VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਤਾਬੂਤਾਂ ਦੀ ਦਰਦ-ਕਹਾਣੀ ( ਪੰਜਾਬੀ ਜਾਗਰਣ –– 16th June, 2024)

ਵਰਿੰਦਰ ਵਾਲੀਆ

ਸੱਤ ਖਾੜੀ ਦੇਸ਼ਾਂ ਵਿਚ ਸ਼ੁਮਾਰ ਕੁਵੈਤ ਦੁਨੀਆ ਦਾ ਅਜਿਹਾ ਮੁਲਕ ਹੈ ਜਿੱਥੇ ਨਿਸ ਦਿਨ ਮੀਂਹ ਦੀ ਬਜਾਏ ਅੰਬਰੋਂ ਅੱਗ ਵਰ੍ਹਦੀ ਰਹਿੰਦੀ ਹੈ। ਸਾਲ ਵਿਚ ਔਸਤਨ ਦੋ ਵਾਰ ਮੀਂਹ ਪੈਣ ਵਾਲੇ ਕੁਵੈਤ ਦਾ ਤਾਪਮਾਨ ਪਚਵੰਜਾ ਡਿਗਰੀ ਸੈਲਸੀਅਸ ਤੋਂ ਘੱਟ ਹੋਵੇ ਤਾਂ ਉਸ ਨੂੰ ਸੁਹਾਵਣਾ ਦਿਨ ਮੰਨਿਆ ਜਾਂਦਾ ਹੈ। ਇਸ ਮੁਲਕ ਵਿਚ ਪਾਣੀ ਦਾ ਮੁੱਲ ਗੈਸ ਤੇ ਪੈਟਰੋਲ ਨਾਲੋਂ ਮਹਿੰਗਾ ਹੈ। ਪਾਣੀ ਦਾ ਇਕਮਾਤਰ ਸਰੋਤ ਸਮੁੰਦਰ ਹੀ ਹੈ। ਖਾਰਾਪਣ ਕੱਢਣ ਲਈ ਪਾਣੀ ਨੂੰ ਰਿੜਕ ਕੇ ਪੀਣਯੋਗ ਬਣਾਇਆ ਜਾਂਦਾ ਹੈ।

ਤੇਲ ਦੀ ਖੋਜ ਨੇ ਕੁਵੈਤ ਦੀ ਆਰਥਿਕਤਾ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਤੇ ਇਸ ਦੀ ਗਿਣਤੀ ਦੁਨੀਆ ਦੇ ਅਮੀਰ-ਤਰੀਨ ਮੁਲਕਾਂ ਵਿਚ ਹੋਣ ਲੱਗ ਪਈ। ਕੁਵੈਤ ਦੇ ਦਿਨਾਰ ਨੇ ਕਈ ਵਾਰ ਅਮਰੀਕਾ ਦੇ ਡਾਲਰ ਨੂੰ ਪਛਾੜਿਆ ਹੈ। ਮੁਲਕ ਦਾ ਹਰ ਸ਼਼ਖ਼ਸ ਕਿਸੇ ਨਾ ਕਿਸੇ ਕੰਪਨੀ ਦਾ ਮਾਲਕ ਹੈ। ਰੇਲ-ਪਟੜੀ ਦਾ ਨਾਮੋ-ਨਿਸ਼ਾਨ ਨਹੀਂ ਤੇ ਹਰ ਕੁਵੈਤੀ ਬਾਸ਼ਿੰਦੇ ਕੋਲ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਹਨ। ਕੁਵੈਤ ਵਿਚ ਦੂਜੇ ਮੁਲਕਾਂ ਦੇ ਮੁਕਾਬਲੇ ਆਕਰਸ਼ਿਤ ਵੇਤਨ ਹੋਣ ਕਾਰਨ ਇਹ ਭਾਰਤੀ, ਬੰਗਲਾਦੇਸ਼ੀ ਅਤੇ ਪਾਕਿਸਤਾਨ ਆਦਿ ਦੇ ਕਿਰਤੀ-ਕਾਮਿਆਂ ਲਈ ਮਨਭਾਉਂਦਾ ਦੇਸ਼ ਹੈ। ਪਹਿਲੀ ਸ਼ਿਫਟ ਪ੍ਰਭਾਤ ਤੇ ਦੂਜੀ ਸੂਰਜ ਢਲਣ ਵੇਲੇ ਸ਼ੁਰੂ ਹੁੰਦੀ ਹੈ। ਰਈਸ ਮੁਲਕ ਹੋਣ ਕਾਰਨ ਕੁਵੈਤ ਵਿਚ ਇਕ ਵੀ ਪਿੰਡ ਨਹੀਂ ਹੈ। ਕੋਨੇ-ਕੋਨੇ ’ਤੇ ਗਗਨ-ਚੁੰਬੀ ਇਮਾਰਤਾਂ ਦਾ ਜੰਗਲ ਦਿਖਾਈ ਦਿੰਦਾ ਹੈ।

ਹੁਣ ਕੁਵੈਤ ਨੇ ਦੁਬਈ ਦੇ ਬੁਰਜ ਖ਼ਲੀਫ਼ਾ ਤੋਂ ਉੱਚਾ ਅਜੂਬਾ ਬਣਾਉਣ ਦੀ ਠਾਣੀ ਹੋਈ ਹੈ। ‘ਬੁਰਜ ਮੁਬਾਰਕ ਅਲ ਕਬੀਰ’ ਦੀ ਉਸਾਰੀ ਮੁਕੰਮਲ ਹੋਣ ਪਿੱਛੋਂ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬਣ ਜਾਵੇਗੀ। ਕੁਵੈਤ ਦੇ ਕਿਸੇ ਨਾ ਕਿਸੇ ਕੋਨੇ ਉਸਾਰੀ ਅਧੀਨ ਬਹੁ-ਮੰਜ਼ਿਲਾ ਇਮਾਰਤ ਦਿਸ ਪੈਂਦੀ ਹੈ। ਇਸੇ ਲਈ ਭਾਰਤ ਸਣੇ ਗ਼ਰੀਬ ਮੁਲਕਾਂ ਵਿੱਚੋਂ ਮਜ਼ਦੂਰ ਵਹੀਰਾਂ ਘੱਤੀ ਕੁਵੈਤ ਜਾਂਦੇ ਹਨ। ਵੱਧ ਤੋਂ ਵੱਧ ਦਿਨਾਰ ਕਮਾਉਣ ਲਈ ਉਹ ਦਿਨ-ਰਾਤ ਖ਼ੂਨ-ਪਸੀਨਾ ਵਹਾਉਣ ਲਈ ਤਿਆਰ ਰਹਿੰਦੇ ਹਨ। ਕੁਵੈਤ ਦੀ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਲਗਪਗ ਦੋ ਸੌ ਮਜ਼ਦੂਰ ਝੁਲਸ ਗਏ ਜਿਨ੍ਹਾਂ ਵਿਚ ਬਹੁਤਾਤ ਦੱਖਣੀ ਭਾਰਤੀਆਂ ਦੀ ਹੈ। ਚੋਖੀ ਕਮਾਈ ਦੀ ਆਸ ਵਿਚ ਗਏ 45 ਕਾਮਿਆਂ ਦੇ ਤਾਬੂਤ ਜਦੋਂ ਕੋਚੀ ਹਵਾਈ ਅੱਡੇ ’ਤੇ ਉਤਰੇ ਤਾਂ ਮਿ੍ਤਕਾਂ ਦੇ ਸਨੇਹੀਆਂ-ਰਿਸ਼ਤੇਦਾਰਾਂ ਦੇ ਕੀਰਨੇ ਪੱਥਰਾਂ ਨੂੰ ਚੀਰਨ ਵਾਲੇ ਸਨ।

ਕੁਵੈਤ ਦੇ ਅੱਗਜ਼ਨੀ ਕਾਂਡ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਸਾੜ ਕੇ ਰਾਖ ਕਰ ਦਿੱਤਾ ਸੀ। ਕਈ ਜ਼ਖ਼ਮੀ ਅਜੇ ਵੀ ਕੁਵੈਤ ਦੇ ਹਸਪਤਾਲਾਂ ਵਿਚ ਮੌਤ ਨਾਲ ਦਸਤਪੰਜਾ ਲੈ ਰਹੇ ਹਨ। ਕੁਵੈਤ ਹਕੂਮਤ ਦਾ ਕਹਿਣਾ ਹੈ ਕਿ ਛੇ ਮੰਜ਼ਿਲਾ ਇਮਾਰਤ ਵਿਚ 196 ਮਜ਼ਦੂਰਾਂ ਦਾ ਰੈਣ-ਬਸੇਰਾ ਨਿਯਮਾਂ ਦੇ ਖ਼ਿਲਾਫ਼ ਸੀ। ਵਿਡੰਬਣਾ ਇਹ ਹੈ ਕਿ ਇਸ ਇਮਾਰਤ ਦਾ ਸਵਾਮੀ ਕੇ.ਜੀ. ਅਬਰਾਹਮ ਵੀ ਕੇਰਲਾ ਦਾ ਬਾਸ਼ਿੰਦਾ ਹੈ ਜਿਸ ਨੇ ਤਮਾਮ ਨਿਯਮਾਂ ਨੂੰ ਛਿੱਕੇ ਟੰਗ ਕੇ ਇਮਾਰਤ ਨੂੰ ਮੁਰਗੀ-ਖਾਨੇ ਵਾਂਗ ਵਰਤਿਆ ਸੀ। ਬਹੁਤੇ ਮਜ਼ਦੂਰ ਰਾਤ ਦੀ ਸ਼ਿਫਟ ਲਗਾ ਕੇ ਆਏ ਸਨ। ਅੱਗਜ਼ਨੀ ਵੇਲੇ ਕਈ ਸੁੱਤ-ਉਨੀਂਦੇ ਸਨ। ਅੱਗ ਦੀਆਂ ਲਪਟਾਂ ਤੇ ਧੂੰਏਂ ਨੇ ਉਨ੍ਹਾਂ ਨੂੰ ਚੁਫੇਰਿਓਂ ਘੇਰ ਲਿਆ ਸੀ। ਹਫੜਾ-ਦਫੜੀ ਵਿਚ ਉਹ ਛੱਤ ਵੱਲ ਭੱਜੇ। ਜਿੰਦਰਾ ਲੱਗਾ ਹੋਣ ਕਾਰਨ ਉਹ ਪੌੜੀਆਂ ਵਿਚ ਹੀ ਝੁਲਸ ਗਏ। ਕਈਆਂ ਨੇ ਜਾਨ ਬਚਾਉਣ ਲਈ ਖਿੜਕੀਆਂ ਵਿੱਚੋਂ ਛਾਲਾਂ ਮਾਰੀਆਂ। ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜ੍ਹੀ ਦੇ ਅਖਾਣ ਅਨੁਸਾਰ ਉਹ ਵੀ ਰੱਬ ਨੂੰ ਪਿਆਰੇ ਹੋ ਗਏ। ਅਜਿਹਾ ਭਾਣਾ ਮਿੱਠਾ ਕਰ ਕੇ ਤਾਂ ਨਹੀਂ ਮੰਨਿਆ ਜਾ ਸਕਦਾ। ਉਮਰਾਂ ਦੀਆਂ ਰੋਟੀਆਂ ਕਮਾਉਣ ਲਈ ਜਹਾਜ਼ੇ ਚੜ੍ਹੇ ਲੋਕਾਂ ਦੀਆਂ ਲਾਸ਼ਾਂ ਜਦੋਂ ਘਰ ਪਰਤਣ ਤਾਂ ਦੇਖਣ-ਸੁਣਨ ਵਾਲਿਆਂ ਦਾ ਸੀਨਾ ਪਾਟਦਾ ਹੈ। ਪੀੜਤ ਪਰਿਵਾਰਾਂ ਦੇ ਜੀਅ ਲਹੂ ਦੇ ਘੁੱਟ ਪੀਂਦੇ ਹਨ। ਕਈਆਂ ਨੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਆਪਣੇ ਲਾਲਾਂ ਨੂੰ ਕੁਵੈਤ ਭੇਜਿਆ ਸੀ। ਉਨ੍ਹਾਂ ’ਤੇ ਦੁਖਦਾਈ ਖ਼ਬਰ ਅਸਮਾਨੀ ਬਿਜਲੀ ਵਾਂਗ ਡਿੱਗੀ ਹੈ।

ਦੁਖਾਂਤ ਇਹ ਹੈ ਕਿ ਬਹੁਤੇ ਠੇਕੇਦਾਰ ਕਿਰਤੀਆਂ ਕੋਲੋਂ ਪਾਸਪੋਰਟ ਲੈ ਕੇ ਆਪਣੇ ਕਬਜ਼ੇ ਵਿਚ ਰੱਖ ਲੈਂਦੇ ਹਨ ਤਾਂ ਜੋ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੋਈ ਵਤਨ ਵਾਪਸੀ ਨਾ ਕਰ ਸਕੇ। ਮਜਬੂਰੀ ਵਸ ਉਨ੍ਹਾਂ ਨੂੰ ਵਿਪਰੀਤ ਪ੍ਰਸਥਿਤੀਆਂ ਵਿਚ ਵੀ ਉੱਥੇ ਕੰਮ ਕਰਨਾ ਪੈਂਦਾ ਹੈ। ਇਸ ਵੇਲੇ ਕੁਵੈਤ ਵਿਚ ਦਸ ਲੱਖ ਤੋਂ ਵੱਧ ਭਾਰਤੀ ਹਨ। ਕੁੱਲ ਕਿਰਤੀ-ਕਾਮਿਆਂ ਵਿਚ ਭਾਰਤੀ ਤੀਹ ਫ਼ੀਸਦ ਦੇ ਲਗਪਗ ਹਨ। ‘ਮੇਰੇ ਦੇਸ਼ ਕੀ ਧਰਤੀ, ਸੋਨਾ ਉਗਲੇ, ਉਗਲੇ ਹੀਰੇ-ਮੋਤੀ’ ਵਰਗੇ ਗੀਤ ਗਾਉਣ ਵਾਲੇ ਭਾਰਤੀ ਆਖ਼ਰ ਪਰਵਾਸ ਕਿਉਂ ਕਰਦੇ ਹਨ, ਇਹ ਆਪਣੇ-ਆਪ ਵਿਚ ਵੱਡਾ ਸਵਾਲ ਹੈ। ਸਿਆਣੇ ਕਿਹਾ ਕਰਦੇ ਸਨ, ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ। ਲੋਕ-ਸਿਆਣਪ ਨੂੰ ਦਰ-ਕਿਨਾਰ ਕਰ ਕੇ ਬਾਹਰ ਦੀ ਹੋੜ ਜਿਹੀ ਲੱਗ ਗਈ ਹੈ। ਭਾਰਤ ਅਜਿਹਾ ਦੇਸ਼ ਹੈ ਜਿੱਥੇ ਕਾਦਰ ਨੇ ਛੇ ਰੁੱਤਾਂ ਬਖ਼ਸ਼ੀਆਂ ਹਨ। ਭਾਰਤ ਦੇ ਰਮਣੀਕ ਵਾਤਾਵਰਨ ਨੂੰ ਅਲਵਿਦਾ ਕਹਿ ਕੇ ਅੱਤ ਗਰਮ ਜਾਂ ਸਰਦ ਦੇਸ਼ਾਂ ਦੀ ਖਾਕ ਛਾਣਨ ਦਾ ਰੁਝਾਨ ਸਮਝ ਤੋਂ ਪਰੇ ਹੈ। ਕੋਚੀ ਹਵਾਈ ਅੱਡੇ ’ਤੇ ਭਾਰਤੀਆਂ ਦੇ ਉਤਰੇ ਤਾਬੂਤ ਦਰਦ-ਭਿੰਨੀ ਦਾਸਤਾਨ ਸੁਣਾਉਂਦੇ ਹਨ।

ਪੰਜ ਸਦੀਆਂ ਪਹਿਲਾਂ (24 ਦਸੰਬਰ 1524) ਨੂੰ ਪੁਰਤਗਾਲੀ ਖੋਜੀ ਤੇ ਜਹਾਜ਼ਰਾਨ ਵਾਸਕੋਡੀ ਗਾਮਾ ਯੂਰਪ ਵੱਲੋਂ ਦੱਖਣੀ ਭਾਰਤ ਮਸਾਲਿਆਂ ਦੀ ਭਾਲ ਵਿਚ ਆਇਆ ਸੀ। ਯੂਰਪ ਵਿਚ ਮੌਸਮ ਨਾਸਾਜ਼ ਹੋਣ ਕਾਰਨ ਉੱਥੇ ਮਸਾਲਿਆਂ ਆਦਿ ਦੀ ਪੈਦਾਵਾਰ ਅਸੰਭਵ ਸੀ। ਇਸ ਲਈ ਪੁਰਤਗਾਲ ਦੇ ਹਾਕਮ ਨੇ ਉਸ ਨੂੰ ਵਪਾਰ ਦੇ ਮਕਸਦ ਨਾਲ ਭਾਰਤ ਭੇਜਿਆ ਸੀ। ਉਹ ਕੇਪ ਆਫ ਗੁੱਡ ਹੋਪ ਅਫ਼ਰੀਕਾ ਦੇ ਦੱਖਣੀ ਕੋਨੇ ਵੱਲੋਂ ਹੁੰਦੇ ਹੋਏ ਭਾਰਤ ਅੱਪੜਿਆ। ਏਸ਼ਿਆਈ ਮੁਲਕਾਂ ਨਾਲ ਯੂਰਪ ਦਾ ਸਿੱਧਾ ਨਾਤਾ ਜੋੜਨ ਲਈ ਉਸ ਨੇ ਤਵਾਰੀਖ਼ੀ ਯੋਗਦਾਨ ਪਾਇਆ ਸੀ। ਚੌਥੀ ਯਾਤਰਾ ਤੋਂ ਬਾਅਦ ਉਹ ਆਖ਼ਰੀ ਦਮ ਤੱਕ ਭਾਰਤ ਵਿਚ ਰਿਹਾ। ਕੋਚੀ (ਕੋਚੀਨ) ਦੀ ਸੇਂਟ ਫਰਾਂਸਿਸ ਚਰਚ ਵਿਚ ਉਸ ਨੂੰ ਦਫਨਾਇਆ ਗਿਆ। ਲੰਬੇ ਅਰਸੇ ਬਾਅਦ ਵਾਸਕੋਡੀ ਦਾ ਪੰਜਵਾਂ ਪੁੱਤਰ ਉਸ ਦੀਆਂ ਅਸਥੀਆਂ ਲਿਸਬਨ ਲੈ ਗਿਆ।

ਸਪਸ਼ਟ ਹੈ ਕਿ ਲੰਬੇ ਸਮੇਂ ਤੱਕ ਭਾਰਤ ਕੋਲ ‘ਸੋਨੇ ਦੀ ਚਿੜੀ’ ਦਾ ਖ਼ਿਤਾਬ ਰਿਹਾ ਜਿਸ ਦੇ ਖੰਭ ਨੋਚਣ ਲਈ ਸਮੇਂ-ਸਮੇਂ ਵਿਦੇਸ਼ੀ ਕਦੇ ਧਾੜਵੀ ਤੇ ਕਦੇ ਵਪਾਰੀ ਬਣ ਕੇ ਆਉਂਦੇ ਰਹੇ। ਵਾਸਕੋਡੀ ਗਾਮਾ ਦਾ ਤਾਬੂਤ ਕੋਚੀ ਤੋਂ ਲਿਸਬਨ ਜਾਣਾ ਤੇ ਹੁਣ ਭਾਰਤੀਆਂ ਦੇ ਤਾਬੂਤ ਕੁਵੈਤ ਤੋਂ ਕੋਚੀ ਪੁੱਜਣੇ ਦਿਲਾਂ ਨੂੰ ਪਸੀਜ ਦੇਣ ਵਾਲੀ ਗਾਥਾ ਹੈ। ਹਰ ਤੀਜੇ ਦਿਨ ਪਰਵਾਸ ਕਰ ਚੁੱਕੇ ਭਾਰਤੀਆਂ ਦੀਆਂ ਦਰਦ ਭਰੀਆਂ ਕਹਾਣੀਆਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਹੁਣ ਤਾਂ ਬਸਰੇ ਦੀ ਲਾਮ ਟੁੱਟਣ ਦਾ ਨਾਂ ਹੀ ਨਹੀਂ ਲੈ ਰਹੀ। ਅਲਬੱਤਾ ਬੇਗਾਨੇ ਮੁਲਕਾਂ ਵਿਚ ਜਾਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਡਾਲਰਾਂ, ਪੌਂਡਾਂ, ਯੂਰੋਆਂ ਤੇ ਦਿਨਾਰਾਂ ਦੀ ਚਮਕ-ਦਮਕ ਉਨ੍ਹਾਂ ਨੂੰ ਚੈਨ ਨਾਲ ਆਪਣੇ ਮੁਲਕ ਵਿਚ ਬੈਠਣ ਹੀ ਨਹੀਂ ਦਿੰਦੀ। ਬਾਹਰਲੇ ਮੁਲਕਾਂ ਵਿਚ ਹੁੰਦੀ ਖੱਜਲ-ਖੁਆਰੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਬਾਹਰ ਜਾ ਕੇ ਉਹ ਹਰ ਦੁਸ਼ਵਾਰੀ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ।

ਪਿਛਲੇ ਅਰਸੇ ਦੌਰਾਨ ਖਾੜੀ ਮੁਲਕਾਂ ਵਿਚ ਹੰਢਾਏ ਸੰਤਾਪ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਹਨ। ਮਾਲਟਾ ਬੋਟ ਟਰੈਜਡੀ ਵਰਗੇ ਕਾਂਡਾਂ ਤੋਂ ਵੀ ਉਨ੍ਹਾਂ ਨੇ ਕੋਈ ਸਬਕ ਨਹੀਂ ਲਿਆ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਵੀ ਉਪਰਾਲੇ ਨਹੀਂ ਕੀਤੇ। ਰੁਜ਼ਗਾਰ ਦੇ ਮੌਕੇ ਉਪਲਬਧ ਹੋਣ ਤਾਂ ਆਪਣੀ ਧਰਤੀ ਦੇ ਜਾਇਆਂ ਨੂੰ ਵਿਦੇਸ਼ਾਂ ਵਿਚ ਧੱਕੇ ਖਾਣ ਲਈ ਮਜਬੂਰ ਨਾ ਹੋਣਾ ਪਵੇ। ਚੌਂਤੀ ਸਾਲ ਪਹਿਲਾਂ ਇਰਾਕ ਵੱਲੋਂ ਕੁਵੈਤ ’ਤੇ ਕੀਤੇ ਗਏ ਭਿਅੰਕਰ ਹਮਲੇ ਵੇਲੇ ਫਸੇ ਪੌਣੇ ਦੋ ਲੱਖ ਭਾਰਤੀਆਂ ਦਾ ਹੌਲਨਾਕ ਮੰਜ਼ਿਰ ਚੇਤੇ ਕਰ ਕੇ ਹੀ ਖਾੜੀ ਮੁਲਕਾਂ ਵੱਲ ਰਵਾਨਾ ਹੋਣਾ ਚਾਹੀਦਾ ਹੈ।

ਵੀਪੀ ਸਿੰਘ ਦੀ ਅਗਵਾਈ ਵਾਲੀ ਜਨਤਾ ਪਾਰਟੀ ਦੀ ਕਮਜ਼ੋਰ ਸਰਕਾਰ ਵੇਲੇ ਇਰਾਕ ਨੇ ਹਮਲਾ ਕੀਤਾ ਤਾਂ ਚੰਦ ਘੰਟਿਆਂ ਵਿਚ ਉਸ ਦੀ ਸੈਨਾ ਨੇ ਕੁਵੈਤ ਦੇ ਸਦਨ ’ਤੇ ਕਬਜ਼ਾ ਕਰ ਲਿਆ ਸੀ। ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਜੰਗ ਦੀ ਮਾਰ ਹੇਠ ਆਏ ਭਾਰਤੀਆਂ ਨੂੰ ਸੁਰੱਖਿਅਤ ਲਿਆਉਣ ਲਈ ਕੁਵੈਤ ਦਾ ਖ਼ੁਦ ਦੌਰਾ ਕੀਤਾ ਸੀ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਦੁਨੀਆ ਦੇ ਸਭ ਤੋਂ ਵੱਡੇ ਇਸ ਸਿਵਲੀਅਨ ਰੈਸਕਿਊ ਆਪ੍ਰੇਸ਼ਨ ਨੂੰ ਸੁਨਹਿਰੀ ਹਰਫ਼ਾਂ ਵਿਚ ਦਰਜ ਕੀਤਾ ਸੀ। ਇਹ ਮਿਸ਼ਨ 63 ਦਿਨਾਂ ਤੱਕ ਚੱਲਿਆ। ਅਕਸ਼ੇ ਕੁਮਾਰ ਦੀ 2016 ’ਚ ਰਿਲੀਜ਼ ਹੋਈ ਫਿਲਮ ‘ਏਅਰਲਿਫਟ’ ਵਿਚ ਵੀ ਇਸ ਮਿਸ਼ਨ ਨੂੰ ਭਾਵਪੂਰਤ ਢੰਗ ਨਾਲ ਫਿਲਮਾਇਆ ਗਿਆ ਹੈ।