VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦਸ਼ਰਥ ਮਾਂਝੀ ਦਾ ਇੰਤਜ਼ਾਰ ! ( ਪੰਜਾਬੀ ਜਾਗਰਣ –– 8th September, 2024)

ਵਰਿੰਦਰ ਵਾਲੀਆ

ਕੁਝ ਤਸਵੀਰਾਂ/ਵੀਡੀਓਜ਼ ਚੈਨ ਨਾਲ ਸੌਣ ਨਹੀਂ ਦਿੰਦੀਆਂ। ਮਹਾਰਾਸ਼ਟਰ ਦੇ ਗਡਚੜੋਲੀ ਪਿੰਡ ਦੀ ਢਾਈ ਮਿੰਟਾਂ ਦੀ ਇਕ ਵੀਡੀਓ ਕਲਿੱਪ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਬੇਹੱਦ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ। ਨੌਜਵਾਨ ਮੀਆਂ-ਬੀਵੀ ਆਪਣੇ ਨੰਨ੍ਹੇ ਜਿਗਰ ਦੇ ਟੋਟਿਆਂ ਦੀਆਂ ਲੋਥਾਂ ਨੂੰ ਮੋਢਿਆਂ ’ਤੇ ਚਾਈ ਪੰਦਰਾਂ ਕਿੱਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡ ਪਹੁੰਚਦੇ ਹਨ। ਦੋਨਾਂ ਮ੍ਰਿਤਕ ਮੁੰਡਿਆਂ ਦੀ ਉਮਰ ਦਸ ਸਾਲ ਤੋਂ ਵੀ ਘੱਟ ਸੀ। ਪਿੰਡ ਦੇ ਨੀਮ-ਹਕੀਮਾਂ ਨੇ ਬੱਚਿਆਂ ਦਾ ਤਾਪ ਵਿਗਾੜ ਦਿੱਤਾ ਸੀ ਤੇ ਗ਼ਰੀਬ ਮਾਪੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੈ ਗਏ। ਹਸਪਤਾਲ ਵੀ ਤਾਂ ਰਾਮ ਭਰੋਸੇ ਹੀ ਚੱਲ ਰਿਹਾ ਸੀ। ਬੱਚਿਆਂ ਦਾ ਸਮੇਂ ਸਿਰ ਸਹੀ ਇਲਾਜ ਨਾ ਹੋਣ ਕਰਕੇ ਉਹ ਰੱਬ ਨੂੰ ਪਿਆਰੇ ਹੋ ਗਏ।

ਪੀੜਤ ਮਾਂ-ਬਾਪ ਨੇ ਹਸਪਤਾਲ ਪ੍ਰਸ਼ਾਸਨ ਕੋਲ ਐਂਬੂਲੈਂਸ ਲਈ ਅਰਜ਼ੋਈ ਕੀਤੀ। ਹਸਪਤਾਲ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਤੱਕ ਨਾ ਸਰਕੀ। ਹਾਰ ਕੇ ਲਾਚਾਰ ਮਾਂ ਤੇ ਬਾਪ ਨੇ ਦੋਨਾਂ ਬੱਚਿਆਂ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਪਿੰਡ ਨੂੰ ਚਾਲੇ ਪਾ ਦਿੱਤੇ। ਮਾਂ-ਬਾਪ ਚਿੱਕੜ-ਭਰੇ ਰਾਹ ’ਚੋਂ ਗੁਜ਼ਰ ਰਹੇ ਸਨ। ਹਟਕੋਰੇ ਭਰ ਰਹੇ ਪੀੜਤ ਮਾਪਿਆਂ ਦੀ ਕਿਸੇ ਰਾਹਗੀਰ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਹ ਖ਼ਬਰ ਪੜ੍ਹਦਿਆਂ ਇਲੈਕਟ੍ਰਾਨਿਕ ਮੀਡੀਆ ਦੇ ਐਂਕਰਾਂ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ‘ਮਾਂ-ਬਾਪ ਦੇ ਮੋਢਿਆਂ ’ਤੇ ਬੱਚਿਆਂ ਦੀ ਸ਼ਵ-ਯਾਤਰਾ’, ‘ਇਨਸਾਨੀਅਤ ਦੀ ਮੌਤ ਦੀ ਘਿਨੌਣੀ ਤਸਵੀਰ’ ਵਰਗੀਆਂ ਹੈੱਡਲਾਈਨਜ਼ ਦਰਸ਼ਕਾਂ ਦੇ ਦਿਲ ਹਲੂਣ ਰਹੀਆਂ ਸਨ। ਇਹ ਦਰਅਸਲ, ਇਨਸਾਨੀਅਤ ਦਾ ਜਨਾਜ਼ਾ ਨਿਕਲ ਰਿਹਾ ਜਾਪਦਾ ਸੀ।

ਜਦੋਂ ਬਾਪ ਆਪਣੇ ਬੱਚੇ ਦੀ ਅਰਥੀ ਨੂੰ ਮੋਢਾ ਦਿੰਦਾ ਹੈ, ਉਸ ਨੂੰ ਦੁਨੀਆ ਦੀ ਸਭ ਤੋਂ ਭਾਰੀ ਵਸਤੂ ਮੰਨਿਆ ਗਿਆ ਹੈ। ਬਾਪ ਕੀ, ਇੰਨਾ ਹੀ ਬੋਝ ਮਾਂ ਵੀ ਉਠਾ ਰਹੀ ਸੀ ਜਿਸ ਨੂੰ ਦੁਨੀਆ ਨੇ ਦੇਖਿਆ ਸੀ। ਬਾਲ-ਵਰੇਸ ਵਿਚ ਹੋਈ ਮੌਤ ਦੀ ਮਨਹੂਸ ਖ਼ਬਰ ਹਿਰਦਾ ਛਲਣੀ ਕਰਦੀ ਹੈ। ਛੋਟੀ ਉਮਰ ਵਿਚ ਮਰਨ ਵਾਲੇ ਬੱਚਿਆਂ ਨੂੰ ਫੁੱਲਾਂ ਦੀ ਨਿਆਈਂ ਸਮਝ ਕੇ ਦੁਸ਼ਾਲਿਆਂ ਵਿਚ ਲਪੇਟਿਆ ਜਾਂਦਾ ਹੈ। ਉਨ੍ਹਾਂ ਦੇ ਦਾਹ-ਸੰਸਕਾਰ ਦੀਆਂ ਰਸਮਾਂ ਵਡੇਰੀ ਉਮਰ ਵਾਲਿਆਂ ਨਾਲੋਂ ਵੱਖਰੀਆਂ ਹੁੰਦੀਆਂ ਹਨ। ਗਡਚੜੌਲੀ ਵਾਲੇ ਬੱਚਿਆਂ ਨੂੰ ਅਜਿਹੀ ਵਿਦਾਇਗੀ ਨਸੀਬ ਨਹੀਂ ਹੋਈ। ਗੁਰਬਤ ਦੀਆਂ ਲੋਥਾਂ ਚਾਦਰ ਵਿਚ ਲਪੇਟ ਕੇ ਮੋਢਿਆਂ ਨਾਲ ਲਾਈਆਂ ਪਈਆਂ ਸਨ। ਇਨ੍ਹਾਂ ਮੋਢਿਆਂ ’ਤੇ ਚੜ੍ਹ ਕੇ ਬੱਚਿਆਂ ਨੇ ਦੁਨੀਆ ਦਾ ਮੇਲਾ ਦੇਖਿਆ ਸੀ। ਪਰਲੋਕ ਸਿਧਾਰ ਗਏ ਜਿਊੜਿਆਂ ਨੂੰ ਸਨਮਾਨ ਸਹਿਤ ਵਿਦਾ ਕਰਨ ਦੀਆਂ ਰਸਮਾਂ ਹਨ।

ਭਾਰਤ ਵੰਸ਼ੀਆਂ ਦਾ ਸ਼ੁਰੂ ਤੋਂ ਵਿਸ਼ਵਾਸ ਚੱਲਿਆ ਆ ਰਿਹਾ ਹੈ ਕਿ ਮੌਤ ਜੀਵਨ-ਪ੍ਰਵਾਹ ਦਾ ਅੰਤ ਨਹੀਂ ਬਲਕਿ ਇਕ ਪੜਾਅ ਹੈ। ਪਰਲੋਕ ਇਸੇ ਸੰਸਾਰ ਦਾ ਪ੍ਰਤੀਰੂਪ ਹੈ। ਲੋਕ ਤੋਂ ਪਰਲੋਕ ਤੱਕ ਦਾ ਪੰਧ ਬਿਖਮ ਮੰਨਿਆ ਗਿਆ ਹੈ। ਰੀਤਾਂ ਤੇ ਸੰਸਕਾਰਾਂ ਦਾ ਮੁੱਖ ਮਨੋਰਥ ਪਰਲੋਕ ਸਿਧਾਰ ਗਏ ਪ੍ਰਾਣੀ ਦਾ ਅਗਲਾ ਪੰਧ ਸੁਖਾਵਾਂ ਬਣਾਉਣਾ ਹੈ। ਉਪਰੋਕਤ ਘਟਨਾ ਨੂੰ ਇਸ ਨੁਕਤਾ-ਨਿਗਾਹ ਨਾਲ ਵਾਚਿਆ ਜਾਵੇ ਤਾਂ ਪੀੜਤ ਮਾਂ-ਬਾਪ ਦੀ ਮਾਨਸਿਕ ਅਵਸਥਾ ਨੂੰ ਸਹਿਜੇ ਹੀ ਭਾਂਪਿਆ ਜਾ ਸਕਦਾ ਹੈ। ਮਹਾਰਾਸ਼ਟਰ ਵਿਕਸਤ ਸੂਬਾ ਹੈ। ਮੁੰਬਈ ਦੇਸ਼ ਦੀ ਸੁਪਨ-ਨਗਰੀ ਤੋਂ ਦੇਸ਼ ਦੀ ਆਰਥਿਕ ਰਾਜਧਾਨੀ ਮੰਨੀ ਜਾਂਦੀ ਹੈ। ਇਸ ਦੇ ਦੂਜੇ ਸ਼ਹਿਰ ਥਾਨੇ, ਪੁਣੇ, ਨਾਗਪੁਰ ਅਤੇ ਨਾਸਿਕ ਵੀ ਦੁਨੀਆ ਦੇ ਵੱਡੇ ਤੇ ਵਿਕਸਤ ਸ਼ਹਿਰਾਂ ਵਿਚ ਸ਼ੁਮਾਰ ਹਨ। ਮਰਾਠਿਆਂ ਦੀ ਅਮੀਰ ਵਿਰਾਸਤ ਸਾਂਭੀ ਬੈਠੇ ਇਸ ਸੂਬੇ ਵਿਚ ਅਜਿਹੀ ਅਤਿ-ਦੁਖਦਾਈ ਘਟਨਾ ਦ੍ਰਿਸ਼ਟੀਗੋਚਰ ਹੋਣਾ ਸਮਝ ਤੋਂ ਬਾਹਰ ਹੈ।

ਅਜਿਹੀਆਂ ਘਟਨਾਵਾਂ ਬਿਹਾਰ, ਉੱਤਰ ਪ੍ਰਦੇਸ਼ ਅਤੇ ਕਈ ਹੋਰ ਪੱਛੜੇ ਸੂਬਿਆਂ ਵਿਚ ਵੀ ਵੇਖਣ ਨੂੰ ਮਿਲਦੀਆਂ ਹਨ। ਭਾਰਤੀ ਸੰਵਿਧਾਨ ਵਿਚ ਮੁੱਢਲੀਆਂ ਸਿਹਤ ਸਹੂਲਤਾਂ ਹਰ ਨਾਗਰਿਕ ਦਾ ਅਧਿਕਾਰ ਹੈ। ਆਰਟੀਕਲ 42 ਅਤੇ 47 ਵਿਚ ਇਸ ਅਧਿਕਾਰ ਦਾ ਵਿਸ਼ੇਸ਼ ਜ਼ਿਕਰ ਹੈ। ਸੂਬਾ ਸਰਕਾਰਾਂ ਵੱਲੋਂ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਮੁੱਢਲਾ ਕਰਤੱਵ ਹੁੰਦਾ ਹੈ ਜਿਨ੍ਹਾਂ ਦੀ ਅਕਸਰ ਅਣਦੇਖੀ ਕੀਤੀ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਕ ਦੇਸ਼ ਵਿਚ 27 ਫ਼ੀਸਦ ਤੋਂ ਵੱਧ ਮੌਤਾਂ ਦਾ ਕਾਰਨ ਸਮੇਂ ਸਿਰ ਇਲਾਜ ਨਾ ਹੋਣਾ ਹੈ। ਵੈਸੇ ਵੀ ਔਸਤਨ ਸੋਲਾਂ-ਸਤਾਰਾਂ ਸੌ ਪਿੱਛੇ ਇਕ ਡਾਕਟਰ ਦਾ ਹੋਣਾ ਪੂਰੇ ਵਰਤਾਰੇ ਦੀ ਕੋਝੀ ਤਸਵੀਰ ਪ੍ਰਸਤੁਤ ਕਰਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਅਨੁਸਾਰ ਇਕ ਲੱਖ ਦੀ ਆਬਾਦੀ ਪਿੱਛੇ ਘੱਟੋ-ਘੱਟ ਇਕ ਐਂਬੂਲੈਂਸ ਦਾ ਹੋਣਾ ਜ਼ਰੂਰੀ ਹੈ। ਸ਼ਹਿਰੀ ਖੇਤਰਾਂ ਵਿਚ ਲੋੜ ਪੈਣ ’ਤੇ ਐਂਬੂਲੈਂਸ ਵੀਹ ਮਿੰਟਾਂ ਵਿਚ ਪੁੱਜਣੀ ਚਾਹੀਦੀ ਹੈ। ਛੋਟੇ ਕਸਬਿਆਂ ਤੇ ਪਿੰਡਾਂ ਵਿਚ ਇਹ ਵਕਫ਼ਾ ਕ੍ਰਮਵਾਰ 25 ਅਤੇ 35 ਮਿੰਟ ਹੋਣਾ ਚਾਹੀਦਾ ਹੈ। ਚਾਰ-ਚੁਫੇਰੇ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਵਿਚ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨਾ ਅਜੇ ਦੂਰ ਦੀ ਕੌਡੀ ਹੈ।

ਮਨੁੱਖੀ ਅਧਿਕਾਰਾਂ ਦੀ ਕਦਰ ਵਿਚ ਅਸੀਂ ਪੱਛਮੀ ਅਤੇ ਹੋਰ ਵਿਕਸਤ ਮੁਲਕਾਂ ਤੋਂ ਬਹੁਤ ਪਿੱਛੇ ਹਾਂ। ਸਿਸਟਮ ਵਿਚ ਸੁਧਾਰ ਲਿਆਉਣਾ ਪਹਾੜ ਨਾਲ ਮੱਥਾ ਲਾਉਣ ਬਰਾਬਰ ਹੈ। ਪਹਾੜ ਨਾਲ ਅਜਿਹਾ ਮੱਥਾ ਬਿਹਾਰ ਦੇ ਆਦਿਵਾਸੀ ਦਸ਼ਰਥ ਮਾਂਝੀ (14 ਜਨਵਰੀ 1934-17 ਅਗਸਤ 2007) ਨੇ ਲਾਇਆ ਸੀ ਜਦੋਂ ਉਸ ਦੀ ਪਤਨੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ। ਮਾਂਝੀ ਜੰਗਲ ਵਿਚ ਲੱਕੜਾਂ ਕੱਟ ਰਿਹਾ ਸੀ ਜਦੋਂ ਭੱਤਾ ਲਿਆ ਰਹੀ ਉਸ ਦੀ ਪਤਨੀ ਪਹਾੜੀ ਚੱਟਾਨ ’ਤੇ ਪੈਰ ਫਿਸਲਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਸੀ। ਉਸ ਦਾ ਪਿੰਡ ਗਹਿਲੌਰ ਬੋਧ ਗਯਾ ਦੇ ਨੇੜੇ ਉੱਚੀ ਪਹਾੜੀ ’ਤੇ ਵਸਿਆ ਹੋਇਆ ਹੈ। ਉਹ ਜ਼ਖ਼ਮੀ ਪਤਨੀ ਨੂੰ ਚੁੱਕ ਕੇ 55 ਕਿੱਲੋਮੀਟਰ ਦੂਰ ਸਰਕਾਰੀ ਹਸਪਤਾਲ ਵਿਚ ਪੁੱਜਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਰਾਹ ਵਿਚ ਪਹਾੜ ਨਾ ਹੁੰਦਾ ਤਾਂ ਹਸਪਤਾਲ ਦੀ ਦੂਰੀ 15 ਕਿੱਲੋਮੀਟਰ ਹੋਣੀ ਸੀ। ਇਹ ਘਟਨਾ 1959 ਦੀ ਹੈ।

ਮਾਂਝੀ ਉਸ ਵਕਤ 25 ਸਾਲ ਦਾ ਨੌਜਵਾਨ ਸੀ ਅਤੇ ਆਪਣੀ ਪਤਨੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਹੱਬਤ ਕਰਦਾ ਸੀ। ਮਾਂਝੀ ਨੂੰ ਪਹਾੜ ’ਤੇ ਗੁੱਸਾ ਆਇਆ। ਉਸ ਨੇ ਪ੍ਰਤਿੱਗਿਆ ਲਈ ਕਿ ਉਹ ਪਹਾੜ ਨੂੰ ਚੀਰ ਕੇ ਸਿੱਧਾ ਰਸਤਾ ਬਣਾਵੇਗਾ। ਇਹੀ ਪਤਨੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਉਸ ਨੇ ਆਪਣੇ ਮਨ ਨੂੰ ਕਿਹਾ। ਮਾਂਝੀ ਨੇ ਹਥੌੜਾ ਚੁੱਕ ਕੇ ਪਹਾੜ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਲੋਕ ਉਸ ਨੂੰ ਪਾਗਲ ਕਹਿਣ ਲੱਗੇ। ਉਹ ਧੁਨ ਦਾ ਪੱਕਾ ਸੀ। ਉਹ ਪਹਾੜ ਨੂੰ ਲਗਾਤਾਰ ਲਲਕਾਰਦਾ, ‘‘ਜਬ ਤਕ ਤੋੜੇਂਗੇ ਨਹੀਂ, ਤਬ ਤਕ ਛੋੜੇਂਗੇ ਨਹੀਂ।’’ ਲੋਕਾਂ ਨੇ ਉਸ ਦੀ ਇਕ ਨਾ ਸੁਣੀ।

ਛੋਟੀ ਅਖ਼ਬਾਰ ਦੇ ਇਕ ਪੱਤਰਕਾਰ ਨੇ ਉਸ ਦੇ ਜਨੂੰਨ/ਸਿਰੜ ਤੇ ਪ੍ਰਤਿੱਗਿਆ ਬਾਰੇ ਖ਼ਬਰ ਛਾਪੀ ਤਾਂ ਇਸ ਨੇ ਲੋਕਾਂ ਦਾ ਧਿਆਨ ਖਿੱਚਿਆ। ਮਾਂਝੀ ਉਸ ਦਾ ਸ਼ੁਕਰਾਨਾ ਕਰਦਾ ਬੋਲਿਆ ਕਿ ਉਹ ਖ਼ੁਦ ਅਖ਼ਬਾਰ ਕਿਉਂ ਨਹੀਂ ਕੱਢ ਲੈਂਦਾ? ਪੱਤਰਕਾਰ ਕਹਿੰਦਾ, ਅਖ਼ਬਾਰ ਕੱਢਣਾ ਪਤਾ ਕਿੰਨਾ ਔਖਾ ਕੰਮ ਹੈ? ਮਾਂਝੀ ਮੁਸਕਰਾਂਦੇ ਹੋਏ ਕਹਿੰਦਾ, ‘ਪਹਾੜ ਤੋੜਨ ਤੋਂ ਵੀ ਵੱਧ?’ ਇਹ ਸਿਲਸਿਲਾ 22 ਸਾਲ ਤੱਕ ਚੱਲਦਾ ਰਿਹਾ। ਮਾਂਝੀ ਨੇ ਇਤਿਹਾਸ ਸਿਰਜ ਦਿੱਤਾ। ਤਾਜ ਮਹਿਲ ਬਣਾਉਣ ਵਿਚ 21 ਸਾਲ ਲੱਗੇ ਸਨ ਜਿਸ ਦੀ ਉਸਾਰੀ ਵਿਚ ਹਜ਼ਾਰਾਂ ਮਜ਼ਦੂਰਾਂ ਨੇ ਵਗਾਰ ਕੀਤੀ ਸੀ।

ਮਿਸਤਰੀਆਂ ਦੇ ਬਾਅਦ ਵਿਚ ਹੱਥ ਵੱਢ ਦਿੱਤੇ ਗਏ ਤਾਂ ਜੋ ਉਹ ਹੋਰ ਤਾਜ ਨਾ ਬਣਾ ਸਕਣ। ਦਸ਼ਰਥ ਮਾਂਝੀ ਤਾਂ ਖ਼ੁਦ ਸਵਾ ਲੱਖ ਸੀ। ਇਕੱਲੀ ਜਾਨ ਨੇ 110 ਮੀਟਰ ਲੰਬਾ ਅਤੇ 9 ਮੀਟਰ ਚੌੜਾ ਅਤੇ ਅੱਠ ਮੀਟਰ ਡੂੰਘਾ ਮਾਰਗ ਬਣਾ ਦਿੱਤਾ ਸੀ। ਸਮੇਂ ਦੀ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੀ ਅਤੇ ਦਸ਼ਰਥ ਮਾਂਝੀ ਦੇ ਨਾਂ ’ਤੇ ਡਾਕ ਟਿਕਟ ਜਾਰੀ ਕੀਤੀ। ਉਸ ਨੂੰ ਵੱਡੇ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ। ਕੀ ਸਰਕਾਰਾਂ ਅੱਜ ਵੀ ਚਾਹੁੰਦੀਆਂ ਹਨ ਕਿ ਹਰ ਪਿੰਡ, ਨਗਰ ਅਤੇ ਸ਼ਹਿਰ ਵਿਚ ਮਾਂਝੀ ਜਨਮ ਲਵੇ ਅਤੇ ਲੋਕਤੰਤਰ ਦੇ ਹੁੰਦਿਆਂ-ਸੁੰਦਿਆਂ ਉਹ ਲੋਕਾਂ ਲਈ ਸਹੂਲਤਾਂ ਉਪਲਬਧ ਕਰਵਾਏ। ਇਕੱਲਿਆਂ ਦਾ ਕਾਫ਼ਲਾ ਨਹੀਂ ਹੁੰਦਾ।

ਅਜੋਕੇ ਸਮੇਂ ਹਰ ਕੋਈ ਆਪੋ-ਆਪਣੇ ਸਵਾਰਥ ਨਾਲ ਜੁੜਿਆ ਹੋਇਆ ਹੈ। ਕੋਈ ਵਿਰਲਾ ਹੀ ਹੈ ਜੋ ਨਿਰਸਵਾਰਥ ਹੋ ਕੇ ਦੂਜਿਆਂ ਦੇ ਕੰਮ ਆਉਂਦਾ ਹੈ। ਨੇਤਾ ਲੋਕ ਵੋਟਾਂ ਲੈ ਕੇ ਲੋਕਾਂ ਨੂੰ ਭੁੱਲ ਜਾਂਦੇ ਹਨ। ਫਿਰ ਉਹ ਕਿਸੇ ਹੋਰ ਦਸ਼ਰਥ ਮਾਂਝੀ ਦੇ ਇੰਤਜ਼ਾਰ ਵਿਚ ਪੰਜ ਸਾਲ ਬਿਤਾ ਦਿੰਦੇ ਹਨ। ‘ਰਾਜ ਨਹੀਂ ਸੇਵਾ’ ਦੇ ਨਾਅਰੇ ਖੋਖਲੇ ਸਾਬਿਤ ਹੁੰਦੇ ਹਨ। ਆਮ ਲੋਕ ਵਿਚਾਰੇ ਪਾਪੀ ਪੇਟ ਦੀ ਖ਼ਾਤਰ ਦਰ-ਦਰ ਭਟਕਦੇ ਹਨ। ਫਿਰ ਭਲਾ ਹਰ ਕੋਈ ਦਸ਼ਰਥ ਮਾਂਝੀ ਕਿਵੇਂ ਬਣ ਸਕਦਾ ਹੈ?