VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਹੰਝੂ ਚੋਣ ਨਿਸ਼ਾਨ ( ਪੰਜਾਬੀ ਜਾਗਰਣ –– 19th May, 2024)

ਵਰਿੰਦਰ ਵਾਲੀਆ

ਸੁਰਜੀਤ ਪਾਤਰ ਉਨ੍ਹਾਂ ਵਿਰਲੇ-ਟਾਵੇਂ ਸ਼ਾਇਰਾਂ ’ਚੋਂ ਇਕ ਹੈ ਜੋ ਮਰ ਕੇ ਵੀ ਨਹੀਂ ਮਰਦੇ। ‘ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ’ ਵਾਂਗ ਪਾਤਰ ਤਾਉਮਰ ਚਾਨਣ ਦਾ ਵਣਜਾਰਾ ਰਿਹਾ। ਉਸ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ। ਉਸ ਦੇ ਵਿਛੋੜੇ ਦੀ ਚੀਸ ਹਰ ਪੰਜਾਬੀ ਦੇ ਦਿਲ ’ਚੋਂ ਉੱਠੀ। ਉਸ ਦਾ ਸਮਕਾਲੀ ਸ਼ਾਇਰ ਬੀਬਾ ਕਹਿੰਦਾ ਕਿ ਪਾਤਰ ਦਾ ਜੀਣਾ ਤੇ ਜਾਣਾ ਕਮਾਲ ਦਾ ਸੀ। ਗੁਲ ਚੌਹਾਨ ਰੱਬ ਨਾਲ ਆਢਾ ਲੈਂਦਾ ਕਹਿੰਦਾ ਕਿ ਪਾਤਰ ਨੂੰ ਲੈ ਜਾਣ ਤੋਂ ਪਹਿਲਾਂ ਉਸ ਦੇ ਸ਼ੁਭ ਚਿੰਤਕਾਂ ਜਾਂ ਪ੍ਰਸ਼ੰਸਕਾਂ ਨੂੰ ਤਾਂ ਪੁੱਛ ਲੈਂਦਾ। ਗੁਲ ਇੱਥੇ ਹੀ ਨਹੀਂ ਰੁਕਦਾ। ਉਹ ਕਹਿੰਦਾ ਜੇ ਲੈ ਕੇ ਹੀ ਜਾਣਾ ਸੀ ਤਾਂ ਪਾਤਰ ਦੇ ਬਦਲੇ ਉਹ ਵੀਹ ਕਵੀ ਦਿੱਤੇ ਜਾ ਸਕਦੇ ਸਨ ਜੋ ਬੇਕਾਰ ਤੇ ਲਿਜ਼ਲਿਜ਼ੀ ਕਵਿਤਾ ਲਿਖਦੇ ਹਨ।

ਖ਼ੈਰ, ਸ਼ਰਧਾ ਦੇ ਫੁੱਲ ਅਰਪਿਤ ਕਰਨ ਦਾ ਆਪੋ-ਆਪਣਾ ਰੰਗ-ਢੰਗ ਹੁੰਦਾ ਹੈ। ਪਾਤਰ ਨੂੰ ਪਿਆਰ ਕਰਨ ਵਾਲੇ ਕਹਿੰਦੇ ਹਨ ਕਿ ਉਹ ਕਿਧਰੇ ਨਹੀਂ ਗਿਆ। ਆਪਣੇ ਕਲਾਮ ਰਾਹੀਂ ਉਹ ਆਪਣੇ ਚਾਹੁਣ ਵਾਲਿਆਂ ਦੇ ਸਦਾ ਅੰਗ-ਸੰਗ ਰਹੇਗਾ। ਪਾਤਰ ਨੇ ਖ਼ੁਦ ਹੀ ਲਿਖਿਆ ਹੈ ਕਿ ਉਹ ਤਾਂ ਨਹੀਂ ਰਹੇਗਾ ਪਰ ਉਸ ਦੇ ਗੀਤ ਰਹਿਣਗੇ। ਆਪਣੀ ਨਜ਼ਮ ਰਾਹੀਂ ਉਹ ਮੁੜ ਪਰਤਣ ਦਾ ਦਿਲਾਸਾ ਦਿੰਦਾ ਹੈ : ਸਮੁੰਦਰ ਭਾਫ਼ ਬਣ ਉੱਡਦਾ, ਬਰਫ਼ ਬਣ ਪਰਬਤੀਂ ਚੜ੍ਹਦਾ। ਇਹ ਨਦੀਆਂ ਬਣ ਕੇ ਫਿਰ ਮੁੜਦਾ, ਮੇਰਾ ਇਕਰਾਰ ਪਰਤਾਇਉ, ਮੈਂ ਇਕ ਦਿਨ ਫੇਰ ਆਉਣਾ ਹੈ।

Surjit Patar getting Padma Shri
ਸੁਰਜੀਤ ਪਾਤਰ 2012 'ਚ ਉਦੋਂ ਦੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੋਂ ਪਦਮਸ਼੍ਰੀ ਪੁਰਸਕਾਰ ਹਾਸਲ ਕਰਦੇ ਹੋਏ।
ਪਾਤਰ ਉਹ ਸ਼ਾਇਰ ਹੈ ਜਿਸ ਨੂੰ ਚਾਹੁਣ ਵਾਲੇ ਪੰਜਾਬੀ ਹੀ ਨਹੀਂ ਸਗੋਂ ਦੂਜੀਆਂ ਭਾਸ਼ਾਵਾਂ ਦੇ ਲੋਕ ਵੀ ਹਨ। ਪਾਤਰ ਉਹ ਸ਼ਾਇਰ ਹੈ ਜਿਸ ਦਾ ਕਲਾਮ ਤਮਾਮ ਹੱਦਾਂ-ਸਰਹੱਦਾਂ ਨੂੰ ਉਲੰਘਣ ਦੀ ਸਮਰੱਥਾ ਰੱਖਦਾ ਹੈ। ਪੰਜਾਬ ਨੂੰ ਅਥਾਹ ਮੁਹੱਬਤ ਕਰਨ ਵਾਲਾ ਪਾਤਰ ਸਰਹੱਦੀ ਸੂਬੇ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਸ਼ਾਇਰ ਹੈ। ਅੰਬਰ ਵਿਚ ਉਡਾਰੀਆਂ ਲਾਉਣ ਦੀ ਬਜਾਏ ਉਹ ਜ਼ਮੀਨ ਨਾਲ ਜੁੜੇ ਰਹਿਣ ਨੂੰ ਤਰਜੀਹ ਦਿੰਦਾ। ਪੰਜਾਬ ਦਾ ਦਰਦ ਉਸ ਦੇ ਦਿਲ ਵਿਚ ਸਮੋਇਆ ਸੀ। ਦੇਸ਼ ਦੀ ਵੰਡ ਵੇਲੇ ਪੰਜ ਦਰਿਆ ਵੀ ਵੰਡੇ ਗਏ ਸਨ। ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਹਿੱਸੇ ਢਾਈ-ਢਾਈ ਦਰਿਆ ਆਏ। ਵੰਡ ਤੋਂ ਪਹਿਲਾਂ ਜਨਮੇ ਪਾਤਰ ਦਾ ਦਿਲ ਵਿੱਛੜੇ ਦਰਿਆਵਾਂ ਤੇ ਉੱਥੋਂ ਦੇ ਬਾਸ਼ਿੰਦਿਆਂ ਲਈ ਬਰਾਬਰ ਧੜਕਦਾ ਰਿਹਾ। ਦੇਵ-ਭੂਮੀ ਹਿਮਾਚਲ ਦੇ ਪਹਾੜਾਂ ’ਚੋਂ ਨਿਕਲਦੇ ਦਰਿਆ ਪਾਤਰ ਨੂੰ ਆਵਾਜ਼ਾਂ ਮਾਰਦੇ। ਰਾਵੀ ਦੋਨਾਂ ਪੰਜਾਬਾਂ ਵਿਚ ਵਹਿੰਦੀ ਹੋਈ ਸਾਂਝੇ/ਅਣਵੰਡੇ ਪੰਜਾਬ ਦਾ ਪ੍ਰਤੀਕ ਬਣ ਗਈ। ਪੱਛਮੀ ਪੰਜਾਬ ਵਿਚ ਰਹਿ ਗਏ ਜੇਹਲਮ ਤੇ ਝਨਾਅ ਦਾ ਹੇਰਵਾ ਪਾਤਰ ਦੀਆਂ ਰਚਨਾਵਾਂ ’ਚੋਂ ਸਾਫ਼ ਝਲਕਦਾ ਹੈ।

ਵਿੰਙ-ਵਲੇਵੇਂ ਖਾਂਦੀ ਰਾਵੀ ਜਦੋਂ ਪੱਛਮੀ ਪੰਜਾਬ ਅੰਦਰ ਦਾਖ਼ਲ ਹੁੰਦੀ ਹੈ ਤਾਂ ਪਾਤਰ ਨੂੰ ਲੱਗਦਾ ਹੈ ਕਿ ਇਹ ਕਿਸੇ ਸੁੱਖ-ਸੁਨੇਹੇ ਦੇ ਆਦਾਨ-ਪ੍ਰਦਾਨ ਵਾਂਗ ਹੈ : ਰਾਵੀ ਏਧਰ ਵੀ ਵਗੇ, ਰਾਵੀ ਓਧਰ ਵੀ ਵਗੇ। ਲੈ ਕੇ ਜਾਂਦੀ ਕੋਈ ਸੁੱਖ-ਸੁਨੇਹਾ ਜਿਹਾ ਲੱਗੇ। ਠਾਠਾਂ ਮਾਰਦੇ ਸਤਲੁਜ ਤੇ ਬਿਆਸ ਨੂੰ ਵੀ ਉਹ ਹਸਰਤ ਭਰੀਆਂ ਨਿਗਾਹਾਂ ਨਾਲ ਦੇਖਦਾ। ਵਿੱਛੜ ਗਏ ਦਰਿਆਵਾਂ ਨੂੰ ਉਹ ਸਲਾਮਾਂ ਘੱਲਦੇ ਹਨ : ਕਹੇ ਸਤਲੁਜ ਦਾ ਪਾਣੀ, ਆਖੇ ਬਿਆਸ ਦੀ ਰਵਾਨੀ। ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾ। ਅਸੀਂ ਮੰਗਦੇ ਹਾਂ ਖੈਰਾਂ, ਸੁਬਹ ਸ਼ਾਮ ਆਖਣਾ। ਦੇਸ਼ ਦੀ ਵੰਡ ਦਰਅਸਲ ਪੰਜਾਬ ਜਾਂ ਬੰਗਾਲ ਦੀ ਤਕਸੀਮ ਹੀ ਸੀ। ਪੰਜਾਬੀਆਂ ਤੇ ਬੰਗਾਲੀਆਂ ਨੇ ਇਸ ਦਾ ਅਕਹਿ ਤੇ ਅਸਹਿ ਸੰਤਾਪ ਹੰਢਾਇਆ ਹੈ। ਸੰਤਾਲੀ ਵੇਲੇ ਹੋਈ ਕੱਟ-ਵੱਢ ਦਾ ਖ਼ੂਨ ਪਾਤਰ ਦੀਆਂ ਰਚਨਾਵਾਂ ’ਚੋਂ ਤਿੱਪ-ਤਿੱਪ ਸਿੰਮਦਾ ਮਹਿਸੂਸ ਹੁੰਦਾ ਹੈ। ਵਿੱਛੜੇ ਦਰਿਆਵਾਂ ਦਾ ਰੁਦਨ ਉਸ ਦੀਆਂ ਅੱਖਾਂ ’ਚੋਂ ਜਿਵੇਂ ਨੀਰ ਬਣ ਕੇ ਵਗਦਾ ਹੈ।

ਖ਼ੂਨ-ਖ਼ਰਾਬੇ ਤੇ ਸੰਕੀਰਣਤਾ ਦੇ ਸੇਕ ਨੂੰ ਵੀ ਕੋਈ ਸੰਵੇਦਨਸ਼ੀਲ ਕਵੀ ਹੀ ਮਹਿਸੂਸ ਕਰਦਾ ਹੈ, ‘‘ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ/ਰੱਬ ਢੂੰਡਦਾ ਮੇਰਾ ਬੰਦਾ ਕਿੱਧਰ ਗਿਆ।’’ ਸੱਤਰਵਿਆਂ ਦੀ ਨਕਸਲਬਾੜੀ ਲਹਿਰ ਵਿਚ ਕਈ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਲਹਿਰ ਦੌਰਾਨ ਉਹ ਵਿੱਛੜੇ ਸਾਥੀਆਂ ਨੂੰ ਆਪਣੇ ਅੰਦਾਜ਼ ਵਿਚ ਸ਼ਰਧਾਂਜਲੀ ਅਰਪਿਤ ਕਰਦਾ ਹੈ, ‘‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ/ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ?’’

ਨਕਸਲਬਾੜੀ ਲਹਿਰ ਤੋਂ ਬਾਅਦ ਪੰਜਾਬ ਨੇ ਇਕ ਵਾਰ ਫਿਰ ਕਾਲਾ ਦੌਰ ਦੇਖਿਆ। ਇਸ ਦੌਰ ਦੇ ਲਿਖੇ ਗੀਤਾਂ ਅਤੇ ਕਵਿਤਾਵਾਂ ’ਚੋਂ ਪਾਤਰ ਦੇ ਵਿਵੇਕ ਤੇ ਸੰਵੇਦਨਾ ਦੇ ਦੀਦਾਰ ਹੁੰਦੇ ਹਨ। ਸੁਖਨ ਦਾ ਵਾਰਸ ਕਹੇ ਜਾਣ ਵਾਲੇ ਵਾਰਿਸ ਸ਼ਾਹ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਉਹ ਸਾਂਝ ਦੇ ਪੁਲ ਮੰਨਦਾ ਹੈ ਜੋ ਪੰਜਾਬ ਦੀ ਵੰਡ ਹੋਣ ਦੇ ਬਾਵਜੂਦ ਵੰਡੇ ਨਾ ਗਏ। ਮਸ਼ਰਕੀ ਤੇ ਮਗ਼ਰਬੀ ਪੰਜਾਬਾਂ ਦੇ ਬਾਵਜੂਦ ਦੋਨਾਂ ਸ਼ਾਇਰਾਂ ਲਈ ਸਰਹੱਦ ਬੇਮਾਅਨਾ ਹੈ। ਪਾਤਰ ਖ਼ਬਰਦਾਰ ਕਰਦਾ ਹੈ ਕਿ ਪਹਿਲਾਂ ਵਾਰਿਸ ਸ਼ਾਹ ਨੂੰ ਵੰਡਣ ਦੀ ਹਿਮਾਕਤ ਹੋਈ ਤੇ ਉਸ ਤੋਂ ਬਾਅਦ ਸ਼ਿਵ ਨੂੰ ਵੰਡਣ ਦੀਆਂ ਗੋਂਦਾਂ ਗੁੰਦੀਆਂ ਜਾਣ ਲੱਗੀਆਂ, ‘‘ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ/ਉਹ ਜ਼ਖ਼ਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਜੋ ਤਿਆਰੀ ਹੈ।’’

ਪੰਜਾਬ ਵਿਚ ਹੁੰਦੀ ਬੇਤਹਾਸ਼ਾ ਕਤਲੋਗਾਰਤ ’ਤੇ ਵੀ ਉਹ ਖ਼ੂਨ ਦੇ ਅੱਥਰੂ ਸੁੱਟਦਾ ਹੈ ‘‘ਕੋਈ ਦਸਤਾਰ ਰੱਤ ਲਿੱਬੜੀ, ਕੋਈ ਤਲਵਾਰ ਆਈ ਹੈ/ਲਿਆਓ ਸਰਦਲਾਂ ਤੋਂ ਚੁੱਕ ਕੇ ਅਖ਼ਬਾਰ ਆਈ ਹੈ।’’ ਇਨ੍ਹਾਂ ਦਿਨਾਂ ਵਿਚ ਹਰ ਅਖ਼ਬਾਰ ਦੀ ਸੁਰਖੀ ’ਚੋਂ ਲਹੂ ਨੁੱਚੜਦਾ ਸੀ। ਜਿਸ ਦਿਨ ਵਾਰਦਾਤ ਨਾ ਹੁੰਦੀ, ਉਹ ਵੀ ਪਹਿਲੇ ਪੰਨੇ ਦੀ ਖ਼ਬਰ ਬਣਦਾ ਅਖੇ ਅੱਜ ਪੰਜਾਬ ਵਿਚ ਕੋਈ ਭਾਣਾ ਨਹੀਂ ਵਾਪਰਿਆ। ਪਾਤਰ ਪੰਜਾਬ ਦੀਆਂ ਵਾਜਬ ਮੰਗਾਂ ਮਨਵਾਉਣ ਲਈ ਵੀ ਹਰਕਾਰਾ ਬਣਦਾ ਹੈ। ਪੰਜਾਬ ਦੀ ਸਾਂਝੀਵਾਲਤਾ ਨੂੰ ਲੱਗੇ ਲਾਂਬੂ ਲਈ ਉਹ ਸਰਕਾਰੀ ਏਜੰਸੀਆਂ ਤੇ ਸਮੇਂ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਜਾਇਜ਼ ਮੰਗਾਂ ਪ੍ਰਤੀ ਅਣਦੇਖੀ ਨੂੰ ਵਜ੍ਹਾ ਮੰਨਦਾ। ਪੰਜਾਬ ਦੇ ਜਨ-ਸਮੂਹ ਨੂੰ ਜੰਗਲ ਦੇ ਪ੍ਰਤੀਕ ਵਜੋਂ ਵਰਤ ਕੇ ਉਹ ਸਰਕਾਰ ਨੂੰ ਚਿਤਾਵਨੀ ਵੀ ਦਿੰਦਾ ਹੈ, ‘‘ਇਹ ਜੰਗਲ ਜੋ ਧੁਖਦਾ ਹੈ, ਇਹ ਬਲ਼ ਵੀ ਸਕਦਾ ਹੈ/ ਬਲ਼ਦਾ ਬਲ਼ਦਾ ਮਹਿਲਾਂ ਵੱਲ ਨੂੰ ਵੀ ਚੱਲ ਸਕਦਾ ਹੈ/ਹਾਂ ਸ਼ਾਇਦ ਇਹ ਸਭ ਕੁਝ ਹੋਣੋਂ ਵੀ ਟਲ਼ ਸਕਦਾ ਹੈ/ਐਪਰ ਕਿੱਥੋਂ ਲੈ ਆਵਾਂ ਘਨਕੋਰ ਘਟਾਵਾਂ ਮੈਂ।’’ ਕਾਲੇ ਦੌਰ ਦੌਰਾਨ ਬਣੇ ਵਿਸਫੋਟਕ ਹਾਲਾਤ ਲਈ ਉਹ ਸਰਕਾਰਾਂ ਤੋਂ ਇਲਾਵਾ ਉਨ੍ਹਾਂ ਪੰਜਾਬੀਆਂ ਨੂੰ ਵੀ ਕਸੂਰਵਾਰ ਸਮਝਦਾ ਹੈ ਜਿਨ੍ਹਾਂ ਨੇ ਮਾਂ-ਬੋਲੀ ਪੰਜਾਬੀ ਤੋਂ ਕਿਨਾਰਾ ਕਰ ਲਿਆ ਸੀ। ਨਿੱਤ ਮੁਹਿੰਮਾਂ ਨਾਲ ਦਸਤਪੰਜਾ ਲੈਣ ਵਾਲੇ ਪੰਜਾਬ ਦੀਆਂ ਲਹਿਰਾਂ ਨੂੰ ਪਾਤਰ ਦੇ ਕਲਾਮ ’ਚੋਂ ਵੇਖਿਆ ਜਾ ਸਕਦਾ ਹੈ।

ਜੜ੍ਹਾਂ ਨਾਲ ਜੁੜੇ ਪਾਤਰ ਦੀਆਂ ਰਚਨਾਵਾਂ ਸੱਚਮੁੱਚ ਹੀ ਪੰਜਾਬ ਦਾ ਦਰਪਣ ਹਨ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਪਾਤਰ ਪੰਜ ਦਰਿਆਵਾਂ ਦੇ ਪਾਣੀਆਂ ਨਾਲ ਪੰਜ ਇਸ਼ਨਾਨਾ ਕਰ ਕੇ ਹੀ ਕਲਮ ਚੁੱਕਦਾ ਸੀ। ਲੋਕਤੰਤਰ ਵਿਚ ਸਿਰਜੇ ਜਾਂਦੇ ਬਿਰਤਾਂਤ, ਨੇਤਾਵਾਂ ਵੱਲੋਂ ਲੋਕਾਂ ਨੂੰ ਲਾਏ ਜਾਂਦੇ ਲਾਰਿਆਂ ਨੂੰ ਵੀ ਉਹ ਨਵੇਕਲੇ ਅੰਦਾਜ਼ ਵਿਚ ਪ੍ਰਸਤੁਤ ਕਰਦਾ ਹੈ। ਚੋਣ ਪ੍ਰਚਾਰ ਵੇਲੇ ਨੇਤਾਵਾਂ ਵੱਲੋਂ ਵਾਅਦਿਆਂ ਦੀ ਝੜੀ ਲਗਾ ਦਿੱਤੀ ਜਾਂਦੀ ਹੈ ਜੋ ਕਦੇ ਵਫ਼ਾ ਨਹੀਂ ਹੁੰਦੇ। ਸਿਆਸਤਦਾਨ ਹਰ ਹੀਲੇ ਸਿੰਘਾਸਣ ’ਤੇ ਬੈਠਣਾ ਲੋਚਦੇ ਹਨ। ਸੱਤਾ ਵਿਚ ਆਉਣ ਲਈ ਉਹ ਖ਼ੂਨ-ਖ਼ਰਾਬੇ ਤੋਂ ਵੀ ਗੁਰੇਜ਼ ਨਹੀਂ ਕਰਦੇ।

ਪਾਤਰ ਲਿਖਦਾ ਹੈ : ਡੂੰਘੇ ਵੈਣਾਂ ਦਾ ਕੀ ਮਿਣਨਾ, ਤਖ਼ਤ ਦੇ ਪਾਵੇ ਮਿਣੀਏ। ਜਦ ਤੱਕ ਉਹ ਲਾਸ਼ਾਂ ਗਿਣਦੇ ਨੇ, ਆਪਾਂ ਵੋਟਾਂ ਗਿਣੀਏ। ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ’ਚੋਂ ਕੱਢ ਕੱਢ ਲੱਕੜਾਂ, ਇਸ ਦੀ ਅੱਗ ਵਿਚ ਚਿਣੀਏ। ਪਾਤਰ ਸਾਹਿਬ ਨੇ ਇਕ ਮੁਲਾਕਾਤ ਦੌਰਾਨ ਕਿਹਾ ਸੀ, ‘‘ਇਨ੍ਹਾਂ ਸਿਆਸਤਦਾਨਾਂ ਨੇ ਸ਼ਰਮ ਲਾਹੀ ਹੋਈ ਹੈ ਜਿਸ ਨੂੰ ਵੇਖ ਕੇ ਸਾਡੇ ਵਰਗਿਆਂ ਨੂੰ ਬੇਹੱਦ ਸ਼ਰਮ ਆਉਂਦੀ ਹੈ।’’ ਚੋਣ ਪ੍ਰਚਾਰ ਵੇਲੇ ਆਮ ਲੋਕਾਂ ਦੇ ਮੁੱਦੇ ਗ਼ਾਇਬ ਹੁੰਦੇ ਹਨ। ਆਮ ਲੋਕ ਗ਼ੁਰਬਤ ਦੀ ਚੱਕੀ ਵਿਚ ਪਿਸਦੇ ਹਨ ਜਿਨ੍ਹਾਂ ਬਾਰੇ ਕੋਈ ਸਿਆਸਤਦਾਨ ਗੱਲ ਨਹੀਂ ਕਰਦਾ। ਪਾਤਰ ਆਮ ਆਦਮੀ ਦੀਆਂ ਅੱਖਾਂ ਵਿਚ ਆਉਂਦੇ ਹੰਝੂਆਂ ਦੀ ਬਾਤ ਪਾਉਂਦਾ ਹੈ ਜਿਨ੍ਹਾਂ ਦਾ ਚੋਣਾਂ ਵਿਚ ਕੋਈ ਜ਼ਿਕਰ ਨਹੀਂ ਹੁੰਦਾ।

ਇਸ ’ਤੇ ਪਾਤਰ ਕਟਾਕਸ਼ ਕਰਦਾ ਹੈ : ਕਿਸੇ ਦਾ ਸੂਰਜ ਕਿਸੇ ਦਾ ਦੀਵਾ, ਕਿਸੇ ਦਾ ਤੀਰ ਕਮਾਨ, ਸਾਡੀ ਅੱਖ ’ਚੋਂ ਡਿੱਗਦਾ ਹੰਝੂ ਸਾਡਾ ਚੋਣ ਨਿਸ਼ਾਨ। ਪਾਤਰ ਮਹਿਸੂਸ ਕਰਦਾ ਹੈ ਕਿ ਮਗਰਮੱਛਾਂ ਦੇ ਹੰਝੂਆਂ ਕਾਰਨ ਹੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। ਪਾਤਰ ਦੇ ਸ਼ਿਅਰਾਂ ਦੀ ਗਹਿਰਾਈ, ਇਨ੍ਹਾਂ ਦੀ ਤਪਸ਼ ਤੇ ਸੂਖ਼ਮ ਭਾਵਾਂ ਦੀ ਥਾਹ ਪਾ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ। ਹਿਰਨਾਂ ਦੀ ਡਾਰ ਵਾਂਗ ਚੁੰਗੀਆਂ ਭਰਦੇ ਸ਼ਿਅਰ ਦਿਲਾਂ ’ਚ ਅੰਤਾਂ ਦਾ ਹੁਲਾਸ ਪੈਦਾ ਕਰਦੇ ਹਨ।