ਲਮਹੋਂ ਨੇ ਖ਼ਤਾ ਕੀ ਥੀ... ( ਪੰਜਾਬੀ ਜਾਗਰਣ –– 1st September, 2024)
ਵਰਿੰਦਰ ਵਾਲੀਆ
ਪਿਛਲੇ ਸੋਲਾਂ ਸਾਲਾਂ ਵਿਚ ਪੁਲਾਂ ਹੇਠੋਂ ਬਹੁਤ ਪਾਣੀ ਵਹਿ ਚੁੱਕਾ ਹੈ-ਜੋ ਪਾਣੀ ਇਸ ਪੱਤਣੋਂ ਲੰਘਿਆ, ਮੁੜ ਨਾ ਲੰਘਣਾ ਭਲਕੇ। ਲੰਘਿਆ ਸਮਾਂ ਭਲਾ ਕਿਸ ਦੇ ਹੱਥ ਆਇਆ ਹੈ? ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਇਕੱਤੀ ਜਨਵਰੀ 2008 ਨੂੰ ਆਯੋਜਿਤ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਵਿਚ 46 ਸਾਲਾ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਪਿਤਾ ਦੀ ਥਾਂ ਸਰਵ-ਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਉਨ੍ਹਾਂ ਦੇ ਨਾਂ ਦੀ ਤਜਵੀਜ਼ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਰੱਖੀ, ਜਿਸ ਦੀ ਤੁਰੰਤ ਤਾਈਦ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਰ ਦਿੱਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਾਉਮਰ ਲਈ ਅਕਾਲੀ ਦਲ ਦਾ ਸਰਪ੍ਰਸਤ ਚੁਣ ਲਿਆ ਗਿਆ।

ਅਠਾਸੀ ਸਾਲ ਪੁਰਾਣੀ ਸ਼ਹੀਦਾਂ ਦੀ ਪਾਰਟੀ ਦੇ ਸਭ ਤੋਂ ਛੋਟੇ ਸਰਬਰਾਹ ਨੂੰ ਹਾਰਾਂ ਨਾਲ ਲੱਦਿਆ ਜਾਂਦਾ ਰਿਹਾ। ਉਹ ਹਾਰ ਲਾਹ ਕੇ ਸਾਥੀਆਂ ਨੂੰ ਫੜਾਉਂਦੇ ਤੇ ਉਨ੍ਹਾਂ ਦੇ ਪ੍ਰਸ਼ੰਸਕ ਫਿਰ ਹਾਰਾਂ ਨਾਲ ਲੱਦ ਦੇਂਦੇ। ਅੰਗਰੇਜ਼ੀ ਅਖ਼ਬਾਰ ਸਮੂਹ ਦਾ ਨੁਮਾਇੰਦਾ ਹੋਣ ਨਾਤੇ ਮੈਂ ਵੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੌਜੂਦ ਸਾਂ। ਮੇਰੀ ਖ਼ਬਰ ਦੀ ਸੁਰਖ਼ੀ ‘Badal Senior Patron for Life/Son (sun) Also Rises in Akali Dal’ ਨੇ ਪੰਥਕ ਹਲਕਿਆਂ ਵਿਚ ਖ਼ੂਬ ਚਰਚਾ ਛੇੜੀ ਸੀ। ਅਕਾਲੀ ਦਲ ਦੇ ਅੰਬਰ ’ਤੇ ਬਾਦਲ ਸਾਹਿਬ ਦਾ ਫ਼ਰਜ਼ੰਦ ‘ਸੂਰਜ’ ਵਾਂਗ ਉਦੈ ਹੋਇਆ ਸੀ। ਉਸ ਵੇਲੇ ਉਨ੍ਹਾਂ ਨੇ ਦਾਹੜੇ ਦਾ ਪ੍ਰਕਾਸ਼ ਨਹੀਂ ਸੀ ਕੀਤਾ ਹੋਇਆ। ਇਸੇ ਸਰੂਪ ਵਿਚ ਉਹ ਲੰਬਾ ਸਮਾਂ ਵਿਚਰਦੇ ਰਹੇ ਤੇ ਕਿਸੇ ਨੇ ਕਿੰਤੂ-ਪ੍ਰੰਤੂ ਕਰਨ ਦਾ ਹੀਆ ਵੀ ਨਾ ਕੀਤਾ। ਚੜ੍ਹਦੇ ਸੂਰਜ ਨੂੰ ਭਲਾ ਕੌਣ ਸਲਾਮ ਨਹੀਂ ਕਰਦਾ!
ਬੀਤੇ ਸਮੇਂ ਦੇ ਉੱਚ-ਦੁਮਾਲੜੇ ਵਾਲੇ ਪ੍ਰਧਾਨਾਂ ਦੀ ਚਰਚਾ ਚੱਲਦੀ। ਉਨ੍ਹਾਂ ਵੱਲੋਂ ਦਿੱਤੀਆਂ ਲਾਸਾਨੀ ਕੁਰਬਾਨੀਆਂ ਦਾ ਜ਼ਿਕਰ ਚੱਲਦਾ। ਸਰਬੰਸ ਦਾਨੀ ਦੇ ਵਾਰਿਸ ਹੋਣ ਦਾ ਦਾਅਵਾ ਕਰਨ ਵਾਲਿਆਂ ਦੇ ਪਰਿਵਾਰਕ ਮੋਹ ਦੀ ਚਰਚਾ ਹੁੰਦੀ। ਸੀਰਨੀ (ਸ਼ਰੀਣੀ) ਮੁੜ-ਮੁੜ ਆਪਣਿਆਂ ਨੂੰ ਵੰਡਣ ’ਤੇ ਪੰਥ ਵਿਚ ਘੁਸਰ-ਮੁਸਰ ਹੁੰਦੀ। ਭਾਈ-ਭਤੀਜਾਵਾਦ ’ਤੇ ਸਵਾਲ ਉੱਠਦੇ। ਲੋਕ ਸਭਾ ਮੈਂਬਰ ਦੀ ਟਿਕਟ ਛੋਟੇ ਭਰਾ ਗੁਰਦਾਸ ਸਿੰਘ ਬਾਦਲ (ਦਾਸ ਬਾਦਲ) ਨੂੰ ਦੇਣ ਤੱਕ ਕਿਸੇ ਆਵਾਜ਼ ਨਹੀਂ ਸੀ ਚੁੱਕੀ। ਭਾਈ ਤੋਂ ਬਾਅਦ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ 1995 ਵਿਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਲੜਾਈ ਤਾਂ ਵੀ ਪੰਥ ਨੇ ਉਜ਼ਰ ਨਾ ਕੀਤਾ। ਮਨਪ੍ਰੀਤ ਨੂੰ ਟਿਕਟ ਦੇਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਵਾਇਆ ਗਿਆ। ਚੋਣ ਜਿੱਤਣ ਦੇ ਬਾਵਜੂਦ ਅੰਮ੍ਰਿਤ ’ਤੇ ਪਹਿਰਾ ਨਾ ਦੇਣਾ ਵੀ ਕੋਈ ਮੁੱਦਾ ਨਾ ਬਣਿਆ। ਇਹ ਬਾਦਲਾਂ ਦੀ ਚੜ੍ਹਤ ਦਾ ਸਮਾਂ ਸੀ।
ਗਿੱਦੜਬਾਹਾ ਦੀ ਜ਼ਿਮਨੀ ਚੋਣ ਨੇ ਅਕਾਲੀ ਦਲ ਦੀ ਚੜ੍ਹਦੀਕਲਾ ਦਾ ਮੁੱਢ ਬੰਨ੍ਹ ਦਿੱਤਾ। ਬਹੁਜਨ ਸਮਾਜ ਪਾਰਟੀ ਦਾ ਅਚਾਨਕ ਸਾਥ ਛੱਡ ਕੇ ਭਾਜਪਾ ਨਾਲ ਸਾਂਝ-ਭਿਆਲੀ ਰੰਗ ਲਿਆਈ। ਮੋਗਾ ਦੀ ਵਿਸ਼ਾਲ ਰੈਲੀ ਵਿਚ ਅਕਾਲੀ ਦਲ ਨੇ ਪੰਜਾਬੀਆਂ ਦੀ ਪਾਰਟੀ ਹੋਣ ਦਾ ਸਪਸ਼ਟ ਸੰਕੇਤ ਦਿੱਤਾ। ਸੰਨ 1997 ਵਿਚ ਅਕਾਲੀ-ਭਾਜਪਾ ਸਰਕਾਰ ਬਣੀ। ਇਸ ਤੋਂ ਬਾਅਦ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਣੀ। ਉਸ ਸਮੇਂ ਪੰਜਾਬ ਦੇ ਵੋਟਰਾਂ ਨੂੰ ਕੈਪਟਨ ਦੇ ਵਧੇਰੇ ਪੰਥ-ਹਿਤੈਸ਼ੀ ਹੋਣ ਦਾ ਭੁਲੇਖਾ ਪਿਆ ਸੀ। ਕੈਪਟਨ ਤੋਂ ਬਾਅਦ 2007 ਵਿਚ ਜਦੋਂ ਬਾਦਲ ਦੀ ਅਗਵਾਈ ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਬਣੀ ਜੋ ਇਕ ਦਹਾਕਾ ਚੱਲਦੀ ਰਹੀ। ਬਾਦਲਾਂ ਦਾ ਸਿਤਾਰਾ ਬੁਲੰਦੀਆਂ ’ਤੇ ਸੀ।
ਸੁਖਬੀਰ ਸਿੰਘ ਬਾਦਲ ਦੀ ‘ਸੋਸ਼ਲ ਇੰਜੀਨੀਅਰਿੰਗ’ ਦੀ ਵਜ੍ਹਾ ਕਰਕੇ ਅਕਾਲੀ-ਭਾਜਪਾ ਦੀ ਸਰਕਾਰ ਬਣੀ ਸੀ। ਸਿਤਾਰੇ ਬੁਲੰਦੀਆਂ ’ਤੇ ਹੋਣ ਕਾਰਨ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਨੂੰ ਕਿਹਾ ਕਿ ਉਹ ਦੋ ਅਹੁਦਿਆਂ ਨਾਲ ਇਨਸਾਫ਼ ਨਹੀਂ ਕਰ ਸਕਦੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ। ‘ਪੰਥ’ ਨੇ ਹਾਂ ਵਿਚ ਹਾਂ ਮਿਲਾ ਦਿੱਤੀ। ਅਠੱਤੀ ਸਾਲ ਪਹਿਲਾਂ 1970 ਵਿਚ ਪਹਿਲੀ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਥ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਪੜ੍ਹ ਚੁੱਕੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਕ ਸਮੇਂ ਸੰਤ ਫ਼ਤਹਿ ਸਿੰਘ ਨੇ ਜਦੋਂ ਆਪਣੇ ਡਰਾਈਵਰ ਨੂੰ ਲੋਕ ਸਭਾ ਦੀ ਸੀਟ ਦਿੱਤੀ ਸੀ ਤਾਂ ਕੋਈ ਟਕਸਾਲੀ ਅਕਾਲੀ ਕੁਸਕਿਆ ਤੱਕ ਨਹੀਂ ਸੀ। ਇਸ ਤਜਰਬੇ ਨੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਚੰਮ ਦੀਆਂ ਚਲਾਉਣ ਦਾ ਗੁਰਮੰਤਰ ਦੇ ਦਿੱਤਾ ਸੀ।
ਅਜਿਹੀਆਂ ਮਨਮਾਨੀਆਂ ਦਰਅਸਲ ਪੰਥਕ ਜ਼ਮੀਨ ਨੂੰ ਖੋਰਾ ਲਾਉਣ ਦਾ ਮੁੱਢ ਬਣੀਆਂ। ਸੁਖਬੀਰ ਸਿੰਘ ਬਾਦਲ ਨੂੰ ਜਦੋਂ ਆਪਣੇ ਪਿਤਾ ਦੀ ਜਗ੍ਹਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਇਸ ਦਾ ਵਿਰੋਧ ਕਰਨ ਦੀ ਕਿਸੇ ਜੁਰੱਅਤ ਨਾ ਕੀਤੀ। ਪਾਰਟੀ ਦੇ ਸੀਨੀਅਰ ਲੀਡਰਾਂ ਦੇ ਦਿਲਾਂ ਅੰਦਰਲੇ ਰੋਹ ਨੂੰ ਦਬਾਉਣ ਲਈ ਉਨ੍ਹਾਂ ਦੇ ਲਾਡਲਿਆਂ ਨੂੰ ਪਾਰਟੀ ਸਫ਼ਾਂ ਵਿਚ ਵੱਡੇ ਅਹੁਦੇ ਮਿਲਣੇ ਸ਼ੁਰੂ ਹੋ ਗਏ। ਅਕਾਲੀ ਦਲ ਦੀ ਅਸਲੋਂ ਨਵੀਂ ਵਿਰਾਸਤ ਦਾ ਆਗ਼ਾਜ਼ ਹੋ ਗਿਆ। ਟਕਸਾਲੀ ਅਕਾਲੀਆਂ ਅਤੇ ਉਨ੍ਹਾਂ ਦੇ ਧੀਆਂ-ਪੁੱਤਰ ਸਾਂਸਦ, ਵਿਧਾਇਕ ਤੇ ਵਜ਼ੀਰ ਬਣੇ। ਅਕਾਲੀ ਦਲ ਦਾ ਖਾਸਾ ਬਦਲਣਾ ਸ਼ੁਰੂ ਹੋ ਗਿਆ। ਪ੍ਰਕਾਸ਼ ਕੀਤੇ ਦਾਹੜਿਆਂ, ਗਾਤਰਿਆਂ ਤੇ ਕੁਰਬਾਨੀਆਂ ਕਰਨ ਵਾਲੇ ਪੰਥਿਕ ਜਿਊੜੇ ਨਾਅਰੇ ਤੇ ਜੈਕਾਰੇ ਲਗਾਉਣ ਜੋਗੇ ਰਹਿ ਗਏ। ਉਨ੍ਹਾਂ ਦੀ ਪੀੜ ਨੂੰ ਪੜ੍ਹਨ ਵਾਲਾ ਕੋਈ ਨਹੀਂ ਸੀ ਰਹਿ ਗਿਆ। ਕਾਲਜਾਂ, ਯੂਨੀਵਰਸਿਟੀਆਂ ’ਚੋਂ ਆਏ ਪੋਚਵੀਆਂ ਪੱਗਾਂ ਵਾਲੇ ਟਕਸਾਲੀਆਂ ਦੇ ਸਿਰਾਂ ’ਤੇ ਆਣ ਬੈਠੇ ਸਨ। ਦਸਤਾਰਾਂ ਰੰਗ-ਬਿਰੰਗੀਆਂ ਵੀ ਕੁਝ ਕਹਿ ਰਹੀਆਂ ਸਨ। ਆਉਣ ਵਾਲੇ ਸਮੇਂ ਦਾ ਸੰਕੇਤ ਦੇ ਰਹੀਆਂ ਸਨ।
ਸੰਤਰੀਆਂ-ਮੰਤਰੀਆਂ ਦੇ ਕਈ ਕਾਰਨਾਮਿਆਂ ਦੇ ਬਾਵਜੂਦ ਕੋਈ ਸਬਕ ਨਾ ਸਿੱਖਿਆ ਗਿਆ। ਮਰਿਆਦਾ ਤੋਂ ਕੋਰੇ ਸਲਾਹਕਾਰਾਂ ਦੀਆਂ ਪੁੱਠੀਆਂ ਮੱਤਾਂ ਨੇ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ। ਵੀਹ ਸੌ ਸਤਾਰਾਂ ਵਿਚ ਅਕਾਲੀ ਦਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਵੀ ਨਾ ਬਣ ਸਕਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਸੂਪੜਾ ਸਾਫ਼ ਹੋ ਗਿਆ ਤੇ ਇਸ ਦੇ ਪੱਲੇ ਮਹਿਜ਼ ਤਿੰਨ ਸੀਟਾਂ ਹੀ ਪਈਆਂ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ‘ਸਵਾ ਲੱਖ’ ਸੀਟ ਨਾਲ ਸਬਰ ਕਰਨਾ ਪਿਆ ਤੇ 10 ਸੀਟਾਂ ’ਤੇ ਪਾਰਟੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਬੇਅਦਬੀ ਕਾਂਡ ਨੂੰ ਜੇ ਗੰਭੀਰਤਾ ਨਾਲ ਲੈ ਕੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਅੱਜ ਵਾਲਾ ਹਸ਼ਰ ਨਹੀਂ ਸੀ ਹੋਣਾ।
ਡੇਰਾ ਸੱਚਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਮਾਫ਼ੀ ਦੇਣਾ ਤੇ ਫਿਰ ਪੰਥਕ ਰੋਹ ਤੋਂ ਬਾਅਦ ਯੂ-ਟਰਨ ਲੈਣਾ ਵੀ ਅਕਾਲੀ ਦਲ ਨੂੰ ਬੇਹੱਦ ਮਹਿੰਗਾ ਪਿਆ। ਪੰਜਾਬ ਦੇ ਕਾਲੇ ਦੌਰ ਵਿਚ ਝੂਠੇ ਪੁਲਿਸ ਮੁਕਾਬਲੇ ਕਰਵਾਉਣ ਦੇ ਦੋਸ਼ੀਆਂ ਨੂੰ ਉੱਚ ਅਹੁਦਿਆਂ ’ਤੇ ਬਿਰਾਜਮਾਨ ਕਰਨ ਨਾਲ ਵੀ ਆਮ ਲੋਕਾਂ ਦੇ ਦਿਲਾਂ ਅੰਦਰ ਰੋਹ ਭੜਕਿਆ ਸੀ।

ਅਕਾਲੀ ਦਲ ਨੇ ਜੇ ਇਸ ਨੂੰ ਸਮੇਂ ਸਿਰ ਭਾਂਪ ਲਿਆ ਹੁੰਦਾ ਤਾਂ ਦੇਸ਼ ਤੇ ਕੌਮ ਖ਼ਾਤਰ ਮੋਰਚੇ ਲਾਉਣ ਵਾਲੀ ਪਾਰਟੀ ਤੋਂ ਆਮ ਲੋਕਾਂ ਦਾ ਮੋਹ ਭੰਗ ਨਾ ਹੋਇਆ ਹੁੰਦਾ। ਮੁਜ਼ੱਫ਼ਰ ਇਸਲਾਮ ਰਜ਼ਮੀ ਦਾ ਸ਼ਿਅਰ ਹੈ, ‘‘ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ/ ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।’’ ਸ਼ਤਾਬਦੀ ਵਰ੍ਹਾ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੇਲੇ ਹੀ ਗੁਜ਼ਰਿਆ ਹੈ। ਸ਼ਤਾਬਦੀ ਵਰ੍ਹੇ ਵਿਚ ਜੋਸ਼ ਤੇ ਜਲੌ ਨਜ਼ਰੀਂ ਨਹੀਂ ਆਇਆ। ਸਮੇਂ ਸਿਰ ਆਪਣੀਆਂ ਬੱਜਰ ਗ਼ਲਤੀਆਂ ਦੀ ਮਾਫ਼ੀ ਮੰਗਣ ਦੀ ਬਜਾਏ ਸੀਨੀਅਰ ਬਾਦਲ ਨੂੰ ਅਕਾਲ ਤਖ਼ਤ ਵੱਲੋਂ ਫਖ਼ਰ-ਏ-ਕੌਮ ਨਾਲ ਸਨਮਾਨਤ ਕਰਨਾ ਵੀ ਕੋਈ ਸਿਆਣਪ ਨਹੀਂ ਸੀ।
ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਗਾਡੀ ਰਾਹ ਤੋਂ ਜਾਣਬੁੱਝ ਕੇ ਭਟਕ ਜਾਣਾ ਗ਼ੁਨਾਹ ਸਮਝਿਆ ਜਾਂਦਾ ਹੈ। ਬਾਗ਼ੀ ਅਕਾਲੀ ਵੀ ਅਜਿਹੇ ਗ਼ੁਨਾਹਾਂ ਵਿਚ ਬਰਾਬਰ ਦੇ ਸ਼ਰੀਕ ਹਨ। ਸੁਖ਼ਬੀਰ ਸਿੰਘ ਬਾਦਲ ਖ਼ਿਲਾਫ਼ ਸਿਰਜੇ ਚੱਕਰਵਿਊ ਵਿਚ ਉਹ ਖ਼ੁਦ ਵੀ ਫਸੇ ਹੋਏ ਹਨ। ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਇਸ ਦਾ ਜਿਊਂਦੇ ਰਹਿਣਾ ਪੰਜਾਬੀਆਂ ਲਈ ਕਲਿਆਣਕਾਰੀ ਹੋਵੇਗਾ। ਇਸ ਵੇਲੇ ਖੱਖੜੀ-ਖੱਖੜੀ ਹੋਏ ਸਾਰੇ ਅਕਾਲੀ ਦਲਾਂ ਦੇ ਨੇਤਾਵਾਂ ਦੇ ਸਿਤਾਰੇ ਗਰਦਿਸ਼ ਵਿਚ ਹਨ। ਸ੍ਰੀ ਅਕਾਲ ਤਖ਼ਤ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਘੋਸ਼ਿਤ ਕੀਤਾ ਗਿਆ ਹੈ ਜਿਸ ਅੱਗੇ ਸੀਸ ਨਿਵਾਉਂਦਿਆਂ ਉਹ ਅਤੇ ਉਨ੍ਹਾਂ ਦੇ ਕਈ ਸਾਥੀ ਪੇਸ਼ ਹੋਏ ਹਨ। ਆਉਣ ਵਾਲੇ ਦਿਨਾਂ ਵਿਚ ਬਾਗ਼ੀ ਅਕਾਲੀ ਵੀ ਪੇਸ਼ ਹੋ ਸਕਦੇ ਹਨ। ਅਕਾਲ ਤਖ਼ਤ ਬਖ਼ਸ਼ਿੰਦ ਹੈ।