VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜ਼ਖ਼ਮਾਂ ਦੀ ਇਬਾਰਤ ( ਪੰਜਾਬੀ ਜਾਗਰਣ –– 2nd June, 2024)

ਵਰਿੰਦਰ ਵਾਲੀਆ

ਚਾਰ ਦਹਾਕੇ ਪਹਿਲਾਂ, ਜੂਨ ਚੁਰਾਸੀ ਵਿਚ ਨੀਲੇ ਅੰਬਰ ’ਤੇ ਚੜ੍ਹੇ ਪੂਛਲ ਵਾਲੇ ਨੀਲੇ ਤਾਰੇ ਨੇ ਉਸ ਜੁਝਾਰੂ ਕੌਮ ਨੂੰ ਦਿਨੇ ਤਾਰੇ ਦਿਖਾ ਦਿੱਤੇ ਜਿਹੜੀ ਛਾਤੀ ਵਿਚ ਖਾਧੇ ਜ਼ਖ਼ਮਾਂ ਨੂੰ ਤਗ਼ਮਿਆਂ ਵਾਂਗ ਲੈਂਦੀ ਆਈ ਸੀ। ਵਿਦੇਸ਼ੀ ਧਾੜਵੀਆਂ ਨਾਲ ਲੋਹਾ ਲੈਣ ਵਾਲਿਆਂ ’ਤੇ ਜਦੋਂ ਆਪਣੀ ਹੀ ਫ਼ੌਜ ਧਾੜਵੀ ਬਣ ਕੇ ਚੜ੍ਹੀ ਤਾਂ ਸਮਾਂ ਬਿਟ-ਬਿਟ ਝਾਕ ਰਿਹਾ ਸੀ। ਜੇਠ ਮਹੀਨੇ ਅੱਗ ਦਾ ਗੋਲਾ ਬਣਦੇ ਸੂਰਜ ਤੋਂ ਕਿਤੇ ਵੱਧ ਨੀਲੇ ਤਾਰੇ ਦੀ ਤਪਸ਼ ਸੀ। ਸੋਨ-ਸੁਨਹਿਰੀ ਕਲਸ਼ਾਂ/ਗੁੰਬਦਾਂ ਨੂੰ ਫੁੰਡ ਰਹੇ ਤੋਪਾਂ ਦੇ ਅਗਨ-ਗੋਲੇ ਕਹਿਰ ਢਾਹ ਰਹੇ ਸਨ। ਦਾਗੇ ਜਾ ਰਹੇ ਗੋਲਿਆਂ ਦੀ ਵਾਛੜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਦੀ ਟੈਂਕੀ ਵਿਚ ਮਘੋਰੇ ਕਰ ਦਿੱਤੇ ਤਾਂ ਦਰਿਆਈ ਪਾਣੀਆਂ ’ਚੋਂ ਬਣਦਾ ਹਿੱਸਾ ਲੈਣ ਲਈ ਲਗਾਏ ‘ਧਰਮ-ਯੁੱਧ’ ਮੋਰਚੇ ਦੇ ਮਰਜੀਵੜੇ ਵੀ ਬੂੰਦ-ਬੂੰਦ ਪਾਣੀ ਲਈ ਤੜਫ-ਤੜਫ ਕੇ ਮਰਦੇ ਵੇਖੇ ਗਏ। ਇਹ ਉਹ ਦਿਨ ਸੀ ਜਦੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੀ। ਇਸ ਗੁਰਪੁਰਬ ਦੇ ਅਵਸਰ ’ਤੇ ਸਿੱਖ ਕੌਮ ਥਾਂ-ਥਾਂ ’ਤੇ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੀ ਆ ਰਹੀ ਹੈ।

‘ਸਾਕਾ ਨੀਲਾ ਤਾਰਾ’ ਦਾ ਖਾਕਾ ਉਲੀਕਣ ਵਾਲਿਆਂ ਨੇ ਇਸ ਇਤਿਹਾਸਕ ਦਿਹਾੜੇ ਦੀ ਅਣਦੇਖੀ ਕੀਤੀ ਸੀ। ਹਾਕਮਾਂ ਨੂੰ ਇਹ ਖ਼ਿਆਲ ਨਾ ਆਇਆ ਕਿ ਇਸ ਮਹਾਨ ਪੁਰਬ ਦੇ ਅਵਸਰ ’ਤੇ ਭਾਰੀ ਸੰਗਤ ਜੁੜੀ ਹੋਵੇਗੀ ਜਿਸ ਦਾ ਮੋਰਚੇ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ। ਨੀਲੇ ਅੰਬਰ ’ਤੇ ਅਚਾਨਕ ਚੜ੍ਹਿਆ ਨੀਲਾ ਤਾਰਾ ਆਮ ਆਦਮੀ ਛੱਡੋ, ਜਲ-ਥਲ ਤੇ ਹਵਾਈ ਸੈਨਾ ਦੇ ਸੁਪਰੀਮ ਕਮਾਂਡਰ ਸਮਝੇ ਜਾਂਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਨਜ਼ਰ ਨਾ ਆਇਆ। ਸੰਵਿਧਾਨ ਦਾ ਇਹ ਸਭ ਤੋਂ ਵੱਡਾ ਚੀਰ-ਹਰਨ ਸੀ। ਫ਼ੌਜੀ ਐਕਸ਼ਨ ਦਾ ਮੂਲ ਮੰਤਵ ਉਸ ਖੜਗ ਦੀ ਧਾਰ ਨੂੰ ਖੁੰਢਾ ਕਰਨਾ ਸੀ ਜਿਹੜੀ ਵਾਜਬ ਮੰਗਾਂ ਨੂੰ ਲੈ ਕੇ ਮਿਆਨ ’ਚੋਂ ਬਾਹਰ ਆ ਜਾਂਦੀ ਸੀ। ਹਾਕਮ ਇਹ ਵੀ ਭੁੱਲ ਗਏ ਕਿ ਵਤਨ ਖ਼ਾਤਰ ਮਰ ਮਿਟਣ ਵਾਲੀ ਭਾਵਨਾ ਕਾਰਨ ਹੀ ਪੰਜਾਬ ਨੂੰ ਦੇਸ਼ ਦੀ ਖੜਗ-ਭੁਜਾ ਕਿਹਾ ਜਾਂਦਾ ਹੈ। ਇਸ ਖੜਗ ਨੂੰ ਸਾਣ ’ਤੇ ਲਾ ਕੇ ਦੇਸ਼ ਦੇ ਦੁਸ਼ਮਣਾਂ ਖ਼ਿਲਾਫ਼ ਵਰਤਣ ਦੀ ਬਜਾਏ ਇਸ ਨੂੰ ਖੁੰਢਾ ਕਰਨਾ ਸ਼ਾਇਦ ਵਕਤੀ ਲਾਹਾ ਹੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਦੇ ਡੁੱਲ੍ਹੇ ਖ਼ੂਨ ਤੋਂ ਬਾਅਦ ਵਿਸ਼ਵ-ਪੱਧਰ ’ਤੇ ਬਹਿਸ ਦਾ ਦੌਰ ਸ਼ੁਰੂ ਹੋਇਆ।

ਕੀ ਫ਼ੌਜੀ ਐਕਸ਼ਨ ਵਾਕਈ ਜ਼ਰੂਰੀ ਸੀ? ਚਾਰ ਸਾਲ ਬਾਅਦ ਹਥਿਆਰਬੰਦ ਕੱਟੜਪੰਥੀਆਂ ਨੂੰ ਗੋਲਡਨ ਟੈਂਪਲ ’ਚੋਂ ਬਾਹਰ ਕੱਢਣ ਲਈ ਕੀਤੇ ਗਏ ਆਪਰੇਸ਼ਨ ਬਲੈਕ ਥੰਡਰ (ਦੂਜਾ) ਨੇ ਇਹ ਸਾਬਿਤ ਕਰ ਦਿੱਤਾ ਕਿ ਸਾਕਾ ਨੀਲਾ ਤਾਰਾ ਵਰਗੇ ਫ਼ੌਜੀ ਐਕਸ਼ਨ ਦੀ ਕਤੱਈ ਜ਼ਰੂਰਤ ਨਹੀਂ ਸੀ। ਬਲੈਕ ਥੰਡਰ ਵਾਂਗ ਜੂਨ ਚੁਰਾਸੀ ਵਿਚ ਵੀ ਘੇਰਾਬੰਦੀ ਕਰ ਕੇ ਕੱਟੜਪੰਥੀਆਂ ਕੋਲੋਂ ਆਤਮ-ਸਮਰਪਣ ਕਰਵਾਇਆ ਜਾ ਸਕਦਾ ਸੀ। ਮਈ 1988 ਵਿਚ ਕੀਤੇ ਗਏ ਬਲੈਕ ਥੰਡਰ ਦੀ ਰਿਹਰਸਲ ਅਰਾਵਲੀ ਹਿੱਲਜ਼ ਵਿਚ ਆਯੋਜਿਤ ਕੀਤੀ ਗਈ ਸੀ। ਗੋਲਡਨ ਟੈਂਪਲ ਦਾ ਮਾਡਲ ਰੱਖ ਕੇ ਨੈਸ਼ਨਲ ਸਕਿਉਰਿਟੀ ਗਾਰਡਜ਼ ਨੂੰ ਆਪਰੇਸ਼ਨ ਦੀਆਂ ਬਾਰੀਕੀਆਂ ਸਮਝਾਈਆਂ ਗਈਆਂ ਸਨ। ਇਸ ਤੋਂ ਬਾਅਦ ਹਰਿਆਣੇ ਦੇ ਇਕ ਕਾਲਜ ਵਿਚ ਸਪੈਸ਼ਲ ਐਕਸ਼ਨ ਗਰੁੱਪ ਦੇ ਕਮਾਂਡੋਆਂ ਨੂੰ ਟਰੇਨਿੰਗ ਦਿੱਤੀ ਗਈ। ਪਾਰਦਰਸ਼ਤਾ ਨੂੰ ਮੱਦੇਨਜ਼ਰ ਰੱਖਦਿਆਂ ਦੇਸ਼-ਵਿਦੇਸ਼ ਦੇ ਸੀਨੀਅਰ ਰਿਪੋਰਟਰਾਂ ਨੂੰ ਲਾਈਵ ਕਵਰੇਜ ਲਈ ਸੱਦਿਆ ਗਿਆ। ਚੰਦ ਦਿਨਾਂ ਦੀ ਘੇਰਾਬੰਦੀ ਨੇ ਹਰਿਮੰਦਰ ਸਾਹਿਬ ਵਿਚ ਸ਼ਰਨ ਲਈ ਬੈਠੇ ਕੱਟੜਪੰਥੀਆਂ ਨੂੰ ਹੱਥ ਖੜ੍ਹੇ ਕਰ ਕੇ ਬਾਹਰ ਆਉਂਦਿਆਂ ਦੁਨੀਆ ਨੇ ਸਾਕਸ਼ਾਤ ਦੇਖਿਆ। ਇਹੀ ਵਜ੍ਹਾ ਸੀ ਕਿ ਸਾਕਾ ਨੀਲਾ ਤਾਰਾ ਵਾਂਗ ਆਪਰੇਸ਼ਨ ਬਲੈਕ ਥੰਡਰ ਦਾ ਸਿੱਖ ਕੌਮ ਵੱਲੋਂ ਕੋਈ ਖ਼ਾਸ ਵਿਰੋਧ ਨਾ ਹੋਇਆ। ਸਾਕਾ ਨੀਲਾ ਤਾਰਾ ਲਈ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।

ਦੂਜੇ ਪਾਸੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਤਤਕਾਲੀ ਸਿੰਘ ਸਾਹਿਬਾਨ ਵੀ ਕਟਹਿਰੇ ਵਿਚ ਖੜ੍ਹੇ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ। ਜੇ ਉਹ ਆਪਣਾ ਕਰਤੱਵ ਇਮਾਨਦਾਰੀ ਨਾਲ ਨਿਭਾਉਂਦੇ ਤਾਂ ਹਾਲਾਤ ਨੂੰ ਵਿਸਫੋਟਕ ਬਣਨ ਤੋਂ ਰੋਕਿਆ ਜਾ ਸਕਦਾ ਸੀ। ਮੁਕੱਦਸ ਅਸਥਾਨਾਂ ਦੀ ਕਿਲ੍ਹੇਬੰਦੀ ਨਾ ਹੁੰਦੀ ਤਾਂ ਫ਼ੌਜ ਚਾੜ੍ਹਨ ਦਾ ਬਹਾਨਾ ਵੀ ਨਾ ਬਣਦਾ। ਖ਼ੈਰ, ਤੇਜ਼ਾਬੀ ਮਾਹੌਲ ਬਣਾਉਣ ਲਈ ਕੇਂਦਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਵੀ ਵੱਡਾ ਯੋਗਦਾਨ ਪਾਇਆ। ਜਨੂੰਨੀਆਂ ਦੇ ਜ਼ਹਿਰੀਲੇ ਫੁੰਕਾਰਿਆਂ ਵਿਚ ਵੀ ਏਜੰਸੀਆਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਥ-ਪ੍ਰਸਤ ਆਲੇ-ਭੋਲੇ ਲੋਕਾਂ ਨੂੰ ਸਭ ਤੋਂ ਵੱਡਾ ਖ਼ਮਿਆਜ਼ਾ ਭੁਗਤਣਾ ਪਿਆ। ਲਹੂ-ਵੀਟਵੀਂ ਅਸਾਵੀਂ ਜੰਗ ਵਿਚ ਹੋਇਆ ਦੁਵੱਲਾ ਨੁਕਸਾਨ ਤਮਾਮ ਸਮਿਆਂ ਦੀ ਅਕਹਿ ਤੇ ਅਸਹਿ ਪੀੜਾ ਬਣ ਗਿਆ। ਇਸ ਸਾਕੇ ਦੀ ਚੀਸ ਕੌਮ ਦੀ ਚੇਤਨਾ ਵਿਚ ਪੱਕਾ ਘਰ ਬਣਾ ਬੈਠੀ। ਦੋਜ਼ਖ਼ ਭਰੇ ਦਿਨਾਂ ਦੀ ਯਾਦ ਸਦਾ ਸਤਾਉਂਦੀ ਰਹੇਗੀ। ਜਦੋਂ ਵੀ ਜੇਠ ਮਹੀਨਾ ਚੜ੍ਹੇਗਾ, ਸਮੁੱਚੀ ਕੌਮ ਨੂੰ ਇਸ ਸਾਕੇ ਦਾ ਸੇਕ ਅਵਾਜ਼ਾਰ ਕਰਦਾ ਰਹੇਗਾ। ਫ਼ੌਜੀ ਐਕਸ਼ਨ ਨੇ ਦਰਅਸਲ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ ਅਜਿਹੇ ਜ਼ਖ਼ਮ ਦਿੱਤੇ ਜੋ ਨਾਸੂਰ ਬਣ ਚੁੱਕੇ ਹਨ। ਇਸ ਸਾਕੇ ਨੂੰ ਤੀਜਾ ਘੱਲੂਘਾਰਾ ਕਿਹਾ ਗਿਆ। ਇਸ ਘੱਲੂਘਾਰੇ ਬਾਰੇ ਲਿਖਦਿਆਂ ਹਰ ਕਲਮ ਖ਼ੂਨ ਦੇ ਹੰਝੂ ਕੇਰਦੀ ਰਹੇਗੀ। ਪਿੰਡ-ਪਿੰਡ ਪੁੱਜੇ ਖ਼ੂਨ ਦੇ ਛਿੱਟੇ ਚੈਨ ਨਾਲ ਸੌਣ ਨਹੀਂ ਦਿੰਦੇ।

ਸਮੇਂ ਦੀ ਕਾਂਗਰਸ ਸਰਕਾਰ ਨੇ ਭਾਵੇਂ ਤਵਾਰੀਖ਼ੀ ਗੁਨਾਹ ਕੀਤਾ ਸੀ ਪਰ ਇਸ ਦੇ ਨੇਤਾਵਾਂ ਨੇ ਹਮੇਸ਼ਾ ਘੁੰਡ ਕੱਢ ਕੇ ਹੀ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਨੇ ਹਥਿਆਰਬੰਦ ਜੰਗ ਲੜੀ, ਉਨ੍ਹਾਂ ਨੇ ਇਹ ਰਾਹ ਖ਼ੁਦ ਚੁਣਿਆ ਸੀ। ਪਰ ਨਿਰਦੋਸ਼ ਤੇ ਨਿਹੱਥੇ ਸ਼ਰਧਾਲੂਆਂ ਦੀ ਅਣਿਆਈ ਮੌਤ ਕਿਸ ਖਾਤੇ ਵਿਚ ਪਾਈ ਜਾਵੇ? ਉਹ ਤਾਂ ਆਪਣੇ ਪਹਿਲੇ ਸ਼ਹੀਦ ਗੁਰੂ ਨੂੰ ਨਤਮਸਤਕ ਹੋਣ ਗਏ ਸਨ ਜਿਨ੍ਹਾਂ ਨੇ ਆਪਣੇ ਗੁਰੂ-ਪਿਤਾ ਗੁਰੂ ਰਾਮ ਦਾਸ ਜੀ ਵੱਲੋਂ ਆਰੰਭੇ ਹਰਿਮੰਦਰ ਸਾਹਿਬ ਦੇ ਨਿਰਮਾਣ ਕਾਰਜਾਂ ਨੂੰ ਪੂਰਾ ਕੀਤਾ ਸੀ। ਖੁੱਲ੍ਹੇ ਦਿਲ ਵਾਲੇ ਸਤਿਗੁਰੂ ਨੇ ਹਰਿਮੰਦਰ ਸਾਹਿਬ ਦੇ ਚਾਰੇ ਪ੍ਰਵੇਸ਼ ਦੁਆਰਾਂ ’ਤੇ ਦਰਵਾਜ਼ੇ ਨਹੀਂ ਸਨ ਲਗਵਾਏ ਤਾਂ ਜੋ ਚਾਰਾਂ ਵਰਣਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਉੱਥੇ ਆ-ਜਾ ਸਕਣ। ਗੁਰੂ ਜੀ ਨੇ ਸਮੇਂ ਦੀ ਹਕੂਮਤ ਨਾਲ ਸਿੱਧੀ ਟੱਕਰ ਲੈਂਦਿਆਂ ਲਾਸਾਨੀ ਕੁਰਬਾਨੀ ਦਿੱਤੀ। ਸੀਸ ਝੁਕਾਇਆ ਹੁੰਦਾ ਤਾਂ ਉਸ ’ਤੇ ਤੱਤੀ ਰੇਤ ਨਾ ਪੈਂਦੀ ਤੇ ਨਾ ਹੀ ਉਨ੍ਹਾਂ ਨੂੰ ਉਬਲਦੀ ਦੇਗ ਵਿਚ ਪਾਇਆ ਜਾਂਦਾ। ਗੁਰੂ ਸਾਹਿਬ ਨੇ ਸ਼ਾਂਤਮਈ ਰਹਿ ਕੇ ਜ਼ੁਲਮ-ਸਿਤਮ ਦਾ ਮੁਕਾਬਲਾ ਕੀਤਾ। ‘ਤੇਰਾ ਕੀਆ ਮੀਠਾ ਲਾਗੇ’ ਦੀ ਧੁਨੀ ਜਾਰੀ ਰੱਖਦਿਆਂ ਗੁਰੂ ਜੀ ਨੇ ਤੱਤੀ ਤਵੀ ’ਤੇ ਬੈਠ ਕੇ ਸੀਸ ’ਤੇ ਤੱਤੀ ਰੇਤਾ ਪਵਾ ਲਈ। ਸ਼ਾਂਤੀ ਦੇ ਪੁੰਜ ਨੇ ਭਾਣਾ ਮੰਨ ਕੇ ਸ਼ਹਿਨਸ਼ਾਹ ਦਾ ਹੰਕਾਰ ਚਕਨਾਚੂਰ ਕਰ ਦਿੱਤਾ। ਭਾਣੇ ਨੂੰ ਮਿੱਠਾ ਕਰ ਕੇ ਮੰਨਣ ਵਾਲੇ ਗੁਰੂ ਦੀ ਸ਼ਹਾਦਤ ’ਚੋਂ ਹੀ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦਾ ਜਨਮ ਹੋਇਆ ਸੀ। ਮੀਰੀ-ਪੀਰੀ ਦੇ ਸਿਧਾਂਤ ਨੇ ਹੀ ਧਰਮ-ਯੁੱਧ ਦਾ ਆਗ਼ਾਜ਼ ਕੀਤਾ ਸੀ। ਧਰਮ-ਯੁੱਧ ਦੀ ਅਸਲੋਂ ਨਵੀਂ ਪਰਿਭਾਸ਼ਾ ਨੇ ਜ਼ੁਲਮ ਖ਼ਿਲਾਫ਼ ਐਲਾਨ-ਏ-ਜੰਗ ਦਾ ਨਗਾਰਾ ਵਜਾਇਆ ਸੀ।

ਸਪਸ਼ਟ ਸੀ ਕਿ ਜ਼ਾਲਮ ਦੇ ਹੱਥ ਆਈ ਤਲਵਾਰ ਦਾ ਮੁਕਾਬਲਾ ਮੀਰੀ-ਪੀਰੀ ਦੀਆਂ ਕਿਰਪਾਨਾਂ ਨੇ ਹੀ ਕੀਤਾ ਜੋ ਰਹਿੰਦੀ ਦੁਨੀਆ ਤੱਕ ਖੁੰਢੀਆਂ ਨਹੀਂ ਹੋ ਸਕਦੀਆਂ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ’ਤੇ ਨੀਲਾ ਤਾਰਾ ਸਾਕੇ ਦਾ ਵਾਪਰਨਾ ਸਮੇਂ ਨੂੰ ਪੁੱਠਾ ਗੇੜਾ ਦੇਣ ਵਾਂਗ ਸੀ। ਇਸ ਸਾਕੇ ਨੇ ਤਵਾਰੀਖ਼ ਦੇ ਪੰਨੇ ਕਾਲਖ਼ ਨਾਲ ਪੋਤ ਦਿੱਤੇ। ਜ਼ਖ਼ਮਾਂ ਦੀ ਇਬਾਰਤ ਪੜ੍ਹਦਿਆਂ ਇਤਿਹਾਸ ਦੇ ਸਫ਼ਿਆਂ ’ਚੋਂ ਹਮੇਸ਼ਾ ਖ਼ੂਨ ਚੋਂਦਾ ਰਹੇਗਾ। ਕੌਮ ਨੂੰ ਭੱਠ ਵਿਚ ਝੋਕਣ ਵਾਲੇ ਤਥਾ-ਕਥਿਤ ਟਕਸਾਲੀਆਂ ਦਾ ਲੇਖਾ-ਜੋਖਾ ਵੀ ਆਖ਼ਰ ਜ਼ਰੂਰ ਹੋਵੇਗਾ। ਧੁਆਂਖਿਆ ਅਤੀਤ ਉਨ੍ਹਾਂ ਦੀਆਂ ਆਖ਼ਰੀ ਪੀੜ੍ਹੀਆਂ ਨੂੰ ਵੀ ਮਾਫ਼ ਨਹੀਂ ਕਰੇਗਾ। ਕਦੇ ਕਿਸੇ ਨਿਰਦੋਸ਼ ਦਾ ਖ਼ੂਨ ਅਜਾਈਂ ਨਾ ਡੁੱਲ੍ਹੇ, ਇਸ ਦੀ ਅਰਦਾਸ ਕਰਨੀ ਚਾਹੀਦੀ ਹੈ। ਫਿਰਕਿਆਂ ਵਿਚ ਪਾੜ ਪਾਉਣ ਵਾਲੀਆਂ ਸ਼ਕਤੀਆਂ ’ਤੇ ਬਾਜ਼ ਅੱਖ ਰੱਖਣੀ ਹੋਵੇਗੀ। ਗੁਰਾਂ ਦੇ ਨਾਂ ’ਤੇ ਵਸਣ ਵਾਲੇ ਸੂਬੇ ਵਿਚ ਸਾਜ਼ਿਸ਼ਾਂ ਦਾ ਹੀਜ਼-ਪਿਆਜ਼ ਨੰਗਾ ਕਰਨ ਲਈ ਮੇਰ-ਤੇਰ ਦੀਆਂ ਵਲਗਣਾਂ ’ਚੋਂ ਬਾਹਰ ਆਉਣਾ ਹੋਵੇਗਾ। ਸਾਂਝੀਵਾਲਤਾ ਦੇ ਖਮੀਰ ਨੂੰ ਖੋਰਾ ਨਾ ਲੱਗੇ, ਇਸ ’ਤੇ ਵੀ ਠੀਕਰੀ ਪਹਿਰਾ ਦੇਣਾ ਹੋਵੇਗਾ। ਸਾਕਾ ਨੀਲਾ ਤਾਰਾ ਤੋਂ ਸਬਕ ਨਾ ਸਿੱਖਦਿਆਂ ਭਾਈਚਾਰੇ ਨੂੰ ਤਾਰ-ਤਾਰ ਕਰਨ ਲਈ ਗ਼ੈਰ-ਸਮਾਜੀ ਅਨਸਰ ਫਿਰ ਸਿਰ ਚੁੱਕ ਰਹੇ ਹਨ। ਫਨੀਅਰ ਨਾਗਾਂ ਦਾ ਸਿਰ ਕੁਚਲਣ ਲਈ ਸਾਰੇ ਭਾਈਚਾਰਿਆਂ ਨੂੰ ਸਾਂਝਾ ਹੰਭਲਾ ਮਾਰਨਾ ਹੋਵੇਗਾ।