VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਪੱਥਰ ਚਿੱਤ ਜਿਨ੍ਹਾਂ ਦੇ ਬਾਹੂ ( ਪੰਜਾਬੀ ਜਾਗਰਣ –– 15th September, 2024)

ਵਰਿੰਦਰ ਵਾਲੀਆ

ਦੁਨੀਆ ਦੀ ਸਭ ਤੋਂ ਵੱਧ ਖ਼ਤਰਨਾਕ ਰਹੀ ਅੱਤਵਾਦੀ ਤਨਜ਼ੀਮ ਅਲਕਾਇਦਾ ਦੇ ਸੰਸਥਾਪਕ, ਓਸਾਮਾ ਬਿਨ ਲਾਦੇਨ (10 ਮਾਰਚ 1957-ਦੋ ਮਈ 2011) ਦਾ ‘ਮਰਹੂਮ’ ਫ਼ਰਜ਼ੰਦ ਹਮਜ਼ਾ ਬਿਨ ਲਾਦੇਨ ਮੁੜ ਜ਼ਿੰਦਾ ਹੋ ਗਿਆ ਹੈ! ਅਮਰੀਕਾ ਦੇ ਖ਼ੁਫ਼ੀਆ ਤੰਤਰ ਮੁਤਾਬਕ ਹਮਜ਼ਾ ਆਪਣੇ ਸਕੇ ਭਰਾ ਅਬਦੁੱਲਾ ਸਣੇ ਲਗਪਗ 450 ਪੱਕੇ ਨਿਸ਼ਾਨਚੀਆਂ ਨਾਲ ਅਫ਼ਗ਼ਾਨਿਸਤਾਨ ਦੇ ਪਹਾੜਾਂ ਦੀਆਂ ਕੁੰਦਰਾਂ ਵਿਚ ਛੁਪ ਕੇ ਵੱਡੀਆਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਵਿਚ ਹੈ। ਪੰਜ ਸਾਲ ਪਹਿਲਾਂ ਅਮਰੀਕਾ ਨੇ ਹੀ ਸਰਕਾਰੀ ਤੌਰ ’ਤੇ ਦਾਅਵਾ ਕੀਤਾ ਸੀ ਕਿ ਹਮਜ਼ਾ ਨੂੰ ਇਕ ਹਵਾਈ ਹਮਲੇ ਰਾਹੀਂ ਢੇਰ ਕੀਤਾ ਜਾ ਚੁੱਕਾ ਹੈ। ਅਲਕਾਇਦਾ ਨੇ ਇਸ ਦਾਅਵੇ ’ਤੇ ਲੰਬੀ ਚੁੱਪ ਧਾਰ ਲਈ ਸੀ ਕਿਉਂਕਿ ਅਮਰੀਕਾ ਨੇ ਹਮਜ਼ਾ ਦੇ ਸਿਰ ’ਤੇ ਦਸ ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ।

ਸਨਸਨੀਖ਼ੇਜ਼ ਖ਼ੁਲਾਸਿਆਂ ਅਨੁਸਾਰ ਹਮਜ਼ਾ ਤੇ ਅਬਦੁੱਲਾ ਦੇ ਦਿਲਾਂ ਅੰਦਰ ਆਪਣੇ ਅੱਬਾ ਓਸਾਮਾ ਬਿਨ ਲਾਦੇਨ ਦੀ ਮੌਤ ਦਾ ਬਦਲਾ ਲੈਣ ਦੀ ਅੱਗ ਭੜਕ ਰਹੀ ਹੈ। ਦੋਨਾਂ ਭਰਾਵਾਂ ਨੇ ਅਲਕਾਇਦਾ ਦੀ ਬਿਖਰ ਚੁੱਕੀ ਸ਼ਕਤੀ ਨੂੰ ਇਕੱਠਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਅਤਿ-ਆਧੁਨਿਕ ਖ਼ਤਰਨਾਕ ਹਥਿਆਰਾਂ ਨਾਲ ਲੈਸ ਇਹ ਛਾਪਾਮਾਰ ਪੱਛਮੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਹਨ। ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਤਾਲਿਬਾਨ ਨੇ ਵੀ ਮੰਨਿਆ ਹੈ ਕਿ ਉਨ੍ਹਾਂ ਦਾ ਵਿਰੋਧੀ ਸੰਗਠਨ ‘ਨੈਸ਼ਨਲ ਮੋਬੇਲਾਈਜ਼ੇਸ਼ਨ ਫਰੰਟ’ ਕਿਸੇ ਵੱਡੇ ਹਮਲੇ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ। ਅਫ਼ਗਾਨਿਸਤਾਨ ’ਚ ਹਮਜ਼ਾ ਨੂੰ ‘ਦਹਿਸ਼ਤ ਤੇ ਵਹਿਸ਼ਤ ਦਾ ਰਾਜਕੁਮਾਰ’ ਦਾ ਲਕਬ ਮਿਲਿਆ ਹੋਇਆ ਹੈ।

Sultan Bahuਓਸਾਮਾ ਬਿਨ ਲਾਦੇਨ ਦੀ ਮੌਤ ਪਿੱਛੋਂ ਅਲਕਾਇਦਾ ਦੀ ਕਮਾਨ ਸੰਭਾਲਣ ਵਾਲੇ ਅਲ ਜ਼ਵਾਹਰੀ ਨਾਲ ਹਮਜ਼ਾ ਸਾਏ ਵਾਂਗ ਰਿਹਾ ਕਰਦਾ ਸੀ। ਅਲ ਜ਼ਵਾਹਰੀ ਨੂੰ ਵੀ ਅਮਰੀਕਾ ਨੇ ਡ੍ਰੋਨ ਹਮਲੇ ਵਿਚ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਅਲਕਾਇਦਾ ਦਾ ਢਾਂਚਾ ਬੁਰੀ ਤਰ੍ਹਾਂ ਚਰਮਰਾ ਗਿਆ ਸੀ। ਉਸ ਨੇ ਅਮਰੀਕਾ ਨੂੰ ਇਕ ਵੀਡੀਓ ਸੰਦੇਸ਼ ਰਾਹੀਂ ਆਪਣੇ ਅੱਬਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਅਲਕਾਇਦਾ ਵੱਲੋਂ ਅਮਰੀਕਾ ਦੇ ਜੋੜੇ ਮੀਨਾਰਾਂ ’ਚੋਂ ਜਹਾਜ਼ ਕੱਢ ਕੇ ਨੇਸਤੋਨਾਬੂਦ ਕਰਨ ’ਤੇ ਲਗਪਗ 3000 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਤੇਈ ਸਾਲਾਂ ਬਾਅਦ ਅਲਕਾਇਦਾ ਦੀ ਮੁੜ ਕਤਾਰਬੰਦੀ ਨੇ ਪੂਰੀ ਦੁਨੀਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਖ਼ਬਰ ਨੇ ਅਮਰੀਕਾ ਸਰਕਾਰ ਤੇ ਉੱਥੋਂ ਦੇ ਮੀਡੀਆ ਦੀ ਭਰੋਸੇਯੋਗਤਾ ’ਤੇ ਵੀ ਵੱਡਾ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।

ਮੀਡੀਆ ਦਾ ਇਕ ਹਿੱਸਾ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਹਮਜ਼ਾ ਈਰਾਨ ਦੀ ਜੇਲ੍ਹ ਵਿਚ ਨਜ਼ਰਬੰਦ ਹੈ। ਵਿਰੋਧਾਭਾਸੀ ਖ਼ਬਰਾਂ ਕਾਰਨ ਭੰਬਲਭੂਸਾ ਬਣਿਆ ਹੋਇਆ ਹੈ। ਅਮਰੀਕਾ ਸਰਕਾਰ ਫ਼ਿਲਹਾਲ ਇਸ ਮੁੱਦੇ ’ਤੇ ਚੁੱਪ ਹੈ। ਅਜਿਹੀ ਚੁੱਪ ਹਮੇਸ਼ਾ ਖ਼ਤਰਨਾਕ ਮੰਨੀ ਜਾਂਦੀ ਹੈ। ਹਮਜ਼ਾ ਦੇ ਜਿਊਂਦੇ ਹੋਣ ਦੇ ਦਾਅਵਿਆਂ ਦਾ ਖੰਡਨ ਕਰ ਕੇ ਅਮਰੀਕਾ ਆਪਣੀ ਫ਼ਜ਼ੀਹਤ ਨਹੀਂ ਕਰਵਾਉਣਾ ਚਾਹੁੰਦਾ। ਖੰਡਨ ਕਰਨ ਤੋਂ ਬਾਅਦ ਜੇ ਹਮਜ਼ਾ ਦੀ ਤਾਜ਼ਾ ਵੀਡੀਓ ਆ ਗਈ ਤਾਂ ਅਮਰੀਕਾ ਦੇ ਪੱਲੇ ਕੁਝ ਨਹੀਂ ਬਚਣਾ। ਅਮਰੀਕਾ ਸਰਕਾਰ ਹਰ ਜ਼ਾਵੀਏ ਤੋਂ ਇਸ ਖ਼ਬਰ ਦੀ ਪੜਚੋਲ ਵਿਚ ਜੁਟੀ ਹੋਈ ਹੈ। ਇਹ ਵੀ ਹੋ ਸਕਦਾ ਹੈ ਕਿ ਖੰਡ-ਖੰਡ ਹੋ ਚੁੱਕੀ ਸ਼ਕਤੀ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਅਲਕਾਇਦਾ ਨੇ ਨਵਾਂ ਪੱਤਾ ਖੇਡਿਆ ਹੋਵੇ। ਇਤਿਹਾਸ ’ਚ ਅਜਿਹੀਆਂ ਅਣਗਿਣਤ ਉਦਾਹਰਨਾਂ ਹਨ ਜਦੋਂ ਇਕਜੁੱਟਤਾ ਕਾਇਮ ਰੱਖਣ ਲਈ ਨੇਤਾ ਦੀ ਮੌਤ ਨੂੰ ਛੁਪਾਇਆ ਜਾਂਦਾ ਹੈ। ‘ਕਲਟ’ ਜ਼ਿੰਦਾ ਰੱਖ ਕੇ ਸਰਗਰਮੀਆਂ ਜਾਰੀ ਰੱਖੀਆਂ ਜਾਂਦੀਆਂ ਹਨ। ਇਸ ‘ਕਲਟ’ ਨੂੰ ਤੋੜਨ ਲਈ ਬਰਾਕ ਓਬਾਮਾ ਦੀ ਸਰਕਾਰ ਨੇ ਪਾਕਿਸਤਾਨ ਦੇ ਐਬਟਾਬਾਦ ਦੀ ਵਿਸ਼ਾਲ ਤੇ ਅਤਿ ਸੁਰੱਖਿਅਤ ਹਵੇਲੀ ਵਿਚ ਪਰਿਵਾਰ ਸਣੇ ਰਹਿ ਰਹੇ ਓਸਾਮਾ ਬਿਨ ਲਾਦੇਨ ਨੂੰ ਚੁੱਕ ਕੇ ਅਰਬ ਸਾਗਰ ਦੀਆਂ ਗੁਸੈਲ ਛੱਲਾਂ ਹਵਾਲੇ ਕਰ ਦਿੱਤਾ ਸੀ।

ਅਮਰੀਕਾ ਨੂੰ ਪਤਾ ਸੀ ਕਿ ਜੇ ਓਸਾਮਾ ਨੂੰ ਕਿਤੇ ਦਫ਼ਨਾਇਆ ਗਿਆ ਤਾਂ ਉਹ ਅੱਤਵਾਦੀਆਂ ਲਈ ਜ਼ਿਆਰਤ ਦੀ ਥਾਂ ਬਣ ਜਾਵੇਗਾ। ਇਸੇ ਤਰ੍ਹਾਂ ਉਹ ਓਸਾਮਾ ਦੇ ਪੁੱਤਾਂ ਮਗਰ ਹੱਥ ਧੋ ਕੇ ਪਿਆ ਸੀ। ਅਮਰੀਕਾ ਨੂੰ ਖ਼ਦਸ਼ਾ ਰਿਹਾ ਹੈ ਕਿ ਓਸਾਮਾ ਦਾ ਆਪਣਾ ਖ਼ੂਨ ਹੀ ‘ਖ਼ੂਨ ਦਾ ਬਦਲਾ ਖ਼ੂਨ’ ਨਾਅਰੇ ਨੂੰ ਸਭ ਤੋਂ ਬੁਲੰਦ ਆਵਾਜ਼ ਵਿਚ ਉਠਾਵੇਗਾ ਤੇ ਲੋਕ ਉਸ ਦੇ ਫਟ ਪਿੱਛੇ ਲੱਗ ਜਾਣਗੇ। ਆਪਣਾ ਖ਼ੂਨ ਹਮੇਸ਼ਾ ਲਰਜ਼ਾ ਜਾਂਦਾ ਹੈ। ਖ਼ੂਨ ਲਾਵਾ ਬਣ ਜਾਂਦਾ ਹੈ। ਬਦਲੇ ਦਾ ਮੌਕਾ ਮਿਲਦਿਆਂ ਸਾਰ ਇਹ ਲਾਵਾ ਫੁੱਟ ਕੇ ਤਬਾਹੀ ਮਚਾ ਦਿੰਦਾ ਹੈ। ਪੁਰਾਤਨ ਕਥਾਵਾਂ ਵਿਚ ਮ੍ਰਿਤਕ ਦੇ ਡੁੱਲ੍ਹੇ ਲਹੂ ’ਚੋਂ ਕਈ ਬਾਗ਼ੀ ਜੰਮਣ ਦੇ ਹਵਾਲੇ ਮਿਲਦੇ ਹਨ। ਸਭ ਤੋਂ ਦਿਲਚਸਪ ਮਿਥਿਹਾਸਕ ਹਵਾਲਾ ਰਕਤਬੀਜ ਦਾ ਹੈ।

ਪੁਰਾਤਨ ਹਿੰਦੂ ਗ੍ਰੰਥ ਅਨੁਸਾਰ ਰਕਤਬੀਜ (ਲਹੂ ਦਾ ਬੀਜ) ਨਾਂ ਦੇ ਅਸੁਰ ਨੇ ਦੁਰਗਾ ਮਾਤਾ ਦੇ ਦੋਵਾਂ ਰੂਪਾਂ, ਕਾਲੀ ਅਤੇ ਚੰਡੀ ਦੇਵੀ ਵਿਰੁੱਧ ਸੁੰਭ ਤੇ ਅਸੁੰਭ ਨਾਲ ਮਿਲ ਕੇ ਗਹਿਗੱਚ ਲੜਾਈ ਲੜੀ। ਉਸ ਨੇ ਸ਼ਿਵ ਜੀ ਤੋਂ ਵਰ ਲਿਆ ਸੀ ਕਿ ਜੇ ਮੈਦਾਨ-ਏ-ਜੰਗ ਵਿਚ ਉਸ ਦੇ ਖ਼ੂਨ ਦਾ ਕਤਰਾ ਡਿੱਗੇ ਤਾਂ ਉਸ ’ਚੋਂ ਹੋਰ ਰਕਤਬੀਜ ਪੈਦਾ ਹੋਣ। ਖ਼ੈਰ, ਮਿਥਿਹਾਸ ਤੋਂ ਇਲਾਵਾ ਇਤਿਹਾਸ ’ਚ ਵੀ ਕਈ ਉਲੇਖ ਮਿਲਦੇ ਹਨ ਕਿ ਦੁਸ਼ਮਣ ਦੀਆਂ ਜੜ੍ਹਾਂ ਖ਼ਤਮ ਕਰਨ ਲਈ ਉਸ ਦੇ ਪੂਰੇ ਖ਼ਾਨਦਾਨ ਨੂੰ ਮਾਰ-ਮੁਕਾਇਆ ਜਾਂਦਾ ਰਿਹਾ ਹੈ। ਅਜਿਹੀਆਂ ਵੀ ਕਈ ਮਿਸਾਲਾਂ ਹਨ ਕਿ ਜੇ ਕਤਲ ਹੋਣ ਵਾਲਿਆਂ ਦਾ ਜੇ ਕੋਈ ਵਾਰਿਸ ਬਚ ਗਿਆ ਤਾਂ ਉਸ ਨੇ ਖ਼ੂਨ ਦਾ ਬਦਲਾ ਜ਼ਰੂਰ ਲਿਆ। ਯਹੂਦੀਆਂ ਅਤੇ ਇਸਲਾਮ ਦੇ ਅਨੁਯਾਈਆਂ ਵਿਚ ਇਹ ਪ੍ਰਥਾ ਰਹੀ ਹੈ। ਪੀੜ੍ਹੀ-ਦਰ-ਪੀੜ੍ਹੀ ਦੁਸ਼ਮਣੀ ਚੱਲਦੀ ਰਹੀ। ਅਮਰੀਕਾ ਨੂੰ ਇਸ ਦਾ ਭਰਪੂਰ ਗਿਆਨ ਹੈ।

ਓਸਾਮਾ ਬਿਨ ਲਾਦੇਨ ਦੇ ਸੰਗਠਨ ਅਲਕਾਇਦਾ ਨੂੰ ਸ਼ੁਰੂ ਵਿਚ ਅਮਰੀਕਾ ਦੀ ਪੂਰੀ ਸ਼ਹਿ ਰਹੀ। ਅਮਰੀਕਾ ਨੇ ਓਸਾਮਾ ਨੂੰ 1979 ਤੋਂ 1989 ਤੱਕ ਸੋਵੀਅਤ ਰੂਸ ਨਾਲ ਚੱਲੇ ਸੀਤ ਯੁੱਧ ਲਈ ਹਰ ਤਰ੍ਹਾਂ ਦੀ ਇਮਦਾਦ ਕੀਤੀ ਸੀ। ਰੂਸ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਲਈ ਅਮਰੀਕਾ ਤੇ ਪਾਕਿਸਤਾਨ ਤੋਂ ਇਲਾਵਾ ਕਈ ਹੋਰ ਦੇਸ਼ਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਅਮਰੀਕਾ ਨੇ ਜਿਸ ਜਿੰਨ ਨੂੰ ਬੋਤਲ ’ਚੋਂ ਬਾਹਰ ਕੱਢਿਆ ਤਾਂ ਇਸ ਨੇ ਅਫ਼ਗਾਨਿਸਤਾਨ ’ਚ ਖ਼ੂਨ ਦੀ ਨਦੀ ਵਹਾ ਦਿੱਤੀ। ਅੰਕੜਿਆਂ ਮੁਤਾਬਕ ਅਮਰੀਕਾ-ਸੋਵੀਅਤ ਸੀਤ ਯੁੱਧ ਦੇ ਚੱਲਦਿਆਂ ਘੱਟੋ-ਘੱਟ ਤੀਹ ਲੱਖ ਅਫ਼ਗਾਨ ਅੱਲ੍ਹਾ ਨੂੰ ਪਿਆਰੇ ਹੋ ਗਏ ਤੇ ਲੱਖਾਂ ਨੂੰ ਦੂਜੇ ਦੇਸ਼ਾਂ ’ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਬਾਹਰ ਨਿਕਲਿਆ ਜਿੰਨ ਜਦੋਂ ਬੋਤਲ ਵਿਚ ਵਾਪਸ ਨਾ ਆਇਆ ਤਾਂ ਇਸ ਨੇ ਅਮਰੀਕਾ ਦਾ ਹੀ ਖ਼ੂਨ ਪੀਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਮਰੀਕਾ ਨੇ ਓਸਾਮਾ ਨੂੰ ਅਰਬ ਸਾਗਰ ਹਵਾਲੇ ਕਰ ਕੇ ਆਪਣਾ ਬਦਲਾ ਲੈ ਲਿਆ। ਇਹ ਜੰਗ ਅਜੇ ਵੀ ਜਾਰੀ ਹੈ।

ਅੰਤਰਰਾਸ਼ਟਰੀ ਪੱਧਰ ’ਤੇ ਭਾਵੇਂ ਪ੍ਰਸਥਿਤੀਆਂ ਕਾਫ਼ੀ ਬਦਲ ਗਈਆਂ ਹਨ, ਫਿਰ ਵੀ ਇਸਲਾਮਿਕ ਕੱਟੜਪੰਥੀਆਂ ਦਾ ਮੁੜ ਇਕੱਠੇ ਹੋਣਾ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਸਮਝਿਆ ਜਾਂਦਾ ਹੈ। ਹਮਜ਼ਾ ਦਾ ਭਾਵੇਂ ਆਪਣੇ ਅੱਬਾ ਵਾਂਗ ਕੱਦ-ਕਾਠ ਨਹੀਂ, ਫਿਰ ਵੀ ਉਸ ਦੀਆਂ ਸਰਗਰਮੀਆਂ ’ਤੇ ਬਾਜ਼ ਅੱਖ ਰੱਖਣਾ ਸਮੇਂ ਦੀ ਲੋੜ ਹੈ। ਓਸਾਮਾ ਬਿਨ ਲਾਦੇਨ ਦੀ ਕਬਰ ਨਾ ਬਣਨ ਦੇਣਾ ਅਮਰੀਕਾ ਦੀ ਪ੍ਰਾਪਤੀ ਸੀ। ਉਸ ਦੇ ਪੁੱਤਾਂ ਦਾ ਜਿਊਂਦੇ ਰਹਿਣਾ ਉਸ ਲਈ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ। ਉਹ ਦੀਨੀ-ਭਾਈਆਂ ਨੂੰ ਇਕ ਹੋਰ ਜੇਹਾਦ ਲਈ ਆਵਾਜ਼ਾਂ ਮਾਰ ਰਹੇ ਹਨ। ਪੱਥਰ ਦਿਲ ਹੀ ਪੱਥਰਬਾਜ਼ ਬਣਦੇ ਹਨ। ਅਜਿਹੇ ਲੋਕ ਗੂੜ੍ਹੇ ਤੇ ਘੁੱਪ ਹਨੇਰੇ ’ਚ ਰਹਿਣ ਦੇ ਆਦੀ ਹੋ ਚੁੱਕੇ ਹਨ। ਬਦਲੇ ਦੀ ਭਾਵਨਾ ਨੇ ਇਨ੍ਹਾਂ ਨੂੰ ਇਨਸਾਨ ਤੋਂ ਹੈਵਾਨ ਬਣਾ ਦਿੱਤਾ ਹੈ।

ਓਸਾਮਾ ਬਿਨ ਲਾਦੇਨ ਅਮੀਰਜ਼ਾਦਾ ਸੀ। ਵੱਡੇ ਅਕਾਦਮਿਕ ਅਦਾਰਿਆਂ ’ਚ ਪੜ੍ਹਨ ਦੇ ਬਾਵਜੂਦ 14 ਤਬਕਾਂ (7 ਆਕਾਸ਼ ਤੇ 7 ਪਤਾਲ) ਨੂੰ ਲਾਂਬੂ ਲਾਉਣ ਬਾਰੇ ਸੋਚਦਾ ਰਿਹਾ। ਉਸ ਦਾ ਲਫਟੈਨ ਅਲ ਜ਼ਵਾਹਰੀ ਮੈਡੀਸਨ ਦਾ ਵਿਦਿਆਰਥੀ ਸੀ ਤੇ ਉਸ ਨੇ ਸਰਜਰੀ ਦੀ ਮਾਸਟਰਜ਼ ਕੀਤੀ ਹੋਈ ਸੀ। ਇਸ ਦੇ ਬਾਵਜੂਦ ਉਹ ਕਿਸੇ ਦੀ ਜਾਨ ਬਚਾਉਣ ਵਾਲੇ ਤਬੀਬ ਦੀ ਬਜਾਏ ਨਿਰਦੋਸ਼ਾਂ ਦੀ ਜਾਨ ਲੈਣ ਵਾਲਾ ਬਣ ਗਿਆ। ਹਮਜ਼ਾ ਤੇ ਅਬਦੁੱਲਾ ਦੀਆਂ ਰਗ਼ਾਂ ’ਚ ਵੀ ਲਾਦੇਨ ਦਾ ਜ਼ਹਿਰੀਲਾ ਖ਼ੂਨ ਦੌੜਦਾ ਹੈ। ਜੇ ਹਮਜ਼ਾ ਵਾਕਈ ਜਿਊਂਦਾ ਹੈ ਤਾਂ ਉਸ ਦੇ ਮਨਸੂਬਿਆਂ ਬਾਰੇ ਚਿੰਤਤ ਹੋਣ ਦੀ ਲੋੜ ਹੈ। ਅਜਿਹੇ ਲੋਕਾਂ ਬਾਰੇ ਸੂਫ਼ੀ ਕਵੀ ਸੁਲਤਾਨ ਬਾਹੂ ਲਿਖਦਾ ਹੈ, ‘ਪੱਥਰ ਚਿੱਤ ਜਿਨ੍ਹਾਂ ਦੇ ਬਾਹੂ/ਓਥੇ ਜ਼ਾਇਆ ਵਸਣਾ ਮੀਹਾਂ ਹੂ’।