ਮੋਰਚਿਆਂ ਦੀ ਦਾਸਤਾਨ ( ਪੰਜਾਬੀ ਜਾਗਰਣ –– 4th August, 2024)
ਵਰਿੰਦਰ ਵਾਲੀਆ
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਅਗਸਤ ਦਾ ਮਹੀਨਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਖ਼ਾਤਰ ਚਾਰ ਅਗਸਤ 1982 ਨੂੰ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਧਰਮ-ਯੁੱਧ’ ਮੋਰਚੇ ਦਾ ਬਿਗਲ ਵਜਾਇਆ ਸੀ। ਤਿੰਨ ਸਾਲਾਂ ਬਾਅਦ 20 ਅਗਸਤ 1985 ਵਾਲੇ ਦਿਨ ਮੋਰਚੇ ਦੇ ਡਿਕਟੇਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ੇਰਪੁਰ (ਸੰਗਰੂਰ) ਵਿਖੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਕੁਝ ਦਿਨ ਪਹਿਲਾਂ 24 ਜੁਲਾਈ 1985 ਨੂੰ ਉਨ੍ਹਾਂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਲਿਖਤੀ ਸਮਝੌਤਾ ਕੀਤਾ ਸੀ ਜਿਸ ਨੂੰ ‘ਰਾਜੀਵ-ਲੌਂਗੋਵਾਲ ਸਮਝੌਤੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
‘ਸਾਕਾ ਨੀਲਾ ਤਾਰਾ’ ਤੋਂ ਬਾਅਦ ਲਟਲਟ ਬਲ਼ ਰਹੇ ਪੰਜਾਬ ਵਿਚ ਅਮਨ ਬਹਾਲ ਕਰਨ ਖ਼ਾਤਰ ਸਹੀਬੰਦ ਕੀਤਾ ਗਿਆ ਇਹ ਸਮਝੌਤਾ ਇਤਿਹਾਸ ਦੇ ਪੰਨਿਆਂ ਵਿਚ ਦਫ਼ਨ ਹੋ ਕੇ ਰਹਿ ਗਿਆ। ਇਸ ਦੀ ਕੋਈ ਵੀ ਮਦ ਲਾਗੂ ਨਾ ਹੋਣਾ ਸੰਤ ਲੌਂਗੋਵਾਲ ਦੀ ਸ਼ਹਾਦਤ ਦਾ ਘੋਰ ਅਪਮਾਨ ਸੀ। ਇਸ ਪਿੱਛੋਂ ਪੰਜਾਬ ਦੇ ਲੋਕ ਖ਼ੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰਦੇ ਸਨ। ਆਪਣੀ ਹੋਂਦ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਦਾ ਹਰਾਵਲ ਦਸਤਾ ਰਿਹਾ ਹੈ। ਸੰਨ 1920 ਵਿਚ ਚੱਲੀ ‘ਗੁਰਦੁਆਰਾ ਸੁਧਾਰ ਲਹਿਰ’ ਵਿੱਚੋਂ ਜਨਮ ਲੈਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਅਤੇ ਕੌਮ ਖ਼ਾਤਰ ਵੱਡੇ ਮੋਰਚੇ ਜਿੱਤੇ ਸਨ। ਆਜ਼ਾਦੀ ਸੰਗਰਾਮ ਵੇਲੇ ਕਾਂਗਰਸ ਨੇ ਅਕਾਲੀਆਂ ਨਾਲ ਕਈ ਵਾਅਦੇ ਕੀਤੇ ਜੋ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵਫ਼ਾ ਨਾ ਹੋਏ।
ਇਸ ਵਾਅਦਾ-ਖ਼ਿਲਾਫ਼ੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੀ ਸਰਕਾਰ ਵਿਰੁੱਧ ਮੋਰਚਾ ਲਾਉਣ ਲਈ ਮਜਬੂਰ ਕਰ ਦਿੱਤਾ। ਭਾਸ਼ਾ ਦੇ ਆਧਾਰ ’ਤੇ ਵੱਖਰੇ ਸੂਬੇ ਦੀ ਮੰਗ ਜ਼ੋਰ ਫੜ ਗਈ ਤੇ ਅਕਾਲੀ ਕਾਰਕੁੰਨਾਂ ਨੇ ਜੇਲ੍ਹਾਂ ਭਰ ਦਿੱਤੀਆਂ। ਇਹ ਵੱਖਰੀ ਗੱਲ ਹੈ ਕਿ ਆਜ਼ਾਦੀ ਤੋਂ ਪਹਿਲਾਂ ਹਰ ਮੋਰਚਾ ਫ਼ਤਿਹ ਕਰਨ ਵਾਲੇ ਅਕਾਲੀ ਦਲ ਨਾਲ ਸਮੇਂ ਦੀਆਂ ਸਰਕਾਰਾਂ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ ਰਹੀਆਂ। ‘ਪੰਜਾਬੀ ਸੂਬਾ ਮੋਰਚਾ’ ਨੇ ਕੇਂਦਰ ਸਰਕਾਰ ਦੇ ਹਾਕਮਾਂ ਦੀ ਨੀਂਦ ਉਡਾ ਦਿੱਤੀ ਸੀ। ਅਕਾਲੀ ਕਾਰਕੁੰਨਾਂ ਵਿਚ ਅੰਤਾਂ ਦਾ ਜੋਸ਼ ਸੀ। ਘਰਾਂ ਨੂੰ ਅਲਵਿਦਾ ਕਹਿ ਕੇ ਉਨ੍ਹਾਂ ਨੇ ਜੇਲ੍ਹਾਂ ਨੂੰ ਰੈਣ-ਬਸੇਰਾ ਬਣਾ ਲਿਆ ਸੀ। ਲਾਸਾਨੀ ਕੁਰਬਾਨੀਆਂ ਦੇ ਬਾਵਜੂਦ ਉਹ ਲੰਗੜਾ ਪੰਜਾਬੀ ਸੂਬਾ ਹੀ ਹਾਸਲ ਕਰ ਸਕੇ।
ਇਸ ਮੋਰਚੇ ਦਾ ਬਹੁਤਾ ਲਾਭ ਹਰਿਆਣਵੀਆਂ ਨੂੰ ਹੋਇਆ। ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬੇ ਦੇ ਨਾਲ-ਨਾਲ ਹਰਿਆਣਾ ਵੱਖਰਾ ਸੂਬਾ ਬਣ ਗਿਆ। ਪੰਜਾਬੀ ਬੋਲਦੇ ਕਈ ਪਹਾੜੀ ਖਿੱਤੇ ਦੇਵ-ਭੂਮੀ ਹਿਮਾਚਲ ਪ੍ਰਦੇਸ਼ ਵਿਚ ਚਲੇ ਗਏ। ਨੀਝ ਨਾਲ ਮੁਤਾਲਿਆ ਕੀਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ‘ਪੰਜਾਬੀ ਸੂਬਾ ਮੋਰਚਾ’ ਲੱਗਣ ਨਾਲ ਪੰਜਾਬ ਨੇ ਖੱਟਿਆ ਘੱਟ ਤੇ ਗੁਆਇਆ ਵੱਧ ਸੀ। ਕੇਂਦਰ ਦੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਛੱਤੀ ਦਾ ਅੰਕੜਾ ਅੱਜ ਵੀ ਜਾਰੀ ਹੈ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ’ਚ ਬਣਨ ਵਾਲੀ ਪਹਿਲੀ ਅਕਾਲੀ ਸਰਕਾਰ ਛੇ ਮਹੀਨੇ ਵੀ ਨਾ ਚੱਲਣ ਦਿੱਤੀ ਗਈ। ਕਾਂਗਰਸ ਦੀਆਂ ਫਹੁੜੀਆਂ ’ਤੇ ਬਣੀ ਲਛਮਣ ਸਿੰਘ ਗਿੱਲ ਦੀ ਸਰਕਾਰ ਦਾ ਵੀ ਇਹੀ ਹਸ਼ਰ ਹੋਇਆ। ਸਰਕਾਰ ਡਿੱਗਣ ਤੋਂ ਪਹਿਲਾਂ ਸੂਬੇ ਦੀ ਸਰਕਾਰੀ ਭਾਸ਼ਾ ਪੰਜਾਬੀ ਬਣਾ ਕੇ ਗਿੱਲ ਨੇ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿਚ ਆਪਣਾ ਨਾਮ ਜ਼ਰੂਰ ਦਰਜ ਕਰਵਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਚੋਣਾਂ ਜਿੱਤਦਾ ਰਿਹਾ ਪਰ 1997 ਤੋਂ ਪਹਿਲਾਂ ਇਸ ਦੀ ਕਿਸੇ ਸਰਕਾਰ ਨੂੰ ਪੰਜ ਸਾਲ ਦਾ ਸਮਾਂ ਨਸੀਬ ਨਾ ਹੋਇਆ।

ਪੰਜ ਸਾਲ ਦਾ ਕਾਲ ਪੂਰਾ ਕਰਨ ਵਾਲੀ ਪਹਿਲੀ ਸਰਕਾਰੀ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ 1972 ਤੋਂ 1977 ਤੱਕ ਚੱਲੀ। ਗਿਆਨੀ ਜੀ ਦੀ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਨੇ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ‘ਪੰਜਾਬੀ ਸੂਬਾ ਮੋਰਚਾ’ ਦਾ ਇਸ ਨੂੰ ਉਹ ਲਾਹਾ ਨਾ ਮਿਲਿਆ ਜਿਸ ਦਾ ਨੇਤਾਵਾਂ ਨੇ ਸੁਪਨਾ ਲਿਆ ਸੀ। ਸੂਬੇ ਵਿਚ ਕਾਂਗਰਸ ਸਰਕਾਰ ਬਣੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਸਾਲ ‘ਅਨੰਦਪੁਰ ਸਾਹਿਬ ਦਾ ਮਤਾ’ ਪਾਸ ਕਰਨ ਦਾ ਅਹਿਦ ਲੈ ਲਿਆ। ਗਿਆਰਾਂ ਦਸੰਬਰ 1972 ਨੂੰ ਇਸ ਦਾ ਖਰੜਾ ਬਣਾਉਣ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਨੇ ਇਕ ਸਾਲ ਦੇ ਅੰਦਰ ਗਿਆਰਾਂ ਮੀਟਿੰਗਾਂ ਕੀਤੀਆਂ। ਇਸ ਕਮੇਟੀ ਦੇ ਮੈਂਬਰਾਂ ਵਿਚ ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜੀਵਨ ਸਿੰਘ ਉਮਰਾਨੰਗਲ ਵਰਗੇ ਸਿਰਕੱਢ ਅਕਾਲੀ ਨੇਤਾ ਸ਼ਾਮਲ ਸਨ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ 16-17 ਅਕਤੂਬਰ 1973 ਦੀ ਦੋ-ਰੋਜ਼ਾ ਮੀਟਿੰਗ ਵਿਚ ਇਸ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਗਿਆਨੀ ਜ਼ੈਲ ਸਿੰਘ ਨੇ ਅਕਾਲੀ ਦਲ ਕੋਲੋਂ ਮੁੱਦੇ ਖੋਹਣ ਲਈ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿਚ ਸਭ ਤੋਂ ਚਰਚਿਤ ‘ਗੁਰੂ ਗੋਬਿੰਦ ਸਿੰਘ ਮਾਰਗ’ ਸੀ। ਸੰਨ 1705 ਵਿਚ ਅਨੰਦਗੜ੍ਹ ਦੇ ਕਿਲ੍ਹੇ ਨੂੰ ਅਲਵਿਦਾ ਕਹਿਣ ਤੋਂ ਬਾਅਦ ਇਸੇ ਮਾਰਗ ’ਤੇ ਪਰਿਵਾਰ ਵਿਛੋੜਾ ਹੋਇਆ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿਚ ਚਿਣੇ ਗਏ, ਮਾਤਾ ਗੁਜਰੀ ਜੀ ਜੋਤੀ ਜੋਤ ਸਮਾਏ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਅਸਾਵੀਂ ਜੰਗ ਵਿਚ ਸ਼ਹੀਦੀ ਪਾ ਗਏ। ਮਾਛੀਵਾੜੇ ਦੇ ਜੰਗਲਾਂ ਵਿਚ ਗੁਰੂ ਜੀ ਮਿੱਤਰ ਪਿਆਰੇ-ਅਕਾਲ ਪੁਰਖ ਨਾਲ ਸੰਵਾਦ ਰਚਾਉਂਦੇ ਹਨ। ਦੀਨਾ-ਕਾਂਗੜ ਵਿਖੇ ‘ਜ਼ਫ਼ਰਨਾਮਾ’ ਰਚ ਕੇ ਔਰੰਗਜ਼ੇਬ ਦੀ ਜ਼ਮੀਰ ਨੂੰ ਹਲੂਣਾ ਦਿੰਦੇ ਹਨ। ਦਮਦਮਾ ਸਾਹਿਬ ਵਿਖੇ ਉਹ ਗੁਰੂ-ਪਿਤਾ, ਨੌਵੇਂ ਨਾਨਕ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਉਂਦੇ ਹਨ।
ਸੰਤਾਲੀ ਦਿਨਾਂ ਦਾ ਇਲਾਹੀ ਸਫ਼ਰ ਸਿੱਖ ਸੰਗਤ ਦੇ ਚੇਤਿਆਂ ਵਿਚ ਉੱਕਰਿਆ ਹੋਇਆ ਹੈ। ਗਿਆਨੀ ਜ਼ੈਲ ਸਿੰਘ ਸਿੱਖ ਮੁਹਾਵਰਾ ਵਰਤ ਕੇ ਆਪਣੇ ਵਿਰੋਧੀ ਅਕਾਲੀਆਂ ਕੋਲੋਂ ਇਕ-ਇਕ ਕਰ ਕੇ ਮੁੱਦੇ ਖੋਹਣ ਦਾ ਯਤਨ ਕਰ ਰਹੇ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਮਾਰਗ ਵਿਚ ਥਾਂ-ਥਾਂ ਸੁੰਦਰ ਗੇਟ ਬਣਾਏ। ਇਸ ਪਿੱਛੋਂ ਗਿਆਨੀ ਜ਼ੈਲ ਸਿੰਘ ਨੇ ਅਕਾਲੀਆਂ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹਣ ਦੀਆਂ ਕਈ ਚਾਲਾਂ ਚੱਲੀਆਂ। ਅਜਿਹੇ ਯਤਨਾਂ ਨਾਲ ਗਿਆਨੀ ਜੀ ਨੇ ਬਤੌਰ ਮੁੱਖ ਮੰਤਰੀ ਪੂਰੇ ਪੰਜ ਸਾਲ ਦਾ ਸਮਾਂ ਬਤੀਤ ਕੀਤਾ। ਫਿਰ ਉਹ ਕੇਂਦਰ ਸਰਕਾਰ ਵਿਚ ਗ੍ਰਹਿ ਮੰਤਰੀ ਬਣੇ ਤੇ ਅਤੇ ਅੰਤਲੇ ਸਮੇਂ ਰਾਸ਼ਟਰਪਤੀ ਭਵਨ ਦੀਆਂ ਪੌੜੀਆਂ ਚੜ੍ਹਨ ਵਿਚ ਵੀ ਕਾਮਯਾਬ ਹੋ ਗਏ। ਅਜਿਹੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਨੂੰ ਚੋਖਾ ਨਿੱਜੀ ਲਾਹਾ ਮਿਲਿਆ। ਪਰ ਅਕਾਲੀ ਦਲ ਨੂੰ ਨੇਸਤੋ ਨਾਬੂਦ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕਾਰਨ ਪੰਜਾਬ ਦੀ ਧਰਤੀ ’ਤੇ ਜ਼ਹਿਰੀਲੇ ਬੀਜ ਬੋਏ ਗਏ। ਐਮਰਜੈਂਸੀ ਵੇਲੇ ਵੱਡਾ ਮੋਰਚਾ ਲਾਉਣ ਕਰਕੇ ਵੀ ਅਕਾਲੀ ਇੰਦਰਾ ਗਾਂਧੀ ਦੀਆਂ ਨਜ਼ਰਾਂ ਵਿਚ ਰੜਕ ਰਹੇ ਸਨ। ਉਹ ਉਨ੍ਹਾਂ ਨੂੰ ਸਬਕ ਸਿਖਾਉਣ ਦੇ ਚੱਕਰ ਵਿਚ ਪੰਜਾਬ ਨੂੰ ਲਾਂਬੂ ਲਾਉਂਦੀ ਗਈ ਜਿਸ ’ਤੇ ਗਿਆਨੀ ਜੀ ਵਰਗੇ ਤੇਲ ਪਾਉਣ ਦਾ ਕੰਮ ਕਰਦੇ ਰਹੇ।
ਜਨਤਾ ਦਲ ਦੀ ਸਰਕਾਰ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਵਿਚ ਅਕਾਲੀ ਸਰਕਾਰ ਬਣੀ। ਮੰਦੇ ਭਾਗਾਂ ਨੂੰ ਇੰਦਰਾ ਗਾਂਧੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਪਿੱਛੋਂ ਇਸ ਦਾ ਵੀ ਪਹਿਲੀਆਂ ਸਰਕਾਰਾਂ ਵਾਲਾ ਹਸ਼ਰ ਹੋਇਆ। ਇਹ ਵੀ ਵਿਡੰਬਣਾ ਹੈ ਕਿ ਪੰਜਾਬ ਵਿਚ ਸਾਢੇ ਸੱਤ ਸਾਲ ਰਾਸ਼ਟਰਪਤੀ ਰਾਜ ਰਿਹਾ ਜਿਸ ਕਾਰਨ ਦਿੱਲੀ ਤਖ਼ਤ ਤੇ ਅਕਾਲ ਤਖ਼ਤ ਦਰਮਿਆਨ ਟਕਰਾਅ ਵਧਦਾ ਰਿਹਾ। ਖ਼ੈਰ, 4 ਅਗਸਤ 1982 ਨੂੰ ਲੱਗੇ ਧਰਮ ਯੁੱਧ ਮੋਰਚੇ ਵਿਚ ਵੀ ਸਿੱਖਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਹੌਲੀ-ਹੌਲੀ ਮੋਰਚਾ ਅਕਾਲੀ ਦਲ ਦੇ ਹੱਥੋਂ ਖਿਸਕਦਾ ਗਿਆ ਤੇ ਆਖ਼ਰ ਸਾਕਾ ਨੀਲਾ ਤਾਰਾ ਵਾਪਰ ਗਿਆ।
ਗੁਰਾਂ ਦੇ ਨਾਮ ’ਤੇ ਵਸਣ ਵਾਲੇ ਪੰਜਾਬ ਵਿਚ ਫ਼ਿਰਕਾਪ੍ਰਸਤੀ ਦਾ ਬੋਲਬਾਲਾ ਹੋ ਗਿਆ। ਪੰਜਾਬ ਦੇ ਦੋ ਮੁੱਖ ਫ਼ਿਰਕੇ ਆਹਮੋ-ਸਾਹਮਣੇ ਆ ਗਏ। ਆਜ਼ਾਦੀ ਸੰਗਰਾਮ ਲਈ ਸਾਂਝੇ ਸਾਹ ਲੈਣ ਵਾਲੇ ਇਕ-ਦੂਜੇ ਦੇ ਦੁਸ਼ਮਣ ਬਣੇ ਦਿਖਾਈ ਦਿੱਤੇ। ਪੰਜਾਬ ਲਈ ਵਾਕਈ ਇਹ ਕਾਲਾ ਦੌਰ ਸੀ। ਨਹੁੰ-ਮਾਸ ਦਾ ਰਿਸ਼ਤਾ ਟੁੱਟਣ ਨਾਲ ਪੰਜਾਬ ਦੀ ਧਰਤੀ ਲਹੂ-ਲੁਹਾਣ ਹੋ ਗਈ। ਖ਼ੂਨ-ਖ਼ਰਾਬੇ ਨੇ ਖ਼ੁਸ਼ਹਾਲ ਪੰਜਾਬ ਨੂੰ ਕੱਖੋਂ ਹੌਲੇ ਕਰ ਦਿੱਤਾ। ਕਰਜ਼ੇ ਦੀ ਪੰਡ ਨਿਸ ਦਿਨ ਵਧਦੀ ਜਾ ਰਹੀ ਹੈ। ਖ਼ੁਦ ਨੂੰ ਸੁਨਹਿਰੀ ਵਿਰਸੇ ਦੇ ਵਾਰਿਸ ਕਹਿਣ ਵਾਲੇ ਅਕਾਲੀ ਕਈ ਖੇਮਿਆਂ ਵਿਚ ਵੰਡੇ ਜਾ ਚੁੱਕੇ ਹਨ। ਖੇਰੂੰ-ਖੇਰੂੰ ਹੋਈ ਪੰਥਿਕ ਸ਼ਕਤੀ ਨੇ ਇਸ ਵੇਲੇ ਸਾਰੇ ਅਕਾਲੀ ਧੜਿਆਂ ਨੂੰ ਸਾਹ-ਸੱਤ ਹੀਣ ਕਰ ਦਿੱਤਾ ਹੈ। ਪਰਿਵਾਰਵਾਦ ਦਾ ਸ਼ਿਕਾਰ ਸਭ ਧੜੇ ਵਡੇਰੇ ਪੰਥਿਕ ਮਨੋਰਥਾਂ ਤੋਂ ਦੂਰ ਜਾ ਚੁੱਕੇ ਹਨ। ਅੱਜ ਕਿਸੇ ਵੀ ਅਕਾਲੀ ਧੜੇ ਨੂੰ ਸ਼੍ਰੋਮਣੀ ਮੰਨਣਾ ਔਖਾ ਲੱਗ ਰਿਹਾ ਹੈ।