VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਾਨਲੇਵਾ ਆਲਮੀ ਤਪਸ਼ ( ਪੰਜਾਬੀ ਜਾਗਰਣ –– 23rd June, 2024)

ਵਰਿੰਦਰ ਵਾਲੀਆ

ਜਾਨਲੇਵਾ ਗਰਮੀ ਕਾਰਨ ਸਾਊਦੀ ਅਰਬ ਦੀ ਮੁਕੱਦਸ ਨਗਰੀ ਮੱਕਾ ’ਚ ਇਕ ਹਜ਼ਾਰ ਦੇ ਕਰੀਬ ਹਾਜੀਆਂ ਦੀ ਅਣਿਆਈ ਮੌਤ ਪਿੱਛੋਂ ਸਵੀਡਨ ਦੀ ਬਾਲੜੀ ਗਰੇਟਾ ਥਨਬਰਗ ਦਾ ‘ਆਲਮੀ ਤਪਸ਼’ ਬਾਰੇ ਦਿੱਤਾ ਗੁੰਦਵਾਂ ਭਾਸ਼ਣ ਰਹਿ-ਰਹਿ ਕੇ ਯਾਦ ਆਇਆ ਜਿਸ ਨੇ ਵਿਸ਼ਵ ਭਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ। ਪੰਦਰਾਂ ਸਾਲਾ ਮਾਸੂਮ ਗਰੇਟਾ ਵੱਲੋਂ ਸੰਨ 2018 ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਦਿੱਤੀ ਚੰਦ ਸ਼ਬਦਾਂ ਦੀ ਤਕਰੀਰ, ਤਵਾਰੀਖ਼ੀ ਤਹਿਰੀਕ (ਅੰਦੋਲਨ) ਬਣ ਜਾਵੇਗੀ, ਇਸ ਦਾ ਸ਼ਾਇਦ ਹੀ ਉਸ ਨੇ ਤਸੱਵਰ ਕੀਤਾ ਹੋਵੇਗਾ। ਵਿਸ਼ਵ ਦੇ ਸਿਰਮੌਰ ਹਫ਼ਤਾਵਾਰੀ ਮੈਗਜ਼ੀਨ ‘ਟਾਈਮ’ ਨੇ ਗਰੇਟਾ ਦੀ ਤਸਵੀਰ ਸਰਵਰਕ ’ਤੇ ਲਗਾ ਕੇ ਉਸ ਨੂੰ ਸਾਲ 2019 ਦਾ ‘ਪਰਸਨ ਆਫ ਯੀਅਰ’ ਗਰਦਾਨਿਆ ਸੀ।

ਟਾਈਮ ਦੇ ਟਾਈਟਲ ’ਤੇ ਛਪਣ ਲਈ ਵਿਸ਼ਵ ਭਰ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਹਿੰਦੇ-ਕਹਾਉਂਦੇ ਖ਼ਰਬਾਂਪਤੀ ਲੋਕ ਤਰਸਦੇ ਹਨ। ਇੰਨੀ ਛੋਟੀ ਉਮਰ ਵਿਚ ਅੰਤਾਂ ਦੀ ਸ਼ੋਹਰਤ ਮਿਲਣ ਦਾ ਕਾਰਨ ਜਲਵਾਯੂ ਤਬਦੀਲੀ ਬਾਰੇ ਚਿੰਤਾਵਾਂ ਨੂੰ ਬੁਲੰਦੀਆਂ ’ਤੇ ਪਹੁੰਚਾਉਣਾ ਸੀ। ਆਪਣੇ ਸੰਖੇਪ ਜਿਹੇ ਭਾਸ਼ਣ ਵਿਚ ਉਹ ਹਟਕੋਰੇ ਲੈਂਦੀ ਪ੍ਰਤੀਤ ਹੋਈ। ਗਰੇਟਾ ਦੇ ਹੌਕਿਆਂ ਤੇ ਸਿਸਕੀਆਂ ਨੇ ਉਸ ਨੂੰ ਛੋਟੀ ਉਮਰੇ ਵਿਸ਼ਵ ਦੀ ਸਭ ਤੋਂ ਵੱਡੀ ਵਾਤਾਵਰਨ ਕਾਰਕੁਨ ਬਣਾ ਦਿੱਤਾ ਸੀ। ਤਕਰੀਰ ਦੌਰਾਨ ਉਹ ਕਈ ਵਾਰ ਫਿੱਸਦੀ ਦਿਸੀ। ਵਾਤਾਵਰਨ ਨੂੰ ਗੰਧਲਾ ਬਣਾਉਣ ਲਈ ਉਹ ਹੁਣ ਤੱਕ ਦੀਆਂ ਪੀੜ੍ਹੀਆਂ ਨੂੰ ਲਾਹਨਤਾਂ ਪਾਉਂਦੀ ਸੁਣਾਈ ਦਿੱਤੀ। ਉਸ ਦੀ ਆਵਾਜ਼ ’ਚ ਗਰਜ ਤੇ ਗੜਗੜਾਹਟ ਸੀ। ਹਾਜ਼ਰੀਨ ਨੂੰ ਆਲਮੀ ਤਪਸ਼ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਹ ਪੁੱਛਦੀ ਹੈ ਕਿ ਤੁਹਾਡੀ ਹਿੰਮਤ ਕਿਵੇਂ ਪਈ! ਸਵਾਲ-ਦਰ-ਸਵਾਲ ਕਰਦੀ ਦਾ ਉਸ ਦਾ ਗੱਚ ਭਰਦਾ ਹੈ। ਉਹ ਕਹਿੰਦੀ ਹੈ ਕਿ ਇਹ ਉਮਰ ਸਕੂਲ ਜਾਣ ਦੀ ਸੀ ਤੇ ਉਸ ਨੂੰ ਇਸ ਵਿਸ਼ੇ ’ਤੇ ਬੋਲਣ ਲਈ ਇੱਥੇ ਨਹੀਂ ਸੀ ਹੋਣਾ ਚਾਹੀਦਾ। ਰੋਣਹਾਕੀ ਗਰੇਟਾ ਪੁਰਾਣੀਆਂ ਪੀੜ੍ਹੀਆਂ ’ਤੇ ਦੋਸ਼ ਧਰ ਹੋਈ ਕਹਿੰਦੀ ਹੈ ਕਿ ਉਨ੍ਹਾਂ ਨੇ ਉਸ ਦੇ ਸੁਪਨੇ ਚੁਰਾਏ/ਤੋੜੇ ਹਨ। ਅਜਿਹੇ ਹਾਲਾਤ ਪੈਦਾ ਕਰਨ ਲਈ ਤੁਹਾਡੀ ਜੁਰਅਤ ਕਿਵੇਂ ਪਈ, ਉਹ ਦਹਾੜਦੀ ਹੈ। ਹਾਜ਼ਰੀਨ ਉਸ ਦੀ ਜ਼ਮੀਰਾਂ ਨੂੰ ਝੰਜੋੜਨ ਵਾਲੀ ਤਕਰੀਰ ’ਤੇ ਵਾਰ-ਵਾਰ ਤਾੜੀਆਂ ਮਾਰਦੇ ਰਹੇ।

ਗਰੇਟਾ ਅੰਦਰ ਜਿਵੇਂ ਕੋਈ ਘੂਕ ਸੁੱਤਾ ਬੱਦਲ ਫਟਿਆ ਸੀ। ਅਸਮਾਨੀ ਬਿਜਲੀ ਜਿਵੇਂ ਉਸ ਦੀਆਂ ਅੱਖਾਂ ਥੀ ਸਰੋਤਿਆਂ ’ਤੇ ਡਿੱਗ ਰਹੀ ਸੀ। ਗਰੇਟਾ ਮਹਿਜ਼ ਅੱਠ ਕੁ ਸਾਲ ਦੀ ਸੀ ਜਦੋਂ ਉਸ ਦੀ ਅਧਿਆਪਕਾ ਨੇ ਉਸ ਨੂੰ ਸਮੁੰਦਰ ਵਿਚ ਢੇਰ ਕੀਤੇ ਗਏ ਪਲਾਸਟਿਕ ਦੀ ਤਸਵੀਰ ਦਿਖਾਈ ਸੀ। ਦੂਜੀ ਤਸਵੀਰ ਦੂਧੀਆ ਧਰੁਵੀ ਭਾਲੂਆਂ (ਪੋਲਰ ਬੀਅਰਾਂ) ਦੀ ਸੀ ਜੋ ਗਲੇਸ਼ੀਅਰਾਂ ਦੇ ਪਿਘਲਣ ਨਾਲ ਭੁੱਖਮਰੀ ਦਾ ਸ਼ਿਕਾਰ ਸਨ। ਜ਼ਮੀਨ ’ਤੇ ਰਹਿਣ ਵਾਲੇ ਭੂਰੇ ਭਾਲੂਆਂ ਦੀ ਬਜਾਏ ਧਰੁਵੀ ਭਾਲੂਆਂ ਦਾ ਰੈਣ-ਬਸੇਰਾ ਗਲੇਸ਼ੀਅਰ ਹੁੰਦੇ ਹਨ। ਬਰਫ਼ ਦੀਆਂ ਪਰਤਾਂ ’ਤੇ ਉਹ ਸਾਰੀ ਉਮਰ ਬਿਤਾਉਂਦੇ ਹਨ। ਯੱਖ ਗਤੀਸ਼ੀਲ ਪਾਣੀਆਂ ’ਚੋਂ ਉਹ ਸੀਲ ਮੱਛੀਆਂ ਦਾ ਸ਼ਿਕਾਰ ਕਰਦੇ ਹਨ। ਆਲਮੀ ਤਪਸ਼ ਕਾਰਨ ਧਰੁਵੀ ਭਾਲੂਆਂ ਦਾ ਜੀਣਾ ਮੁਹਾਲ ਹੋ ਗਿਆ ਹੈ। ਅਮਰੀਕਾ ਦੇ ਅਲਾਸਕਾ , ਕੈਨੇਡਾ, ਰੂਸ, ਨਾਰਵੇ ਅਤੇ ਗ੍ਰੀਨਲੈਂਡ ਦੀਆਂ ਸੀਮਾਵਾਂ ਵਿਚ ਪਾਏ ਜਾਂਦੇ ਪੋਲਰ ਬੀਅਰ ਲੁਪਤ ਹੋਣੇ ਸ਼ੁਰੂ ਹੋ ਗਏ ਹਨ।

ਇਕ ਅੰਦਾਜ਼ੇ ਮੁਤਾਬਕ ਉਨ੍ਹਾਂ ਦੀ ਗਿਣਤੀ ਮਹਿਜ਼ 25-30 ਹਜ਼ਾਰ ਰਹਿ ਗਈ ਹੈ। ਗਲੋਬਲ ਵਾਰਮਿੰਗ ਦਾ ਕੋਈ ਹੱਲ ਨਾ ਨਿਕਲਿਆ ਤਾਂ ਸਮੁੰਦਰੀ ਭਾਲੂਆਂ ਦੀ ਪ੍ਰਜਾਤੀ ਲੋਪ ਹੋਣ ਦਾ ਖ਼ਦਸ਼ਾ ਹੈ। ਮਈ 2008 ਵਿਚ ਇਨ੍ਹਾਂ ਨੂੰ ਲੁਪਤ ਹੋਣ ਵਾਲੀ ਪ੍ਰਜਾਤੀ ਵਿਚ ਸ਼ੁਮਾਰ ਕੀਤਾ ਗਿਆ ਸੀ ਤੇ ਕੁਝ ਸਾਲਾਂ ਬਾਅਦ ਇਹ ਲੁਪਤ ਹੋ ਜਾਣ ਵਾਲੀ ਅੱਤ ਨਾਜ਼ੁਕ ਸੂਚੀ ਵਿਚ ਆ ਗਏ। ਗਰੇਟਾ ਦੀ ਉਮਰ ਗੁੱਡੀਆਂ-ਪਟੋਲੇ ਖੇਡਣ ਵਾਲੀ ਸੀ ਜਦੋਂ ਉਸ ਨੇ ਗਲੋਬਲ ਵਾਰਮਿੰਗ ਦਾ ਸੇਕ ਮਹਿਸੂਸ ਕੀਤਾ ਸੀ। ਧਰੁਵੀ ਭਾਲੂਆਂ ਦੀ ਤਰਸਯੋਗ ਹਾਲਤ ਉਸ ਨੂੰ ਵੱਢ-ਵੱਢ ਖਾ ਰਹੀ ਸੀ। ਸੰਵੇਦਨਸ਼ੀਲ ਬੱਚੀ ਦੇ ਨਾਜ਼ੁਕ ਦਿਲ ’ਤੇ ਐਸਾ ਅਸਰ ਹੋਇਆ ਕਿ ਉਹ ਦੋ-ਤਿੰਨ ਸਾਲ ਚੁੱਪ-ਗੜੁੱਪ ਰਹੀ। ਗਲੋਬਲ ਵਾਰਮਿੰਗ ਬਾਰੇ 24 ਸਾਲਾਨਾ ਕਾਨਫਰੰਸਾਂ ਹੋ ਚੁੱਕੀਆਂ ਸਨ।

ਵਾਤਾਵਰਨ ਨੂੰ ਬਚਾਉਣ ਖ਼ਾਤਰ ਇਸ ਨੰਨ੍ਹੀ ਪਰੀ ਨੇ ਹਰ ਸ਼ੁੱਕਰਵਾਰ ਸਕੂਲ ਜਾਣ ਦੀ ਬਜਾਏ ਸਵੀਡਿਸ਼ ਸਦਨ ਦੀਆਂ ਪੌੜੀਆਂ ’ਤੇ ਝੰਡਾ ਲੈ ਕੇ ਬੈਠਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਸਕੂਲੀ ਬੱਚੇ ਉਸ ਨਾਲ ਜੁੜਦੇ ਰਹੇ ਤੇ ਕਾਫ਼ਲਾ ਵਧਦਾ ਗਿਆ। ਉਸ ਨੇ ਓਪੇਰਾ ਗਾਇਕਾ ਮਾਂ ਮਲੇਨਾ ਐਕਰਮੈਨ ਤੇ ਅਦਾਕਾਰ ਪਿਤਾ ਸਵਾਂਟੇ ਥਨਬਰਗ ਨੂੰ ਹਵਾਈ ਸਫ਼ਰ ਨਾ ਕਰਨ ਲਈ ਮਨਾ ਲਿਆ। ‘ਫਰਾਈਡੇਜ਼ ਫਾਰ ਫਿਊਚਰ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਤਾਂ ਉਸ ਨੂੰ ਵਾਤਾਵਰਨ ਸਬੰਧੀ ਸੰਮੇਲਨਾਂ ਵਿਚ ਭਾਗ ਲੈਣ ਲਈ ਸੱਦਾ ਪੱਤਰ ਮਿਲਣੇ ਸ਼ੁਰੂ ਹੋ ਗਏ।

ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਹੋਈ 25ਵੀਂ ਕਾਨਫਰੰਸ (COP-25) ’ਚ ਉਹ ਪੈਰਿਸ ਸਮਝੌਤੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਦਹਾੜੀ। ਉਸ ਨੇ ਕਿਹਾ ਕਿ ਜੇ ਆਲਮੀ ਤਪਸ਼ ਦਾ ਹੱਲ ਨਾ ਨਿਕਲਿਆ ਤਾਂ 2030 ਤੱਕ ਇਹ ਮਨੁੱਖ ਦੇ ਵੱਸੋਂ ਬਾਹਰ ਹੋ ਜਾਵੇਗੀ। ਉਹ ਕਹਿੰਦੀ ਕਿ ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਹ ਫਾਇਰ ਬਿ੍ਗੇਡ ਦਾ ਇੰਤਜ਼ਾਰ ਨਹੀਂ ਕਰਦਾ। ਜੰਗਲਾਂ ਦੀ ਬੇਤਹਾਸ਼ਾ ਕਟਾਈ, ਜ਼ਹਿਰਲੀਆਂ ਗੈਸਾਂ ਕਾਰਨ ‘ਵਿਸ਼ਵ ਪਿੰਡ’ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਹੈ। ਜਵਾਲਾਮੁਖੀ ਕਿਸੇ ਵੇਲੇ ਵੀ ਫਟ ਸਕਦਾ ਹੈ। ਸਪਸ਼ਟ ਸੀ ਕਿ ਜੇ ਗਰੇਟਾ ਥਨਬਰਗ ਸਕੂਲ ਦੀ ਚਾਰਦੀਵਾਰੀ ਵਿਚ ਰਹਿੰਦੀ ਤਾਂ ਉਸ ਨੇ ਓਹੀ ਪੜ੍ਹਨਾ ਸੀ ਜੋ ਸਦੀਆਂ ਤੋਂ ਪੜ੍ਹਾਇਆ ਜਾਂਦਾ ਸੀ। ਸਵੀਡਿਸ਼ ਸਦਨ ਦੀਆਂ ਪੌੜੀਆਂ ’ਤੇ ਬੈਠ ਕੇ ਉਸ ਨੇ ਦੁਨੀਆ ਨੂੰ ਉਹ ਸਬਕ ਪੜ੍ਹਾ ਦਿੱਤਾ ਜਿਸ ਬਾਰੇ ਦੁਨੀਆ ਅਵੇਸਲੀ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਤਾਵਰਨ ਦੇ ਮਾਮਲੇ ’ਤੇ ਪੋਤੀ ਦੇ ਹਾਣ ਦੀ ਕੁੜੀ ਨਾਲ ਸਿੰਙ ਫਸਾ ਲਏ।

ਟਰੰਪ ਨੇ ਤਾਂ ਪੈਰਿਸ ਸਮਝੌਤੇ ਤੋਂ ਬਾਹਰ ਨਿਕਲਣ ਦਾ ਵੀ ਐਲਾਨ ਕਰ ਕੇ ਦੁਨੀਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ। ਚੀਨ ਤੋਂ ਬਾਅਦ ਅਮਰੀਕਾ ਸਭ ਤੋਂ ਵੱਧ ਕਾਰਬਨ ਆਦਿ ਦਾ ਉਤਸਰਜਨ ਕਰਦਾ ਹੈ ਜੋ ਆਲਮੀ ਤਪਸ਼ ਦੀ ਮੁੱਖ ਵਜ੍ਹਾ ਹੈ। ਪੈਰਿਸ ਸਮਝੌਤੇ ਤਹਿਤ ਕਈ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਨੇ ਜ਼ਹਿਰੀਲੀਆਂ/ਗਰੀਨ ਹਾਊਸ ਗੈਸਾਂ ਦੀ ਦਰ ਘਟਾਉਣ ਦਾ ਹਲਫ਼ ਲਿਆ ਸੀ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਪੈਰਿਸ ਸਮਝੌਤਾ ਲਾਗੂ ਹੋਣ ਦੀ ਆਸ ਜ਼ਰੂਰ ਬੱਝੀ ਹੈ। ਫਿਰ ਵੀ ਵਿਕਸਤ ਦੇਸ਼ਾਂ, ਖ਼ਾਸ ਤੌਰ ’ਤੇ ਅਮਰੀਕਾ, ਚੀਨ ਅਤੇ ਯੂਰਪੀ ਮੁਲਕਾਂ ਨੇ ਜੇ ਇਸ ਪ੍ਰਤੀ ਠੋਸ ਕਦਮ ਨਾ ਚੁੱਕੇ ਤਾਂ ਬਹੁਤ ਦੇਰ ਹੋ ਜਾਵੇਗੀ। ਮੱਕਾ-ਮਦੀਨਾ ਜਾਂ ਕਾਅਬਾ ਵਿਚ ਭਿਅੰਕਰ ਲੂ ਕਾਰਨ ਹੋਈਆਂ ਮੌਤਾਂ ਨੇ ਆਲਮੀ ਪੱਧਰ ’ਤੇ ਚਿੰਤਾਵਾਂ ਵਧਾਈਆਂ ਹਨ। ਇਸੇ ਲਈ ਗਰੇਟਾ ਨੂੰ ਯਾਦ ਕੀਤਾ ਜਾ ਰਿਹਾ ਹੈ।

ਸਮੁੱਚੀ ਧਰਤੀ ਦਾ ਔਸਤਨ ਤਾਪਮਾਨ ਡੇਢ ਡਿਗਰੀ ਸੈਲਸੀਅਸ ਹੋ ਗਿਆ ਤਾਂ ਦੁਨੀਆ ਬਹਿਸ਼ਤ ਬਣ ਜਾਵੇਗੀ। ਅਜਿਹਾ ਨਾ ਹੋਇਆ ਤਾਂ ਪਹਾੜ ਤੇ ਖ਼ੂਬਸੂਰਤ ਵਾਦੀਆਂ ਵੀ ਤੰਦੂਰ ਨਿਆਈਂ ਤਪਣ ਲੱਗ ਜਾਣਗੇ। ਮੌਨਸੂਨ ਦਾ ਪੈਟਰਨ ਇੰਜ ਹੀ ਬਦਲਦਾ ਰਿਹਾ ਤਾਂ ਗਰਮੀਆਂ ਬੇਹੱਦ ਗਰਮ ਤੇ ਸਰਦੀਆਂ ਬੇਹੱਦ ਸਰਦ ਹੋਣਗੀਆਂ। ਇਸ ਸਾਲ ਲੂ ਨੇ ਸਮੁੱਚੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ। ਅਮਰੀਕਾ ਦੇ ਸ਼ਿਕਾਗੋ ਵਿਚ 36 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਜਿਸ ਨੇ 1957 ਦਾ ਰਿਕਾਰਡ ਤੋੜਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ। ਕਈ ਥਾਵਾਂ ’ਤੇ ਪਾਣੀ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਪਾਣੀ ਦੇ ਟੈਂਕਰ ਚਾਰ-ਚਾਰ ਦਿਨਾਂ ਬਾਅਦ ਬਸਤੀਆਂ ਵਿਚ ਪੁੱਜ ਰਹੇ ਹਨ। ਕਈ ਥਾਈਂ ਪਾਣੀ ਪਿੱਛੇ ਲੜਾਈਆਂ-ਝਗੜੇ ਹੋ ਰਹੇ ਹਨ। ਖਾੜੀ ਦੇ ਦੇਸ਼ਾਂ ਦਾ ਸਭ ਤੋਂ ਵੱਧ ਬੁਰਾ ਹਾਲ ਹੈ।

ਮੱਕੇ ਦੀ ਗੱਲ ਕਰੀਏ ਤਾਂ ਉੱਥੇ ਤਾਪਮਾਨ 52 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਪਸ਼ ਤੇ ਹੁੰਮਸ ਨਾਲ ਸੜਕਾਂ/ਫੁੱਟਪਾਥਾਂ ’ਤੇ ਹੱਜ ਯਾਤਰੀ ਚੌਫਾਲ ਡਿੱਗੇ ਮਿਲੇ। ਇਹ ਵੱਖਰੀ ਗੱਲ ਹੈ ਕਿ ਹਾਜੀ ਲੋਕ ਮੁਕੱਦਸ ਮੱਕੇ-ਮਦੀਨੇ ਦੀ ਸਰਜ਼ਮੀਨ ’ਤੇ ਸਪੁਰਦ-ਏ-ਖਾਕ ਹੋਣ ਵਾਲਿਆਂ ਨੂੰ ਨਸੀਬਾਂ ਵਾਲੇ ਕਹਿੰਦੇ ਹਨ। ਇਸਲਾਮ ਵਿਚ ਹੱਜ ਅਦਾ ਕਰਨ ਨੂੰ ਕਲਮਾ, ਨਮਾਜ਼, ਰੋਜ਼ਾ ਤੇ ਜ਼ਕਾਤ ਤੋਂ ਬਾਅਦ ਪੰਜਵਾਂ ਫ਼ਰਜ਼ ਸਮਝਿਆ ਜਾਂਦਾ ਹੈ। ਹਾਜੀਆਂ ਦੀ ਆਸਥਾ ਹਮੇਸ਼ਾ ਲੂ ’ਤੇ ਭਾਰੀ ਪੈਂਦੀ ਹੈ। ਬਾਵਜੂਦ ਇਸ ਦੇ ਮੱਕੇ-ਮਦੀਨੇ ਵਿਚ ਹੋਈਆਂ ਰਿਕਾਰਡ ਮੌਤਾਂ ਨੇ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਖਿੱਚਿਆ ਹੈ।