VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦੁਬਿਧਾ ’ਚ ਫਸਿਆ ਵੋਟਰ ( ਪੰਜਾਬੀ ਜਾਗਰਣ –– 9th June, 2024)

ਵਰਿੰਦਰ ਵਾਲੀਆ

ਰੰਗਲੇ ਪੰਜਾਬ ਦਾ ਵੋਟਰ ਕਿਹੜੇ ਰੰਗਾਂ ਵਿਚ ਰਾਜ਼ੀ ਹੈ, ਇਸ ਦਾ ਸਹੀ ਅਨੁਮਾਨ ਲਾਉਣਾ ਬੇਹੱਦ ਮੁਹਾਲ ਹੈ। ਜੂਨ ਚੁਰਾਸੀ ਦੇ ਸਾਕੇ ਨਾਲ ਬੁਰੀ ਤਰ੍ਹਾਂ ਵਲੂੰਧਰੀ ਗਈ ਸਿੱਖ ਮਾਨਸਿਕਤਾ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ ਨਵੇਕਲੇ ਰੰਗ ਅਤੇ ਤੇਵਰ ਦਿਖਾਏ ਹਨ। ਪਿਛਲੇ ਇਕ ਦਹਾਕੇ ਦੌਰਾਨ ਤਾਂ ਪੰਜਾਬ ਦੇ ਵੋਟਰ ਅੰਦਰਲੇ ਜਵਾਰ-ਭਾਟੇ ਨੂੰ ਡੀਕੋਡ ਕਰਨਾ ਗਹਿਰ-ਗੰਭੀਰ ਵਿਚਾਰ-ਵਿਮਰਸ਼ ਦਾ ਵਿਸ਼ਾ ਬਣ ਚੁੱਕਾ ਹੈ। ਦਿਲਾਂ ਅੰਦਰ ਮਚਦਾ ਭਾਂਬੜ ਸਾਉਣ-ਭਾਦੋਂ ਦੀਆਂ ਝੜੀਆਂ ਵਿਚ ਵੀ ਸ਼ਾਂਤ ਨਹੀਂ ਹੁੰਦਾ। ਬੁਝਿਆ ਹੋਇਆ ਦਿਖਾਈ ਦੇਣ ਵਾਲਾ ਭਾਂਬੜ, ਦਰਅਸਲ ਬੁਝਿਆ ਨਹੀਂ ਹੁੰਦਾ। ਦਿਲ ਦੇ ਕਿਸੇ ਕੋਨੇ ਵਿਚ ਬਚੀ ਹੋਈ ਚਿਣਗ-ਚੰਗਿਆੜੀ ਹਵਾ ਦੇ ਰਤਾ ਕੁ ਰੁਮਕਣ ਨਾਲ ਫਿਰ ਭਾਂਬੜ ਮਚਾ ਦਿੰਦੀ ਹੈ। ਜ਼ਖ਼ਮਾਂ ’ਤੇ ਸਮੇਂ ਸਿਰ ਮਲ੍ਹਮ-ਪੱਟੀ ਨਾ ਕਰੀ ਜਾਵੇ ਤਾਂ ਇਸ ਦਾ ਹਾਸਲ ਬੇਗਾਨਗੀ ਤੇ ਬੇਚੈਨੀ ਹੁੰਦੀ ਹੈ।

ਅਜਿਹੇ ਹਾਲਾਤ ਵਿਚ ਵੋਟਰ ਭੰਬਲਭੂਸੇ ਦਾ ਸ਼ਿਕਾਰ ਬਣ ਸਕਦਾ ਹੈ। ਸ਼ਾਹ-ਮਾਰਗ ਤੋਂ ਭਟਕਾਏ ਲੋਕ ਜੰਗਲਾਂ ਦਾ ਰੁਖ਼ ਕਰਦੇ ਹਨ। ਭਟਕਣਾਂ ਵਿਚ ਤਾਂ ਪਗਡੰਡੀਆਂ ਵੀ ਨਹੀਂ ਲੱਭਦੀਆਂ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਪੰਡਤਾਂ ਦੇ ਤਮਾਮ ਟੇਵਿਆਂ ਨੂੰ ਝੁਠਲਾਇਆ ਹੈ। ਪੰਜਾਬ ਦੀਆਂ ਤੇਰਾਂ ਸੀਟਾਂ ਦੇ ਨਤੀਜਿਆਂ ਨੇ ਕਈਆਂ ਨੂੰ ਹੈਰਾਨ ਤੇ ਕਈਆਂ ਨੂੰ ਪਰੇਸ਼ਾਨ ਕੀਤਾ ਹੈ। ਸਪਸ਼ਟ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਸਿਆਸਤਦਾਨਾਂ ਨੂੰ ਭਾਵੇਂ ਸਬਕ ਸਿਖਾਉਂਦਾ ਆ ਰਿਹਾ ਹੈ ਪਰ ਖ਼ੁਦ ਸਬਕ ਸਿੱਖਣ ਤੋਂ ਇਨਕਾਰੀ ਹੈ। ਭਾਵਨਾਵਾਂ ਤੇ ਭਾਵੁਕਤਾ ਦੇ ਸੈਲਾਬ ਵਿਚ ਵੋਟਰ ਡਿੱਕੋਡੋਲੇ ਖਾਂਦਾ ਪ੍ਰਤੀਤ ਹੁੰਦਾ ਹੈ। ਮਨੋ-ਵਿਸ਼ਲੇਸ਼ਕ ਵੀ ਪੰਜਾਬ ਦੇ ਵੋਟਰਾਂ ਦੀ ਮਨੋਸਥਿਤੀ ਨੂੰ ਚੰਗੀ ਤਰ੍ਹਾਂ ਭਾਂਪ ਨਹੀਂ ਸਕੇ।

ਪਹਿਲੀ ਗੱਲ, ਪੰਜਾਬ ਵਿਚ ਵੋਟਾਂ ਉਸ ਦਿਨ ਪਈਆਂ ਜਦੋਂ ਘੱਲੂਘਾਰਾ ਹਫ਼ਤੇ ਦੀ ਸ਼ੁਰੂਆਤ ਸੀ। ਚਾਰ ਦਹਾਕੇ ਪਹਿਲਾਂ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਹੋਰ ਗੁਰਧਾਮਾਂ ’ਤੇ ਫ਼ੌਜੀ ਹਮਲਾ ਹੋਇਆ ਸੀ। ਇਸ ਦੇ ਬਾਵਜੂਦ ਕਾਂਗਰਸ ਦੇ ਸੱਤ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦੇ ਵੱਡੇ ਮਾਅਨੇ ਹਨ। ਦੂਜੇ ਪਾਸੇ ਖਡੂਰ ਸਾਹਿਬ ਅਤੇ ਫ਼ਰੀਦਕੋਟ ਤੋਂ ਗਰਮਦਲੀਏ ਅੰਮ੍ਰਿਤਪਾਲ ਸਿੰਘ ਅਤੇ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਦੀ ਵੱਡੇ ਫ਼ਰਕ ਨਾਲ ਜਿੱਤ ਦੇ ਵੱਖਰੇ ਅਰਥ ਹਨ। ਦੋਨਾਂ ਵੱਖਰੀਆਂ ਵਿਚਾਰਧਾਰਾਵਾਂ ਵਾਲੇ ਉਮੀਦਵਾਰਾਂ ਦੀਆਂ ਜਿੱਤਾਂ ਨੂੰ ਸਮਝਣ ਲਈ ਸਤਰਾਂ ਦੇ ਵਿਚਕਾਰ ਦੀ ਅਦਿੱਸ ਇਬਾਰਤ ਨੂੰ ਪੜ੍ਹਨਾ ਪਵੇਗਾ।

ਸੰਨ 2012 ਨੂੰ ਹੋਂਦ ਵਿਚ ਆਈ ‘ਆਮ ਆਦਮੀ ਪਾਰਟੀ’ (ਆਪ) ਨੇ ਮਹਿਜ਼ ਦੋ ਸਾਲ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਭਾਜਪਾ ਦੇ ਜੇਤੂ ਰੱਥ ਨੂੰ ਰੋਕ ਕੇ ਪੰਜਾਬ ਵਿਚ ਚਾਰ ਸੀਟਾਂ ਜਿੱਤੀਆਂ ਸਨ ਤਾਂ ਇਸ ਨੇ ਪੰਜਾਬੀਆਂ ਦੇ ਬਾਗ਼ੀਆਨਾ ਖਾਸੇ ਨੂੰ ਦਰਸਾਇਆ ਸੀ। ਅਗਲੀਆਂ ਲੋਕ ਸਭਾ ਚੋਣਾਂ ਵਿਚ ਭਗਵੰਤ ਸਿੰਘ ਮਾਨ ‘ਆਪ’ ਦੇ ਇਕਲੌਤੇ ਐੱਮਪੀ ਬਣੇ ਜੋ ਵੱਡੀ ਲੀਡ ਨਾਲ ਜਿੱਤੇ ਸਨ ਜਦਕਿ ‘ਆਪ’ ਦੇ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਨਾ ਬਚ ਸਕੀਆਂ। ਵੀਹ ਸੌ ਸਤਾਰਾਂ ਵਿਚ ‘ਆਪ’ ਮਾਮੂਲੀ ਪ੍ਰਤੀਸ਼ਤ ਦੇ ਫ਼ਰਕ ਨਾਲ ਸਰਕਾਰ ਬਣਾਉਣੋਂ ਭਾਵੇਂ ਖੁੰਝ ਗਈ ਸੀ ਪਰ ਉਸ ਨੂੰ ਵਿਰੋਧੀ ਧਿਰ ਬਣਨ ਦਾ ਮਾਣ ਹਾਸਲ ਹੋਇਆ ਸੀ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ ਝਾੜੂ ਨੇ ਹੂੰਝਾ-ਫੇਰ ਜਿੱਤ ਹਾਸਲ ਕੀਤੀ ਸੀ। ਭਾਵ, ਆਪਣੀ ਹੋਂਦ ਦੇ ਇਕ ਦਹਾਕੇ ਅੰਦਰ ਇਸ ਨੇ 92 ਵਿਧਾਨ ਸਭਾ ਸੀਟਾਂ ’ਤੇ ਜਿੱਤ ਪ੍ਰਾਪਤ ਕਰ ਕੇ ਅਸਲੋਂ ਨਵਾਂ ਇਤਿਹਾਸ ਰਚਿਆ ਸੀ। ਗੌਰਵਮਈ ਇਤਿਹਾਸ ਵਾਲਾ ਸ਼੍ਰੋਮਣੀ ਅਕਾਲੀ ਦਲ ਕੇਵਲ ਤਿੰਨ ਸੀਟਾਂ ਤੱਕ ਸਿਮਟ ਗਿਆ। ਇੱਥੋਂ ਤੱਕ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੀ ਆਖ਼ਰੀ ਚੋਣ ਹਾਰ ਗਏ। ਸ਼ਤਾਬਦੀ ਮਨਾ ਕੇ ਹਟੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸ੍ਰੀ ਅਕਾਲ ਤਖ਼ਤ ਤੋਂ ‘ਫ਼ਖ਼ਰ-ਏ-ਕੌਮ’ ਦਾ ਰੁਤਬਾ ਹਾਸਲ ਕਰਨ ਵਾਲੇ ਦੀ ਨਮੋਸ਼ੀ ਭਰੀ ਹਾਰ ਨੇ ਪੰਥਿਕ ਕਹਾਉਣ ਵਾਲੀ ਸਿਆਸੀ ਜਮਾਤ ਨੂੰ ਕੱਖੋਂ ਹੌਲੀ ਕਰ ਦਿੱਤਾ ਸੀ। ਇਸ ਹਾਰ ਦਾ ਬਦਲਾ ਉਨ੍ਹਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੇ ‘ਆਪ’ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾ ਕੇ ਲਿਆ ਜਿਨ੍ਹਾਂ ਨੇ ਵੱਡੇ ਬਾਦਲ ਨੂੰ ਲੰਬੀ ਤੋਂ ਹਰਾਇਆ ਸੀ। ਬੀਬਾ ਹਰਸਿਮਰਤ ਨੇ ਬਠਿੰਡਾ ਸੀਟ ਨੂੰ ਲਗਾਤਾਰ ਚੌਥੀ ਵਾਰ ਜਿੱਤ ਕੇ ਅਕਾਲੀਆਂ ਦੇ ਰਵਾਇਤੀ ਗੜ੍ਹ ਨੂੰ ਬਚਾ ਲਿਆ ਹੈ। ‘ਸਵਾ ਲੱਖ’ ਸੀਟ ਦੇ ਬਾਵਜੂਦ ਬਾਕੀ ਦਸ ਸੀਟਾਂ ’ਤੇ ਅਕਾਲੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਆਤਮ-ਮੰਥਨ ਦਾ ਵਿਸ਼ਾ ਹੈ। ਦੇਸ਼ ਤੇ ਕੌਮ ਦੀ ਲੜਾਈ ਲੜਨ ਵਾਲੇ ਅਕਾਲੀ ਦਲ ਦਾ ਅਜਿਹਾ ਹਾਲ ਕਿਸੇ ਨੇ ਤਸੱਵਰ ਨਹੀਂ ਸੀ ਕੀਤਾ।

ਸਿਰਾਂ ’ਤੇ ਕੱਫਣ ਬੰਨ੍ਹ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਤੁਰਨ ਵਾਲਿਆਂ ਦੇ ਵਾਰਸਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਣਾ ਅਚੰਭਾਜਨਕ ਹੈ। ਅਕਾਲੀ ਦਲ ਦੇ ਅਜਿਹੇ ਹਾਲਾਤ ਵੇਖ ਕੇ ਦੁਸ਼ਯੰਤ ਕੁਮਾਰ ਦਾ ਸ਼ਿਅਰ ਯਾਦ ਆਉਂਦਾ ਹੈ, ‘‘ਤੁਮਹਾਰੇ ਪਾਂਵ ਕੇ ਨੀਚੇ ਕੋਈ ਜ਼ਮੀਨ ਨਹੀਂ/ਕਮਾਲ ਯੇ ਹੈ ਕਿ ਫਿਰ ਭੀ ਤੁਮ੍ਹੇਂ ਯਕੀਨ ਨਹੀਂ।’’ ਜੋ ਸਿਆਸਤਦਾਨ ਜ਼ਮੀਨ ਨਾਲ ਜੁੜਨ ਤੋਂ ਇਨਕਾਰੀ ਹੋਣ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਕਦੋਂ ਖਿਸਕ ਜਾਵੇ, ਉਸ ਦਾ ਪਤਾ ਹੀ ਨਹੀਂ ਚੱਲਦਾ। ਸ਼੍ਰੋਮਣੀ ਅਕਾਲੀ ਦਲ ਕੋਲੋਂ ਕੰਧ ’ਤੇ ਲਿਖਿਆ ਵੀ ਨਾ ਪੜ੍ਹਿਆ ਗਿਆ। ਕੱਫਣਾਂ ਦੀ ਬਜਾਏ ਜਦੋਂ ਅਕਾਲੀਆਂ ਨੇ ਰੰਗ-ਬਰੰਗੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪਾਰਟੀ ਦਾ ਖਾਸਾ ਗਵਾਚਿਆ ਹੋਇਆ ਪ੍ਰਤੀਤ ਹੋਣ ਲੱਗਾ। ਗਿਰਗਿਟ ਤੋਂ ਵੀ ਪਹਿਲਾਂ ਰੰਗ ਬਦਲਣਾ ਉਨ੍ਹਾਂ ਲਈ ਆਸਾਨ ਹੋ ਗਿਆ ਸੀ।

ਟਕਸਾਲੀ ਅਕਾਲੀ ਵਿਚਾਰਧਾਰਾ ਨਾਲ ਦੂਰ ਦਾ ਵਾਸਤਾ ਨਾ ਹੋਣ ਵਾਲਿਆਂ ਵਾਸਤੇ ਵੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਰਹੇ। ਅਕਾਲੀ ਦਲ ਵਿਚ ਆਖ਼ਰੀ ਸਾਹ ਲੈਣ ਦੇ ਦਮਗਜੇ ਮਾਰਨ ਵਾਲੇ ਫ਼ਸਲੀ ਬਟੇਰੇ ਦੂਜੀਆਂ ਪਾਰਟੀਆਂ ਵਿਚ ਜ਼ਮੀਨ ਤਲਾਸ਼ਣ ਲੱਗੇ। ਦਲ-ਬਦਲੀ ਹਰ ਸਿਆਸੀ ਜਮਾਤ ਵਿਚ ਵੱਡੇ ਪੱਧਰ ’ਤੇ ਦੇਖਣ ਨੂੰ ਮਿਲੀ ਜਿਸ ਨੇ ਇਖ਼ਲਾਕ ਦੀਆਂ ਧੱਜੀਆਂ ਉਡਾ ਦਿੱਤੀਆਂ। ਪਰ ਅਕਾਲੀ ਦਲ ਦੀਆਂ ਥੋੜ੍ਹ-ਚਿਰੀਆਂ ਲਾਲਸਾਵਾਂ ਕਾਰਨ ਟਕਸਾਲੀ ਪਾਰਟੀ ਤੋਂ ਕਿਨਾਰਾ ਕਰ ਗਏ ਤੇ ਸੰਨ 2015 ਵਿਚ ਬੇਅਦਬੀ ਕਾਂਡ ਵਿਚ ਘਿਰਨ ਕਾਰਨ ਅਕਾਲੀ ਦਲ ਨੇਸਤੋ-ਨਾਬੂਦ ਹੋਣ ਦੇ ਔਝੜੇ ਰਾਹ ਪੈ ਗਿਆ। ‘ਪੰਥ ਤੇ ਗ੍ਰੰਥ’ ਦੀ ਪਰਿਕਰਮਾ ਕਰਨ ਵਾਲੀ ਜਮਾਤ ਲਈ ਬੇਅਦਬੀ ਦਾ ਮੁੱਦਾ ਭਾਰੂ ਪਿਆ। ਪੰਥਕ ਜ਼ਮੀਨ ਖਿਸਕਣ ਨਾਲ ਗਰਮ ਖ਼ਿਆਲੀਆਂ ਨੂੰ ਲਾਹਾ ਮਿਲਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸ ਸਿਰਜਣ ਵਾਲੀ ‘ਆਪ’ ਦੀ ਆਭਾ ’ਤੇ ਵੀ ਹਰਫ਼ ਆਉਣਾ ਸ਼ੁਰੂ ਹੋਇਆ।

ਸ਼ਾਨੋ-ਸ਼ੌਕਤ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਦੀ ਜੱਦੀ ਸੰਗਰੂਰ ਸੀਟ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਤਾਂ ਉੱਥੋਂ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਸਨ। ਅਕਾਲੀ ਦਲ (ਅੰਮ੍ਰਿਤਸਰ) ਨੇ ਵਿਧਾਨ ਸਭਾ ਚੋਣਾਂ ਵਿਚ ਨੋਟਾ (0.7%) ਤੋਂ ਵੀ ਘੱਟ (0.3%) ਵੋਟਾਂ ਹਾਸਲ ਕੀਤੀਆਂ ਸਨ ਪਰ ਜ਼ਿਮਨੀ ਚੋਣ ਵਿਚ ਇਸ ਦੀ ਜਿੱਤ ਵੱਖਰੇ ਅਰਥ ਰੱਖਦੀ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ (ਅੰਮ੍ਰਿਤਸਰ) ਦੀ ‘ਆਪ’ ਉਮੀਦਵਾਰ ਮੀਤ ਹੇਅਰ ਹੱਥੋਂ ਕਰਾਰੀ ਹਾਰ ਨੇ ਚੋਣ ਸਮੀਖਿਅਕਾਂ ਨੂੰ ਫਿਰ ਆਹਰੇ ਲਾ ਦਿੱਤਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 92 ਸੀਟਾਂ ਹਾਸਲ ਕਰਨ ਵਾਲੀ ਅਤੇ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ‘ਆਪ’ ਦਾ ਦੋ-ਢਾਈ ਸਾਲਾਂ ਵਿਚ ਤਿੰਨ ਸੀਟਾਂ ’ਤੇ ਸਿਮਟ ਜਾਣਾ ਵੀ ਪੜਚੋਲ ਮੰਗਦਾ ਹੈ।

ਭਾਜਪਾ ਤੇਰਾਂ ਸੀਟਾਂ ਹਾਰ ਕੇ ਵੀ ਆਪਣੇ ਪੁਰਾਣੇ ਸਿਆਸੀ ਭਾਈਵਾਲ ਅਕਾਲੀ ਦਲ ਦੇ ਮੁਕਾਬਲੇ ਜਿੱਤੀ ਮਹਿਸੂਸ ਕਰ ਰਹੀ ਹੈ। ਭਾਜਪਾ ਦਾ ਵੋਟ ਪ੍ਰਤੀਸ਼ਤ ਅਕਾਲੀ ਦਲ ਨਾਲੋਂ ਕਿਤੇ ਵੱਧ ਹੈ। ਕਈ ਚੋਣ ਹਲਕਿਆਂ ’ਚ ਇਹ ਜੇਤੂ ਉਮੀਦਵਾਰਾਂ ਨੂੰ ਸਿੱਧੀ ਟੱਕਰ ਦੇ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਕਈ ਹਲਕਿਆਂ ਵਿਚ ਚੌਥੇ ਤੇ ਪੰਜਵੇਂ ਸਥਾਨ ’ਤੇ ਵੀ ਰਿਹਾ। ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ’ਤੇ ਪੰਛੀ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ‘ਆਪ’ ਨੂੰ 32 ਅਤੇ ਕਾਂਗਰਸ ਨੂੰ 38 ਵਿਧਾਨ ਸਭਾ ਹਲਕਿਆਂ ਵਿਚ ਲੀਡ ਮਿਲੀ ਹੈ। ਇਸੇ ਤਰ੍ਹਾਂ ਭਾਜਪਾ 23 ਅਤੇ ਸ਼੍ਰੋਮਣੀ ਅਕਾਲੀ ਅਕਾਲੀ ਦਲ ਸਿਰਫ਼ ਨੌਂ ਵਿਧਾਨ ਸਭਾ ਹਲਕਿਆਂ ਵਿਚ ਅੱਗੇ ਸੀ। ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਵਿਚ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣ ਚੁੱਕੀ ਹੈ। ਇਨ੍ਹਾਂ ਲੋਕ ਸਭਾ ਦੇ ਨਤੀਜਿਆਂ ਦੀ ਰਮਜ਼ ਨੂੰ ਸਮਝਣ ਲਈ ਸਿਰ ਜੋੜਨੇ ਪੈਣਗੇ। ਇਸ ਦੇ ਸਮਾਨਾਂਤਰ ਗਰਮ ਖ਼ਿਆਲੀ ਵਿਚਾਰਧਾਰਾ ਨੂੰ ਪਰਣਾਏ ਦੋ ਉਮੀਦਵਾਰਾਂ ਦੀ ਵੱਡੀ ਜਿੱਤ ਨੂੰ ਵੀ ਨਾ ਸਮਝਿਆ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ।