ਆਰ ਨਾਨਕ ਪਾਰ ਨਾਨਕ ( ਪੰਜਾਬੀ ਜਾਗਰਣ –– 26th May, 2024)
ਵਰਿੰਦਰ ਵਾਲੀਆ
ਕਰਤਾਰ ਦੇ ਆਪਣੇ ਕਰ ਕਮਲਾਂ ਨਾਲ ਵਰੋਸਾਈ ਨਗਰੀ ਨੂੰ ਕਰਤਾਰਪੁਰ ਸਾਹਿਬ ਕਿਹਾ ਜਾਂਦਾ ਹੈ। ਰਾਵੀ ਕਿਨਾਰੇ ਵਸੀ ਇਸ ਰਮਣੀਕ ਧਰਤੀ ’ਤੇ ਬਾਬੇ ਨਾਨਕ ਨੇ ਖ਼ੁਦ ਹਲ ਜੋਤ ਕੇ ਹੱਥੀਂ ਕਾਰ ਦਾ ਮਹਾਤਮ ਸਮਝਾਇਆ ਸੀ। ਬਾਬਾ ਬ੍ਰਹਿਮੰਡੀ ਨਾਗਰਿਕ ਸੀ ਜਿਸ ਕਰਕੇ ਕਰਤਾਰਪੁਰ ਦਾ ਕੋਈ ਲਾਲਡੋਰਾ ਵੀ ਨਾ ਉਲੀਕਿਆ ਗਿਆ। ਨਗਰੀ ਦੀਆਂ ਬਾਹੀਆਂ ’ਤੇ ਮੋਹੜੀ ਗੱਡਣ ਵਾਲੇ ਦੀਆਂ ਬਾਹਾਂ ਸਮੁੱਚੀ ਕਾਇਨਾਤ ਨੂੰ ਆਪਣੇ ਅੰਦਰ ਸਮੇਟਣਾ ਲੋਚਦੀਆਂ। ਭਾਰਤ ’ਚੋਂ ਕਲਕਲ ਕਰਦੀ ਰਾਵੀ ਪਾਕਿਸਤਾਨ ਅੰਦਰ ਪ੍ਰਵੇਸ਼ ਕਰਦੀ ਹੋਈ ਗੁਰੂ ਨਾਨਕ ਸਾਹਿਬ ਵੱਲੋਂ ਦਰਸਾਈ ਸਾਂਝੀਵਾਲਤਾ ਦੀ ਪ੍ਰਤੀਕ ਬਣ ਜਾਂਦੀ ਹੈ। ਦੇਸ਼ ਦੀ ਵੰਡ ਵੇਲੇ ਇਹ ਨਦੀ ਨਹੀਂ ਸੀ ਵੰਡੀ ਗਈ। ਰਾਵੀ ਦੇ ਜਲ-ਤਰੰਗ ’ਚੋਂ ਬਾਬੇ ਦੀ ਬਾਣੀ ਅੱਜ ਵੀ ਸਰਵਣ ਕੀਤੀ ਜਾ ਸਕਦੀ ਹੈ। ਰਾਹਲਾਂ ਤੇ ਸਿਆੜ ਕੱਢਦਿਆਂ ਗੁਰੂ ਨਾਨਕ ਦੀ ਲਿਵ ਕਰਤਾ ਪੁਰਖ ਨਾਲ ਜੁੜੀ ਰਹਿੰਦੀ। ਹਲ ਵਾਹੁੰਦੇ ਵੀ ਉਨ੍ਹਾਂ ਦੇ ਮੁਖਾਰਬਿੰਦ ’ਚੋਂ ਇਲਾਹੀ ਬਾਣੀ ਝਰਦੀ ਰਹਿੰਦੀ। ਹਲ ਦੀ ਹੱਥੀ ਛੱਡ ਕੇ ਜਦੋਂ ਉਹ ਆਸਣ ਲਾਉਂਦੇ ਤਾਂ ਆਪਣੀਆਂ ਉਦਾਸੀਆਂ ਵੇਲੇ ਇਕੱਤਰ ਕੀਤੀ ਮਹਾਪੁਰਸ਼ਾਂ ਦੀ ਬਾਣੀ ਨੂੰ ਤਰਤੀਬ ਦਿੰਦੇ। ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹਯਾਤੀ ਦੇ ਆਖ਼ਰੀ ਅਠਾਰਾਂ ਸਾਲ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿਖੇ ਹੀ ਬਿਤਾਏ ਸਨ। ਇਸ ਪਾਵਨ ਨਗਰੀ ਦੀ ਆਬੋ-ਹਵਾ ਵਿਚ ਹੁੰਦਾ ਰੈਣ-ਸਬਾਈ ਕੀਰਤਨ ਮੰਤਰ-ਮੁਗਧ ਕਰਦਾ ਹੈ।

ਇਹ ਉਹੀ ਮਹਾਨ ਤੀਰਥ ਅਸਥਾਨ ਹੈ ਜਿੱਥੇ ‘ਤੇਰਾ ਤੇਰਾ’ ਤੋਲਣ ਵਾਲੀ ਬਾਬੇ ਦੀ ਤੱਕੜੀ ਵਿਚ ਭਾਈ ਲਹਿਣਾ ਜੀ ਤੁਲ ਕੇ ‘ਅੰਗਦ’ ਬਣ ਗਿਆ ਸੀ। ਇਸ ਤੱਕੜੀ ਦੀ ਡੰਡੀ/ਛਾਬਿਆਂ ਵਿਚ ਕੋਈ ਝੋਲ ਨਹੀਂ ਸੀ। ਪਾਸਕੂ ਬੰਨ੍ਹਣ ਦੀ ਵੀ ਕੋਈ ਗੁੰਜਾਇਸ਼ ਨਹੀਂ ਸੀ। ਇਸੇ ਕਾਰਨ ਬਾਬਾ ਜੀ ਨੇ ਆਪਣੀ ਗੱਦੀ ਦਾ ਵਾਰਸ ਆਪਣੇ ਸਾਹਿਬਜ਼ਾਦਿਆਂ ਦੀ ਬਜਾਏ ਪਰਦੇਸੀ ਜਿਊੜੇ, ਭਾਈ ਲਹਿਣਾ ਨੂੰ ਬਣਾਇਆ। ਆਪਣੇ ਗੁਰੂ ਵਿਚ ਅਭੇਦ ਹੋਣ ਕਾਰਨ ਉਹ ਦੂਜਾ ਨਾਨਕ ਅਖਵਾਇਆ। ਆਖ਼ਰੀ ਸਾਲਾਂ ਵਿਚ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਇਸੇ ਧਰਤੀ ’ਤੇ ਉਨ੍ਹਾਂ ਦੇ ਅੰਗ-ਸੰਗ ਰਿਹਾ। ਇੱਥੇ ਹੀ ਉਨ੍ਹਾਂ ਦੇ ਬਜ਼ੁਰਗ ਮਾਂ-ਬਾਪ ਰੱਬ ਨੂੰ ਪਿਆਰੇ ਹੋਏ ਸਨ। ਪਿਤਾ ਮਹਿਤਾ ਕਾਲੂ ਨੇ ਪਟਵਾਰੀ ਹੁੰਦਿਆਂ ਜਰੀਬਾਂ ਨਾਲ ਸੀਮਤ ਧਰਤੀ ਨਾਪੀ ਸੀ। ਉਨ੍ਹਾਂ ਦਾ ਸਪੁੱਤਰ ਸਮੁੱਚੀ ਧਰਤੀ ’ਤੇ ਆਪਣੀਆਂ ਸੰਦਲੀ ਪੈੜਾਂ ਪਾਉਣਾ ਲੋਚਦਾ। ਇਸੇ ਰਾਵੀ ਵਿਚ ਪਿਤਾ ਮਹਿਤਾ ਕਾਲੂ ਦੀਆਂ ਅਸਥੀਆਂ ਜਲ ਪ੍ਰਵਾਹ ਹੋਈਆਂ ਸਨ। ਡੇਰਾ ਬਾਬਾ ਨਾਨਕ (ਗੁਰਦਾਸਪੁਰ, ਭਾਰਤ) ਤੇ ਕਰਤਾਰਪੁਰ ਸਾਹਿਬ ਦਰਮਿਆਨ ਕੁਝ ਕੋਹਾਂ ਦਾ ਫਾਸਲਾ ਹੈ। ਇਸੇ ਲਈ ਬੱਚੇ-ਬੱਚੇ ਦੀ ਜ਼ੁਬਾਨ ’ਤੇ ‘ਆਰ ਨਾਨਕ, ਪਾਰ ਨਾਨਕ’ ਦਾ ਗੀਤ ਹੁੰਦਾ ਹੈ।
ਕਰਤਾਰਪੁਰ ਦੀ ਧਰਤੀ ਨੂੰ ਨਤਮਸਤਕ ਹੁੰਦਿਆਂ ਸ਼ਿਵ ਬਟਾਲਵੀ ਕਹਿੰਦਾ ਹੈ, ‘‘ਘੁੰਮ ਚਾਰੇ ਚੱਕ ਜਹਾਨ ਦੇ, ਜਦ ਘਰ ਆਇਆ ਕਰਤਾਰ/ਕਰਤਾਰਪੁਰ ਦੀ ਨਗਰੀ, ਜਿਦ੍ਹੇ ਗਲ ਰਾਵੀ ਦਾ ਹਾਰ/ ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ, ਜਿਦ੍ਹੀ ਚਾਂਦੀ ਵੰਨੀ ਧਾਰ/ਲਾਹ ਬਾਣਾ ਜੋਗ ਫਕੀਰ ਦਾ, ਮੁੜ ਮੱਲਿਆ ਆ ਸੰਸਾਰ/ਕਰੇ ਮੰਜੀ ਬਹਿ ਅਵਤਾਰੀਆਂ, ਕਰੇ ਦਸ ਨਹੁੰਆਂ ਦੀ ਕਾਰ...।’’ ਭਾਈ ਗੁਰਦਾਸ ਨੇ ਵਾਰ ਪਹਿਲੀ, ਪਉੜੀ 38 ਵਿਚ ਕਰਤਾਰਪੁਰ ਆਗਮਨ ਬਾਰੇ ਫੁਰਮਾਇਆ ਹੈ, ‘‘ਫਿਰਿ ਬਾਬਾ ਆਇਆ ਕਰਤਾਰ ਪੁਰਿ, ਭੇਖੁ ਉਦਾਸੀ ਸਗਲ ਉਤਾਰਾ/ਪਹਿਰਿ ਸੰਸਾਰੀ ਕਪੜੇ, ਮੰਜੀ ਬੈਠਿ ਕੀਆ ਅਵਤਾਰਾ।’’ ਇਤਿਹਾਸ ਤੇ ਸਾਖੀਆਂ ਅਨੁਸਾਰ ਗੁਰੂ ਨਾਨਕ ਨੂੰ ਸੁਲਤਾਨਪੁਰ ਲੋਧੀ ਕਿਆਮ ਵੇਲੇ ਵੇਈਂ ’ਚ ਟੁੱਭੀ ਮਾਰਨ ਪਿੱਛੋਂ ‘‘ਨ ਕੋ ਹਿੰਦੂ ਨ ਮੁਸਲਮਾਨ’’ ਦਾ ਦੈਵੀ ਸੰਦੇਸ਼ ਮਿਲਿਆ ਜਿਹੜਾ ਆਪ ਨੇ ਉਦਾਸੀਆਂ ਵੇਲੇ ਪ੍ਰਚਾਰਿਆ ਤੇ ਪਸਾਰਿਆ। ਹਰ ਉਦਾਸੀ ਤੋਂ ਬਾਅਦ ਉਹ ਜੜ੍ਹਾਂ ਹਰੀਆਂ ਰੱਖਣ ਲਈ ਪੰਜਾਬ ਪਰਤਦੇ। ਕਰਤਾਰਪੁਰ ਸਾਹਿਬ ਵਿਚ ਨਿਰੰਤਰ ਗੋਸ਼ਟਿ-ਗਿਆਨ ਹੁੰਦਾ ਰਹਿੰਦਾ। ਲੰਮੀਆਂ ਵਾਟਾਂ ਗਾਹੁਣ ਵੇਲੇ ਇਕੱਤਰ ਕੀਤੀ ਗਈ ਬਾਣੀ ’ਤੇ ਚਰਚਾ ਹੁੰਦੀ। ਹਰ ਧਰਮ ਦਾ ਅਧਿਆਤਮਕ ਆਗੂ ਅਜਿਹੀਆਂ ਗੋਸ਼ਟੀਆਂ ਵਿਚ ਸ਼ਿਰਕਤ ਕਰਦਾ। ਵੇਈਂ ਨਦੀ ਦੀ ਟੁੱਭੀ ਪਿੱਛੋਂ 27 ਸਾਲ ਆਪ ਨੇ ਧਰਤ ਲੋਕਾਈ ਸੋਧਣ ਲਈ ਹਰ ਧਰਮ ਦੇ ਆਗੂ ਨਾਲ ਸੰਵਾਦ ਰਚਾਇਆ। ਗਿਆਨ ਰੂਪੀ ਇਕੱਤਰ ਕੀਤੇ ਬੀਜ ਕਰਤਾਰਪੁਰ ਸਾਹਿਬ ਵਿਖੇ ਬੀਜੇ। ਲੋਕਾਈ ਨੂੰ ਵਹਿਮਾਂ-ਭਰਮਾਂ ਤੋਂ ਨਿਵਿਰਤ ਕਰਨ ਲਈ ਚਾਨਣ ਵੰਡਿਆ।
ਇਸੇ ਕਰਕੇ ਕਰਤਾਰਪੁਰ ਸਾਹਿਬ ਗਿਆਨ ਗੋਸ਼ਟਿ ਦੀ ਧਰਤੀ ਅਖਵਾਈ। ਦੇਸ਼ ਦੀ ਤਕਸੀਮ ਵੇਲੇ ਅਣਗਿਣਤ ਗੁਰਧਾਮਾਂ ਦਾ ਪਾਕਿਸਤਾਨ ਵਿਚ ਰਹਿ ਜਾਣਾ ਸਿੱਖ ਕੌਮ ਲਈ ਬਹੁਤ ਵੱਡਾ ਦੁਖਦਾਈ ਵਰਤਾਰਾ ਸੀ। ਸਿੱਖ ਕੌਮ ਅੱਜ ਵੀ ਪੰਥ ਤੋਂ ਵਿਛੋੜੇ ਗਏ ਧਰਮ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਕਰਦੀ ਹੈ। ਦਰਅਸਲ ਹਿੰਦ-ਪਾਕਿਸਤਾਨ ਹੱਦਬੰਦੀ ਕਮਿਸ਼ਨ ਨੇ ਬੇਹੱਦ ਬੇਥਵੇ ਢੰਗ ਨਾਲ ਇਹ ਕਾਰਜ ਨਿਭਾਇਆ ਸੀ। ਵਿਡੰਬਣਾ ਇਹ ਹੈ ਕਿ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ ਰੈਡਕਲਿਫ ਨੂੰ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਦਾ ਭੋਰਾ ਵੀ ਗਿਆਨ ਨਹੀਂ ਸੀ। ਜਸਟਿਸ ਤੇਜਾ ਸਿੰਘ ਇਸ ਕਮਿਸ਼ਨ ਦੇ ਸਿੱਖ ਮੈਂਬਰ ਹੋਣ ਦੇ ਬਾਵਜੂਦ ਭਾਰਤ ਦੀ ਨਿਰਧਾਰਤ ਕੀਤੀ ਸੀਮਾ ਤੋਂ ਮਹਿਜ਼ ਤਿੰਨ ਕਿੱਲੋਮੀਟਰ ਦੂਰ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਵਿਚ ਰਹਿਣ ਦਿੱਤਾ ਗਿਆ। ਵੰਡ ਤੋਂ ਇਕ ਮਹੀਨਾ ਬਾਅਦ ਜਦੋਂ ਸਿੱਖ ਸੰਗਤ ਕਰਤਾਰਪੁਰ ਸਾਹਿਬ ਦੇ ਜੋੜ ਮੇਲੇ ’ਤੇ ਵਹੀਰਾਂ ਘੱਤ ਕੇ ਜਾਣ ਲੱਗੀ ਤਾਂ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਹ ਗੁਰਧਾਮ ਪਾਕਿਸਤਾਨ ਦੇ ਹਿੱਸੇ ਆਇਆ ਹੈ। ਕਰਤਾਰਪੁਰ ਸਾਹਿਬ, ਗੁਰੂ ਨਾਨਕ ਸਾਹਿਬ ਦੇ ਸਹੁਰੇ ਪਿੰਡ ਪੱਖੋਕੇ (ਰੰਧਾਵਿਆਂ) ਦੇ ਸਾਹਮਣੇ ਰਾਵੀ ਦਰਿਆ ਦੇ ਸੱਜੇ ਕੰਢੇ ਨੇੜੇ ਪਿੰਡ ਦੋਧਾਂ (ਹੁਣ ਪਾਕਿਸਤਾਨ, ਜ਼ਿਲ੍ਹਾ ਨਾਰੋਵਾਲ) ਵਿਖੇ ਹੈ। ਸਮੇਂ ਦੀ ਸਿੱਖ ਲੀਡਰਸ਼ਿਪ ਦੀ ਇਸ ਤਵਾਰੀਖ਼ੀ ਕੁਤਾਹੀ ਦਾ ਖ਼ਮਿਆਜ਼ਾ ਕੌਮ ਅੱਜ ਵੀ ਭੁਗਤ ਰਹੀ ਹੈ।
ਰੈਡਕਲਿਫ ਦੀ ਅਗਿਆਨਤਾ ਕਾਰਨ ਚੜ੍ਹਦੇ ਪੰਜਾਬ ਦਾ ਮੌਜੂਦਾ ਗੁਰਦਾਸਪੁਰ ਜ਼ਿਲ੍ਹਾ ਵੀ ਪਾਕਿਸਤਾਨ ਵੱਲ ਚਲਾ ਗਿਆ ਸੀ। ਆਜ਼ਾਦ ਹੋਏ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ ਡਿਪਟੀ ਕਮਿਸ਼ਨਰ ਵੀ ਪਾਕਿਸਤਾਨ ਦਾ ਮੁਸਲਿਮ ਅਧਿਕਾਰੀ ਸੀ। ਇਸ ਇਤਿਹਾਸਕ ਭੁੱਲ ਨੂੰ ਬਹੁਤ ਜਲਦੀ ਦਰੁਸਤ ਕਰ ਲਿਆ ਗਿਆ ਕਿਉਂਕਿ ਗੁਰਦਾਸਪੁਰ ਦੇ ਪਾਕਿਸਤਾਨ ਵਿਚ ਸ਼ਾਮਲ ਹੋਣ ਨਾਲ ਭਾਰਤ ਦਾ ਜੰਮੂ-ਕਸ਼ਮੀਰ ਨਾਲੋਂ ਸੜਕੀ ਸੰਪਰਕ ਟੁੱਟ ਗਿਆ ਸੀ। ਇਸ ਵੇਲੇ ਤੱਕ ਵੀ ਉਸ ਸਮੇਂ ਦੀ ਸਰਕਾਰ ਤੇ ਸਿੱਖਾਂ ਦੇ ਸਰਬਰਾਹ ਕੁੰਭਕਰਨੀ ਨੀਂਦ ਸੁੱਤੇ ਰਹੇ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸਸਕਾਰ ਹੁਸੈਨੀਵਾਲਾ ਵਿਖੇ ਰਾਵੀ ਦਰਿਆ ਕਿਨਾਰੇ ਕੀਤਾ ਗਿਆ, ਉਹ ਅਸਥਾਨ ਵੀ ਪਾਕਿਸਤਾਨ ਦੇ ਹਿੱਸੇ ਆਇਆ ਸੀ। ਆਜ਼ਾਦੀ ਤੋਂ ਕੁਝ ਸਾਲਾਂ ਬਾਅਦ ਫਾਜ਼ਿਲਕਾ ਦੇ ਕੁਝ ਪਿੰਡ ਪਾਕਿਸਤਾਨ ਨੂੰ ਦੇ ਕੇ ਹੁਸੈਨੀਵਾਲਾ ਭਾਰਤ ਨੇ ਲੈ ਲਿਆ ਸੀ।
ਅਜਿਹਾ ਹੰਭਲਾ ਕਰਤਾਰਪੁਰ ਸਾਹਿਬ ਨੂੰ ਲੈ ਕੇ ਵੀ ਮਾਰਿਆ ਜਾ ਸਕਦਾ ਸੀ। ਇਸ ਤਰਜ਼ ’ਤੇ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਸਿੱਖ ਸੰਸਥਾਵਾਂ ਨੇ ਕੋਈ ਠੋਸ ਕਦਮ ਪੁੱਟਿਆ। ਹਾਂ, ਦੁਆਬੇ ਦੇ ਟਕਸਾਲੀ ਅਕਾਲੀ ਨੇਤਾ ਕੁਲਦੀਪ ਸਿੰਘ ਵਡਾਲਾ (ਸਵਰਗਵਾਸੀ) ਨੇ ‘ਦੇਰ- ਆਇਦ-ਦਰੁਸਤ-ਆਇਦ’ ਅਖਾਣ ਅਨੁਸਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਮੁਹਿੰਮ ਜ਼ਰੂਰ ਚਲਾਈ। ਆਖ਼ਰ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਸਮੇਂ ਪਾਕਿਸਤਾਨ ਤੇ ਐੱਨਡੀਏ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਹਕੀਕੀ ਬਣਾ ਦਿੱਤਾ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਵੱਖ-ਵੱਖ ਦਾਅਵੇ ਕੀਤੇ ਗਏ ਹਨ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਯਾਰੀ ਪੁਗਾਉਂਦਿਆਂ ਲਾਂਘਾ ਖੋਲ੍ਹਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਐੱਨਡੀਏ ਸਰਕਾਰ ਦੀ ਗੁਰੂ ਨਾਨਕ ਦੇਵ ਪ੍ਰਤੀ ਅਕੀਦਤ ਕਹਿੰਦੇ ਹਨ। ਕੇਸਰੀ ਪੱਗ ਬੰਨ੍ਹ ਕੇ ਕਰਤਾਰਪੁਰ ਸਾਹਿਬ ਬਾਰੇ ਕੀਤੀ ਪ੍ਰਧਾਨ ਮੰਤਰੀ ਦੀ ਭਾਵੁਕ ਤਕਰੀਰ ਨੇ ਦੇਸ਼ ਦੀ ਤਕਸੀਮ ਵੇਲੇ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ 1971 ’ਚ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਕਰਤਾਰਪੁਰ ਸਾਹਿਬ ਲੈ ਕੇ ਹੀ ਪਾਕਿਸਤਾਨ ਦੇ 90000 ਤੋਂ ਵੱਧ ਜੰਗੀ ਕੈਦੀ ਛੱਡਦੇ। ਰਾਵੀ ਦੇ ਪਾਣੀਆਂ ਦੀ ਮਾਰ ਹੇਠ ਆਉਣ ਵਾਲੇ ਕੁਝ ਪਿੰਡਾਂ ਦੇ ਤਬਾਦਲੇ ’ਚ ਜੇ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਮਿਲਾਇਆ ਜਾਂਦਾ ਹੈ ਤਾਂ ਇਸ ਫਿਰਾਖਦਿਲੀ ਨੂੰ ਨਾਨਕ ਨਾਮਲੇਵਾ ਸਦਾ ਯਾਦ ਰੱਖਣਗੇ।