VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦਹਿਸ਼ਤ ਦਾ ਸਾਇਆ ਕਿਉਂ? ( ਪੰਜਾਬੀ ਜਾਗਰਣ –– 28th July, 2024)

ਵਰਿੰਦਰ ਵਾਲੀਆ

ਓਲੰਪਿਕਸ ਨੂੰ ਖੇਡਾਂ ਦੇ ਮਹਾਕੁੰਭ ਦਾ ਲਕਬ ਹਾਸਲ ਹੈ। ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਸਜਾਉਣ ਵਾਲੇ ਖਿਡਾਰੀ ਹੀ ਇਸ ਉਤਸਵ ਦਾ ਹਿੱਸਾ ਬਣਦੇ ਹਨ। ਕਈ ਵਾਰ ਅਜਿਹੇ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਕਈ ਪੀੜ੍ਹੀਆਂ ਨੂੰ ਘਾਲਣਾ-ਘਾਲਣੀ ਪੈਂਦੀ ਹੈ। ਕਈ ਵਾਰ ਦਾਦੇ ਦਾ ਓਲੰਪਿਕਸ ਵਿਚ ਭਾਗ ਲੈਣ ਦਾ ਸੁਪਨਾ ਉਸ ਦੇ ਪੋਤੇ ਨੇ ਸਾਕਾਰ ਕਰਨਾ ਹੁੰਦਾ ਹੈ। ਮੰਜ਼ਿਲ ਸਰ ਕਰਨ ਲਈ ਪਾਣੀ ਤੋਂ ਵੱਧ ਪਸੀਨਾ ਵਹਾਉਣਾ ਪੈਂਦਾ ਹੈ। ਫਰਾਂਸ ਦੀ ਨਿਹਾਇਤ ਖ਼ੂਬਸੂਰਤ ਰਾਜਧਾਨੀ ਪੈਰਿਸ ਵਿਚ ਓਲੰਪਿਕ-2024 ਦਾ ਰੰਗਾਰੰਗ ਆਗਾਜ਼ ਹੋ ਚੁੱਕਾ ਹੈ। ਇਸ ਦੀ ਪੂਰਵ ਸੰਧਿਆ ’ਤੇ ਗ਼ੈਰ-ਸਮਾਜੀ ਅਨਸਰਾਂ ਨੇ ਰੇਲਵੇ ਟਰੈਕਾਂ ਦੀਆਂ ਫਿੱਸ਼ ਫਲੇਟਾਂ ਤੇ ਸਿਗਨਲ ਬਕਸਿਆਂ ਨੂੰ ਨੁਕਸਾਨ ਪਹੁੰਚਾ ਕੇ ਰੰਗ ਵਿਚ ਭੰਗ ਪਾਉਣ ਦੀ ਹਿਮਾਕਤ ਕੀਤੀ ਸੀ ਜਿਸ ਕਾਰਨ ਅਣਗਿਣਤ ਮੁਸਾਫਰਾਂ ਨੂੰ ਪਲੇਟਫਾਰਮਾਂ ’ਤੇ ਖੱਜਲ-ਖੁਆਰ ਹੋਣਾ ਪਿਆ। ਇਸ ਦੇ ਬਾਵਜੂਦ ਉਦਘਾਟਨੀ ਸਮਾਰੋਹ ਬੇਹੱਦ ਆਕਰਸ਼ਕ ਰਿਹਾ।

ਓਲੰਪਿਕਸ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਕਿ ਇਸ ਦੀ ਸ਼ੁਰੂਆਤ ਰਵਾਇਤੀ ਸਟੇਡੀਅਮ ਦੀ ਬਜਾਏ ਪੈਰਿਸ ਸ਼ਹਿਰ ਅੰਦਰ ਵਹਿੰਦੀ ਸਦੀਆਂ ਪੁਰਾਣੀ ਸੀਨ ਨਦੀ ਵਿਚ ਕੀਤੀ ਗਈ। ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਲਗਪਗ ਸੌ ਬੇੜੀਆਂ ਵਿਚ ਆਪੋ-ਆਪਣੇ ਮੁਲਕਾਂ ਦੇ ਝੰਡੇ ਫੜੀ ਬੇਹੱਦ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ। ਫਰਾਂਸ ਵਿਚ ਇਕ ਸਦੀ ਬਾਅਦ ਓਲੰਪਿਕ ਖੇਡਾਂ ਦਾ ਆਯੋਜਨ ਹੋਣ ਕਾਰਨ ਬੇਹੱਦ ਉਤਸ਼ਾਹ ਦੇਖਿਆ ਗਿਆ। ਸੀਨ ਨਦੀ ਨੂੰ ਸਵੱਛ ਕਰਨ ਲਈ ਵੱਡੇ ਉਪਰਾਲੇ ਕੀਤੇ ਗਏ ਸਨ। ਯੂਨੈਸਕੋ ਨੇ ਸੀਨ ਨਦੀ ਦੀ ਖ਼ੂਬਸੂਰਤੀ ਕਾਰਨ ਪੈਰਿਸ ਨੂੰ ‘ਰਿਵਰ ਸਿਟੀ’ ਗਰਦਾਨਿਆ ਸੀ।

ਕੁਝ ਸਾਲ ਪਹਿਲਾਂ ਤੱਕ ਇਹ ਨਦੀ ਸੀਵਰੇਜ ਦਾ ਪਾਣੀ ਪੈਣ ਕਾਰਨ ਪ੍ਰਦੂਸ਼ਿਤ ਸੀ। ਇਸ ਨੂੰ ਸਾਫ਼ ਕਰਨਾ ਵੱਡੀ ਚੁਣੌਤੀ ਸੀ। ਘਰਾਂ-ਕਾਰਖਾਨਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕਣ ਲਈ ਫਰਾਂਸ ਨੂੰ ਪੈਸਾ ਪਾਣੀ ਵਾਂਗ ਵਹਾਉਣਾ ਪਿਆ। ਫਰਾਂਸ ਦੀ ਇੱਛਾ ਹੈ ਕਿ ਤੈਰਾਕੀ ਮੁਕਾਬਲੇ ਆਮ ਸਵਿਮਿੰਗ ਪੂਲਾਂ ਦੀ ਬਜਾਏ ਇਸੇ ਨਦੀ ਵਿਚ ਹੋਣ। ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ 17 ਜੁਲਾਈ ਨੂੰ ਨਦੀ ਵਿਚ 100 ਮੀਟਰ ਤਾਰੀ ਲਾ ਕੇ ਤੈਰਾਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਸਵੱਛ ਹੈ। ਦੁਨੀਆ ਦੇ ਤੈਰਾਕ ਵੀ ਇਸ ਨਵੇਂ ਤਜਰਬੇ ਕਾਰਨ ਉਤਸ਼ਾਹਤ ਹਨ। ਰੂਸ ਦੇ ਖਿਡਾਰੀ ਇਸ ਵਿਚ ਹਿੱਸਾ ਨਹੀਂ ਲੈ ਰਹੇ। ਫਰਾਂਸ ਵੱਲੋਂ ਯੂਕਰੇਨ ਦਾ ਪੱਖ ਪੂਰਨ ਕਰਕੇ ਰੂਸੀ ਹਾਕਮ ਨਾਰਾਜ਼ ਹਨ।

ਇਜ਼ਰਾਈਲ-ਫ਼ਲਸਤੀਨ ਜੰਗ ਦਾ ਮਨਹੂਸ ਸਾਇਆ ਵੀ ਖੇਡ ਪਿੰਡ ’ਤੇ ਮੰਡਰਾ ਰਿਹਾ ਹੈ। ਗਾਜ਼ਾ-ਪੱਟੀ ਵਿਚ ਭਾਵੇਂ ਖ਼ੂਨ ਦੀਆਂ ਨਦੀਆਂ ਵਹਿ ਰਹੀਆਂ ਹਨ, ਫਿਰ ਵੀ ਫ਼ਲਸਤੀਨ ਦੇ ਅੱਠ ਖਿਡਾਰੀ ਪੈਰਿਸ ਓਲੰਪਿਕਸ ’ਚ ਹਿੱਸਾ ਲੈਣ ਲਈ ਨਿਰੰਤਰ ਤਿਆਰੀ ਕਰਦੇ ਰਹੇ ਹਨ। ਇਨ੍ਹਾਂ ਖਿਡਾਰੀਆਂ ਨੂੰ ਪੂਰੀ ਟਰੇਨਿੰਗ ਵੀ ਨਹੀਂ ਮਿਲ ਸਕੀ। ਫ਼ਲਸਤੀਨੀ ਖਿਡਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਹਾਰ ਦਾ ਕੋਈ ਤੌਖ਼ਲਾ ਨਹੀਂ ਹੈ। ਹਾਲਾਤ ਦੇ ਮੱਦੇ-ਨਜ਼ਰ ਓਲੰਪਿਕਸ ਵਿਚ ਭਾਗ ਲੈਣ ਨੂੰ ਹੀ ਉਹ ਵੱਡੀ ਜਿੱਤ ਸਮਝ ਰਹੇ ਹਨ। ਦੂਜੇ ਪਾਸੇ ਇਜ਼ਰਾਈਲ ਦੇ ਖਿਡਾਰੀ ਵੀ ਖੇਡਾਂ ਵਿਚ ਭਾਗ ਲੈ ਰਹੇ ਹਨ। ਸਾਏ ਵਾਂਗ ਸੁਰੱਖਿਆ ਛੱਤਰੀ ਉਨ੍ਹਾਂ ਦੇ ਨਾਲ ਰਹੇਗੀ। ਉਪਰੋਕਤ ਜੰਗਾਂ ਕਾਰਨ ਪੈਰਿਸ ਦੇ ਚੱਪੇ-ਚੱਪੇ ’ਤੇ ਤਾਇਨਾਤ ਸੁਰੱਖਿਆ ਕਰਮਚਾਰੀ ਬਾਜ਼ ਅੱਖ ਰੱਖ ਰਹੇ ਹਨ।

ਫਰਾਂਸ ਦੇ ਹਾਲਾਤ ਉਂਜ ਵੀ ਪੇਤਲੇ ਹਨ। ਸੰਸਦੀ ਚੋਣਾਂ ਵਿਚ ਸੱਤਾਧਾਰੀਆਂ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਫ਼ਿਲਹਾਲ ਫਰਾਂਸ ਵਿਚ ਕੋਈ ਵੀ ਚੁਣੀ ਹੋਈ ਸਰਕਾਰ ਨਹੀਂ ਹੈ। ਫ਼ਲਸਤੀਨ ਦੇ ਹੱਕ ਵਿਚ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ। ਇਜ਼ਰਾਈਲ ਦੇ ਖਿਡਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲੀਆਂ ਹਨ। ਉਦਘਾਟਨੀ ਸਮਾਰੋਹ ਤੋਂ ਪਹਿਲਾਂ ਰੇਲਵੇ ਟਰੈਕਾਂ/ਸਿਗਨਲਾਂ ਨਾਲ ਕੀਤੀ ਗੜਬੜ ਨੂੰ ਵੀ ਵੱਖ-ਵੱਖ ਕੋਣਾਂ ਤੋਂ ਵਾਚਿਆ ਜਾ ਰਿਹਾ ਹੈ। ਇਕ ਧਿਰ ਦਾ ਇਲਜ਼ਾਮ ਹੈ ਕਿ ਗੜਬੜ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ ਕਿਉਂਕਿ ਫਰਾਂਸ ਸਰਕਾਰ ਯੂਕਰੇਨ ਦੀ ਐਲਾਨੀਆ ਮਦਦ ਕਰ ਰਹੀ ਹੈ। ਦੂਜੇ ਪਾਸੇ ਇਸ ਦਾ ਦੋਸ਼ ਫ਼ਲਸਤੀਨ ਜਾਂ ਮੁਸਲਮਾਨ ਅੱਤਵਾਦੀਆਂ ’ਤੇ ਮੜ੍ਹਿਆ ਜਾ ਰਿਹਾ ਹੈ। ਇਜ਼ਰਾਈਲ ਅਜੇ ਤੱਕ ਜਰਮਨੀ ਦੇ ਸ਼ਹਿਰ ਮਿਊਨਖ ਵਿਚ ਪੰਜ ਸਤੰਬਰ 1972 ਨੂੰ ਫ਼ਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੇ ਅੱਤਵਾਦੀ ਹਮਲੇ ਨੂੰ ਨਹੀਂ ਭੁੱਲਿਆ ਜਿਸ ਵਿਚ ਉਸ ਦੇ ਗਿਆਰਾਂ ਖਿਡਾਰੀ ਮੌਤ ਦੇ ਘਾਟ ਉਤਾਰੇ ਗਏ ਸਨ। ਟਰੈਕ ਸੂਟ ਪਾਈ ਪੀਐੱਲਓ ਦੇ ਅੱਠ ਅੱਤਵਾਦੀ ਓਲੰਪਿਕ ਵਿਲੇਜ ਵਿਚ ਵੜ ਗਏ ਤੇ ਉਨ੍ਹਾਂ ਨੇ ਇਜ਼ਰਾਈਲ ਦੇ ਖਿਡਾਰੀਆਂ ਨੂੰ ਇਕ-ਇਕ ਕਰ ਕੇ ਫੁੰਡਿਆ ਸੀ। ਉਹ ਇਜ਼ਰਾਈਲ ਦੀਆਂ ਜੇਲ੍ਹਾਂ ਵਿਚ ਡੱਕੇ ਆਪਣੇ 234 ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਸਨ।

ਇਜ਼ਰਾਈਲ ਵੱਲੋਂ ਕੋਰਾ ਜਵਾਬ ਮਿਲਣ ਕਰਕੇ ਫ਼ਲਸਤੀਨੀ ਅੱਤਵਾਦੀਆਂ ਨੇ ਗਿਆਰਾਂ ਓਲੰਪੀਅਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਜ਼ਰਾਈਲ ਨੇ ਪ੍ਰਣ ਲਿਆ ਸੀ ਕਿ ਉਹ ਇਸ ਖ਼ੂਨੀ ਕਾਂਡ ਨੂੰ ਕਦੇ ਨਹੀਂ ਭੁੱਲੇਗਾ ਤੇ ਹਰ ਹਾਲਤ ਵਿਚ ਇਸ ਦਾ ਬਦਲਾ ਜ਼ਰੂਰ ਲਵੇਗਾ। ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਨੇ ਅਗਲੇ ਵੀਹ ਸਾਲਾਂ ਵਿਚ ਸੀਰੀਆ, ਲਿਬਨਾਨ ਤੇ ਇਟਲੀ ਸਣੇ ਛੇ ਦੇਸ਼ਾਂ ਵਿਚ ਦੋਸ਼ੀਆਂ ਨੂੰ ਢੂੰਡ-ਢੂੰਡ ਕੇ ਮਾਰ ਮੁਕਾਇਆ ਸੀ। ਇਸ ਖ਼ੁਫ਼ੀਆ ਮਿਸ਼ਨ ਦਾ ਮਾਟੋ ‘‘ਰੈਥ ਆਫ ਗਾਡ’ ਸੀ। ਅਜ਼ਲਾਂ ਪੁਰਾਣੀ ਦੁਸ਼ਮਣੀ ਕਾਰਨ ਇਜ਼ਰਾਈਲ ਅਤੇ ਫ਼ਲਸਤੀਨ ਵੱਲੋਂ ਆਪੋ-ਆਪਣੇ ਖਿਡਾਰੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਜਨਤਕ ਤੌਰ ’ਤੇ ਵਿਚਰ ਕੇ ਆਪਣੀ ਪਛਾਣ ਉਜਾਗਰ ਕਰਨ ਤੋਂ ਗੁਰੇਜ਼ ਕਰਨ।

ਉਂਜ ਵੀ ਹਰ ਦੇਸ਼ ਆਪਣੇ ਓਲੰਪੀਅਨਾਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਕਿਉਂਕਿ ਇਸ ਮੁਕਾਮ ’ਤੇ ਪਹੁੰਚਾਉਣ ਲਈ ਉਨ੍ਹਾਂ ਨੂੰ ਵੱਡੇ ਤਰੱਦਦ ਕਰਨੇ ਪੈਂਦੇ ਹਨ। ਓਲੰਪਿਕਸ ਵਿਚ ਮੈਡਲ ਜਿੱਤਣ ਵਾਲੇ ਆਪਣੇ ਦੇਸ਼ ਦਾ ਮਾਣ ਵਧਾਉਂਦੇ ਹਨ। ਮੇਜ਼ਬਾਨ ਫਰਾਂਸ ਵੀ ਚਾਹੇਗਾ ਕਿ ਓਲੰਪਿਕ ਖੇਡਾਂ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਸੰਪੰਨ ਹੋ ਜਾਣ। ਆਖ਼ਰ ਖੇਡ ਜਗਤ ਦਾ ਇਹ ਸਭ ਤੋਂ ਵੱਡਾ ਸਮਾਗਮ ਹੈ। ਇਸੇ ਲਈ ਪੈਰਿਸ ਪੁਲਿਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ। ਫਰਾਂਸ ਨੂੰ ਸਾਈਬਰ ਅਟੈਕ ਦਾ ਵੀ ਖ਼ਤਰਾ ਹੈ।

ਟੋਕੀਓ ਓਲੰਪਿਕਸ ’ਚ ਲੱਖਾਂ ਸਾਈਬਰ ਹਮਲੇ ਹੋਏ ਸਨ। ਇਸ ਵਾਰ ਇਨ੍ਹਾਂ ਦੀ ਗਿਣਤੀ ਦੂਣ-ਸਵਾਈ ਹੋਣ ਦਾ ਖ਼ਦਸ਼ਾ ਹੈ। ਫਰਾਂਸ ਨੂੰ 2015 ਦੇ ਕੰਸਰਟ ਹਾਲ ਵਿਚ ਹੋਇਆ ਖ਼ਤਰਨਾਕ ਹਮਲਾ ਵੀ ਜ਼ਰੂਰ ਯਾਦ ਹੋਵੇਗਾ ਜਿਸ ਵਿਚ 131 ਨਾਗਰਿਕ ਮਾਰੇ ਗਏ ਸਨ। ਇਸ ਪਿੱਛੇ ਇਸਲਾਮਿਕ ਸਟੇਟ ਦਾ ਹੱਥ ਸਮਝਿਆ ਜਾ ਰਿਹਾ ਹੈ। ਪਿਛਲੇ ਨੌਂ ਸਾਲਾਂ ਦੌਰਾਨ ਦੇਸ਼ ਵਿਚ ਘੱਟੋ-ਘੱਟ 40 ਖ਼ੂਨੀ ਕਾਂਡ ਹੋਏ ਹਨ ਜਿਸ ਕਰਕੇ ਫਰਾਂਸ ਸਰਕਾਰ ਦੇ ਅਧਿਕਾਰੀਆਂ ਨੂੰ ਹਰ ਕਦਮ ਫੂਕ-ਫੂਕ ਕੇ ਰੱਖਣਾ ਪੈ ਰਿਹਾ ਹੈ।