ਗੁਨਾਹਾਂ ਤੋਂ ਤੌਬਾ ! ( ਪੰਜਾਬੀ ਜਾਗਰਣ –– 30th June, 2024)
ਵਰਿੰਦਰ ਵਾਲੀਆ
ਸ਼ਤਾਬਦੀ ਮਨਾ ਰਿਹਾ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਮੰਝਧਾਰ ਵਿਚ ਬੁਰੀ ਤਰ੍ਹਾਂ ਫਸਿਆ ਦਿਖਾਈ ਦੇ ਰਿਹਾ ਹੈ। ਲੰਬੇ ਅਰਸੇ ਤੋਂ ਸਿੱਖ ਪੰਥ ਉੱਚ-ਦੁਮਾਲੜੇ ਵਾਲੇ ਉਸ ਨਿਰਸਵਾਰਥ/ਨਿਡਰ ਜਰਨੈਲ ਦੀ ਤਲਾਸ਼ ਵਿਚ ਏਧਰ-ਓਧਰ ਭਟਕ ਰਿਹਾ ਹੈ ਜੋ ਖੱਖੜੀ-ਖੱਖੜੀ ਹੋ ਚੁੱਕੀ ਪੰਥਿਕ ਸ਼ਕਤੀ ਨੂੰ ਇਕੱਠਾ ਕਰ ਸਕੇ। ਖ਼ਾਲਸਾ ਪੰਥ ਦੀ ਸਾਜਨਾ ਦੇ ਤ੍ਰੈਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਹੀ ਅਕਾਲੀ ਦਲ ਭਾਵੇਂ ਦੋਫਾੜ ਹੋ ਗਿਆ ਸੀ ਪਰ ਪਿਛਲੇ ਦਹਾਕੇ ਦੌਰਾਨ ਇਸ ਦੇ ਆਧਾਰ ਨੂੰ ਲੱਗੇ ਅਣਕਿਆਸੇ ਖੋਰੇ ਨੇ ਪੰਥ ਦਰਦੀਆਂ ਨੂੰ ਚਿੰਤਾ ਦੇ ਡੂੰਘੇ ਸਾਗਰ ਵਿਚ ਡੋਬ ਦਿੱਤਾ ਹੈ।

ਆਜ਼ਾਦੀ ਤੋਂ ਪਹਿਲਾਂ ਦੇਸ਼ ਅਤੇ ਕੌਮ ਖ਼ਾਤਰ ਮਰ ਮਿਟਣ ਵਾਲੇ ਅਕਾਲੀਆਂ ਦੀਆਂ ਰੂਹਾਂ ਅਕਾਲੀ ਦਲ ਦੀ ਅਜਿਹੀ ਦੁਰਦਸ਼ਾ ਦੇਖ ਕੇ ਜ਼ਰੂਰ ਕੁਰਲਾਅ ਰਹੀਆਂ ਹੋਣਗੀਆਂ। ਵੱਖ-ਵੱਖ ਸਿੱਖ ਸੰਸਥਾਵਾਂ ਤੇ ਧੜਿਆਂ ਵਿਚ ਵੰਡੇ ਅਕਾਲੀ ਦਲਾਂ ਕੋਲ ਇਸ ਵੇਲੇ ਪਾਰਦਰਸ਼ੀ ਛਬੀ ਵਾਲੇ ਨੇਤਾਵਾਂ ਦਾ ਕਾਲ ਪਿਆ ਹੋਇਆ ਹੈ ਜਿਨ੍ਹਾਂ ਦੀ ਇਕ ਆਵਾਜ਼ ’ਤੇ ਸਾਰੇ ਇਕੱਠੇ ਹੋ ਜਾਣ। ਸਿੱਖ ਕੌਮ ਨੂੰ ਇਕਮੁੱਠ ਕਰਨ ਲਈ ਸਭ ਤੋਂ ਵੱਡੀ ਸ਼ਕਤੀ ਸ੍ਰੀ ਅਕਾਲ ਤਖ਼ਤ ਸੀ ਜਿਸ ਦੀ ਹਸਤੀ ਨੂੰ ਚੁਣੌਤੀ ਦੇਣ ਲਈ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਹਨ। ਸਮੇਂ ਦੀ ਅਕਾਲੀ ਲੀਡਰਸ਼ਿਪ ਨੇ ਵੀ ਕੋਈ ਕਸਰ ਨਹੀਂ ਛੱਡੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਪੰਜਾਬ ਦੇ ਤਿੰਨ ਤਖ਼ਤਾਂ ਦੇ ਜਥੇਦਾਰਾਂ ਦੀ ਤਾਜਪੋਸ਼ੀ ਹੁੰਦੀ ਹੈ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੇਲੇ ਅਕਾਲੀ ਦਲ ਹੀ ਉਮੀਦਵਾਰਾਂ ਨੂੰ ਟਿਕਟਾਂ ਵੰਡਦਾ ਹੈ। ਅਸਿੱਧੇ ਤੌਰ ’ਤੇ ਜਥੇਦਾਰਾਂ ਦੀ ਨਿਯੁਕਤੀ ਵਿਚ ਅਕਾਲੀ ਦਲ ਦਾ ਦਖ਼ਲ ਹੁੰਦਾ ਹੈ। ਸਿੱਖ ਰਵਾਇਤਾਂ ਅਨੁਸਾਰ ਕਿਸੇ ਮਾਇਆਨਾਜ਼ ਹਸਤੀ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਜਾਂਦਾ ਸੀ। ਮੀਰੀ-ਪੀਰੀ ਦੀ ਮਹਾਨ ਸੰਸਥਾ ਦੀ ਸੇਵਾ-ਸੰਭਾਲ ਵਾਲੇ ਨੂੰ ਕੌਮ ਦੇ ਸਿਰਮੌਰ ਹੋਣ ਦਾ ਮਾਣ ਹਾਸਲ ਸੀ। ਸਵਾਰਥ ਦੀ ਦਲਦਲ ਵਿਚ ਫਸੀ ਹੋਈ ਸਮੇਂ ਦੀ ਸੱਤਾਧਾਰੀ ਧਿਰ ਨੇ ਜਦੋਂ ਇਸ ਪਦਵੀ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਇਸ ਦੇ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ। ਮੁਤਵਾਜ਼ੀ ਜਥੇਦਾਰਾਂ ਦੀ ਤਾਜਪੋਸ਼ੀ ਨੇ ਜਥੇਦਾਰਾਂ ਦੀਆਂ ਮਹਾਨ ਪਦਵੀਆਂ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ। ਜਥੇਦਾਰਾਂ ਵੱਲੋਂ ਜਾਰੀ ਹੁਕਮਨਾਮਿਆਂ ਤੇ ਆਦੇਸ਼ਾਂ ’ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ।
ਸਿਆਸੀ ਜਮ੍ਹਾ-ਤਕਸੀਮਾਂ ਕਰਕੇ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਅਕਾਲ ਤਖ਼ਤ ਅੱਗੇ ਪੇਸ਼ ਹੋਏ ਮਾਫ਼ੀ ਦੇ ਦਿੱਤੀ ਤਾਂ ਸਮੇਂ ਦੀ ਸਮੁੱਚੀ ਲੀਡਰਸ਼ਿਪ ਕਟਹਿਰੇ ਵਿਚ ਖੜ੍ਹੀ ਦਿਖਾਈ ਦਿੱਤੀ। ਸਿੱਖ ਪੰਥ ਵਿਚ ਲਾਵਾ ਫੁੱਟਿਆ ਤਾਂ ਅਕਾਲ ਤਖ਼ਤ ਨੇ ਮਾਫ਼ੀ ਦੇਣ ਵਾਲਾ ਹੁਕਮਨਾਮਾ ਵਾਪਸ ਲੈ ਲਿਆ। ਡੇਰਾ ਮੁਖੀ ਨੂੰ ਦਿੱਤੀ ਮਾਫ਼ੀ ਤੋਂ ਬਾਅਦ ਕੌਮ ਨੇ ਅਕਾਲੀ ਦਲ ਨੂੰ ਕਦੇ ਮਾਫ਼ ਨਾ ਕੀਤਾ। ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੱਤਰੇ ਗਲੀਆਂ-ਕੂਚਿਆਂ ਵਿਚ ਖਿਲਾਰਨ ਦੇ ਦੋਸ਼ ਵਿਚ ਘਿਰੇ ਡੇਰਾ ਮੁਖੀ ਨੂੰ ਮਾਫ਼ ਕਰਨ ਦਾ ਫ਼ੈਸਲਾ ਅਜੇ ਵੀ ਸੱਤਾਧਾਰੀ ਅਕਾਲੀ ਦਲ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਐਕਟਿੰਗ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀਆਂ ਅੱਖਾਂ ਵਿਚ ਆਏ ਹੰਝੂ ਬਿਆਨ ਕਰਦੇ ਸਨ ਕਿ ਸੱਤਾਧਾਰੀਆਂ ਦੇ ਇਸ਼ਾਰੇ ’ਤੇ ਮਰਿਆਦਾ ਦਾ ਕਿਵੇਂ ਹਨਨ ਹੋਇਆ ਸੀ।
ਮੀਡੀਆ ਦੇ ਸਾਹਮਣੇ ਉਨ੍ਹਾਂ ਨੇ ਆਪਣੇ ਦਿਲ ’ਚੋਂ ਉੱਠੀ ਚੀਸ ਸਾਂਝੀ ਕੀਤੀ ਸੀ। ਉਹ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਨੂੰ ਸ਼ਰੇਆਮ ਪੁੱਛ ਰਹੇ ਸਨ ਕਿ ਡੇਰਾ ਮੁਖੀ ਨੂੰ ਮਾਫ਼ ਕਰਨ ਲਈ ਅਰਜ਼ੀ ਕਿਹੜਾ ਕਾਸਦ/ਏਲਚੀ ਲੈ ਕੇ ਆਇਆ ਸੀ। ‘‘ਮੇਰੀ ਗ਼ੈਰ-ਹਾਜ਼ਰੀ ਵਿਚ ਚਿੱਠੀ ਆਈ ਸੀ’’ ਕਹਿ ਕੇ ਜਥੇਦਾਰ ਅਕਾਲ ਤਖ਼ਤ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਸੀ।
ਗਿਆਨੀ ਗੁਰਮੁਖ ਸਿੰਘ ਨੇ ਜਥੇਦਾਰਾਂ ਦੇ ਕਾਰਜਾਂ ਨੂੰ ਪਰਿਭਾਸ਼ਤ ਕਰਨ ਲਈ ਦੁਨੀਆ ਦੀਆਂ ਵੱਖ-ਵੱਕ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ’ਤੇ ਆਧਾਰਤ ‘ਮਰਿਆਦਾ ਕਮੇਟੀ’ ਗਠਨ ਕਰਨ ਦਾ ਸੁਝਾਅ ਦਿੱਤਾ ਸੀ। ਜ਼ਮੀਰ ਦੀ ਆਵਾਜ਼ ਸੁਣ ਕੇ ਚੌਰਾਹੇ ਭਾਂਡਾ ਭੰਨਣ ਵਾਲੇ ਗਿਆਨੀ ਗੁਰਮੁਖ ਸਿੰਘ ਨੇ ਵੀ ਉਸ ਤੋਂ ਬਾਅਦ ਲੰਬਾ ਮੌਨ ਕਿਵੇਂ ਧਾਰ ਲਿਆ, ਇਹ ਰੱਬ ਹੀ ਜਾਣਦਾ ਹੈ। ਇਸ ਤੋਂ ਪਹਿਲਾਂ 29 ਮਾਰਚ 2000 ਵਿਚ ਨਵੇਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਮੋਹਣ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਗਿਆਨੀ ਚਰਨ ਸਿੰਘ ਗ੍ਰੰਥੀ ਦਰਬਾਰ ਸਾਹਿਬ ਦੇ ਦਸਤਖ਼ਤਾਂ ਹੇਠ ਜਾਰੀ ਆਦੇਸ਼ ਵਿਚ ਜਥੇਦਾਰਾਂ ਦੀ ਭੂਮਿਕਾ ਨਿਰਧਾਰਤ ਕਰਨ ਲਈ ਕਮੇਟੀ ਦਾ ਗਠਨ ਕਰਨ ਲਈ ਕਿਹਾ ਗਿਆ ਸੀ।
ਇਸ ਹੁਕਮ ਅਨੁਸਾਰ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰ ਕੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਨਿਯੁਕਤੀ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ ਤੇ ਹਕਮਨਾਮਿਆਂ ਦੇ ਜਾਰੀ ਕਰਨ ਦਾ ਸਪਸ਼ਟ ਵਿਧੀ-ਵਿਧਾਨ ਸੁਨਿਸ਼ਚਿਤ ਕਰਨ ਲਈ ਵੀ ਕਿਹਾ ਗਿਆ ਸੀ। ਆਦੇਸ਼ ਵਿਚ ਸਪਸ਼ਟ ਲਿਖਿਆ ਗਿਆ ਸੀ ਕਿ ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ‘ਸਿਆਸਤ ਦੀ ਕੁਟਲਤਾ’ ਤੋਂ ਬਚਣ ਦੇ ਸੁਝਾਵਾਂ ’ਤੇ ਜੇ ਇਮਾਨਦਾਰੀ ਨਾਲ ਅਮਲ ਕੀਤਾ ਹੁੰਦਾ ਤਾਂ ਸਿੱਖ ਸੰਸਥਾਵਾਂ ਨੂੰ ਅਜੋਕੀ ਨਿਰਾਸ਼ਾਜਨਕ ਤੇ ਨਮੋਸ਼ੀਜਨਕ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। ਅੱਜ ਫਿਰ ਮਰਿਆਦਾ ਦੇ ਘਾਣ ਦੀਆਂ ਗੱਲਾਂ ਹੋ ਰਹੀਆਂ ਹਨ।
ਮਰਿਆਦਾ ਦੀ ਗੱਲ ਉਹ ਕਰ ਰਹੇ ਹਨ ਜਿਹੜੇ ਇਸ ਦੇ ਘਾਣ ’ਚ ਖ਼ੁਦ ਸ਼ਰੀਕ ਸਨ। ਅਕਾਲ ਤਖ਼ਤ ਤੋਂ ਸ਼ਕਤੀ ਲੈ ਕੇ ਵਜ਼ੀਰੀਆਂ ਦੇ ਬੁੱਲੇ ਲੁੱਟਣ ਵਾਲਿਆਂ ਨੂੰ ਵੀ ਹੁਣ ਮਰਿਆਦਾ ਦੀ ਯਾਦ ਆ ਗਈ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਨਮੁੱਖ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖ਼ਸ਼ਾਉਣ ਦਾ ਫ਼ੈਸਲਾ ਕੀਤਾ ਹੈ। ਅਣਜਾਣੇ ਵਿਚ ਕੀਤੀ ਗ਼ਲਤੀ ਨੂੰ ਭੁੱਲ ਕਿਹਾ ਜਾਂਦਾ ਹੈ। ਜਾਣਬੁੱਝ ਕੇ ਕੀਤੀ ਗ਼ਲਤੀ, ਗ਼ਲਤੀ ਨਹੀਂ ਬਲਕਿ ਬੱਜਰ ਗੁਨਾਹ ਹੁੰਦਾ ਹੈ। ਪਹਿਲਾਂ ਵੀ ਜਦੋਂ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਦੇ ਨਾਲ ਗੁਰਦੁਆਰਾ ਗੁਰਬਖ਼ਸ਼ ਸਿੰਘ ਵਿਖੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਅਰਦਾਸੀਏ ਸਿੰਘ ਕੋਲੋਂ ‘ਮਨਮਰਜ਼ੀ ਦੀ ਅਰਦਾਸ’ ਕਰਵਾ ਕੇ ਜਾਣੇ-ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਮਾਫ਼ੀ ਮੰਗੀ ਸੀ ਤਾਂ ਇਹ ਸੰਗਤ ਦੀ ਕਚਹਿਰੀ ਵਿਚ ਪ੍ਰਵਾਨ ਨਹੀਂ ਸੀ ਹੋਈ।
ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਦੀ ਸ਼ਾਹਦੀ ਭਰਦੇ ਹਨ। ਲੋਕ ਸਭਾ ਚੋਣਾਂ ਵਿਚ 10 ਅਕਾਲੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਾ ਇਸ ਦਾ ਪੁਖਤਾ ਸਬੂਤ ਹੈ। ਅਕਾਲੀ ਦਲ ਵੱਲੋਂ ਬਠਿੰਡਾ ਸੀਟ ਕੱਢਣ ਦੇ ਬਾਵਜੂਦ ਸਮੁੱਚਾ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ। ਮਹਿਜ਼ 13 ਫ਼ੀਸਦੀ ਵੋਟਾਂ ਹਾਸਲ ਕਰ ਕੇ ਅਕਾਲੀ ਦਲ ਨੇ ਪਤਾਲ ਨੂੰ ਛੋਹਿਆ ਹੈ। ਇਸ ਨਮੋਸ਼ੀ ਭਰੀ ਹਾਰ ਲਈ ਵਿਰੋਧੀ ਖੇਮਾ ਵੀ ਬਰਾਬਰ ਦਾ ਦੋਸ਼ੀ ਹੈ ਜਿਸ ਨੇ ਆਪਣੀ ਪਾਰਟੀ ਵੱਲੋਂ ਮਰਿਆਦਾ ਨਾਲ ਕੀਤੇ ਗਏ ਖਿਲਵਾੜ ਵੇਲੇ ਸਾਜ਼ਿਸ਼ੀ ਚੁੱਪ ਧਾਰੀ ਰੱਖੀ। ਸੱਤਾ ਦੇ ਬੁੱਲੇ ਲੁੱਟਣ ਵਾਲਿਆਂ ਦੀ ਅਚਾਨਕ ਜਾਗੀ ਜ਼ਮੀਰ ਵੀ ਹੈਰਾਨ ਕਰਨ ਵਾਲੀ ਹੈ।
ਅਕਾਲੀ ਦਲ ’ਤੇ ਦੂਜਾ ਵੱਡਾ ਦੋਸ਼ ਪਰਿਵਾਰਵਾਦ ਦਾ ਹੈ। ਬਦਤਰ ਹਾਲਾਤ ਲਈ ਬਾਦਲਾਂ ਦੇ ਸਿਰ ਠੀਕਰਾ ਭੰਨਣ ਵਾਲਾ ਸ਼ਾਇਦ ਹੀ ਕੋਈ ਅਜਿਹਾ ਸੀਨੀਅਰ ਨੇਤਾ ਹੋਵੇ ਜਿਸ ਨੇ ਆਪਣੇ ਪਰਿਵਾਰ ਲਈ ਅਹੁਦੇਦਾਰੀਆਂ ਹਾਸਲ ਨਾ ਕੀਤੀਆਂ ਹੋਣ। ‘ਛੱਜ ਤਾਂ ਬੋਲੇ, ਛਾਨਣੀ ਕਿਵੇਂ ਬੋਲੇ’ ਵਾਲੀ ਕਹਾਵਤ ਇਨ੍ਹਾਂ ’ਤੇ ਢੁੱਕਦੀ ਹੈ। ਹਰ ਫ਼ੈਸਲੇ/ਦੋਸ਼ ਵਿਚ ਸ਼ਰੀਕ ਹੋਣ ਵਾਲੇ ਜਦੋਂ ਅਕਾਲ ਤਖ਼ਤ ’ਤੇ ਭੁੱਲਾਂ ਬਖ਼ਸ਼ਾਉਣ ਦੀ ਅਰਜ਼ੋਈ ਕਰਨਗੇ ਤਾਂ ਉਹ ਕਿਸੇ ਕਟਹਿਰੇ ਵਿਚ ਖੜ੍ਹੇ ਵਾਅਦਾ ਮਾਫ਼ ਗਵਾਹ ਵਾਂਗ ਲੱਗਣਗੇ ਜਿਹੜੇ ਆਪਣੀ ਖੱਲ ਬਚਾਉਣ ਲਈ ਆਪਣੇ ਸਹਿ-ਦੋਸ਼ੀਆਂ ਨੂੰ ਫਾਹੇ ਟੰਗਣ ਦੀ ਤਵੱਕੋ ਰੱਖਦੇ ਹਨ।
ਇਹ ਵੀ ਵਿਡੰਬਣਾ ਹੈ ਕਿ ਤਿਆਗ ਦੀ ਭਾਵਨਾ ਵਾਲੇ ਲੀਡਰ ਬੀਤੇ ਦੀ ਬਾਤ ਹੋ ਗਏ ਜਾਪਦੇ ਹਨ। ਇਹੀ ਕਾਰਨ ਹੈ ਕਿ ਆਮ ਲੋਕ ਭੀੜਾਂ ਤੇ ਵਹੀਰਾਂ ’ਚੋਂ ਆਪਣੇ ਮਾਰਗਦਰਸ਼ਕ ਲੱਭ ਰਹੇ ਹਨ। ਭਾਈ ਲਾਲੋਆਂ ਨੂੰ ਦਰਕਿਨਾਰ ਕਰ ਕੇ ਸਿਧਾਂਤਾਂ ਤੋਂ ਥਿੜਕਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਕ ਦੂਜੇ ’ਤੇ ਵਿਰੋਧੀਆਂ ਦੇ ਏਜੰਟ ਹੋਣ ਦਾ ਦੋਸ਼ ਲਗਾ ਕੇ ਕਿਰਦਾਰਕੁਸ਼ੀ ਕੀਤੀ ਜਾਣੀ ਵੀ ਸ਼ੋਭਾ ਨਹੀਂ ਦਿੰਦੀ। ਸੰਨ੍ਹ ਤਾਂ ਸੁੱਤੇ ਹੋਇਆਂ ਦੇ ਘਰਾਂ ਨੂੰ ਹੀ ਲੱਗਦੀ ਹੈ। ਦੂਜਿਆਂ ’ਤੇ ਦੋਸ਼ ਮੜ੍ਹਨ ਦਾ ਕੋਈ ਲਾਭ ਨਹੀਂ ਹੁੰਦਾ। ਗੁਰਬਾਣੀ ਦੀ ਲੋਅ ਵਿਚ ਆਪਣੇ ਗੁਨਾਹ ਬਖ਼ਸ਼ਵਾ ਕੇ ਹੀ ਆਪਣੀ ਖੁੱਸੀ ਹੋਈ ਜ਼ਮੀਨ ਨੂੰ ਮੁੜ ਹਾਸਲ ਕੀਤਾ ਜਾ ਸਕਦਾ ਹੈ।