VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਦੋਂ ਦੁਨੀਆ ਠਹਿਰ ਗਈ ( ਪੰਜਾਬੀ ਜਾਗਰਣ –– 21st July, 2024)

ਵਰਿੰਦਰ ਵਾਲੀਆ

ਮਾਈਕ੍ਰੋਸਾਫਟ ਦੇ ਆਪ੍ਰੇਟਿੰਗ ਸਿਸਟਮ ਵਿੰਡੋਜ਼-10 ਦੀ ਵਰਤੋਂ ਕਰਨ ਵਾਲੇ ਟਰਮੀਨਲਾਂ ਵਿਚ ‘ਬਲੂ ਸਕਰੀਨ ਆਫ ਡੈੱਥ’ ਆਉਣ ਕਾਰਨ ਦੁਨੀਆ ਜਿਵੇਂ ਠਹਿਰ ਗਈ ਸੀ। ਮਾਈਕ੍ਰੋਸਾਫਟ ਦਾ ਚੰਦ ਘੰਟਿਆਂ ਲਈ ਠੱਪ ਰਹਿਣਾ ਦੁਨੀਆ ਭਰ ਦੇ ਅਖ਼ਬਾਰਾਂ ਦੀ ਸੁਰਖੀ ਬਣ ਗਿਆ। ਕਈ ਦੇਸ਼ਾਂ ਵਿਚ ਉਡਾਣਾਂ ਰੱਦ ਕਰਨੀਆਂ ਪਈਆਂ। ਬੈਂਕਾਂ, ਹਸਪਤਾਲਾਂ ਤੇ ਮੀਡੀਆ ਦੇ ਕਈ ਅਦਾਰਿਆਂ ਦਾ ਸਿਸਟਮ ਆਫਲਾਈਨ ਹੋਣ ਨਾਲ ਅਰਬਾਂ-ਖ਼ਰਬਾਂ ਦਾ ਨੁਕਸਾਨ ਝੇਲਣਾ ਪਿਆ।

‘ਡਿਜੀਟਲ ਏਜ’ ਵਿਚ ਮਾਈਕ੍ਰੋਸਾਫਟ ਦੇ ਸਾਫਟਵੇਅਰ ਵਿਚ ਅਣਕਿਆਸੀ ਤਕਨੀਕੀ ਖ਼ਰਾਬੀ ਬੇਹੱਦ ਹੈਰਾਨੀ ਤੇ ਪਰੇਸ਼ਾਨੀ ਦਾ ਸਬੱਬ ਬਣੀ। ਇੱਕੀਵੀਂ ਸਦੀ ’ਚ ਜਨਮ ਲੈਣ ਵਾਲਿਆਂ ਲਈ ਇਹ ਵਰਤਾਰਾ ਭਿਅੰਕਰ ਭੂਚਾਲ ਵਰਗਾ ਸੀ। ਇੰਟਰਨੈੱਟ ਦੇ ਈਜਾਦ ਹੋਣ ਤੋਂ ਪਹਿਲਾਂ ਵੀ ਤਾਂ ਦੁਨੀਆ ਚੰਗੀ-ਭਲੀ ਚੱਲਦੀ ਸੀ। ਲੋਕ ਵਧੇਰੇ ਸਕੂਨ ਨਾਲ ਜ਼ਿੰਦਗੀ ਬਸਰ ਕਰਦੇ ਸਨ। ਅਜੋਕੇ ਸਮੇਂ ਇੰਟਰਨੈੱਟ ਨੇ ਮਨੁੱਖ ਨੂੰ ਆਪਣਾ ਗੁਲਾਮ ਬਣਾ ਲਿਆ ਹੈ। ਇੰਟਰਨੈੱਟ ਦੀ ਬਦੌਲਤ ਦੁਨੀਆ ਮੁੱਠੀ ਵਿਚ ਆ ਗਈ ਹੈ।

‘ਵਿਸ਼ਵ ਪਿੰਡ’ ਦੇ ‘ਵਾਸੀ’ ਹੁਣ ਆਂਢ-ਗੁਆਂਢ ਵਾਂਗ ਇਕ-ਦੂਜੇ ਦੇ ਰੂਬਰੂ ਹੋ ਲੈਂਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੁੱਧੀ) ਨੇ ਤਾਂ ਮਨੁੱਖ ਦੀ ਬੁੱਧੀ/ਬੌਧਿਕਤਾ ਨੂੰ ਹੀ ਬੌਣਾ ਬਣਾ ਦਿੱਤਾ ਹੈ। ਇਹ ਵਰਤਾਰਾ ਉਸ ਬੁੱਤ ਘਾੜੇ ਵਰਗਾ ਹੈ ਜੋ ਕਿਸੇ ਦੇਵੀ/ਦੇਵਤੇ ਦੀ ਮੂਰਤੀ ਬਣਾ ਕੇ ਉਸ ਅੱਗੇ ਨਤਮਸਤਕ ਹੋਣ ਲਈ ਮਜਬੂਰ ਹੋ ਜਾਂਦਾ ਹੈ। ਸੱਚਮੁੱਚ ਹੀ ਇੰਟਰਨੈੱਟ ਨੇ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ ਹੈ। ਸਟੀਵਨ ਵਿਲੀਅਮ ਹਾਕਿੰਗ ਵਰਗੇ ਮਹਾਨ ਬਰਤਾਨਵੀ ਭੌਤਿਕ ਵਿਗਿਆਨੀ ਨੇ ਤਾਂ ਇਸ ‘ਕ੍ਰਾਂਤੀ’ ਨੂੰ ਮਨੁੱਖਤਾ ਦੀ ਹੋਂਦ ਲਈ ਹੀ ਖ਼ਤਰਾ ਦੱਸਿਆ ਸੀ। ‘ਬਲੈਕ ਹੋਲ’ ਅਤੇ ‘ਬਿੱਗ ਬੈਂਗ’ ਸਿਧਾਂਤਾਂ ਦੇ ਰਹੱਸ ਸਮਝਾਉਣ ਵਾਲਾ ਹਾਕਿੰਗ ਆਪਣੀ ਵ੍ਹੀਲ ਚੇਅਰ ’ਤੇ ਫਿੱਟ ਕੀਤੇ ਗਏ ਕੰਪਿਊਟਰ ਸਿਸਟਮ ਰਾਹੀਂ ਬ੍ਰਹਿਮੰਡ ਦੀਆਂ ਪਰਤਾਂ ਫਰੋਲ ਰਿਹਾ ਸੀ। ਉਸ ਦੇ ਸਰੀਰ ਦਾ ਵੱਡਾ ਹਿੱਸਾ ਨਕਾਰਾ ਹੋਣ ਦੇ ਬਾਵਜੂਦ ਉਸ ਦਾ ਦਿਮਾਗ ਪੂਰੀ ਤਰ੍ਹਾਂ ਸਤਰਕ ਸੀ।

ਉਸ ਨੇ ਚਿਤਾਵਨੀ ਦਿੱਤੀ ਕਿ ਇਕ ਦਿਨ ਉਹ ਵੀ ਆਵੇਗਾ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਪੂਰੀ ਤਰ੍ਹਾਂ ਮਨੁੱਖ ਨੂੰ ਆਪਣਾ ਗੁਲਾਮ ਬਣਾ ਲਵੇਗੀ। ਮਾਈਕ੍ਰੋਸਾਫਟ ਦੇ ਸਰਵਰ ਵਿਚ ਹੋਈ ਗੜਬੜੀ ਇਸ ਦਾ ਟ੍ਰੇਲਰ ਹੈ। ਮਾਈਕ੍ਰੋਸਾਫਟ ਦੇ ਵਰਤੋਂਕਾਰਾਂ ਲਈ ਇਹ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਅਜਿਹੀ ਹਫੜਾ-ਦਫੜੀ ਚੀਨ ਤੇ ਰੂਸ ਆਦਿ ਵਿਚ ਵੇਖਣ ਨੂੰ ਨਹੀਂ ਮਿਲੀ। ਸਾਡੇ ਮੁਲਕ ਦੇ ਮੁਕਾਬਲੇ ਚੀਨ ਵਿਚ ਸ਼ੁਰੂ ਤੋਂ ਹੀ ‘ਇੰਟਰਨੈੱਟ ਸੈਂਸਰਸ਼ਿਪ’ ਲੱਗੀ ਹੋਈ ਹੈ। ਚੀਨ ਵਿਚ ਇੰਟਰਨੈੱਟ ਵਰਤੋਂਕਾਰਾਂ ਕੋਲ ਸੂਚਨਾਵਾਂ ਛਣ ਕੇ ਪੁੱਜਦੀਆਂ ਹਨ। ਗੂਗਲ, ਫੇਸਬੁੱਕ, ਯੂਟਿਊਬ, ਟਵਿੱਟਰ (ਐਕਸ) ਆਦਿ ’ਤੇ ਚੀਨ ਦੀ ਹਮੇਸ਼ਾ ਬਾਜ਼ ਅੱਖ ਹੁੰਦੀ ਹੈ।

ਚੀਨ ਵਿਚ ਸੋਸ਼ਲ ਸਾਈਟਾਂ ’ਤੇ ਪਾਬੰਦੀ ਹੈ ਜਾਂ ਇਨ੍ਹਾਂ ਦੀ ਵਰਤੋਂ ਸਖ਼ਤ ਸ਼ਰਤਾਂ ਤਹਿਤ ਹੀ ਹੁੰਦੀ ਹੈ। ਚੀਨ ਵਿਚ ਇੰਟਰਨੈੱਟ ਫਰਾਡ ਵੀ ਇਸੇ ਲਈ ਬਹੁਤ ਘੱਟ ਹੁੰਦੇ ਹਨ। ਉਂਜ ਵੀ ਚੀਨ ਦੇ ਲੋਕ ਇੰਟਰਨੈੱਟ ਦੀ ਦੁਰਵਰਤੋਂ ਕਰਨ ਦਾ ਹੌਸਲਾ ਹੀ ਨਹੀਂ ਕਰਦੇ। ਜੋ ਕਰਦੇ ਹਨ, ਉਨ੍ਹਾਂ ਦੀ ਥਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਹੁੰਦੀ ਹੈ। ਐਪਲ ਤੇ ਮਾਈਕ੍ਰੋਸਾਫਟ ਨੂੰ ਚੀਨ ਵਿਚ ਦਾਖ਼ਲ ਹੋਣ ਲਈ ਅਣਗਿਣਤ ਸ਼ਰਤਾਂ ਨੂੰ ਮੰਨਣਾ ਪਿਆ ਸੀ। ਇਹੀ ਕਾਰਨ ਸੀ ਕਿ ਮਾਈਕ੍ਰੋਸਾਫਟ ਦੇ ਸਰਵਰ ਵਿਚ ਆਈ ਗੜਬੜੀ ਦਾ ਚੀਨ ’ਤੇ ਰੱਤੀ ਭਰ ਅਸਰ ਨਾ ਹੋਇਆ।

ਭਾਰਤ ਵਿਚ ਗੂਗਲ, ਮਾਈਕ੍ਰੋਸਾਫਟ ਤੇ ਐਪਲ ਆਦਿ ਕੰਪਨੀਆਂ ਆਪਣੀ ਮਨ-ਮਰਜ਼ੀ ਕਰਦੀਆਂ ਆਈਆਂ ਹਨ। ਆਬਾਦੀ ਦੇ ਲਿਹਾਜ਼ ਅਨੁਸਾਰ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ ’ਤੇ ਆਉਂਦਾ ਹੈ। ਸਾਫਟਵੇਅਰ ਕੰਪਨੀਆਂ ਲਈ ਚੀਨ ਵਾਂਗ ਭਾਰਤ ਵੀ ਬਹੁਤ ਵੱਡੀ ਮੰਡੀ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ ਅਜਿਹੀਆਂ ਆਲਮੀ ਕੰਪਨੀਆਂ ’ਤੇ ਆਪਣੀਆਂ ਸ਼ਰਤਾਂ ਠੋਸਣ ਤੋਂ ਹਿਚਕਚਾਉਂਦੀ ਹੈ।

ਇਸ ਤੋਂ ਇਲਾਵਾ ਭਾਰਤ ਨੇ ਆਪਣਾ ਕੋਈ ‘ਬੀ ਪਲਾਨ’ ਵੀ ਨਹੀਂ ਬਣਾਇਆ। ਅਜਿਹਾ ਹੁੰਦਾ ਤਾਂ ਹਾਹਾਕਾਰ ਨਾ ਮਚਦੀ। ਗਲਵਾਨ ਘਾਟੀ ਵਿਚ ਚੀਨ ਵੱਲੋਂ ਘੁਸਪੈਠ ਕਰਨ ਤੇ ਕੋਰੋਨਾ ਮਹਾਮਾਰੀ ਵੇਲੇ ਜਦੋਂ ਭਾਰਤ ਨੇ ਚੀਨ ਦੀਆਂ ‘ਟਿਕਟਾਕ’ ਤੇ ‘ਅਲੀਬਾਬਾ’ ਸਣੇ 59 ਐਪਸ ’ਤੇ ਪਾਬੰਦੀ ਲਗਾਈ ਸੀ ਤਾਂ ਡਰੈਗਨ ਨੇ ਦੁਨੀਆ ਭਰ ਵਿਚ ਖ਼ੂਬ ਹੋ-ਹੱਲਾ ਮਚਾਇਆ ਸੀ। ਰਾਸ਼ਟਰੀ ਸੁਰੱਖਿਆ ਅਤੇ ਆਪਣੀ ਪ੍ਰਭੂਸੱਤਾ ਵਿਚ ਸੰਨ੍ਹ ਲਾਉਣ ਤੋਂ ਰੋਕਣ ਲਈ ਭਾਰਤ ਨੂੰ ਵੀ ਚੀਨ ਦੀ ਤਰਜ਼ ’ਤੇ ਸਖ਼ਤ ਕਦਮ ਚੁੱਕਣੇ ਪੈਣਗੇ। ਰਸੂਲ ਹਮਜ਼ਾਤੋਵ ਦੇ ਕਥਨ ਅਨੁਸਾਰ ਜੇ ਬੀਤੇ ’ਤੇ ਗੋਲ਼ੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।

ਸੰਨ 1995 ਤੋਂ 2007 ਤੱਕ ਦੁਨੀਆ ਦੇ ਸਭ ਤੋਂ ਅਮੀਰ ਰਹੇ ਬਿਲ ਗੇਟਸ ਦੀ ਕੰਪਨੀ ਮਾਈਕ੍ਰੋਸਾਫਟ ਕੋਲੋਂ ਅਜਿਹੀ ਬੱਜਰ ਗ਼ਲਤੀ ਕਿਵੇਂ ਹੋ ਗਈ, ਇਹ ਆਪਣੇ-ਆਪ ਵਿਚ ਵੱਡਾ ਸਵਾਲ ਹੈ। ਮਾਈਕ੍ਰੋਸਾਫਟ ਦਾ ਨਾਂ ਅੱਜ ਵੀ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਵਿਚ ਸ਼ੁਮਾਰ ਹੈ। ਗੜਬੜੀ ਦਾ ਕਾਰਨ ‘ਕਰਾਊਡ ਸਟ੍ਰਾਈਕ’ ਨਾਂ ਦੀ ਕੰਪਨੀ ਵੱਲੋਂ ‘ਫਾਲਕਨ ਸੈਂਸਰ’ (ਐਂਟੀ ਵਾਇਰਸ) ਅਪਲੋਡ ਕਰਨਾ ਦੱਸਿਆ ਜਾਂਦਾ ਹੈ। ‘ਕਰਾਊਡ ਸਟ੍ਰਾਈਕ’ ਸਾਫਟਵੇਅਰ ਕੰਪਨੀਆਂ ਨੂੰ ਸੁਰੱਖਿਆ ਦੇਣ ਵਾਲੀ ਸੰਸਥਾ ਹੈ ਜਿਸ ਨੇ ਬਿਨਾਂ ਟੈਸਟ ਕੀਤਿਆਂ ਉਪਰੋਕਤ ਐਂਟੀ ਵਾਇਰਸ ਅਪਡੇਟ ਅਪਲੋਡ ਕੀਤਾ ਸੀ। ਬਿਲ ਗੇਟਸ ਉਹੀ ਵਿਅਕਤੀ ਹੈ ਜਿਸ ਨੇ ਘਰ-ਘਰ ਪੀਸੀ (ਪਰਸਨਲ ਕੰਪਿਊਟਰ) ਪਹੁੰਚਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ। ਬਚਪਨ ਤੋਂ ਹੀ ਉਹ ਵਿਸ਼ਵਾਸ ਦੇ ਘੋੜੇ ਦਾ ਸ਼ਾਹ ਅਸਵਾਰ ਰਿਹਾ ਹੈ। ਤੇਰਾਂ ਸਾਲ ਦੀ ਛੋਟੀ ਉਮਰ ਵਿਚ ਉਸ ਨੇ ਆਪਣੇ ਸਕੂਲ ਦੇ ਸੀਨੀਅਰ ਵਿਦਿਆਰਥੀ ਪਾਲ ਐਲਨ ਨਾਲ ਮਿਲ ਕੇ ਕੰਪਿਊਟਰ ਗੇਮ ਬਣਾ ਲਈ ਸੀ।

ਜਨੂੰਨੀ ਦੋਸਤਾਂ ਨੇ ਅਗਲੇ ਦੋ ਸਾਲਾਂ ਵਿਚ ਟਰੈਫਿਕ ਦਾ ਡੈਟਾ ਕੰਪਿਊਟ ਕਰਨ ਵਾਲੀ ਐਪ ਬਣਾ ਲਈ। ਦੋਵੇਂ ਮਿੱਤਰ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਸਿਰਜਣ ਵਾਲੇ ਉੱਦਮੀ ਹਨ। ਉਹ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਤੇ ਗ਼ਲਤੀਆਂ ਤੋਂ ਲਗਾਤਾਰ ਸਿੱਖਦੇ ਹੋਏ ਅੱਗੇ ਵਧਦੇ ਗਏ। ਅੱਜ ਵੀ ਬਿਲ ਗੇਟਸ ਦੁਨੀਆ ਦੇ ਚੰਦ ਅਮੀਰ ਲੋਕਾਂ ਵਿਚ ਸ਼ਾਮਲ ਹੈ ਜੋ ਆਪਣੀ ਕਮਾਈ ਦਾ 95 ਫ਼ੀਸਦੀ ਹਿੱਸਾ ਦਾਨ-ਪੁੰਨ ਲਈ ਖ਼ਰਚਦਾ ਹੈ। ਮਾਈਕ੍ਰੋਸਾਫਟ ਦੇ ਸਰਵਰ ਵਿਚ ਆਈ ਗ਼ਲਤੀ ਤੋਂ ਵੀ ਉਸ ਨੇ ਵੱਡਾ ਸਬਕ ਸਿੱਖਿਆ ਹੋਵੇਗਾ। ਮਾਈਕ੍ਰੋਸਾਫਟ ਦੇ ਕਰਤਾ-ਧਰਤਾ ਨੇ ਹੀ ਤਾਂ ਕੰਪਿਊਟਰ ਨੂੰ ਮਨੁੱਖ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਡੀ ਘਾਲਣਾ ਕੀਤੀ ਸੀ। ਉਸ ਦੇ ਅਣਥੱਕ ਤਰੱਦਦਾਂ ਨਾਲ ਕੰਪਿਊਟਰ ਮਨੁੱਖ ਦੇ ਜੀਣ-ਥੀਣ ਦਾ ਹਿੱਸਾ ਬਣਿਆ ਹੈ।

ਨਵੀਂ ਪੀੜ੍ਹੀ ਲਈ ਇੰਟਰਨੈੱਟ ਤੋਂ ਬਗ਼ੈਰ ਜ਼ਿੰਦਗੀ, ਜ਼ਿੰਦਗੀ ਹੀ ਨਹੀਂ ਹੈ। ਇੰਟਰਨੈੱਟ ’ਤੇ ਅਜਿਹੀ ਨਿਰਭਰਤਾ ਵਾਕਈ ਸਕਤੇ ਵਿਚ ਪਾਉਂਦੀ ਹੈ। ਸਮਾਰਟ ਫੋਨਾਂ ਨਾਲ ਪੂਰਾ ਆਲਮ ਮੁੱਠੀ ਵਿਚ ਆ ਚੁੱਕਾ ਹੈ। ਸਮਾਰਟ ਫੋਨ ਸਮਾਰਟ ਲੋਕਾਂ ਹੱਥ ਆਉਣ ਤਾਂ ਇਹ ਬੌਧਿਕ ਵਿਕਾਸ ਦੀਆਂ ਅਣਗਿਣਤ ਖਿੜਕੀਆਂ ਖੋਲ੍ਹ ਦਿੰਦਾ ਹੈ। ਇਹੀ ਮੋਬਾਈਲ ਜੇ ਅਨਾੜੀ ਹੱਥ ਆ ਜਾਵੇ ਤਾਂ ਇਸ ਦੀ ਦੁਰਵਰਤੋਂ ਤਬਾਹੀ ਦੇ ਕਿਵਾੜ ਖੋਲ੍ਹਦੀ ਹੈ। ਡਿਜੀਟਲ ਕ੍ਰਾਂਤੀ ਦਾ ਮਨੁੱਖਤਾ ਨੂੰ ਤਾਂ ਹੀ ਪੂਰਾ ਫ਼ਾਇਦਾ ਹੋਵੇਗਾ ਜੇ ਇਸ ਦਾ ਸਦਉਪਯੋਗ ਹੋਵੇ। ਇਸ ਤੋਂ ਵੀ ਵੱਧ ਜ਼ਰੂਰੀ ਹੈ ਜੇ ਚੀਨ ਦੀ ਤਰਜ਼ ’ਤੇ ਭਾਰਤ ਇੰਟਰਨੈੱਟ ’ਤੇ ਪੱਛਮੀ ਦੇਸ਼ਾਂ ਦਾ ਏਕਾਧਿਕਾਰ ਤੋੜੇ। ਅਜਿਹਾ ਰਾਸ਼ਟਰੀ ਏਕਤਾ ਵਾਸਤੇ ਵੀ ਬੇਹੱਦ ਜ਼ਰੂਰੀ ਹੈ।

ਚੀਨ ਦੀਆਂ ਇੰਟਰਨੈੱਟ ਸੇਵਾਵਾਂ ਇਸ ਦੀ ‘ਗਰੇਟ ਵਾਲ’ ਵਾਂਗ ਬੇਹੱਦ ਮਜ਼ਬੂਤ ਹਨ। ਇਸ ’ਚ ਸੰਨ੍ਹ ਲਾਉਣੀ ਖਾਲਾ ਜੀ ਦਾ ਵਾੜਾ ਨਹੀਂ ਹੈ। ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਇੰਟਰਨੈੱਟ ਸੇਵਾਵਾਂ ਵਿਚ ਕਈ ਵਾਰ ਸੰਨ੍ਹਮਾਰ ਹੋ ਚੁੱਕੀ ਹੈ ਭਾਵੇਂ ਇਹ ਦੁਨੀਆ ਭਰ ਵਿਚ ‘ਕਲਾਊਡ ਸਰਵਿਸ’ ਦੇ ਰਿਹਾ ਹੈ। ਅਮਰੀਕਾ ਦੇ ਮੁਕਾਬਲੇ ਭਾਰਤ ਦੀਆਂ ਇੰਟਰਨੈੱਟ ਸੇਵਾਵਾਂ ਨੂੰ ਹੈਕ ਕਰਨਾ ਹੋਰ ਵੀ ਆਸਾਨ ਹੈ। ਸ਼ੁਕਰ ਹੈ ਕਿ ਮਾਈਕ੍ਰੋਸਾਫਟ ਦੀ ਵਿੰਡੋਜ਼-10 ਵਿਚ ਹੋਈ ਗੜਬੜ ਕਾਰਨ ਡੈਟਾ ਨਸ਼ਟ ਨਹੀਂ ਹੋਇਆ।

ਸ਼ੁਰੂ ਵਿਚ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਮਹਾਮਾਰੀ ਵਾਂਗ ਮਾਈਕ੍ਰੋਸਾਫਟ ਦੇ ਕ੍ਰੈਸ਼ ਪਿੱਛੇ ਵੀ ਚੀਨ ਦਾ ਸਾਈਬਰ ਹਮਲਾ ਜ਼ਿੰਮੇਵਾਰ ਹੈ। ਅਜਿਹਾ ਸੱਚ ਹੁੰਦਾ ਤਾਂ ਕੀਮਤੀ ਡੈਟਾ ਨਸ਼ਟ ਹੋ ਸਕਦਾ ਸੀ। ਜੇ ਭਾਰਤ ਮਾਈਕ੍ਰੋਸਾਫਟ ਵਰਗਾ ਸਾਫਟਵੇਅਰ ਬਣਾਉਣ ਦੇ ਫ਼ਿਲਹਾਲ ਸਮਰੱਥ ਨਹੀਂ, ਤਾਂ ਵੀ ਇਸ ਨੂੰ ‘ਬੀ ਪਲਾਨ’ ਉੱਤੇ ਜ਼ਰੂਰ ਵਿਚਾਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।