VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਮਹੂਰੀਅਤ ਦੀ ਦਸਤਕ ( ਪੰਜਾਬੀ ਜਾਗਰਣ –– 18th August, 2024)

ਵਰਿੰਦਰ ਵਾਲੀਆ

ਭਾਰਤੀ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਜਮਹੂਰੀਅਤ ਨੇ ਇਕ ਦਹਾਕੇ ਬਾਅਦ ਮੁੜ ਦਸਤਕ ਦਿੱਤੀ ਹੈ। ਪੰਜ ਅਗਸਤ 2019 ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ‘ਧਰਤੀ ਦਾ ਸਵਰਗ’ ਮੰਨੀ ਜਾਂਦੀ ਕਸ਼ਮੀਰ ਵਾਦੀ ਵਿਚ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹਨ। ਕਸ਼ਮੀਰ ਵਿਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਨੇਪਰੇ ਚੜ੍ਹਾਉਣੀਆਂ ਵੱਡੀ ਚੁਣੌਤੀ ਹੈ।

ਪਿਛਲੇ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਅੱਗ ਹਵਾਲੇ ਹੈ। ਖ਼ੂਨ ਵਿਚ ਲੱਥਪਥ ਇਹ ਜੰਨਤ ਸਿਆਸੀ ਅਸਥਿਰਤਾ ਦੀ ਸ਼ਿਕਾਰ ਹੈ। ਪੀੜਤਾਂ ਦੀ ਪੀੜਾ ਦੀ ਥਾਹ ਪਾਉਣੀ ਵੱਸੋਂ ਬਾਹਰ ਹੈ। ਅਜਿਹੇ ਹਾਲਾਤ ਵਿਚ ਚੋਣਾਂ ਨਾਲੋਂ ਅਵਾਮ ਦੇ ਦਿਲ ਜਿੱਤਣੇ ਵੱਧ ਅਹਿਮੀਅਤ ਰੱਖਦਾ ਹੈ। ਇਹ ਉਹ ਵਾਦੀ ਹੈ ਜਿੱਥੇ ਮੌਤ ਜਿੱਤਦੀ ਤੇ ਜ਼ਿੰਦਗੀ ਹਾਰਦੀ ਆਈ ਹੈ। ਕਸ਼ਮੀਰ ਦੀਆਂ ਕੁਆਰੀਆਂ ਗਗਨ-ਚੁੰਬੀ ਪਹਾੜੀਆਂ ’ਤੇ ਪਹਿਲੀ ਵਾਰ ਅਸ਼ੋਕਾ ਦੇ ਸਮੇਂ ਸ਼ਾਹੀ ਰਾਜ ਦੀਆਂ ਜੜ੍ਹਾਂ ਲੱਗੀਆਂ ਸਨ। ਬਰਫ਼ ਨਾਲ ਲੱਦੀਆਂ ਟੀਸੀਆਂ ’ਤੇ ਬੋਧੀ ਭਿਕਸ਼ੂਆਂ ਨੇ ਸੰਦਲੀ ਪੈੜਾਂ ਪਾਈਆਂ। ਇਹੀ ਪੈੜਾਂ ਤਿੱਬਤ ਤੇ ਚੀਨ ਦੀਆਂ ਟੀਸੀਆਂ ਤੱਕ ਵੀ ਗਈਆਂ। ਬੁੱਧ-ਸਤੂਪਾਂ ਦੀ ਨਿਸ਼ਾਨਦੇਹੀ ਇਸ ਦੀ ਸ਼ਾਹਦੀ ਭਰਤੀ ਹੈ। ਇਸਲਾਮ ਤੋਂ ਕਿਤੇ ਪਹਿਲਾਂ ਕਸ਼ਮੀਰ ਵਿਚ ਹਿੰਦੂ ਹੁਕਮਰਾਨਾਂ ਦਾ ਰਾਜ ਰਿਹਾ।

ਸ਼ੰਕਰਾਚਾਰੀਆ ਲਈ ਵੀ ਇਹ ਵਾਦੀ ਗਿਆਨ ਦਾ ਸਰੋਤ ਰਹੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਰਾਜ ਵੀ ਕਸ਼ਮੀਰ ਤੱਕ ਫੈਲਿਆ ਹੋਇਆ ਸੀ। ਮਹਾਰਾਜੇ ਨੇ ਗੁਲਾਬ ਸਿੰਘ ਡੋਗਰਾ ਨੂੰ ਇਸ ਦੀ ਵਾਗਡੋਰ ਦਿੱਤੀ ਹੋਈ ਸੀ। ਪਹਿਲੀ ਅੰਗਰੇਜ਼-ਸਿੱਖ ਜੰਗ ਵੇਲੇ ਗੁਲਾਬ ਸਿੰਘ ਗੋਰਿਆਂ ਨਾਲ ਮਿਲ ਗਿਆ। ਬ੍ਰਿਟਿਸ਼ ਸਰਕਾਰ ਨੇ ਜੰਗ ਜਿੱਤਣ ਤੋਂ ਬਾਅਦ ਕਸ਼ਮੀਰ ਗੁਲਾਬ ਸਿੰਘ ਨੂੰ ਤੋਹਫ਼ੇ ਵਜੋਂ ਦੇ ਦਿੱਤਾ ਸੀ। ਦੇਸ਼ ਦੀ ਵੰਡ ਵੇਲੇ ਕਸ਼ਮੀਰ ਦੀ ਹੁਸੀਨ ਵਾਦੀ ’ਚ ਸੇਹੇ ਦਾ ਤਕਲਾ ਗੱਡਿਆ ਗਿਆ।

ਦੇਸ਼ ਆਜ਼ਾਦ ਹੋਣ ਦੇ ਕੁਝ ਮਹੀਨਿਆਂ ਤੋਂ ਬਾਅਦ ਨਵੇਂ ਬਣੇ ਪਾਕਿਸਤਾਨ ਦੀ ਫ਼ੌਜ ਦੇ ਇਸ਼ਾਰੇ ’ਤੇ ਕਬਾਇਲੀਆਂ ਨੇ ਵਾਦੀ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ। ‘ਆਜ਼ਾਦ ਕਸ਼ਮੀਰ’(ਭਾਰਤ) ਤੇ ਮਕਬੂਜ਼ਾ ਕਸ਼ਮੀਰ ਦਰਮਿਆਨ ਅਕਸਰ ਚਾਂਦਮਾਰੀ ਹੁੰਦੀ ਹੀ ਰਹਿੰਦੀ ਹੈ। ਇਨ੍ਹਾਂ ਵਿਚਲੀ ਲਕੀਰ ਨੇ ਵਾਦੀ ਦੇ ਕਈ ਪਿੰਡਾਂ ਨੂੰ ਤਕਸੀਮ ਕੀਤਾ ਹੋਇਆ ਹੈ। ਮਨਹੂਸ ਲਕੀਰ ਨੇ ਕਈ ਖ਼ੂਨ ਦੇ ਰਿਸ਼ਤੇ ਵੀ ਤਕਸੀਮ ਕਰ ਦਿੱਤੇ ਹਨ। ਕਸ਼ਮੀਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਵਿਚ ਵੀ ਇਹ ਮੁੱਦਾ ਕਈ ਵਾਰ ਉੱਠਿਆ ਹੈ। ਵੱਖ-ਵੱਖ ਤਹਿਜ਼ੀਬਾਂ ਦਾ ਪੰਘੂੜਾ ਹੋਣ ਕਾਰਨ ਕਸ਼ਮੀਰ ਵਿਚ ਲੰਬਾ ਸਮਾਂ ਪੀਢੀ ਭਾਈਚਾਰਕ ਸਾਂਝ ਰਹੀ ਹੈ। ਮੁਸਲਮਾਨ ਘੁਮਿਆਰ ਆਪਣੇ ਚੱਕ ’ਤੇ ਸ਼ਿਵਲਿੰਗ ਆਦਿ ਬਣਾਉਂਦੇ ਸਨ। ਕੋਈ ਮੇਰ-ਤੇਰ ਨਹੀਂ ਸੀ। ਸਾਂਝੀ ਸੰਸਕ੍ਰਿਤੀ ਨੂੰ ਕਸ਼ਮੀਰੀਅਤ ਦਾ ਨਾਂ ਦਿੱਤਾ ਜਾਂਦਾ। ਸਾਰੇ ਮਜ਼ਹਬਾਂ ਦੇ ਲੋਕ ਸਾਂਝੇ ਸਾਹ ਲੈਂਦੇ। ਡੋਗਰਾ ਰਾਜਾ ਹਰੀ ਸਿੰਘ ਆਜ਼ਾਦ ਕਸ਼ਮੀਰ ਨੂੰ ‘ਪੂਰਬ ਦਾ ਸਵਿਟਜ਼ਰਲੈਂਡ’ ਬਣਾਉਣ ਦੇ ਦਾਅਵੇ ਕਰਦਾ ਨਾ ਥੱਕਦਾ।

ਮੁਸਲਿਮ ਬਹੁਲਤਾ ਵਾਲੇ ਕਸ਼ਮੀਰ ਵਿਚ ਜਦੋਂ ਹਰੀ ਸਿੰਘ ਮਨਮਾਨੀਆਂ ’ਤੇ ਉਤਰ ਆਇਆ ਤਾਂ ਸ਼ੇਖ਼ ਅਬਦੁੱਲਾ ਨੇ ਉਸ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ। ਰਾਜੇ ਖ਼ਿਲਾਫ਼ ਨਾਫ਼ੁਰਮਾਨੀ ਦੀ ਲਹਿਰ ਵਿੱਢਣ ਕਰਕੇ ਉਸ ਨੂੰ ਅਵਾਮ ਨੇ ਸ਼ੇਰ-ਏ-ਕਸ਼ਮੀਰ ਦਾ ਲਕਬ ਦਿੱਤਾ। ਕਸ਼ਮੀਰ ਨੂੰ ਭਾਰਤ ਵਿਚ ਸ਼ਾਮਲ ਕਰਨ ਵੇਲੇ ਧਾਰਾ 307 ਤਹਿਤ ਵਾਦੀ ਨੂੰ ਵਿਸ਼ੇਸ਼ ਅਧਿਕਾਰ ਮਿਲੇ ਸਨ। ਇਨ੍ਹਾਂ ’ਚੋਂ ਇਕ ਸ਼ਰਤ ਸ਼ੇਖ਼ ਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਦੇ ਰੁਤਬੇ ਦੀ ਬਜਾਏ ਕਸ਼ਮੀਰ ਦਾ ਵਜ਼ੀਰ-ਏ-ਆਜ਼ਮ ਮੰਨਣਾ ਸੀ। ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਅਤੇ ਉਨ੍ਹਾਂ ਦੀ ਬੇਟੀ ਇੰਦਰਾ ਗਾਂਧੀ ਦੀਆਂ ਹਕੂਮਤਾਂ ਵੇਲੇ ਧਾਰਾ 370 ਦੀਆਂ ਕਈ ਮਦਾਂ ਨੂੰ ਬਦਲਿਆ ਗਿਆ। ਫ਼ਾਰੂਕ ਦੀ ਨੈਸ਼ਨਲ ਅਸੈਂਬਲੀ ਤੋਂ ਬਾਅਦ ਵਾਦੀ ਵਿਚ ਕਈ ਹੋਰ ਤਨਜ਼ੀਮਾਂ ਬਣੀਆਂ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਸ਼ਹਿ ’ਤੇ ਕੱਟੜਪੰਥੀਆਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ।

ਸੰਨ 1988 ਵਿਚ ਕੱਟੜਪੰਥੀਆਂ ਨੇ ਜਦੋਂ ਤਿਰੰਗੇ ਦੀ ਬਜਾਏ ਇਮਾਰਤਾਂ ’ਤੇ ਪਾਕਿਸਤਾਨ ਦੇ ਝੰਡੇ ਲਹਿਰਾਏ ਤਾਂ ਗੱਲ ਹੱਥੋਂ ਨਿਕਲਦੀ ਦਿਸੀ। ਪਾਕਿਸਤਾਨ ਦੇ ਹੱਕ ਵਿਚ ਸ਼ਰੇਆਮ ਨਾਅਰੇਬਾਜ਼ੀ ਨੇ ਮਾਹੌਲ ਨੂੰ ਹੋਰ ਵਿਗਾੜ ਦਿੱਤਾ ਸੀ। ਕੱਟੜਪੰਥੀਆਂ ਨੇ ਵਾਦੀ ਵਿਚ ਔਰਤਾਂ ਲਈ ਬੁਰਕਾ ਪਾਉਣਾ ਲਾਜ਼ਮੀ ਕਰ ਦਿੱਤਾ। ਬੁਰਕੇ ਤੋਂ ਬਿਨਾਂ ਔਰਤਾਂ ਦੇ ਚਿਹਰੇ ਨੋਚੇ ਜਾਂਦੇ। ਵਾਦੀ ਵਿਚ ਘੱਟ ਗਿਣਤੀਆਂ ਨੂੰ ਚੁਣ-ਚੁਣ ਕੇ ਮਾਰਨਾ ਸ਼ੁਰੂ ਕਰ ਦਿੱਤਾ। ਅੱਲ੍ਹੜ ਨੌਜਵਾਨਾਂ ਦੇ ਫੁੱਲਾਂ ਵਰਗੇ ਨਾਜ਼ੁਕ ਹੱਥਾਂ ’ਚ ਪੱਥਰ ਆ ਗਏ। ਆਈਐੱਸਆਈ ਪੱਥਰਬਾਜ਼ਾਂ ਨੂੰ ਮਾਇਕ ਸਹਾਇਤਾ ਦਿੰਦੀ। ਕਲਮਾਂ ਫੜਨ ਵਾਲੇ ਹੱਥਾਂ ਵਿਚ ਬੰਦੂਕਾਂ ਆ ਗਈਆਂ। ਅਗਨ-ਹਥਿਆਰਾਂ ਨੇ ਹੁਸੀਨ ਵਾਦੀ ਨੂੰ ਲਹੂ-ਲੁਹਾਣ ਕਰ ਦਿੱਤਾ। ਕਸ਼ਮੀਰੀ ਪੰਡਿਤਾਂ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਾਰਨਾ, ਉਨ੍ਹਾਂ ਦੀਆਂ ਬਹੂ-ਬੇਟੀਆਂ ਨਾਲ ਬਲਾਤਕਾਰ ਕਰਨੇ ਆਮ ਵਰਤਾਰਾ ਹੋ ਗਿਆ ਸੀ। ਸਾਲਾਂਬੱਧੀ ਇੰਟਰਨੈੱਟ ਬੰਦ ਰਹਿਣ ਕਾਰਨ ਕਸ਼ਮੀਰ ਦੁਨੀਆ ਤੋਂ ਅਲੱਗ-ਥਲੱਗ ਪੈ ਗਿਆ। ਵਿਕਾਸ ਦਾ ਪਹੀਆ ਰੁਕ ਗਿਆ ਤੇ ਵਿਨਾਸ਼ ਦਾ ਰੱਥ ਤੇਜ਼ ਦੌੜਨ ਲੱਗਾ।

ਭਾਰਤੀ ਫ਼ੌਜੀ ਜਵਾਨਾਂ ਤੇ ਅਫ਼ਸਰਾਂ ਨੂੰ ਘਾਤ ਲਗਾ ਕੇ ਸ਼ਹੀਦ ਕਰਨਾ ਆਮ ਗੱਲ ਹੋ ਗਈ। ਤਿਰੰਗੇ ਵਿਚ ਲਿਪਟੇ ਸ਼ਹੀਦ ਘਰਾਂ ਨੂੰ ਪਰਤਦੇ ਤਾਂ ਵੈਣ ਅੰਬਰਾਂ ਦਾ ਸੀਨਾ ਪਾੜਦੇ ਲੱਗਦੇ। ਇਸ ਦੌਰਾਨ ਫ਼ੌਜ ਵੱਲੋਂ ਵੀ ਕਈ ਥਾਈਂ ਵਧੀਕੀਆਂ ਦੇ ਸਮਾਚਾਰ ਮਿਲਦੇ। ਕਣਕ ਨਾਲ ਘੁਣ ਪਿਸਣ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ। ਹਰ ਪਾਸੇ ਬੇਭਰੋਸਗੀ ਦਾ ਆਲਮ ਤਾਰੀ ਹੁੰਦਾ। ਚੌਦਾਂ ਸਤੰਬਰ 1989 ਨੂੰ ਕਸ਼ਮੀਰੀ ਪੰਡਿਤ ਟਿਕਾ ਲਾਲ ਟਪਲੂ ਦਾ ਬੇਦਰਦੀ ਨਾਲ ਕਤਲ ਹੋਇਆ ਤਾਂ ਘੱਟ ਗਿਣਤੀ ਭਾਈਚਾਰੇ ਨੇ ਕਸ਼ਮੀਰ ਨੂੰ ਅਲਵਿਦਾ ਕਹਿਣ ’ਚ ਗਨੀਮਤ ਸਮਝੀ। ਸਥਾਨਕ ਅਖ਼ਬਾਰਾਂ ਰਾਹੀਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਮਸਜਿਦਾਂ ਦੇ ਸਪੀਕਰਾਂ ਤੋਂ ਉਨ੍ਹਾਂ ਖ਼ਿਲਾਫ਼ ਤੱਤੀਆਂ ਤਕਰੀਰਾਂ ਕੀਤੀਆਂ ਜਾਂਦੀਆਂ। ਮਾਲਕ ਮਕਾਨਾਂ ਨੂੰ ਧਮਕਾਇਆ ਜਾਂਦਾ ਕਿ ਜੇ ਉਨ੍ਹਾਂ ਨੇ ਅਲਪ-ਸੰਖਿਅਕਾਂ ਨੂੰ ਕਿਰਾਏ ’ਤੇ ਰੱਖਿਆ ਤਾਂ ਉਨ੍ਹਾਂ ਦੇ ਘਰਾਂ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਵੇਗਾ। ਇਨਸਾਨ ਨੇ ਹੈਵਾਨ ਦਾ ਰੂਪ ਧਾਰ ਲਿਆ ਸੀ।

ਵਿਸਫੋਟਕ ਮਾਹੌਲ ਕਾਰਨ ਡੱਲ ਲੇਕ ਵਿਚ ਖੜ੍ਹੇ ਸ਼ਿਕਾਰੇ ਤੇ ਹਾਊਸ ਬੋਟ ਸੈਲਾਨੀਆਂ ਦੀਆਂ ਰਾਹਾਂ ਤੱਕਦੇ ਰਹੇ। ਆਮ ਕਸ਼ਮੀਰੀ ਗੁਰਬਤ ਦੇ ਪੁੜਾਂ ਵਿਚ ਪੀਸਿਆ ਜਾਣ ਲੱਗਾ। ਜਿਸ ਧਰਤੀ ’ਤੇ ਕੁਦਰਤ ਦੇ ਹਾਸੇ ਡੁੱਲ੍ਹੇ ਸਨ, ਉਸ ’ਤੇ ਵੀਰਾਨੀ ਛਾ ਗਈ। ਕੇਸਰ ਦੇ ਫੁੱਲ ਕੁਮਲਾ ਗਏ। ਗੁਲਫ਼ਾਮ ਕੁਮਲਾਅ ਗਏ। ਚਸ਼ਮੇ, ਨਾਲੇ, ਠੰਢੀਆਂ ਛਾਵਾਂ ਤੇ ਮਿੱਠੀਆਂ ਰੁਮਕਦੀਆਂ ਹਵਾਵਾਂ ਦੇ ਅਰਸ਼ੀ ਨਜ਼ਾਰਿਆਂ ਦਾ ਆਨੰਦ ਮਾਣਨ ਦੇ ਚਾਹਵਾਨ ਕਸ਼ਮੀਰ ਵੱਲ ਆਉਣ ਤੋਂ ਕਤਰਾਉਣ ਲੱਗ ਪਏ ਸਨ। ਜੰਮੂ-ਕਸ਼ਮੀਰ ਵਿਚ ਲੰਬਾ ਸਮਾਂ ਰਾਸ਼ਟਰਪਤੀ ਰਾਜ ਰਿਹਾ ਹੈ। ਹਰ ਗਲੀ-ਕੂਚੇ ’ਤੇ ਫ਼ੌਜ ਦੀ ਬਾਜ਼ ਅੱਖ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ 2014 ਵਿਚ ਹੋਈਆਂ ਸਨ। ਵੀਹ ਦਸੰਬਰ 2018 ਤੋਂ ਉੱਥੇ ਰਾਸ਼ਟਰਪਤੀ ਰਾਜ ਲੱਗਾ ਹੋਇਆ ਹੈ। ਜੰਮੂ-ਕਸ਼ਮੀਰ ਦੇ ਅਵਾਮ ਨੂੰ ਇਨ੍ਹਾਂ ਚੋਣਾਂ ਵੇਲੇ ਬੇਹੱਦ ਸਮਝਦਾਰੀ ਤੋਂ ਕੰਮ ਲੈਣਾ ਪਵੇਗਾ। ਸ਼ਰਾਰਤੀ ਅਨਸਰ ਇਨ੍ਹਾਂ ਚੋਣਾਂ ਵਿਚ ਖਲਲ ਪਾਉਣ ਦੀ ਤਾਕ ਵਿਚ ਹੋਣਗੇ। ਪਾਕਿਸਤਾਨੀ ਹੁਕਮਰਾਨਾਂ ਲਈ ਕਸ਼ਮੀਰ ਦਾ ਮੁੱਦਾ ਹਮੇਸ਼ਾ ਅਹਿਮ ਹੁੰਦਾ ਹੈ। ਪਾਕਿਸਤਾਨ ਵੱਲੋਂ ਘੁਸਪੈਠ ਕਰ ਕੇ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਸ਼ਮੀਰ ਦੇ ਮੁੱਦੇ ਨੂੰ ਭੁਨਾ ਕੇ ਪਾਕਿਸਤਾਨ ਵਿਚ ਚੋਣਾਂ ਜਿੱਤੀਆਂ ਤੇ ਹਾਰੀਆਂ ਜਾਂਦੀਆਂ ਹਨ। ਵੈਸੇ ਵੀ ਪਾਕਿਸਤਾਨ 1965, 1971 ਤੇ ਕਾਰਗਿਲ ਦੀਆਂ ਜੰਗਾਂ ਵਿਚ ਹੋਈ ਨਮੋਸ਼ੀਜਨਕ ਹਾਰ ਨੂੰ ਕਦੇ ਨਹੀਂ ਭੁੱਲਦਾ।

ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਸ਼ਮੀਰ ਦਾ ਅਵਾਮ ਬਿਨਾਂ ਕਿਸੇ ਡਰ-ਭੈਅ ਦੇ ਵੋਟਾਂ ਪਾਵੇ। ਚੋਣਾਂ ਦਾ ਨਤੀਜਾ ਧਾਰਾ 370 ਹਟਾਉਣ ਬਾਰੇ ਲੋਕਾਂ ਅੰਦਰਲੀਆਂ ਭਾਵਨਾਵਾਂ ਨੂੰ ਉਜਾਗਰ ਕਰੇਗਾ। ਨਿਰਪੱਖ ਚੋਣਾਂ ਲੋਕਾਂ ਦਾ ਲੋਕਤੰਤਰ ਵਿਚ ਅਵੱਸ਼ ਭਰੋਸਾ ਪੈਦਾ ਕਰਨਗੀਆਂ। ਵਾਦੀ ਦੀਆਂ ਚੋਣਾਂ ਆਮ ਚੋਣਾਂ ਨਹੀਂ ਹਨ। ਨਤੀਜੇ ਕਿਵੇਂ ਦੇ ਵੀ ਹੋਣ, ਵਾਦੀ ਵਿਚ ਨਿਰਪੱਖ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਕਰਵਾ ਲੈਣੀਆਂ ਆਪਣੇ-ਆਪ ਵਿਚ ਪ੍ਰਸ਼ਾਸਨ ਦੀ ਵੱਡੀ ਜਿੱਤ ਮੰਨਿਆ ਜਾਵੇਗਾ।