VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਬੁਰਛਾਗ਼ਰਦੀ ਦਾ ਬੋਲਬਾਲਾ ( ਪੰਜਾਬੀ ਜਾਗਰਣ –– 11th August, 2024)

ਵਰਿੰਦਰ ਵਾਲੀਆ

ਬੰਗਲਾਦੇਸ਼ ਦੇ ਕਾਇਦ-ਏ-ਆਜ਼ਮ ਸ਼ੇਖ਼ ਮੁਜੀਬ-ਉਰ-ਰਹਿਮਾਨ ਤੇ ਉਨ੍ਹਾਂ ਦੇ ਖ਼ਾਨਦਾਨ ਲਈ ਅਗਸਤ ਦਾ ਮਹੀਨਾ ਬੇਹੱਦ ਮਨਹੂਸ ਰਿਹਾ ਹੈ। ਭਾਰਤ ਜਦੋਂ ਆਜ਼ਾਦੀ ਦੀ 28ਵੀਂ ਵਰ੍ਹੇਗੰਢ ਮਨਾ ਰਿਹਾ ਸੀ ਤਦ ਫ਼ੌਜ ਦੀ ਇਕ ਬਾਗ਼ੀ ਟੁਕੜੀ ਨੇ ਗੁਆਂਢੀ ਮੁਲਕ ਬੰਗਲਾਦੇਸ਼ ਦੇ ਰਾਸ਼ਟਰਪਿਤਾ ਮੁਜੀਬ, ਉਨ੍ਹਾਂ ਦੀ ਬੇਗਮ, ਭਰਾ, ਤਿੰਨ ਲੜਕਿਆਂ ਤੇ ਦੋ ਬਹੂਆਂ ਸਣੇ 18 ਜਣਿਆਂ ਨੂੰ ਅੰਧਾਧੁੰਦ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਤਤਕਾਲੀ ਫ਼ੌਜ ਮੁਖੀ ਜਨਰਲ ਕੇਐੱਮ ਸ਼ਫ਼ੀਉੱਲਾ ਨੂੰ ਇਸ ਸਾਜ਼ਿਸ਼ ਦੀ ਭਿਣਕ ਤੱਕ ਨਹੀਂ ਸੀ। ਮੁਜੀਬ ਨੂੰ ਆਪਣੇ ਨਿੱਜੀ ਬੰਗਲੇ ਦੀਆਂ ਪੌੜੀਆਂ ਉਤਰਦੇ ਗੋਲ਼ੀਆਂ ਨਾਲ ਭੁੰਨਿਆ ਗਿਆ ਤੇ ਉਹ ਉੱਥੇ ਹੀ ਮੂਧੇ ਮੂੰਹ ਡਿੱਗ ਕੇ ਅੱਲਾਹ ਨੂੰ ਪਿਆਰੇ ਹੋ ਗਏ। ਬਾਗ਼ੀਆਂ ਨੇ ਉਨ੍ਹਾਂ ਦੀ ਛਲਣੀ ਹੋਈ ਦੇਹ ਨੂੰ ਘੜੀਸ ਕੇ ਆਰਮੀ ਦੇ ਟਰੱਕ ਵਿਚ ਸੁੱਟ ਲਿਆ। ਦਰਿੰਦਿਆਂ ਨੇ ਚਾਰ ਸਾਲ ਦੇ ਬੱਚੇ ਨੂੰ ਵੀ ਨਾ ਬਖ਼ਸ਼ਿਆ।

ਬਾਗ਼ੀਆਂ ਦੀਆਂ ਅੱਖਾਂ ’ਚ ਖ਼ੂਨ ਉਤਰਿਆ ਹੋਇਆ ਸੀ ਤੇ ਉਹ ਇਸ ਖ਼ੂਨ-ਖ਼ਰਾਬੇ ਨਾਲ ਦੇਸ਼ ਦੇ ਵਿਧਾਤਾ ਤੇ ਉਸ ਦੇ ਤਮਾਮ ਖ਼ਾਨਦਾਨ ਦਾ ਬੀਜ ਨਾਸ਼ ਕਰਨਾ ਚਾਹੁੰਦੇ ਸਨ। ਮੁਜੀਬ ਦੀਆਂ ਦੋ ਲਾਡਲੀਆਂ ਧੀਆਂ, ਸ਼ੇਖ਼ ਹਸੀਨਾ ਤੇ ਸ਼ੇਖ਼ ਰਿਹਾਨਾ ਵਿਦੇਸ਼ ਵਿਚ ਹੋਣ ਕਾਰਨ ਸਬੱਬੀਂ ਬਚ ਗਈਆਂ ਸਨ। ਸਦਰ ਹੋਣ ਦੇ ਬਾਵਜੂਦ ਮੁਜੀਬ ਸੁਰੱਖਿਆ ਛੱਤਰੀ ਵਾਲੀ ਸਰਕਾਰੀ ਰਿਹਾਇਸ਼ ਦੀ ਬਜਾਏ ਆਪਣੇ ਨਿੱਜੀ ਬੰਗਲੇ ’ਚ ਰਹਿੰਦੇ ਸਨ। ਆਪਣੇ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਮੁਜੀਬ ਨੇ ਕਦੇ ਖ਼ਾਬ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਜਿਨ੍ਹਾਂ ਲਈ ਉਹ ਸਾਰੀ ਹਯਾਤੀ ਲੜਿਆ, ਓਹੀ ਉਸ ਦੇ ਖ਼ੂਨ ਦੇ ਪਿਆਸੇ ਹੋ ਸਕਦੇ ਹਨ। ਇਹੀ ਕਾਰਨ ਸੀ ਕਿ ਉਹ ਅੰਗ-ਰੱਖਿਅਕਾਂ ’ਚ ਘਿਰੇ ਰਹਿਣ ਦੀ ਬਜਾਏ ਆਪਣੇ ਵਤਨ ਵਾਸੀਆਂ ਦੇ ਅੰਗ-ਸੰਗ ਰਹਿਣ ਨੂੰ ਤਰਜੀਹ ਦਿੰਦੇ ਸਨ।

ਜਰਮਨ ਦੇ ਫੈਡਰਲ ਚਾਂਸਲਰ ਵਿੱਲੀ ਨੇ ਭਾਵੁਕ ਹੁੰਦਿਆਂ ਕਿਹਾ ਸੀ ਕਿ ਮੁਜੀਬ ਤੇ ਉਨ੍ਹਾਂ ਦੇ ਪਰਿਵਾਰ ਦੇ ਖ਼ੂਨੀ ਅੰਤ ਮਗਰੋਂ ਬੰਗਲਾਦੇਸ਼ੀਆਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜੇ ਉਹ ਆਪਣੇ ਦੇਸ਼ ਦੇ ਬਾਨੀ ਨਾਲ ਅਜਿਹਾ ਸਲੂਕ ਕਰ ਸਕਦੇ ਹਨ ਤਾਂ ਉਹ ਜੁਰਮ ਤੇ ਜ਼ੁਲਮ ਦੀ ਕਿਸੇ ਵੀ ਇੰਤਹਾ ਤੱਕ ਪੁੱਜ ਸਕਦੇ ਹਨ। ਭਾਰਤ ਦੀ ਇਮਦਾਦ ਨਾਲ 1971 ’ਚ ਦੁਨੀਆ ਦੇ ਨਕਸ਼ੇ ’ਤੇ ਬੰਗਲਾਦੇਸ਼ ਨਾਂ ਦਾ ਨਵਾਂ ਮੁਲਕ ਹੋਂਦ ’ਚ ਆਇਆ ਸੀ। ਆਪਣੀ ਸਰਜ਼ਮੀਨ ਲਈ ਮਰ-ਮਿਟਣ ਦੇ ਜੋਸ਼ ਨਾਲ ਲਬਾਲਬ ਭਰੇ ਮੁਜੀਬ ਨੇ ‘ਪੂਰਬੀ ਪਾਕਿਸਤਾਨ’ ਨੂੰ ਬੰਗਲਾਦੇਸ਼ ਬਣਾਉਣ ਖ਼ਾਤਰ ਸਿਰ-ਧੜ ਦੀ ਬਾਜ਼ੀ ਲਗਾਈ ਸੀ। ਆਜ਼ਾਦੀ ਦੇ ਮਹਿਜ਼ ਚਾਰ ਸਾਲਾਂ ਅੰਦਰ ਲੋਕਾਂ ਦੀਆਂ ਅੱਖਾਂ ਦਾ ਤਾਰਾ ਅਵਾਮ ਦੇ ਨੈਣਾਂ ’ਚ ਕਿਉਂ ਰੜਕਣ ਲੱਗ ਪਿਆ, ਇਹ ਆਪਣੇ-ਆਪ ’ਚ ਵੱਡਾ ਸਵਾਲ ਹੈ।

ਆਜ਼ਾਦੀ ਦੇ ਅਗਲੇ ਸਾਲ ਰਬਿੰਦਰਨਾਥ ਟੈਗੋਰ ਦੇ ਲੰਬੇ ਗੀਤ ਦੀਆਂ ਪਹਿਲੀਆਂ 10 ਸਤਰਾਂ, ‘‘ਆਮਾਰ ਸ਼ੋਨਾਰ ਬਾਂਗਲਾ’’ ਭਾਵ 'ਮੇਰਾ ਸੋਨੇ ਦਾ ਬੰਗਾਲ' ਨੂੰ ਰਾਸ਼ਟਰੀ ਤਰਾਨਾ ਵਜੋਂ ਮਾਨਤਾ ਮਿਲੀ ਸੀ। ਇਸ ਗੀਤ ’ਚੋਂ ਸਾਂਝੇ ਬੰਗਾਲ ਦੀ ਮਹਿਕ ਆਉਂਦੀ ਹੈ। ਇਹ ਗੀਤ ਬ੍ਰਿਟਿਸ਼ ਸਰਕਾਰ ਵੱਲੋਂ 1905 ’ਚ ਕੀਤੇ ਗਏ ‘ਬੰਗ ਭੰਗ’ (ਬੰਗਾਲ ਦੇ ਵਿਭਾਜਨ) ਮਗਰੋਂ ਲਿਖਿਆ ਗਿਆ ਸੀ। ਇਸ ਦਾ ਖੁੱਲ੍ਹਾ ਪੰਜਾਬੀ ਤਰਜਮਾ ਇਸ ਪ੍ਰਕਾਰ ਹੈ, ‘‘ਮੇਰੇ ਸੋਨੇ ਦੇ ਬੰਗਾਲ, ਮੈਂ ਤੈਨੂੰ ਪਿਆਰ ਕਰਦਾ ਹਾਂ। ਤੇਰਾ ਅੰਬਰ ਤੇ ਤੇਰੀ ਰੁਮਕਦੀ ਹਵਾ ਮੇਰੇ ਸਾਹਾਂ ਅੰਦਰ ਬੰਸਰੀ ਵਜਾਉਂਦੀ ਹੈ। ਓ ਮਾਂ! ਫੱਗਣ ਵਿਚ ਆਮਾਰਕੁਜ ਤੋਂ ਆਉਂਦੀ ਖ਼ੁਸ਼ਬੂ ਮੈਨੂੰ ਖ਼ੁਸ਼ੀ ’ਚ ਪਾਗਲ ਕਰਦੀ ਹੈ। ਵਾਹ, ਕਿਆ ਆਨੰਦ! ਧਾਨ ਦੇ ਖੇਤਾ ਨੂੰ ਮੈਂ ਮਧੁਰ ਮੁਸਕਾਨ ਫੈਲਾਉਂਦੇ ਦੇਖਿਆ ਹੈ। ਮਾਂ, ਤੇਰੇ ਮੁੱਖ ਦੀ ਵਾਣੀ, ਮੇਰੇ ਕੰਨਾਂ ਵਿਚ ਅੰਮ੍ਰਿਤ ਘੋਲਦੀ ਹੈ। ਤੇਰੇ ਚਿਹਰੇ ’ਤੇ ਉਦਾਸੀ ਛਾ ਜਾਵੇ ਤਾਂ ਮੇਰੇ ਨੈਣ ਛਲਕ ਪੈਂਦੇ ਹਨ।’’

‘ਪਾੜੋ ਤੇ ਰਾਜ ਕਰੋ’ ਦੀ ਨੀਤੀ-ਬਦਨੀਤੀ ਵਾਲੀ ਬ੍ਰਿਟਿਸ਼ ਸਰਕਾਰ ਨੇ ਆਪਣਾ ਬਿਸਤਰਾ ਗੋਲ ਕਰਨ ਵੇਲੇ ਭਾਰਤ ਨੂੰ ਦੋ ਨਹੀਂ ਬਲਕਿ ਤਿੰਨ ਹਿੱਸਿਆਂ ’ਚ ਵੰਡ ਦਿੱਤਾ ਸੀ। ‘ਮਸ਼ਰਕੀ ਪਾਕਿਸਤਾਨ’ ਤੇ ‘ਮਗ਼ਰਬੀ ਪਾਕਿਸਤਾਨ।’ਭੂਗੋਲਿਕ ਤੌਰ ’ਤੇ ਦੋਨੋਂ ਪਾਕਿਸਤਾਨ ਇਕ-ਦੂਜੇ ਤੋਂ ਡੇਢ ਹਜ਼ਾਰ ਕਿੱਲੋਮੀਟਰ ਦੀ ਦੂਰੀ ’ਤੇ ਸਨ। ਈਸਟ ਪਾਕਿਸਤਾਨ ਦੀ 4156 ਕਿੱਲੋਮੀਟਰ ਸਰਹੱਦ ਭਾਰਤ ਦੇ ਪੱਛਮੀ ਬੰਗਾਲ (2217 ਕਿੱਲੋਮੀਟਰ), ਅਸਾਮ (262 ਕਿੱਲੋਮੀਟਰ), ਮੇਘਾਲਿਆ (443 ਕਿੱਲੋਮੀਟਰ), ਮਿਜ਼ੋਰਮ (318 ਕਿ.ਮੀ.) ਤੇ ਤ੍ਰਿਪੁਰਾ (856 ਕਿ.ਮੀ.) ਨਾਲ ਲੱਗਦੀ ਹੈ। ਸੜਕੀ ਮਾਰਗ ਸਾਂਝਾ ਹੋਣ ਕਾਰਨ ਭਾਰਤ ਤੇ ਪੂਰਬੀ ਪਾਕਿਸਤਾਨ ਵਾਸੀਆਂ ’ਚ ਭਾਸ਼ਾ ਤੇ ਸੱਭਿਆਚਾਰ ਤੋਂ ਇਲਾਵਾ ਅਣਗਿਣਤ ਸਾਂਝਾਂ ਸਨ।

ਪਾਕਿਸਤਾਨ ਬਣਨ ਦੇ ਅਗਲੇ ਸਾਲ (1948 ’ਚ) ਜਦੋਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਹਾ ਨੇ ਢਾਕਾ ਸਥਿਤ ਰੈਲੀ ਨੂੰ ਸੰਬੋਧਨ ਕਰਦਿਆਂ ਉਰਦੂ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦਾ ਐਲਾਨ ਕੀਤਾ ਤਾਂ ਈਸਟ ਪਾਕਿਸਤਾਨ ’ਚ ਰੋਹ ਭੜਕ ਉੱਠਿਆ ਸੀ। ਮੁਜੀਬ-ਉਰ-ਰਹਿਮਾਨ ਦੀ ਅਗਵਾਈ ਵਾਲੀ ਅਵਾਮੀ ਲੀਗ ਭੜਕੇ ਹੋਏ ਲੋਕਾਂ ਦੀ ਆਵਾਜ਼ ਬਣੀ ਸੀ। ਬੰਗਾਲੀਆਂ ’ਤੇ ਉਰਦੂ ਨੂੰ ਠੋਸਣ ਵਿਰੁੱਧ ਜਵਾਲਾਮੁਖੀ ਫਟ ਗਿਆ ਸੀ। ਪਾਕਿਸਤਾਨ ’ਚ ਸੰਸਦ ਦੀਆਂ ਚੋਣਾਂ ’ਚ ਅਵਾਮੀ ਲੀਗ ਨੂੰ ਬਹੁਮਤ ਹਾਸਲ ਹੋਇਆ ਸੀ। ਅਵਾਮੀ ਲੀਗ ਨੂੰ ਬਹੁਮਤ ਹਾਸਲ ਹੋਣ ਦੇ ਬਾਵਜੂਦ ਮੁਜੀਬ ਨੂੰ ਵਜ਼ੀਰ-ਏ-ਆਜ਼ਮ ਬਣਾਉਣ ਦੀ ਬਜਾਏ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਭਾਰਤ ਦੇ ਸਹਿਯੋਗ ਨਾਲ ‘ਮੁਕਤੀ ਬਾਹਨੀ’ ਨੇ ਲਹੂ-ਵੀਟਵੀਂ ਜੰਗ ਲੜ ਕੇ ਮੁਲਕ ਨੂੰ ਆਜ਼ਾਦ ਕਰਵਾਇਆ ਸੀ।

ਬੰਗਾਲੀ ਸੱਭਿਆਚਾਰ ਨੂੰ ਪਰਣਾਏ ਹੋਣ ਕਾਰਨ ਹੀ ਮੁਜੀਬ ਨੇ ‘ਆਮਾਰ ਸ਼ੋਨਾਰ ਬਾਂਗਲਾ’(ਮੇਰਾ ਸੋਨੇ ਦਾ ਬੰਗਾਲ) ਨੂੰ ਰਾਸ਼ਟਰੀ ਤਰਾਨੇ ਵਜੋਂ ਅਪਣਾਇਆ ਸੀ। ਮੁਜੀਬ ਤੇ ਉਸ ਦੇ ਪਰਿਵਾਰ ਦਾ ਅਜਿਹਾ ਦੁਖਦਾਈ ਅੰਤ ਕਿਸੇ ਨੇ ਤਸੱਵਰ ਵੀ ਨਹੀਂ ਸੀ ਕੀਤਾ। ਲਗਪਗ ਅੱਧੀ ਸਦੀ ਬਾਅਦ ਅਗਸਤ ਮਹੀਨੇ ਹੀ ਉਨ੍ਹਾਂ ਦੀ ਵਜ਼ੀਰ-ਏ-ਆਜ਼ਮ ਬੇਟੀ ਸ਼ੇਖ਼ ਹਸੀਨਾ ਨੂੰ ਜਿਸ ਹਾਲਾਤ ਵਿਚ ‘ਮੇਰਾ ਸੋਨੇ ਦਾ ਬੰਗਾਲ’ ਨੂੰ ਅਲਵਿਦਾ ਕਹਿ ਕੇ ਭਾਰਤ ਵਿਚ ਸ਼ਰਨ ਲੈਣੀ ਪਈ, ਉਸ ਨੇ ਬੰਗਲਾਦੇਸ਼ ਦੀ ਤਵਾਰੀਖ਼ ’ਚ ਇਕ ਹੋਰ ਕਾਲਾ ਪੰਨਾ ਜੋੜ ਦਿੱਤਾ ਹੈ।

ਸ਼ੇਖ਼ ਹਸੀਨਾ ਨੂੰ ਦੇਸ਼ ’ਚੋਂ ਜਾਨ ਬਚਾ ਕੇ ਭੱਜਣ ਲਈ ਬਹੁਤ ਹੀ ਘੱਟ ਸਮਾਂ ਮਿਲਿਆ ਸੀ। ਇੰਨੇ ਘੱਟ ਸਮੇਂ ਵਿਚ ਉਹ ਬਹੁਤ ਹੀ ਘੱਟ ਸਾਮਾਨ ਚੁੱਕ ਸਕੀ। ਪ੍ਰਧਾਨ ਮੰਤਰੀ ਦੇ ਸਰਕਾਰੀ ਬੰਗਲੇ ’ਤੇ ਅੰਦੋਲਨਕਾਰੀ ਵਿਦਿਆਰਥੀਆਂ ਨੇ ਧਾਵਾ ਬੋਲ ਦਿੱਤਾ। ਸੱਤਰਾਂ ਨੂੰ ਟੱਪੀ ਮਾਂ-ਦਾਦੀ ਵਰਗੀ ਵਜ਼ੀਰ-ਏ-ਆਜ਼ਮ ਦੇ ਤੇੜ ਵਾਲੇ ਕੱਪੜੇ ਹਵਾ ਵਿਚ ਲਹਿਰਾਉਂਦੇ ਅੰਦੋਲਨਕਾਰੀ ਆਪਣੀ ਹੀ ਅਮੀਰ ਤਹਿਜ਼ੀਬ ਦੀਆਂ ਧੱਜੀਆਂ ਉਡਾ ਰਹੇ ਦਿਸੇ। ਮੁਲਕ ’ਚ ਬੁਰਛਾਗ਼ਰਦੀ ਚਰਮ ਸੀਮਾ ’ਤੇ ਹੈ। ਅਜਿਹੀਆਂ ਕਰਤੂਤਾਂ ਨਾਲ ਇਨਸਾਨੀਅਤ ਸ਼ਰਮਸਾਰ ਹੋਈ। ਅੰਦੋਲਨਕਾਰੀਆਂ ਦੇ ਹੱਥ ਜੋ ਵੀ ਆਇਆ, ਉਹ ਲੁੱਟ ਕੇ ਲੈ ਗਏ।

ਇਸ ਤੋਂ ਬਾਅਦ ਅਲਪ-ਸੰਖਿਅਕਾਂ ਦੇ ਸ਼ਰਧਾ ਦੇ ਧਾਮ ਤੇ ਉਨ੍ਹਾਂ ਦੀਆਂ ਰਿਹਾਇਸ਼ਗਾਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਉਹੀ ਘੱਟ ਗਿਣਤੀ ਦੇ ਲੋਕ ਹਨ ਜਿਨ੍ਹਾਂ ਨੇ ਬੰਗਲਾਦੇਸ਼ ਨੂੰ ਆਜ਼ਾਦ ਮੁਲਕ ਬਣਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਸੀ। ਜਮਾਤ-ਏ-ਇਸਲਾਮੀ ਦੇ ਕੱਟੜਪੰਥੀਆਂ ਨੇ ‘ਮੁਕਤੀ ਬਾਹਨੀ’ ਪਰਿਵਾਰਾਂ ਨੂੰ ਦਿੱਤੇ ਰਾਖਵਾਂਕਰਨ ਵਿਰੁੱਧ ਵਿੱਢੇ ਗਏ ਅੰਦੋਲਨ ਨੂੰ ਹਾਈਜੈਕ ਕਰ ਲਿਆ ਹੈ। ਅਮਰੀਕਾ, ਚੀਨ ਤੋਂ ਇਲਾਵਾ ਪਾਕਿਸਤਾਨ ਇਸ ਅੰਦੋਲਨ ਨੂੰ ਸ਼ਹਿ ਦੇ ਰਿਹਾ ਹੈ। ਬਤੌਰ ਵਜ਼ੀਰ-ਏ-ਆਜ਼ਮ ਜਦੋਂ ਸ਼ੇਖ਼ ਹਸੀਨਾ ਕਿਸੇ ਵੀ ਮੁਲਕ ਵਿਚ ਜਾਂਦੀ ਸੀ ਤਾਂ ਉਨ੍ਹਾਂ ਦੇ ਸਵਾਗਤ ਲਈ ਲਾਲ ਗਲੀਚੇ ਵਿਛਾਏ ਜਾਂਦੇ। ਅੱਜ ਦੁਨੀਆ ਦੇ ਹਰ ਮੁਲਕ ਨੇ ਉਨ੍ਹਾਂ ਲਈ ਕਿਵਾੜ ਬੰਦ ਕਰ ਲਏ ਹਨ। ਸ਼ਰਨਾਰਥੀ ਬਣ ਕੇ ਰਹਿਣਾ ਵੱਡੀ ਜ਼ਲਾਲਤ ਮੰਨਿਆ ਜਾਂਦਾ ਹੈ।

ਸ਼ੇਖ਼ ਫ਼ਰੀਦ ਫਰਮਾਉਂਦੇ ਹਨ, ‘‘ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।’’ ਦੂਜੇ ਨਾਨਕ, ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਅਨੁਸਾਰ ਦਾਣਾ-ਪਾਣੀ ਵਿਅਕਤੀ ਨੂੰ ਖਿੱਚ ਕੇ ਲੈ ਜਾਂਦਾ ਹੈ, ‘‘ਜਹਾ ਦਾਣੇ ਤਹਾ ਖਾਣੇ ਨਾਨਕ ਸਚੁ ਹੇ।।’’ਇਹ ਮੁਕੱਦਰਾਂ ਦੀ ਖੇਡ ਹੁੰਦੀ ਹੈ। ਸ਼ੇਖ਼ ਹਸੀਨਾ ਇਸ ਵਕਤ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।

ਪੰਜਾਬੀ ਦਾ ਅਖਾਣ ਹੈ, ‘‘ਠੂੰਹੇ ਦਾ ਡੰਗਿਆ ਭੌਵੇਂ ਤੇ ਸੱਪ ਦਾ ਡੰਗਿਆ ਸੌਵੇਂ।’’ ਸ਼ੇਖ਼ ਹਸੀਨਾ ਦਾ ਫ਼ਰਜ਼ੰਦ ਕਹਿ ਰਿਹਾ ਹੈ ਕਿ ਉਸ ਦੀ ਮਾਤਾ ਇਕ ਦਿਨ ਆਪਣੇ ਵਤਨ ਜ਼ਰੂਰ ਵਾਪਸ ਪਰਤ ਕੇ ਦੇਸ਼ ਦੀ ਵਾਗਡੋਰ ਸੰਭਾਲੇਗੀ। ਬਰਬਾਦੀ ਦਾ ਸਿਰਨਾਵਾਂ ਬਣਿਆ ਬੰਗਲਾਦੇਸ਼ ਇਸ ਵੇਲੇ ਸੱਪ-ਸਪੋਲੀਆਂ ਤੇ ਠੂੰਹਿਆਂ ਦੇ ਮੁਲਕ ਵਜੋਂ ਬਦਨਾਮ ਹੈ। ਅਜਿਹੇ ਹਾਲਾਤ ’ਚ ਵਤਨ ਵਾਪਸੀ ਕਰ ਕੇ ‘ਆਮਾਰ ਸ਼ੋਨਾਰ ਬਾਂਗਲਾ’ ਤਰਾਨਾ ਗਾਉਣਾ ਫ਼ਿਲਹਾਲ ਦੂਰ ਦੀ ਕੌਡੀ ਜਾਪਦਾ ਹੈ।