ਲੋਕ ਫ਼ਤਵੇ ਦੇ ਮਾਅਨੇ ( ਪੰਜਾਬੀ ਜਾਗਰਣ –– 14th July, 2024)
ਵਰਿੰਦਰ ਵਾਲੀਆ
ਦਲ-ਬਦਲੀ ’ਚ ਨਵਾਂ ਇਤਿਹਾਸ ਸਿਰਜਣ ਵਾਲੇ ਜਲੰਧਰ ਦੀ ਜ਼ਿਮਨੀ ਚੋਣ ’ਚ ‘ਆਮ ਆਦਮੀ ਪਾਰਟੀ’ ਦੇ ‘ਝਾੜੂ’ ਨੇ ਹੂੰਝਾ-ਫੇਰ ਜਿੱਤ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਮਹਿੰਦਰ ਭਗਤ, ਉਨ੍ਹਾਂ ਦੇ ਪਰਿਵਾਰ ਤੇ ਇੱਥੋਂ ਤੱਕ ਕਿ ਸੱਤਾਧਾਰੀ ਨੇਤਾ ਵੀ ਇਸ ਚੋਣ ਨੂੰ ਫਸਵਾਂ ਮੁਕਾਬਲਾ ਸਮਝ ਕੇ ਸਿਰਤੋੜ ਮਿਹਨਤ ਕਰ ਰਹੇ ਸਨ। ਚੋਣ ਨਤੀਜੇ ਨੇ ਸਿਆਸੀ ਪੰਡਿਤਾਂ ਦੀਆਂ ਤਮਾਮ ਕਿਆਸ-ਅਰਾਈਆਂ ਨੂੰ ਵੀ ਝੁਠਲਾਇਆ ਹੈ। ਉਨ੍ਹਾਂ ਦੀ ਭਵਿੱਖਬਾਣੀ ਸੀ ਕਿ ਜਨਤਾ ਦਾ ਫ਼ਤਵਾ ਲਾਜ਼ਮੀ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਆਵੇਗਾ ਪਰ ਜਿੱਤ ਦਾ ਫ਼ਰਕ ਇੰਨਾ ਵੱਡਾ ਹੋਵੇਗਾ, ਇਹ ਕਿਸੇ ਦੇ ਖ਼ਾਬ ’ਚ ਵੀ ਨਹੀਂ ਸੀ।
ਪਿਛਲੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦੀਆਂ ਤਿੰਨ ਦੇ ਮੁਕਾਬਲੇ ਸੱਤ ਸੀਟਾਂ ਜਿੱਤਣ ਵਾਲੀ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਦਾ 16757 (17.71%) ਵੋਟਾਂ ਹਾਸਲ ਕਰ ਕੇ ਤੀਜੇ ਨੰਬਰ ’ਤੇ ਆਉਣਾ ਦੱਸਦਾ ਹੈ ਕਿ ‘ਵੋਟਰ ਭਗਵਾਨ’ ਦੇ ਮਨ ਦੀ ਥਾਹ ਲਾਉਣਾ ਇੰਨਾ ਆਸਾਨ ਨਹੀਂ ਹੁੰਦਾ। ਡਿਪਟੀ ਮੇਅਰ ਰਹੀ ਕਾਂਗਰਸ ਉਮੀਦਵਾਰ ਦੀ ਮਸੀਂ ਜ਼ਮਾਨਤ ਬਚਣਾ ਵੀ ਬਹੁਤ ਕੁਝ ਕਹਿੰਦਾ ਹੈ। ਇਸ ਅਹੁਦੇ ’ਤੇ ਰਹਿੰਦਿਆਂ ਉਹ ਲੋਕ ਸਰੋਕਾਰਾਂ ਨੂੰ ਸਮਝ ਲੈਂਦੇ ਤਾਂ ਉਨ੍ਹਾਂ ਨੂੰ ਅਜਿਹੀ ਨਮੋਸ਼ੀਜਨਕ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ। ਇਸ ਚੋਣ ਵਿਚ ਸ਼ੋ੍ਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਬਚਕਾਨਾ ਹਰਕਤਾਂ ਨੇ ਵੀ ਆਪਣਾ ਜਲੂਸ ਕਢਵਾਇਆ ਹੈ। ਟਕਸਾਲੀ ਤੇ ਸਾਧਾਰਨ ਅਕਾਲੀ ਪਰਿਵਾਰ ਦੀ ਔਰਤ ਸੁਰਜੀਤ ਕੌਰ ਨੂੰ ‘ਤੱਕੜੀ’ ਚੋਣ ਨਿਸ਼ਾਨ ਅਲਾਟ ਕਰਨ ਵਾਲੀ ਪਾਰਟੀ ਨੇ ਉਸ ਕੋਲੋਂ ਅਚਾਨਕ ਸਮਰਥਨ ਵਾਪਸ ਲੈਣਾ ਤੇ ਫਿਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੂੰ ਹਮਾਇਤ ਦੇਣਾ ਅਕਾਲੀ ਦਲ ਨੂੰ ਬੇਹੱਦ ਮਹਿੰਗਾ ਪਿਆ। ‘ਤੱਕੜੀ’ ਚੋਣ ਨਿਸ਼ਾਨ ’ਤੇ ਚੋਣ ਲੜਨ ਵਾਲੀ ਬੀਬੀ ਵੱਲੋਂ ‘ਝਾੜੂ’ ਫੜਨਾ ਤੇ ਫਿਰ ਚੰਦ ਘੰਟਿਆਂ ਬਾਅਦ ‘ਘਰ-ਵਾਪਸੀ’ ਕਰਨ ਨਾਲ ਉਸ ਦੇ ਅਕਸ ਨੂੰ ਵੱਡੀ ਢਾਹ ਲੱਗੀ ਜਿਸ ਦਾ ਖ਼ਮਿਆਜ਼ਾ ਉਸ ਨੂੰ ਜ਼ਮਾਨਤ ਜ਼ਬਤ ਕਰਵਾ ਕੇ ਭੁਗਤਣਾ ਪਿਆ।

ਇਸ ਉਮੀਦਵਾਰ ਦੀਆਂ ਪਲਟਬਾਜ਼ੀਆਂ ਕਾਰਨ ਬਾਗ਼ੀ ਅਕਾਲੀਆਂ ਨੂੰ ਵੀ ਛਿੱਥੇ ਹੋਣਾ ਪਿਆ ਜੋ ਉਸ ਦੀ ਤਨ, ਮਨ ਤੇ ਧਨ ਨਾਲ ਹਮਾਇਤ ਕਰ ਰਹੇ ਸਨ। ਲਕੋਕਤੀਆਂ ਅਨੁਸਾਰ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਪਰ ਵੋਟਰਾਂ ਨੇ ਉਸ ਨੂੰ ਭੁੱਲਿਆ ਤੇ ਭਟਕਿਆ ਸਮਝ ਕੇ ਬੁਰੀ ਤਰ੍ਹਾਂ ਨਕਾਰ ਦਿੱਤਾ। ‘ਆਪ’ ਉਮੀਦਵਾਰ ਨੂੰ ਉਸ ਦੀ ‘ਘਰ ਵਾਪਸੀ’ ਰਾਸ ਆ ਗਈ। ‘ਤੱਕੜੀ’ ਚੋਣ ਨਿਸ਼ਾਨ ’ਤੇ ਮਹਿਜ਼ 1242 (1.31%) ਮੋਹਰਾਂ ਲੱਗਣਾ ਆਪਣੇ-ਆਪ ਵਿਚ ਨਵਾਂ ਇਤਿਹਾਸ ਹੈ। ਬੀਬੀ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਮਰਹੂਮ ਪਤੀ ਪ੍ਰੀਤਮ ਸਿੰਘ ਇਸ ਤੋਂ ਕਿਤੇ ਵੱਧ ਵੋਟਾਂ ਨਗਰ ਨਿਗਮ ਦੀਆਂ ਚੋਣਾਂ ਵਿਚ ਹਾਸਲ ਕਰਦੇ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਨਾਲ ਚੋਣ ਮੈਦਾਨ ’ਚ ਉਤਰੇ ਬਿੰਦਰ ਕੁਮਾਰ ਲਾਖਾ ਨੂੰ ਮਹਿਜ਼ 734 (0.78%) ਵੋਟਾਂ ਨਾਲ ਹੀ ਸਬਰ ਕਰਨਾ ਪਿਆ। ‘ਤੱਕੜੀ’ ਛੱਡ ਕੇ ‘ਹਾਥੀ ਮੇਰਾ ਸਾਥੀ’ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਤਰ੍ਹਾਂ ਹਾਸ਼ੀਏ ’ਤੇ ਜਾਣਾ ਵੀ ਨਵੇਕਲਾ ਇਤਿਹਾਸ ਸਿਰਜ ਗਿਆ।
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਨੂੰ ਤਾਂ ਨੋਟਾ (687) ਤੋਂ ਵੀ ਘੱਟ 662 (0.7%) ਵੋਟਾਂ ਪਈਆਂ। ਵਿਧਾਨ ਸਭਾ (ਪੱਛਮੀ) ਦੀ ਚੋਣ ਦਾ ਸਬੱਬ ਸ਼ੀਤਲ ਅੰਗੁਰਾਲ ਵੱਲੋਂ ਬਤੌਰ ‘ਆਪ’ ਵਿਧਾਇਕ ਅਸਤੀਫ਼ਾ ਦੇਣਾ ਸੀ। ਦੋ-ਢਾਈ ਸਾਲ ਪਹਿਲਾਂ ਇਸੇ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਅੰਗੁਰਾਲ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਦਲ-ਬਦਲੀ ਤੋਂ ਬਾਅਦ ਭਾਜਪਾ ਦਾ ਲੜ ਫੜ ਕੇ ਉਹ ਮਸੀਂ ਜ਼ਮਾਨਤ ਬਚਾ ਪਾਵੇਗਾ। ਪਹਿਲਾਂ ਦੋ ਵਾਰ ਹਾਰ ਚੁੱਕੇ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਦਾ 55,246 (58.39%) ਵੋਟਾਂ ਹਾਸਲ ਕਰ ਕੇ ਅੰਗੁਰਾਲ ਨੂੰ 37,325 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਉਣਾ ਸੱਤਾਧਾਰੀਆਂ ਲਈ ਹੈਰਾਨੀ ਤੇ ਦੂਜੀਆਂ ਪਾਰਟੀਆਂ ਲਈ ਪਰੇਸ਼ਾਨੀ ਦਾ ਸਬੱਬ ਬਣਿਆ।
ਦਲ-ਬਦਲੀਆਂ ਕਾਰਨ ਭਾਜਪਾ ਦੇ ਵੱਕਾਰ ਨੂੰ ਵੀ ਵੱਡੀ ਢਾਹ ਲੱਗੀ ਹੈ। ਕਾਂਗਰਸ ਦੇ ਵਿਧਾਇਕ ਰਹੇ ਸੁਸ਼ੀਲ ਕੁਮਾਰ ਰਿੰਕੂ ਨੇ ‘ਆਪ’ ਵਿਚ ਸ਼ਾਮਲ ਹੋ ਕੇ ਜਲੰਧਰ ਜ਼ਿਮਨੀ ਚੋਣ ਜਿੱਤੀ ਸੀ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਭਾਜਪਾ ਵੱਲੋਂ ਚੋਣ ਲੜੀ ਤੇ ਹਾਰ ਗਏ। ਭਾਜਪਾ ਦੇ ਪੁਰਾਣੇ ਤੇ ਵਫ਼ਾਦਾਰ ਕਾਰਕੁੰਨ ਦਲ-ਬਦਲੂਆਂ ਨੂੰ ਪਾਰਟੀ ਸਫ਼ਾਂ ਵਿਚ ਸ਼ਾਮਲ ਕਰਨ ਦਾ ਅੰਦਰਖਾਤੇ ਵਿਰੋਧ ਕਰਦੇ ਰਹੇ। ਵੱਡੀ ਗਿਣਤੀ ਵਿਚ ਭਾਜਪਾ ਵੋਟਰ ਇਸ ਵਾਰ ਬੂਥਾਂ ਤੱਕ ਵੀ ਨਾ ਪੁੱਜੇ ਜਿਸ ਕਰਕੇ ਅੰਗੁਰਾਲ ਨੂੰ ਮਹਿਜ਼ 17,921 (18.94%) ਵੋਟਾਂ ਹੀ ਮਿਲ ਸਕੀਆਂ।
ਦੂਜੀਆਂ ਪਾਰਟੀਆਂ ਦੇ ਵਫ਼ਾਦਾਰ ਵੋਟਰ ਵੀ ਦਲ-ਬਦਲੀਆਂ ਤੋਂ ਦੁਖੀ ਸਨ। ਇਹੀ ਕਾਰਨ ਸੀ ਕਿ ਲਗਪਗ ਅੱਧੇ ਵੋਟਰ ਘਰਾਂ ’ਚੋਂ ਹੀ ਨਾ ਨਿਕਲੇ ਤੇ ਪੋਲਿੰਗ 55% ਰਿਕਾਰਡ ਕੀਤੀ ਗਈ। ਜ਼ਿਮਨੀ ਚੋਣ ’ਚ ਇੰਨੀ ਘੱਟ ਪੋਲਿੰਗ ਲੋਕਾਂ ਦੀ ਸਿਆਸੀ ਪਾਰਟੀਆਂ ਪ੍ਰਤੀ ਨਿਰਾਸ਼ਾ ਦਰਸਾਉਂਦੀ ਹੈ। ‘ਆਪ’ ਉਮੀਦਵਾਰ ਵੀ ਭਾਵੇਂ ਦਲ-ਬਦਲੀ ਕਰ ਕੇ ਚੋਣ ਲੜੇ ਸਨ ਪਰ ਉਨ੍ਹਾਂ ਦੇ ਪਰਿਵਾਰ ਦੀ ਚੰਗੀ ਛਬੀ ਹੋਣ ਕਾਰਨ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਲੋਕ ਫ਼ਤਵੇ ਅੱਗੇ ਸਿਰ ਝੁਕਾਉਂਦਿਆਂ ਆਸ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹ ਸਾਰੇ ਵਾਅਦੇ ਵਫ਼ਾ ਕਰਨਗੇ ਜੋ ਉਨ੍ਹਾਂ ਨੇ ਜਲੰਧਰ (ਪੱਛਮੀ) ਦੇ ਵੋਟਰਾਂ ਨਾਲ ਕੀਤੇ ਸਨ। ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਨੇ ਆਪਣਾ ਵਾਅਦਾ ਦੁਹਰਾਉਂਦਿਆਂ ਕਿਹਾ ਹੈ ਕਿ ਉਹ ‘ਜਲੰਧਰ ਵੈਸਟ’ ਨੂੰ ‘ਜਲੰਧਰ ਬੈਸਟ’ ਹਲਕਾ ਬਣਾਉਣਗੇ।
ਜ਼ਿਮਨੀ ਚੋਣ ਨੂੰ ਮੁੱਛ ਦਾ ਸਵਾਲ ਸਮਝਦਿਆਂ ਉਨ੍ਹਾਂ ਨੇ ਜਲੰਧਰ ’ਚ ਕਿਰਾਏ ਦੀ ਕੋਠੀ ਨੂੰ ਆਰਜ਼ੀ ਰੈਣ-ਬਸੇਰਾ ਬਣਾ ਲਿਆ ਸੀ। ਉਨ੍ਹਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਪਣੀ ਨੰਨ੍ਹੀ ਬੱਚੀ ਨੂੰ ਘਰੇ ਛੱਡ ਕੇ ਵਿਧਾਨ ਸਭਾ ਹਲਕੇ ਜਲੰਧਰ ਪੱਛਮੀ ਦੀਆਂ ਗਲੀਆਂ-ਕੂਚਿਆਂ ਵਿਚ ਚੋਣ ਪ੍ਰਚਾਰ ਵੇਲੇ ਆਮ ਲੋਕਾਂ ਨਾਲ ਦੁੱਖੜੇ ਵੰਡਾ ਰਹੇ ਸਨ। ਮੁੱਖ ਮੰਤਰੀ ਜਨਤਕ ਤੌਰ ’ਤੇ ਕਹਿ ਰਹੇ ਸਨ ਕਿ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦਿਉ ਤੇ ਉਹ ਉਨ੍ਹਾਂ ਨੂੰ ਝੰਡੀ ਵਾਲੀ ਕਾਰ ਦੇ ਦੇਣਗੇ। ਅਕਾਲੀ-ਭਾਜਪਾ ਵਿਚ ਕੈਬਨਿਟ ਮੰਤਰੀ ਰਹੇ ਚੁੰਨੀ ਲਾਲ ਭਗਤ ਦੇ ਫ਼ਰਜ਼ੰਦ ਹੋਣ ਦਾ ਵੀ ਮਹਿੰਦਰ ਭਗਤ ਨੂੰ ਲਾਹਾ ਮਿਲਿਆ। ਲੰਬੇ ਸਮੇਂ ਬਾਅਦ ਪਰਿਵਾਰ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਸੱਤਾ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦੇ ਘਰ ਵੀ ਟਾਵੇਂ-ਟਾਵੇਂ ਲੋਕ ਆਉਂਦੇ ਸਨ। ਹੁਣ ਫਿਰ ਘਰ ’ਚ ਰੌਣਕ ਪਰਤੀ ਹੈ। ਲੋਕਾਂ ਦਾ ਤਾਂਤਾ ਦੱਸਦਾ ਹੈ ਕਿ ਹਰ ਕੋਈ ਗਰਜ਼ਾਂ ਨਾਲ ਜੁੜਿਆ ਹੁੰਦਾ ਹੈ। ਲੋਕ ਆਸ ਕਰਦੇ ਹਨ ਕਿ ਜੇ ਮਹਿੰਦਰ ਭਗਤ ਨੂੰ ਝੰਡੀ ਵਾਲੀ ਕਾਰ ਮਿਲ ਗਈ ਤਾਂ ਉਨ੍ਹਾਂ ਦੇ ਹਲਕੇ ਦੀ ਕਾਇਆਕਲਪ ਜ਼ਰੂਰ ਹੋ ਜਾਵੇਗੀ।
ਜਲੰਧਰ (ਪੱਛਮੀ) ਵਿਚ ਅਣਗਿਣਤ ਵਿਰਾਸਤੀ ਥਾਵਾਂ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਕਰ ਕੇ ਇਸ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਇਸ ਦੀਆਂ ਕਈ ਬਸਤੀਆਂ ਮੁਗ਼ਲ ਕਾਲ ਵੇਲੇ ਦੀਆਂ ਹਨ। ਬਸਤੀ ਸ਼ੇਖ਼ ਨੂੰ ਛੇਵੇਂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਪਾਕਿਸਤਾਨ ਦੇ ਮਰਹੂਮ ਫ਼ਨਕਾਰ ਨੁਸਰਤ ਫ਼ਤਿਹ ਅਲੀ ਖਾਂ ਦੇ ਪੁਰਖੇ ਵੀ ਇਸੇ ਵਿਧਾਨ ਸਭਾ ਹਲਕੇ ਦੇ ਵਸਨੀਕ ਸਨ। ਪਾਕਿ ਦੇ ਸਦਰ ਰਹੇ ਮਰਹੂਮ ਜਨਰਲ ਜ਼ਿਆ-ਉਲ-ਹੱਕ ਦੇ ਨਾਨਕੇ ਵੀ ਇੱਥੇ ਹੀ ਸਨ। ਖੇਡਾਂ ਦਾ ਸਾਮਾਨ ਬਣਾਉਣ ਅਤੇ ਚਮੜਾ ਰੰਗਣ ਵਾਲੇ ਕਾਰੀਗਰਾਂ ਦਾ ਵੀ ਇਹ ਗੜ੍ਹ ਹੈ।
ਵਾਅਦੇ ਮੁਤਾਬਕ ਮੁੱਖ ਮੰਤਰੀ ਦੀ ਇਸ ਹਲਕੇ ’ਤੇ ਸਵੱਲੀ ਨਜ਼ਰ ਰਹੀ ਤਾਂ ਇੱਥੋਂ ਦੇ ਵਸਨੀਕਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਅੰਗੁਰਾਲ ਦੇ ਅਸਤੀਫ਼ਾ ਦੇਣ ਤੋਂ ਬਾਅਦ ‘ਆਪ’ ਦੀ ਸੀਟ ਘਟੀ ਸੀ। ਉਹ ਗਿਣਤੀ ਮਹਿੰਦਰ ਭਗਤ ਦੀ ਜਿੱਤ ਨਾਲ ਫਿਰ 92 ਹੋ ਗਈ ਹੈ। ਇਸ ਜ਼ਿਮਨੀ ਚੋਣ ਦੀ ਜਿੱਤ ਜਾਂ ਹਾਰ ਨਾਲ ਸਰਕਾਰ ਨੂੰ ਭਾਵੇਂ ਕੋਈ ਫ਼ਰਕ ਨਹੀਂ ਸੀ ਪੈਣਾ ਫਿਰ ਵੀ ਜਿੱਤ ਦਾ ਨਸ਼ਾ ਹੀ ਅਲੱਗ ਹੁੰਦਾ ਹੈ। ਜਲੰਧਰ ਤੋਂ ਚੰਡੀਗੜ੍ਹ ਤੱਕ ਵੱਜ ਰਹੇ ਢੋਲ ਇਹੀ ਝਲਕਾਰਾ ਦਿੰਦੇ ਹਨ। ਆਉਣ ਵਾਲੇ ਸਮੇਂ ’ਚ ਚਾਰ ਹੋਰ ਜ਼ਿਮਨੀ ਚੋਣਾਂ ਹੋਣੀਆਂ ਹਨ।
ਇਸ ਤੋਂ ਇਲਾਵਾ 2027 ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ। ਜਲੰਧਰ (ਪੱਛਮੀ) ਦੀ ਜਿੱਤ ਤੋਂ ਬਾਅਦ ‘ਆਪ’ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਣੀ ਚਾਹੀਦੀ ਹੈ। ਵੋਟਰਾਂ ਦੇ ਜਜ਼ਬਾਤ ਦੀ ਕਦਰ ਹੁੰਦੀ ਰਹੀ ਤਾਂ ਇਸ ਦਾ ਲਾਹਾ ਜ਼ਰੂਰ ਮਿਲੇਗਾ। ਲੋਕਾਂ ਨਾਲ ਜੁੜੇ ਸਰੋਕਾਰਾਂ ਦੀ ਅਣਦੇਖੀ ਜਾਂ ਬੇਕਦਰੀ ਮਹਿੰਗਾ ਸੌਦਾ ਸਾਬਿਤ ਹੁੰਦੀ ਹੈ।