਼ੀ ਧਾੜਵੀਆਂ ਲਈ ਮੁੱਖ ਦੁਆਰ ਹੋਣ ਕਾਰਨ ਬਦਲਦਾ ਰਿਹਾ। ਹੱਲਿਆਂ ਤੇ ਧਾੜਿਆਂ ਨਾਲ ਪੰਜਾਬ ਦੀਆਂ ਭੂਗੋਲਿਕ ਹੱਦਾਂ-ਸਰਹੱਦਾਂ ਵੀ ਸੁੰਗੜਦੀਆਂ-ਫੈਲਦੀਆਂ ਰਹੀਆਂ। ਸਿਕੰਦਰ ਮਹਾਨ ਤੋਂ ਅਬਦਾਲੀ ਤੱਕ ਲਗਪਗ ਦੋ ਹਜ਼ਾਰ ਸਾਲ ਤੱਕ ਧਾੜਵੀਆਂ ਦਾ ਮੁਕਾਬਲਾ ਕਰਦੇ ਪੰਜਾਬੀ ਸਾਹਸੀ ਤੇ ਨਿਡਰ ਹੋ ਗਏ ਸਨ। ਇਸੇ ਲਈ ਪੰਜਾਬ ਨੂੰ ਭਾਰਤ ਦੀ ਖੜਗ-ਭੁਜਾ ਹੋਣ ਦਾ ਮਾਣ ਪ੍ਰਾਪਤ ਹੈ। ਹਰ ਹੱਲੇ ਨਾਲ ਪੰਜਾਬ ਦੀ ਵਸੋਂ ਵਿਚ ਬਾਹਰਲਿਆਂ ਦਾ ਵੀ ਮਿਸ਼ਰਣ ਹੁੰਦਾ ਰਿਹਾ। ਕਹਿਣ ਤੋਂ ਭਾਵ, ਪੰਜਾਬ ਦੇ ਲੋਕਾਂ ਦੀ ਮਿੱਸੀ ਜਨਸੰਖਿਆ ਨੇ ਪੰਜਾਬੀਅਤ ਨੂੰ ਜਨਮ ਦਿੱਤਾ। ਇਸ ਅਨੋਖੇ ਮਿਸ਼ਰਤ ਸੱਭਿਆਚਾਰ ’ਚੋਂ ਧਰਮ-ਨਿਰਪੱਖਤਾ ਦੇ ਦੀਦਾਰ ਕੀਤੇ ਜਾ ਸਕਦੇ ਹਨ। ਅਨੇਕ ਹੋਰ ਬੋਲੀਆਂ ਦੇ ਖਮੀਰ ਨੇ ਪੰਜਾਬੀ ਮਾਂ-ਬੋਲੀ ਨੂੰ ਮੀਰੀ ਗੁਣ ਬਖ਼ਸ਼ਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿਚ ਮੇਰ-ਤੇਰ ਨਾਂ ਦੀ ਕੋਈ ਚੀਜ਼ ਵੇਖਣ ਨੂੰ ਕਦੇ ਨਾ ਮਿਲਦੀ।
ਬਹੁਤੇ ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਸਰਬਸੰਮਤੀ ਨਾਲ ਚੋਣ ਹੋਣ ਦਾ ਕਾਰਨ ਵੀ ਸਾਡੀ ਅਮੀਰ ਵਿਰਾਸਤ ਹੀ ਸੀ। ਇਹ ਉਹ ਸਮਾਂ ਸੀ ਜਦੋਂ ਖੂਹਾਂ ’ਤੇ ਰੱਬ ਵਸਦਾ ਪ੍ਰਤੀਤ ਹੁੰਦਾ। ਸੱਥਾਂ ’ਚ ਸੜਕ ਤੋਂ ਸੰਸਦ ਤੱਕ ਦੀ ਸਿਆਸਤ ਬਾਰੇ ਚਰਚਾ ਹੁੰਦੀ ਸੀ। ਪਿੰਡ ਦੀ ਕੁੜੀ ਨੂੰ ਹਰ ਕੋਈ ਆਪਣੀ ਧੀ-ਧਿਆਣੀ ਕਹਿ ਕੇ ਪਿਆਰਦਾ-ਦੁਲਾਰਦਾ। ਕਿਰਦਾਰ ਦੇ ਊਣੇ ਨੂੰ ਕੋਈ ਮੂੰਹ ਨਾ ਲਾਉਂਦਾ। ਪਿੰਡਾਂ ’ਚ ਛਿੰਞ-ਅਖਾੜੇ, ਤ੍ਰਿੰਝਣਾਂ-ਤੀਆਂ ਤੋਂ ਇਲਾਵਾ ਪੀਰਾਂ-ਫ਼ਕੀਰਾਂ ਦੀਆਂ ਮੜ੍ਹੀਆਂ-ਮਸਾਣਾਂ ’ਤੇ ਵੀ ਮੇਲੇ ਲੱਗਦੇ। ਇਨ੍ਹਾਂ ਉਤਸਵਾਂ ਵਿਚ ਹਰ ਧਰਮ ਤੇ ਜਾਤ ਦਾ ਵਿਅਕਤੀ ਸ਼ਿਰਕਤ ਕਰਦਾ।
ਹੁਣ ਪਿੰਡਾਂ ਦਾ ਮੁਹਾਂਦਰਾ ਬਦਲਣ ਨਾਲ ਪੰਚਾਇਤੀ ਚੋਣਾਂ ਦੇ ਰੰਗ-ਢੰਗ ਵੀ ਬਦਲ ਗਏ ਹਨ। ਪਿੰਡਾਂ ਵਿਚ ਪੁਰਾਣਾ ਤੇਹ-ਪਿਆਰ ਨਦਾਰਦ ਹੈ। ਖਹਿਬਾਜ਼ੀ, ਹੁੱਲੜਬਾਜ਼ੀ ਤੇ ਬੁਰਛਾਗਰਦੀ ਨੇ ਪ੍ਰਾਚੀਨ ਸੱਭਿਆਚਾਰ ਦੇ ਚੀਥੜੇ ਉਡਾ ਦਿੱਤੇ ਹਨ। ਚਰਖਿਆਂ ਦੀ ਘੂਕਰ ਸੁਣ ਕੇ ਹੁਣ ਜੋਗੀ ਪਹਾੜੋਂ ਨਹੀਂ ਉਤਰਦੇ। ਰੂੰ ਦੇ ਹਵਾ ’ਚ ਉੱਡਦੇ ਫੰਭਿਆਂ ਦੀਆਂ ਹੰਸ-ਉਡਾਰੀਆਂ ਕਿਧਰੇ ਨਹੀਂ ਲੱਭਦੀਆਂ। ਟਿਕੀ ਰਾਤ ’ਚ ਟੁਣਕਦੇ ਲੰਮੀਆਂ ਹੇਕਾਂ ਵਾਲੇ ਗੀਤਾਂ ਦੀ ਥਾਂ ਸ਼ੋਰ-ਸ਼ਰਾਬੇ ਵਾਲੇ ਸੰਗੀਤ ਨੇ ਲੈ ਲਈ ਹੈ। ਪੰਜਾਬ ਦੇ ਕਈ ਪਿੰਡਾਂ ’ਚ ਦੁਸ਼ਮਣੀਆਂ ਪੀੜ੍ਹੀ-ਦਰ-ਪੀੜ੍ਹੀ ਚੱਲਦੀਆਂ ਆ ਰਹੀਆਂ ਹਨ।
ਪੰਚਾਇਤ ਦਰਅਸਲ ਪਿੰਡਾਂ ਦੀ ਸਥਾਨਕ ਸਰਕਾਰ ਹੁੰਦੀ ਹੈ। ਚੰਗੀ ਛਬੀ ਵਾਲੀ ਪੰਚਾਇਤ ਆਪਣੇ ਪਿੰਡ ਨੂੰ ਸਵਰਗ ਬਣਾ ਦਿੰਦੀ ਹੈ। ਕਈ ਪਰਵਾਸੀ ਪੰਜਾਬੀਆਂ ਨੇ ਆਪੋ-ਆਪਣੇ ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਦੇ ਯੋਗਦਾਨ ਦੀ ਬਦੌਲਤ ਕਈ ਪਿੰਡ, ਸ਼ਹਿਰਾਂ ਨੂੰ ਮਾਤ ਪਾਉਂਦੇ ਹਨ। ਇਸ ਦਾ ਇਕ ਨਾਂਹ-ਪੱਖੀ ਰੁਝਾਨ ਵੀ ਨਜ਼ਰੀਂ ਆਉਂਦਾ ਹੈ। ਕਈ ਪਰਵਾਸੀ ਪੰਜਾਬੀ ਆਪਣੇ ਕਿਸੇ ਘਰ ਦੇ ਜੀਅ ਨੂੰ ਸਰਪੰਚ ਬਣਾਉਣ ਲਈ ਲੱਖਾਂ-ਕਰੋੜਾਂ ਦੀ ਬੋਲੀ ਲਗਾਉਂਦੇ ਵੀ ਨਜ਼ਰੀਂ ਆਏ ਹਨ। ਕਬਾਇਲੀ ਬਿਰਤੀ ਵਾਲੇ ਕਈ ਬਾਹੂਬਲੀਆਂ ਨੇ ਚੌਧਰ ਖ਼ਾਤਰ ਆਪਣੇ ਹੀ ਪਿੰਡ ਦੀ ਮਿੱਟੀ ਨੂੰ ਲਹੂ-ਲੁਹਾਣ ਕਰ ਦਿੱਤਾ। ਲੋਭੀਆਂ ਨੇ ਕਈ ਥਾਈਂ ਪਿੰਡ ਦੇ ਭਾਈਚਾਰੇ ਨੂੰ ਲੀਰ-ਲੀਰ ਕੀਤਾ ਹੈ। ਹੁਣ ਨੌਬਤ ਇਹ ਹੈ ਕਿ ਲੀਰਾਂ ਨੂੰ ਵੀ ਤਾਰ-ਤਾਰ ਕੀਤਾ ਜਾ ਰਿਹਾ ਹੈ।
ਨਾਮਜ਼ਦਗੀਆਂ ਵੇਲੇ ਵੀ ਧਮੱਚੜ ਮਚਿਆ ਦਿਖਾਈ ਦਿੱਤਾ। ਇਕ ਸਮਾਂ ਸੀ ਜਦੋਂ ਪੰਜਾਬ ’ਚ ਜੰਮਣਾ ਸਵਾਬ ਮੰਨਿਆ ਜਾਂਦਾ ਸੀ। ਪਿੰਡ ਲੋਕਾਂ ਦੇ ਹੱਡੀਂ ਵਸੇ ਹੁੰਦੇ ਸਨ। ਉਹ ਦੁਨੀਆ ਦੇ ਕਿਸੇ ਵੀ ਕੋਨੇ ਜਾਂਦੇ, ਮਿੱਟੀ ਦਾ ਮੋਹ ਉਨ੍ਹਾਂ ਨੂੰ ਪਿੰਡ ਦੀ ਪਰਿਕਰਮਾ ਕਰਨ ਲਈ ਮਜਬੂਰ ਕਰਦਾ। ਉਹ ਪਿੰਡੋਂ ਨਿਕਲ ਜਾਂਦੇ ਪਰ ਪਿੰਡ ਉਨ੍ਹਾਂ ’ਚੋਂ ਕਦੇ ਨਾ ਨਿਕਲਦਾ। ਪਿੰਡ ਦੀ ਮਿੱਟੀ ’ਚ ਦੱਬਿਆ ਨਾੜੂ ਉਨ੍ਹਾਂ ਨੂੰ ਹਾਕਾਂ ਮਾਰਦਾ ਰਹਿੰਦਾ। ਸਮੇਂ ਦੇ ਬਦਲਣ ਨਾਲ ਅਜਿਹਾ ਮੋਹ-ਪਿਆਰ ਘਟਦਾ ਜਾ ਰਿਹਾ ਹੈ। ਵਹੀਰਾਂ ਘੱਤੀ ਪਿੰਡਾਂ ਦੇ ਜਾਏ ਵਿਦੇਸ਼ ਜਾ ਰਹੇ ਹਨ। ਕਈਆਂ ਦੀਆਂ ਮਹਿਲ-ਨੁਮਾ ਹਵੇਲੀਆਂ ਵਿਚ ਪਰਵਾਸੀ ਮਜ਼ਦੂਰ ਰਹਿ ਰਹੇ ਹਨ। ਪਰਵਾਸੀ ਪੰਜਾਬੀਆਂ ਦੇ ਪਰਦੇਸਾਂ ’ਚ ਜੰਮੇ ਬੱਚਿਆਂ ਨੂੰ ਪੰਜਾਬ ਨਾਲ ਬਹੁਤਾ ਤੇਹ ਨਹੀਂ ਰਿਹਾ। ਇਸੇ ਲਈ ਪਿੰਡ ਉਦਾਸ ਹਨ।
ਉੱਜੜੇ ਖੂਹਾਂ, ਬਉਲੀਆਂ ਤੇ ਹੋਰ ਜਲ ਸਰੋਤਾਂ ’ਤੇ ਖੜ੍ਹਾ ਖਵਾਜ਼ਾ ਝੂਰ ਰਿਹਾ ਹੈ। ਸਿਆਲਾਂ ’ਚ ਧੂਣੀਆਂ ਸੇਕਣ ਵੇਲੇ ਦੁੱਖ-ਸੁੱਖ ਫਰੋਲਦੇ ਲੋਕ ਨਜ਼ਰੀਂ ਨਹੀਂ ਪੈਂਦੇ। ਕਈ ਪਿੰਡਾਂ ਦੀਆਂ ਪੱਤੀਆਂ ’ਚ ਜਾਤ-ਪਾਤ ਆਧਾਰਤ ਧਾਮ ਤੇ ਸ਼ਮਸ਼ਾਨਘਾਟ ਖੇਰੂੰ-ਖੇਰੂੰ ਹੋ ਰਹੇ ਸਮਾਜ ਦਾ ਦਰਪਣ ਹਨ। ‘ਬੁਰੇ ਦਾ ਭਲਾ ਕਰ’ ਦੀ ਸੀਖ ਨੂੰ ਭੁਲਾ ਕੇ ਉਲਟੀ ਮਾਲਾ ਫੇਰਦੇ ਲੋਕ ਸੱਚਮੁੱਚ ਉਦਾਸ ਕਰਦੇ ਹਨ। ਚੋਣਾਂ ਵੇਲੇ ‘ਅੱਗ ਲੱਗੀ ਤਾਂ ਖੂਹ ਜ਼ਰੂਰ ਪੁੱਟਾਂਗੇ’ ਵਰਗੇ ਵਾਅਦੇ ਵੀ ਹੁੰਦੇ ਹਨ। ਪੈਸੇ-ਧੇਲੇ ਦੇ ਸਿਰ ’ਤੇ ਚੋਣਾਂ ਜਿੱਤਣ ਤੋਂ ਬਾਅਦ ਨਵੇਂ ਚੁਣੇ ਗਏ ਚੌਧਰੀ ਵੀ ਇਕ ਵੇਲ ਦੇ ਤੁੰਬੇ ਸਾਬਿਤ ਹੁੰਦੇ ਹਨ।
ਆਮ ਲੋਕ ਭੋਲੇ ਹੁੰਦੇ ਹਨ। ਵਾਅਦਿਆਂ ਦੇ ਮੱਕੜਜਾਲ਼ ’ਚ ਫਸ ਜਾਣਾ ਉਨ੍ਹਾਂ ਦੀ ਹੋਣੀ ਹੋਇਆ ਕਰਦਾ ਹੈ। ਉਨ੍ਹਾਂ ਲਈ ਸਮਾਂ ਫਰੇਬੀ ਸਾਬਿਤ ਹੁੰਦਾ ਹੈ। ਕਈ ਯੋਗ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਹੁੰਦੇ ਹਨ। ਅਜਿਹਾ ਕਰਨ ਲਈ ਕਈ ਆਨੇ-ਬਹਾਨੇ ਲੱਗ ਹੀ ਜਾਂਦੇ ਹਨ। ਚੁੱਲ੍ਹਾ ਟੈਕਸ ਦੀ ਨਿਗੂਣੀ ਰਾਸ਼ੀ ਜਮ੍ਹਾ ਨਾ ਕਰਵਾਉਣੀ ਘੜਿਆ-ਘੜਾਇਆ ਨੁਕਤਾ ਹੁੰਦਾ ਹੈ। ਅਦਾਲਤ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਸੱਤਾ ਦੇ ਦਮਨਚੱਕਰ ਦੀ ਪਰਵਾਹ ਕੀਤੇ ਬਿਨਾਂ ਕਈ ਜੁਝਾਰੂ ਟੰਬੇ ਖਾ ਕੇ ਵੀ ਪੌਣਾਂ ਦੀ ਹਿੱਕ ’ਤੇ ਕੋਈ ਸੂਹੀ ਇਬਾਰਤ ਲਿਖਣ ਦੀ ਕੋਸ਼ਿਸ਼ ਕਰਦੇ ਹਨ। ਘੁੱਪ ਹਨੇਰੇ ’ਚ ਜੇ ਜੁਗਨੂੰ ਵੀ ਟਿਮਟਿਮਾਣਾ ਭੁੱਲ ਜਾਣ ਤਾਂ ਫਿਰ ਰਾਤਾਂ ਲੰਬੀਆਂ ਤੇ ਡਰਾਉਣੀਆਂ ਹੋ ਜਾਂਦੀਆਂ ਹਨ।
[ਪੰਜਾਬ 'ਚ ਪੰਚਾਇਤ ਚੋਣਾਂ ਲਈ ਵੋਟਾਂ 15 ਅਕਤੂਬਰ, 2024 ਨੂੰ ਪੈਣੀਆਂ ਹਨ]